ਯੂਕਰੇਨ ਰੂਸ ਜੰਗ: ਓਲੀਗਾਰਕ ਕੌਣ ਹਨ, ਜਿਨ੍ਹਾਂ ਉੱਤੇ ਬੰਦਸ਼ਾਂ ਲਾਕੇ ਯੂਰਪ ਤੇ ਅਮਰੀਕਾ ਪੁਤਿਨ ਨੂੰ ਘੇਰ ਰਹੇ ਹਨ

ਰੂਸ ਵੱਲੋਂ ਯੂਕਰੇਨ ਉੱਪਰ ਹਮਲੇ ਨੂੰ 13 ਦਿਨ ਹੋ ਚੁੱਕੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵਾਰ-ਵਾਰ ਪੱਛਮੀ ਦੇਸਾਂ ਅਤੇ ਨਾਟੋ ਨੂੰ ਮਦਦ ਦੀ ਅਪੀਲ ਕੀਤੀ ਹੈ।

ਹਾਲਾਂਕਿ ਅਮਰੀਕਾ ਅਤੇ ਮਿੱਤਰ ਦੇਸਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਯੂਕਰੇਨ ਨੂੰ ਹਥਿਆਰਾਂ ਦੀ ਮਦਦ ਤਾਂ ਕਰਨਗੇ ਪਰ ਉੱਥੇ ਆਪਣੀਆਂ ਫ਼ੌਜਾਂ ਯੂਕਰੇਨ ਵੱਲੋਂ ਲੜਨ ਲਈ ਨਹੀਂ ਭੇਜਣਗੇ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਇਸ ਕਾਰਵਾਈ ਲਈ ''ਰੂਸ ਦੇ ਰਾਸ਼ਟਰਪਤੀ ਪੁਤਿਨ ਜ਼ਿੰਮੇਵਾਰ ਹਨ ਅਤੇ ਦੁਨੀਆਂ ਉਨ੍ਹਾਂ ਦੀ ਜਵਾਬਦੇਹੀ ਤੈਅ ਕਰੇਗੀ''।

ਪੱਛਮੀ ਦੇਸ ਰੂਸ ਨੂੰ ਰੋਕਣ ਲਈ ਆਰਥਿਕ ਪਾਬੰਦੀਆਂ ਦਾ ਸਹਾਰਾ ਲੈ ਰਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅਜ਼ਾਦ ਮੁਲਕ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਹੋਣ।

ਪੱਛਮੀ ਦੇਸਾਂ ਵੱਲੋਂ ਲਗਾਈਆਂ ਜਾ ਰਹੀਆਂ ਇਨ੍ਹਾਂ ਪਾਬੰਦੀਆਂ ਦਾ ਮਕਸਦ ਰੂਸ ਨੂੰ ਜਿੰਨਾਂ ਸੰਭਵ ਹੋ ਸਕੇ ਉਨੀ ਡੂੰਘੀ ਆਰਥਿਕ ਮੰਦੀ ਵਿੱਚ ਧੱਕਣਾ ਹੈ।

ਪੱਛਮੀ ਦੇਸਾਂ ਵੱਲੋਂ ਲਗਾਈਆਂ ਜਾ ਰਹੀਆਂ ਆਰਥਿਤ ਪਾਬੰਦੀਆਂ ਦੇ ਹਿੱਸੇ ਵਜੋਂ ਰੂਸ ਦੇ ਪੂੰਜੀਪਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੁਤਿਨ ਦੇ ਕਰੀਬੀ ਹਨ ਅਤੇ ਉਹ ਜੰਗ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ।

ਆਓ ਰੂਸ ਦੇ ਪੂੰਜੀਪਤੀ ਜਿਨ੍ਹਾਂ ਨੂੰ ਕਿ ਓਲੀਗਾਰਕ ਕਿਹਾ ਜਾਂਦਾ ਹੈ ਬਾਰੇ ਸਮਝਦੇ ਹਾਂ।

ਓਲੀਗਾਰਕ ਕੌਣ ਹੁੰਦੇ ਹਨ?

ਓਲੀਗਾਰਕ ਸ਼ਬਦ ਓਲੀਗਾਰਕੀ ਸ਼ਾਸਨ ਪ੍ਰਣਾਲੀ ਤੋਂ ਆਉਂਦਾ ਹੈ। ਓਲੀਗਾਰਕੀ ਮੁੱਠੀ ਭਰ ਲੋਕਾਂ ਵੱਲੋਂ ਚਲਾਇਆ ਜਾਣ ਵਾਲਾ ਰਾਜ ਹੈ।

ਰੂਸ ਦੇ ਪ੍ਰਸੰਗ ਵਿੱਚ ਹਾਲਾਂਕਿ ਪਿਛਲੇ ਸਮੇਂ ਦੌਰਾਨ ਖਾਸ ਕਰਕੇ ਸਾਲ 2014 ਵਿੱਚ ਜਦੋਂ ਰੂਸ ਨੇ ਕ੍ਰੀਮੀਆ ਉੱਪਰ ਕਬਜ਼ਾ ਕੀਤਾ, ਇਸ ਸ਼ਬਦ ਨੇ ਇੱਕ ਵਿਸ਼ੇਸ਼ ਅਰਥ ਧਾਰਨ ਕਰ ਲਏ ਹਨ।

ਓਲੀਗਾਰਕ ਰੂਸ ਦੇ ਉਨ੍ਹਾਂ ਮੁੱਠੀਭਰ ਪੂੰਜੀਪਤੀ ਕਾਰੋਬਾਰੀਆਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਸੋਵੀਅਤ ਰੂਸ ਦੇ ਪਤਨ ਤੋਂ ਬਾਅਦ ਰੂਸ ਵਿੱਚ ਬਤਹਾਸ਼ਾ ਪੈਸਾ ਅਤੇ ਤਾਕਤ ਆਪਣੇ ਹੱਥਾਂ ਵਿੱਚ ਇਕੱਠੀ ਕਰ ਲਈ ਹੈ।

ਇਨ੍ਹਾਂ ਲੋਕਾਂ ਉੱਪਰ ਅਮਰੀਕਾ ਅਤੀਤ ਵਿੱਚ ਵੀ ਪਾਬੰਦੀਆਂ ਲਗਾਉਂਦਾ ਰਿਹਾ ਹੈ। ਖਾਸ ਕਰ 2014 ਦੇ ਕ੍ਰੀਮੀਆ ਘਟਨਾਕ੍ਰਮ ਤੋਂ ਬਾਅਦ।

ਵੀਡੀਓ: ਰੂਸ 'ਤੇ 20 ਸਾਲਾਂ ਤੋਂ ਕਾਬਜ਼ ਪੁਤਿਨ ਦਾ ਸਿਆਸੀ ਸਫ਼ਰ

ਪੱਛਮੀ ਸਰਕਾਰਾਂ ਰੂਸ ਦੇ ਧਨਾਢ ਪੂੰਜੀਪਤੀਆਂ ਤੇ ਪਾਬੰਦੀਆਂ ਕਿਉਂ ਲਗਾ ਰਹੀਆਂ?

ਫਿਲਹਾਲ ਰੂਸ ਵੱਲੋਂ ਯੂਕਰੇਨ ਉੱਪਰ ਕੀਤੀ ਚੜ੍ਹਾਈ ਤੋਂ ਬਾਅਦ ਰੂਸ ਨੂੰ ਆਰਥਿਕ ਤੌਰ ਉੱਤੇ ਖੂੰਜੇ ਲਗਾਉਣ ਲਈ ਅਤੇ ਰਾਸ਼ਟਰਪਤੀ ਪੁਤਿਨ ਦੇ ਧਨਾਢ ਦੋਸਤਾਂ ਨੂੰ ਤੰਗ ਕਰਨ ਲਈ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ।

ਅਮਰੀਕਾ, ਬ੍ਰਿਟੇਨ, ਕੈਨੇਡਾ, ਯੂਰਪੀ ਯੂਨੀਅਨ ਨੇ ਇਨ੍ਹਾਂ ਲੋਕਾਂ ਦੀਆਂ ਸੂਚੀਆਂ ਜਾਰੀ ਕਰਕੇ ਸੰਬੰਧਿਤ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਇਨ੍ਹਾਂ ਪੂੰਜੀਪਤੀਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਕਿ ਪੁਤਿਨ ਦੇ ਬੇਹੱਦ ਕਰੀਬੀ ਹਨ ਅਤੇ ਨੇੜਨੇ ਸਲਾਹਕਾਰ ਹਨ।

ਅਮਰੀਕਾ ਦੇ ਵ੍ਹਾਈਟ ਹਾਊਸ ਵੱਲੋਂ ਤਿੰਨ ਮਾਰਚ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ''ਇਨ੍ਹਾਂ ਲੋਕਾਂ ਨੇ ਰੂਸੀ ਲੋਕਾਂ ਦੇ ਖਰਚੇ ਤੇ ਆਪਣੇ-ਆਪ ਨੂੰ ਅਮੀਰ ਬਣਾਇਆ ਹੈ ਅਤੇ ਕੁਝ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਇਆ'' ਹੈ।

ਬਿਆਨ ਮੁਤਾਬਕ,''ਦੂਜੇ ਰੂਸ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਸਿਖ਼ਰ ਉੱਤੇ ਬੈਠੇ ਹਨ ਅਤੇ ਪੁਤਿਨ ਨੂੰ ਯੂਕਰੇਨ ਹਮਲੇ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਉਣ ਦੇ ਜ਼ਿੰਮੇਵਾਰ ਹਨ।''

ਇਹ ਵੀ ਪੜ੍ਹੋ:

ਬੀਬੀਸੀ ਪੱਤਰਕਾਰ ਮੁਤਾਬਕ ਕ੍ਰਿਸ ਮੌਰਿਸ ਮੁਤਾਬਕ ਰੂਸ ਉੱਪਰ ਲਗਾਈਆਂ ਜਾ ਰਹੀਆਂ ਇਨ੍ਹਾਂ ਪਾਬੰਦੀਆਂ ਦਾ ਮਸਕਦ ਸਿਰਫ ''ਪਾਬੰਦੀਆਂ ਲਗਾਉਣ ਲਈ ਪਾਬੰਦੀਆਂ ਲਗਾਉਣਾ ਨਹੀਂ ਹੈ ਸਗੋਂ ਪੁਤਿਨ ਨੂੰ ਆਪਣੀ ਨੀਤੀ ਵਿੱਚ ਬਦਲਾਅ ਕਰਨ ਲਈ ਮਜ਼ਬੂਰ ਕਰਨਾ ਵੀ ਹੈ।

ਪਾਬੰਦੀਆਂ ਵਿੱਚ ਕੀ ਕਦਮ ਸ਼ਾਮਲ ਹਨ?

ਵ੍ਹਾਈਟ ਹਾਊਸ ਨੇ ਆਪਣੇ ਬਿਆਨ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਦੇ ਹਵਾਲੇ ਨਾਲ ਕਿਹਾ ਗਿਆ,''ਅਮਰੀਕਾ ਆਪਣੇ ਸਾਥੀਆਂ ਅਤੇ ਸਾਂਝੇਦਾਰਾਂ ਨਾਲ ਮਿਲ ਕੇ ਰੂਸੇ ਪੂੰਜੀਪਤੀਆਂ ਅਤੇ ਭ੍ਰਿਸ਼ਟ ਲੀਡਰਾਂ ਨੂੰ ਜਵਾਬਦੇਹ ਬਣਾਉਣ ਲਈ ਜੋ ਕਿ ਇਸ ਹਿੰਸਕ ਜੁਰਮ (ਯੂਕਰੇਨ ਹਮਲਾ) ਤੋਂ ਲਾਹਾ ਲੈ ਰਹੇ ਹਨ-ਨੂੰ ਜਵਾਬਦੇਹ ਬਣਾਉਣ ਲਈ ਕੰਮ ਕਰਨਾ ਜਾਰੀ ਰਖੇਗਾ।''

ਬਿਆਨ ਮੁਤਾਬਕ ਇਨ੍ਹਾਂ ਲੋਕਾਂ ਬਾਰੇ ਇਹ ਕਦਮ ਸ਼ਾਮਲ ਹਨ-

  • ਇਨ੍ਹਾਂ ਲੋਕਾਂ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਦੀ ਵਿੱਤੀ ਪ੍ਰਣਾਲੀ ਤੋਂ ਵੱਖ ਕਰ ਦਿੱਤਾ ਜਾਵੇਗਾ।
  • ਅਮਰੀਕਾ ਵਿੱਚ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ ਜਾਵੇਗਾ ਅਤੇ ਜਾਇਦਾਦ ਨੂੰ ਵਰਤੋਂ ਲਈ ਬੰਦ ਕਰ ਦਿੱਤਾ ਜਾਵੇਗਾ।
  • ਅਮਰੀਕਾ ਦਾ ਖ਼ਜਾਨਾ ਵਿਭਾਗ ਇਨ੍ਹਾਂ ਜਾਇਦਾਦਾਂ ਬਾਰੇ ਇੰਟੈਲੀਜੈਂਸ ਅਤੇ ਹੋਰ ਸਬੂਤ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਨਿਆਂ ਵਿਭਾਗ ਨਾਲ ਸਾਂਝੀ ਕਰੇਗਾ।
  • ਅਮਰੀਕਾ ਨੇ ਰੂਸ ਦੇ 19 ਧਾਨਾਢਾਂ ਅਤੇ ਉਨ੍ਹਾਂ ਦੇ 44 ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਉੱਪਰ ਵੀਜ਼ੇ ਨਾਲ ਜੁੜੀਆਂ ਰੋਕਾਂ ਲਗਾਈਆਂ ਹਨ।

ਦੂਜੇ ਪੱਛਮੀ ਦੇਸਾਂ ਵੱਲੋਂ ਵੀ ਪੁਤਿਨ ਦੇ ਕਰੀਬੀ ਰੂਸੀ ਪੂੰਜੀਪਤੀਆਂ ਉੱਪਰ ਅਜਿਹੀਆਂ ਹੀ ਪਾਬੰਦੀਆਂ ਲਗਾਈਆਂ ਗਈਆਂ ਹਨ।

ਬ੍ਰਿਟੇਨ ਵਿੱਚ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਉੱਥੇ ਮੌਜੂਦ ਇਨ੍ਹਾਂ ਰੂਸੀ ਪੂੰਜੀਪਤੀਆਂ ਦੀ ਜਾਇਦਾਦ ਨੂੰ ਜ਼ਬਤ ਕਰਕੇ ਯੂਕਰੇਨ ਤੋਂ ਆਉਣ ਵਾਲਿਆਂ ਲਈ ਆਰਜੀ ਸ਼ਰਨਾਰਥੀ ਕੇਂਦਰ ਬਣਾਏ ਜਾਣ।

ਇਸ ਤੋਂ ਇਲਵਾ ਮਹਿੰਗੇ ਕੱਪੜਿਆਂ ਅਤੇ ਗਹਿਣਿਆਂ ਦੇ ਰੂਸ ਨੂੰ ਬਰਾਮਦ ਉੱਪਰ ਵੀ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪੁਤਿਨ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਦੀ ਜੀਵਨ ਸ਼ੈਲੀ ਉੱਪਰ ਅਸਰ ਪਾਇਆ ਜਾ ਸਕੇ।

ਰੂਸ ਨੂੰ ਕੌੰਮਾਂਤਰੀ ਭੁਗਤਾਨ ਪ੍ਰਣਾਲੀ ਸਵਿਫ਼ਟ ਤੋਂ ਬਾਹਰ ਕੀਤਾ ਜਾ ਚੁੱਕਿਆ ਹੈ।

ਹਾਲਾਂਕਿ ਇਸ ਪਾਬੰਦੀ ਤੋਂ ਪਹਿਲਾਂ ਜਿੰਨੀ ਝਿਜਕ ਦਿਖਾਈ ਗਈ ਹੈ ਉਹ ਦਰਸਾਉਂਦੀ ਹੈ ਕਿ ਦੁਨੀਆਂ ਕਿੰਨੀ ਗੋਲ ਹੈ ਅਤੇ ਅਜਿਹੀਆਂ ਪਾਬੰਦੀਆਂ ਸਿਰਫ਼ ਰੂਸ ਨੂੰ ਹੀ ਪ੍ਰਭਾਵਿਤ ਨਹੀਂ ਕਰਨਗੀਆਂ ਸਗੋਂ ਇਨ੍ਹਾਂ ਨੂੰ ਲਾਗੂ ਕਰਨ ਵਾਲੇ ਦੇਸਾਂ ਦੇ ਹੱਥਾਂ ਨੂੰ ਵੀ ਸੇਕ ਲੱਗੇਗਾ।

ਪਾਬੰਦੀਆਂ ਹੇਠ ਰੂਸ ਦੇ ਕਿੰਨੇ ਪੂੰਜੀਪਤੀ ਆਏ ਹਨ?

ਰੂਸ ਵਿੱਚ ਵਿਰੋਧੀ ਆਗੂ ਅਲੈਕਸੀ ਨਵਾਲਿਨੀ ਨੇ 35 ਅਜਿਹੇ ਪੂੰਜੀਪਤੀਆਂ ਦੇ ਨਾਮ ਸੁਝਾਏ ਹਨ, ਜਿਨ੍ਹਾਂ ਉੱਪਰ ਕਿ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਇਹ ਸੂਚੀ ਪੜ੍ਹ ਕੇ ਸੁਣਾਈ ਗਈ।

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਅਮਰੀਕਾ ਨੇ 19 ਵਿਅਕਤੀਆਂ ਅਤੇ ਉਨ੍ਹਾਂ ਨਾਲ ਜੁੜੇ 44 ਹੋਰ ਲੋਕਾਂ ਉੱਪਰ ਵੱਖ-ਵੱਖ ਕਿਸਮ ਦੀਆਂ ਪਾਬੰਦੀਆਂ ਲਗਾਈਆਂ ਹਨ।

ਯੂਰਪੀ ਯੂਨੀਅਨ, ਜਰਮਨੀ, ਅਮਰੀਕਾ ਅਤੇ ਬ੍ਰਿਟੇਨ ਸਮੇਤ ਹੋਰ ਦੇਸਾਂ ਵੱਲੋਂ ਜਿਹੜੇ ਲੋਕਾਂ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਵਿੱਚ ਕੁਝ ਨਾਮ ਅਜਿਹੇ ਵੀ ਹਨ, ਜਿਨ੍ਹਾਂ ਦੇ ਨਾਮ ਇੱਕ ਸੂਚੀ ਵਿੱਚ ਹਨ ਦੂਜੀ ਵਿੱਚ ਨਹੀਂ ਹਨ।

ਯਕੀਨੀ ਤੌਰ ਉੱਤੇ ਵੱਖ-ਵੱਖ ਸ਼ਕਤੀਆਂ ਵੱਲੋਂ ਇਨ੍ਹਾਂ ਸੂਚੀਆਂ ਵਿੱਚ ਇਕਰੂਪਤਾ ਆਉਣ ਵਿੱਚ ਸਮਾਂ ਲੱਗੇਗਾ। ਜਿਵੇਂ ਕਿ ਸਮਾਂ ਬੀਤਣ ਨਾਲ ਇਹ ਦੇਸ ਆਪਣੀਆਂ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਨਵੇਂ ਨਾਮ ਸ਼ਾਮਲ ਕਰਦੇ ਜਾ ਰਹੇ ਹਨ।

ਇਹ ਹਨ ਰੂਸ ਦੇ ਪੰਜ ਵੱਡੇ ਪੂੰਜੀਪਤੀ

ਮਿਖੇਲ ਫਰਿਡਮੈਨ- ਇੱਕ ਖਰਬਪਤੀ ਬੈਂਕਰ ਹਨ। ਉਨ੍ਹਾਂ ਦਾ ਜਨਮ ਸੋਵੀਅਤ ਸੰਘ ਦੇ ਪਤਨ ਤੋਂ ਪਹਿਲਾਂ ਅਜੋਕੇ ਯੂਕਰੇਨ ਵਿੱਚ ਹੋਇਆ ਸੀ। ਮਿਖੇਲ ਫਰਿਡਮੈਨ ਰੂਸ ਦੇ ਸਭ ਤੋਂ ਵੱਡੇ ਨਿੱਜੀ ਬੈਂਕ-ਅਲਫ਼ਾ ਦੇ ਮੋਢੀ ਸਨ।

ਉਹ ਇੱਕ ਨਿਵੇਸ਼ ਕੰਪਨੀ ਲੈਟਰ-ਵੰਨ ਵੀ ਚਲਾਉਂਦੇ ਹਨ, ਜਿਸ ਦੇ ਤੇਲ ਅਤੇ ਖੁਦਰਾ ਵਿੱਚ ਵੱਡੇ ਹਿੱਤ ਹਨ।

ਯੂਰਪੀ ਯੂਨੀਅਨ ਦੇ ਬਿਆਨ ਵਿੱਚ ਕਿਹਾ ਗਿਆ ਕਿ ਫਰਿਡਮੈਨ ''ਸਿਖਰਲੇ ਰੂਸੀ ਨਿਵੇਸ਼ਕ ਹਨ ਅਤੇ ਪੁਤਿਨ ਨੂੰ ਯੋਗ ਬਣਾਉਣ ਵਾਲੇ ਉਹੀ ਹਨ।''

ਉਹ ਲੰਡਨ ਵਿੱਚ ਰਹਿੰਦੇ ਹਨ। ਹਮਲੇ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਵਿਵਾਦ ਗੱਲਬਾਤ ਨਾ ਸੁਲਝਾਇਆ ਜਾਣਾ ਚਾਹੀਦਾ ਹੈ ਪਰ ਉਹ ਪੁਤਿਨ ਦੇ ਕਦਮ ਦੀ ਸਿੱਧੀ ਆਲੋਚਨਾ ਤੋਂ ਟਾਲਾ ਵੱਟਿਆ ਅਤੇ ਕਿਹਾ ਕਿ ਉਨ੍ਹਾਂ ਦੇ ਸ਼ਬਦ ਉਨ੍ਹਾਂ ਦੇ ਕਰੀਬੀਆਂ ਅਤੇ ਕਰਮਚਾਰੀਆਂ ਲਈ ਨੁਕਾਸਨ ਦੀ ਵਜ੍ਹਾ ਬਣ ਸਕਦੇ ਹਨ।

ਓਲੇਗ ਡੈਪਰੀਸਾਕਾ- ਇਕ ਸਨਅਤਕਾਰ ਹਨ, ਜਿਨ੍ਹਾਂ ਦੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕਰੀਬੀ ਰਿਸ਼ਤੇ ਹਨ। ਉਨ੍ਹਾਂ ਦੀ ਐਲੂਮੀਨਿਅਮ ਕੰਪਨੀ EN+ ਵਿੱਚ 45% ਹਿੱਸੇਦਾਰੀ ਹੈ। ਇਹ ਕੰਪਨੀ ਲੰਡਨ ਸਟਾਕ ਇਕਸੇਂਜ ਉੱਪਰ ਸਾਲ 2017 ਵਿੱਚ ਸੂਚੀਬੱਧ ਕੀਤੀ ਗਈ।

ਹਵਾਲੇ ਦੇ ਸੰਬੰਧ ਵਿੱਚ ਅਮਰੀਕਾ ਨੇ ਉਨਾਂ ਉੱਪਰ ਸਾਲ 2018 ਵਿੱਚ ਵੀ ਪਾਬੰਦੀਆਂ ਲਗਾਈਆਂ ਸਨ। ਉਨ੍ਹਾਂ ਉੱਪਰ ਆਪਣੇ ਮੁਕਾਬਲੇਦਾਰ ਕਾਰੋਬਾਰੀਆਂ ਨੂੰ ਧਮਕਾਉਣ ਅਤੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਵਰਗੇ ਇਲਜ਼ਾਮ ਵੀ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਵਿਕਟੋਰ ਜ਼ੋਲੋਟੋਵ-ਬਾਰੇ ਬਹੁਤ ਸੀਮਤ ਜਾਣਕਾਰੀ ਉਪਲੱਭਧ ਹੈ। ਉਹ ਰਾਸ਼ਟਪਤੀ ਪੁਤਿਨ ਵੱਲੋਂ ਅੱਤਵਾਦ ਦੇ ਮੁਕਾਬਲੇ ਲਈ ਕਾਇਮ ਕੀਤੀ ਗਈ ਨੈਸ਼ਨਲ ਗਾਰਡ ਦੇ ਮੁਖੀ ਹੈ।

ਵਿਕਟੋਰ ਜ਼ੋਲੋਟੋਵ ਮੀਡੀਆ ਤੋਂ ਦੂਰ ਰਹਿੰਦੇ ਹਨ ਅਤੇ ਸਿਆਸੀ ਬਿਆਨਬਾਜ਼ੀ ਤੋਂ ਪ੍ਰਹੇਜ਼ ਕਰਦੇ ਹਨ।

ਇੱਕ ਕਾਰ ਫੈਕਟਰੀ ਵਿੱਚ ਜਿੰਦਰਾ ਮਾਹਰ ਦਾ ਕੰਮ ਕਰਨ ਤੋਂ ਬਾਅਦ ਉਹ ਕੇਜੀਬੀ- ਸੋਵੀਅਤ ਸੰਘ ਦੀ ਉਸੇ ਸੂਹੀਆ ਏਜੰਸੀ, ਜਿਸ ਵਿੱਚ ਕਦੇ ਪੁਤਿਨ ਨੇ ਕੰਮ ਕੀਤਾ ਸੀ- ਵਿੱਚ ਸ਼ਾਮਲ ਹੋ ਗਏ। ਉੱਥੇ ਉਨ੍ਹਾਂ ਨੇ 20 ਸਾਲ ਨੌਕਰੀ ਕੀਤੀ।

1991 ਵਿੱਚ ਉਹ ਸੈਂਟ ਪੀਟਰਜ਼ਬਰਗ ਦੇ ਮੇਅਰ ਦੇ ਬਾਡੀਗਾਰਡ ਬਣ ਗਏ। ਫਿਰ ਜਦੋਂ ਪੁਤਿਨ ਸੈਂਟ ਪੀਟਰਜ਼ਬਰਗ ਦੇ ਮੇਅਰ ਬਣੇ ਤਾਂ ਵਿਕਟੋਰ ਉਨ੍ਹਾਂ ਦੇ ਡਿਪਟੀ ਸਨ।

ਇਹ ਰਿਸ਼ਤਾ ਇੰਨਾ ਵਧਿਆ ਕਿ ਵਿਕਟੋਰ ਪੁਤਿਨ ਨੇ ਜੂਡੋ ਵਿੱਚ ਪਾਰਟਨਰ ਵੀ ਬਣ ਗਏ।

1999 ਵਿੱਚ ਜਦੋਂ ਪੁਤਿਨ ਪ੍ਰਧਾਨ ਮੰਤਰੀ ਬਣੇ ਤਾਂ ਵਿਕਟੋਰ ਉਨ੍ਹਾਂ ਦੀ ਸਫ਼ਰੀ ਸੁਰੱਖਆ ਦਸਤੇ ਦੇ ਮੁਖੀ ਬਣਾਏ ਗਏ। ਉਹ ਇਸ ਅਹੁਦੇ ਉੱਪਰ 2013 ਤੱਕ ਬਣੇ ਰਹੇ।

ਐਲੀਸ਼ਰ ਉਸਮਾਨੋਵ- ਯੂਰਪੀ ਯੂਨੀਅਨ ਦੇ ਕੌਸਲਰ ਨੇ ਉਨ੍ਹਾਂ ਖਿਲਾਫ਼ ਪਾਬੰਦੀਆਂ ਦਾ ਐਲਾਨ ਕਰਦੇ ਸਮੇਂ ਕਿਹਾ ਕਿ ਇਹ ''ਕਰੈਮਲਿਨ ਪੱਖੀ ਤੇ ਪੁਤਿਨ ਦੇ ਕਰੀਬੀ ਹਨ।''

ਉਸਮਾਨੋਵ ਰੂਸ ਅਧਾਰਿਤ ਇੱਕ ਨਿਵੇਸ਼ ਕੰਪਨੀ ਓਐਸਐਮ ਹੋਲਡਿੰਗ ਦੇ ਮੋਢੀ ਹਨ। ਓਐਸਐਮ ਕੋਲ ਲੋਹਾ, ਸਟੀਲ, ਤਾਂਬੇ ਨਾਲ ਜੁੜੀਆਂ ਵੱਡੀਆਂ ਕੰਪਨੀਆਂ ਤੋਂ ਇਲਾਵਾ ਟੈਲੀਕਮਿਊਨੀਕੇਸ਼ਨ ਨਾਲ ਜੁੜੀ ਇੱਕ ਵੱਡੀ ਕੰਪਨੀ ਮੈਗਾਫੋਨ ਵੀ ਹੈ।

ਆਰਸੇਨਲ ਫੁੱਟਬਾਲ ਕਲੱਬ ਵਿੱਚ ਸਾਲ 2018 ਤੱਕ ਉਨ੍ਹਾਂ ਕੋਲ 30% ਹਿੱਸੇਦਾਰੀ ਸੀ।

ਵ੍ਹਾਈਟਹਾਊਸ ਵੱਲੋਂ ਜਾਰੀ ਉਪਰੋਕਤ ਬਿਆਨ ਮੁਤਾਬਕ ਉਨ੍ਹਾਂ ਦੀ ਸੁਪਰ-ਯਾਡ, ਜਿਸ ਨੂੰ ਜਰਮਨੀ ਨੇ ਰੋਕਿਆ ਹੈ, ਦੁਨੀਆਂ ਦੀਆਂ ਕੁਝ ਸਭ ਤੋਂ ਵੱਡੀਆਂ ਬੰਦਰਗਾਹਾਂ ਵਿੱਚ ਸ਼ਾਮਲ ਹੈ ਅਤੇ ਉਨ੍ਹਾਂ ਦਾ ਨਿੱਜੀ ਜੈਟ ਹਵਾਈ ਜਹਾਜ਼ ਰੂਸ ਵਿੱਚ ਸਭ ਤੋਂ ਵੱਡਾ ਹਵਾਈ ਜਹਾਜ਼ ਹੈ।

ਰੋਮਨ ਅਬਰਾਮੋਵਿਚ- ਨਵਾਲਿਨੀ ਦੀ ਲਿਸਟ ਵਿੱਚ ਸ਼ਾਮਲ ਇੱਕ ਹੋਰ ਨਾਮ ਹੈ। ਉਹ ਚੈਲਸੀਆ ਫੁੱਟਬਾਲ ਕਲੱਬ ਦੇ ਮਾਲਕ ਹਨ।

ਇਸ ਰੂਸੀ ਕਾਰੋਬਾਰੀ ਨੇ ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਤੇਲ ਵਿੱਚੋਂ ਚੋਖਾ ਧਨ ਕਮਾਇਆ। ਉਨ੍ਹਾਂ ਦੀ ਬ੍ਰਿਟੇਨ ਸਮੇਤ ਕਈ ਥਾਵਾਂ ਉੱਪਰ ਲੰਬੀ ਚੌੜੀ ਜਾਇਦਾਦ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)