ਕੋਵਿਡ-19 ਦੇ ਬੂਸਟਰ ਟੀਕੇ ਦੀ ਚਰਚਾ ਦੁਨੀਆਂ ਵਿੱਚ ਹੋ ਰਹੀ ਹੈ, ਮਾਹਰ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
ਦੁਨੀਆ ਭਰ ਦੇ ਦੇਸ਼ਾਂ ਨੂੰ ਡੈਲਟਾ ਵੇਰੀਐਂਟ ਦਾ ਡਰ ਸਤਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਵੱਖ-ਵੱਖ ਦੇਸ਼ ਆਪਣੇ ਅਜਿਹੇ ਲੋਕਾਂ, ਜਿਨ੍ਹਾਂ ਦਾ ਕੋਵਿਡ ਟੀਕਾਕਰਨ ਮੁਕੰਮਲ ਹੋ ਵੀ ਚੁੱਕਿਆ ਹੈ ਨੂੰ ਬੂਸਟਰ ਖੁਰਾਕ ਦੇਣ ਦੀ ਤਿਆਰੀ ਕਰ ਰਹੇ ਹਨ।
ਹਾਲਾਂਕਿ ਬੂਸਟਰ ਸ਼ਾਟ ਦੇ ਪੱਖ ਵਿੱਚ ਸੀਮਤ ਵਿਗਿਆਨਕ ਤੱਥਾਂ ਦੇ ਮੱਦੇ ਨਜ਼ਰ ਇਸ ਦਿਸ਼ਾ ਵਿੱਚ ਕੀ ਕੀਤਾ ਜਾਣਾ ਚਾਹੀਦਾ ਹੈ ਇਹ ਸੋਚਣ ਦਾ ਵਿਸ਼ਾ ਹੈ।
ਇਸ ਦਾ ਦੂਸਰਾ ਪੱਖ ਵੀ ਹੈ ਕਿ ਪਹਿਲਾਂ ਹੀ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਟੀਕੇ ਦੀ ਘਾਟ ਚੱਲ ਰਹੀ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮਹਾਮਾਰੀ ਵਿਗਿਆਨੀ ਮਾਈਕ ਰਿਆਨ ਨੇ ਕੋਵਿਡ-19 ਦੀ ਤੁਲਨਾ ਇੱਕ ਡੁੱਬਦੇ ਹੋਏ ਜਹਾਜ਼ ਨਾਲ ਕਰਦਿਆਂ ਕਿਹਾ, "ਅਸੀਂ ਉਨ੍ਹਾਂ ਲੋਕਾਂ ਨੂੰ ਵਾਧੂ ਜੀਵਨ ਰੱਖਿਅਕ ਜੈਕਟ (ਲਾਈਫ ਜੈਕਟ) ਦੇਣ ਦੀ ਯੋਜਨਾ ਬਣਾ ਰਹੇ ਹਾਂ ਜਿਨ੍ਹਾਂ ਕੋਲ ਪਹਿਲਾਂ ਹੀ ਜੀਵਨ ਰੱਖਿਅਕ ਜੈਕਟ ਹਨ, ਜਦਕਿ ਅਸੀਂ ਦੂਜੇ ਲੋਕਾਂ ਨੂੰ ਡੁੱਬਣ ਲਈ ਛੱਡ ਰਹੇ ਹਾਂ।"
ਸੰਗਠਨ ਨੇ ਇੱਕ ਨੈਤਿਕ ਨੁਕਤਾ ਚੁੱਕਿਆ ਹੈ ਅਤੇ ਇਹ ਸਰਕਾਰਾਂ ਨੂੰ ਅਪੀਲ ਕਰ ਰਿਹਾ ਹੈ ਕਿ ਜਦੋਂ ਤੱਕ ਵਿਸ਼ਵ ਦੀ ਵਧੇਰੇ ਆਬਾਦੀ ਨੂੰ ਟੀਕਿਆਂ ਦੁਆਰਾ ਸੁਰੱਖਿਅਤ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਬੂਸਟਰ ਸ਼ਾਟ ਰੋਕ ਦਿੱਤੇ ਜਾਣ।
ਇਹ ਵੀ ਪੜ੍ਹੋ:
ਫ਼ਿਰ ਵਿਗਿਆਨਿਕ ਸਬੂਤ ਕੀ ਕਹਿੰਦੇ ਹਨ? ਬੂਸਟਰ ਸ਼ਾਟ ਦੇ ਪੱਖ ਵਿੱਚ ਅਤੇ ਉਨ੍ਹਾਂ ਦੇ ਵਿਰੁੱਧ ਕੀ ਦਲੀਲਾਂ ਹਨ?
ਕੀ ਬੂਸਟਰ ਸ਼ਾਟ ਦੇਣ ਦਾ ਸਮਾਂ ਆ ਗਿਆ ਹੈ - ਜਾਂ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ?
ਉਹ ਕਿਹੜੇ ਦੇਸ਼ ਹਨ ਜੋ ਪਹਿਲਾਂ ਤੋਂ ਹੀ ਬੂਸਟਰ ਸ਼ਾਟ ਦੇ ਰਹੇ ਹਨ?
ਡਬਲਯੂਐਚਓ ਦੀਆਂ ਦਲੀਲਾਂ ਦੇ ਬਾਵਜੂਦ, ਕਈ ਦੇਸ਼ਾਂ ਨੇ ਪਹਿਲਾਂ ਹੀ ਕੁਝ ਸਮੂਹਾਂ ਨੂੰ ਬੂਸਟਰ ਟੀਕੇ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।
ਯੂਐਸ ਵਿੱਚ ਹਰ ਇੱਕ ਨੂੰ, ਬਿਨਾਂ ਕਿਸੇ ਉਮਰ ਜਾਂ ਸਿਹਤ ਸਥਿਤੀ ਵਾਲੀ ਬੰਦਿਸ਼ ਬਗੈਰ ਬੂਸਟਰ ਟੀਕੇ ਲੱਗ ਰਹੇ ਹਨ। ਕੋਈ ਵੀ ਵਿਅਕਤੀ ਜਿਸ ਨੇ 8 ਮਹੀਨੇ ਪਹਿਲਾਂ ਮੋਡਰਨਾ ਜਾਂ ਫਾਈਜ਼ਰ ਦੀ ਖੁਰਾਕ ਲਈ ਹੋਵੇ, ਉਹ ਬੂਸਟਰ ਖੁਰਾਕ ਲੈ ਸਕਦਾ ਹੈ।
ਦੁਬਈ ਵਿੱਚ ਵੀ ਦੂਜੀ ਖੁਰਾਕ ਦੇ ਛੇ ਮਹੀਨਿਆਂ ਬਾਅਦ ਬੂਸਟਰ ਟੀਕੇ ਕੋਈ ਵੀ ਲਗਵਾ ਸਕਦਾ ਹੈ। ਉਹ ਲੋਕ ਜੋ ਉੱਚ ਜੋਖਮ ਵਾਲੇ ਸਮੂਹਾਂ ਵਿੱਚ ਸ਼ਾਮਲ ਹਨ ਉਹ ਕੇਵਲ ਤਿੰਨ ਮਹੀਨਿਆਂ ਬਾਅਦ ਵੀ ਲੈ ਸਕਦੇ ਹਨ।
ਇਜ਼ਰਾਈਲ ਵਿੱਚ 40 ਜਾਂ ਵੱਡੇਰੀ ਉਮਰ ਦੇ ਕਿਸੇ ਵੀ ਜਣੇ ਨੂੰ ਤੀਜੀ ਖੁਰਾਕ ਦਿੱਤੀ ਜਾ ਰਹੀ ਹੈ ਜਿਸਨੇ ਘੱਟੋ-ਘੱਟ ਪੰਜ ਮਹੀਨੇ ਪਹਿਲਾਂ ਦੂਸਰੀ ਖੁਰਾਕ ਲੈ ਲਈ ਹੋਵੇ।
ਇਸੇ ਤਰ੍ਹਾਂ ਚਿਲੀ, ਉਰੂਗਵੇ ਅਤੇ ਕੰਬੋਡੀਆ ਵਿੱਚ ਉਨ੍ਹਾਂ ਲੋਕਾਂ ਲਈ ਬੂਸਟਰ ਖੁਰਾਕਾਂ ਉਪਲਭਧ ਹਨ ਜਿਨ੍ਹਾਂ ਨੂੰ ਪਹਿਲਾਂ ਸਿਨੋਵਾਕ ਜਾਂ ਸਿਨੋਫਾਰਮ ਟੀਕੇ ਲੱਗੇ ਸਨ। ਇੱਥੇ ਬੂਸਟਰ ਟੀਕੇ ਲਈ ਬਜ਼ੁਰਗ ਲੋਕਾਂ ਅਤੇ ਜੋਖਮ ਵਾਲੇ ਸਮੂਹਾਂ ਤੋਂ ਸ਼ੁਰੂਆਤ ਕੀਤੀ ਗਈ ਹੈ।
ਥਾਈਲੈਂਡ ਅਤੇ ਇੰਡੋਨੇਸ਼ੀਆ ਨੇ ਟੀਕਾਕਰਨ ਦੀ ਘੱਟ ਕਵਰੇਜ (ਕ੍ਰਮਵਾਰ 8% ਅਤੇ 12%) ਦੇ ਬਾਵਜੂਦ ਵੀ ਆਪਣੇ ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਇੱਕ ਵੱਖਰੇ ਟੀਕੇ ਦੀ ਤੀਸਰੀ ਖੁਰਾਕ ਦੇਣੀ ਸ਼ੁਰੂ ਕੀਤੀ ਹੈ ਜਿਨ੍ਹਾਂ ਨੇ ਪਹਿਲਾਂ ਸਿਨੋਵਾਕ ਟੀਕੇ ਲਗਵਾਏ ਸਨ।
ਫਰਾਂਸ ਅਤੇ ਜਰਮਨੀ ਸਤੰਬਰ ਵਿੱਚ ਬੂਸਟਰ ਸ਼ਾਟ ਲਗਾਉਣਗੇ, ਜਦੋਂ ਕਿ ਯੂਕੇ ਨੇ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ।
ਬ੍ਰਾਜ਼ੀਲ, ਦੱਖਣੀ ਕੋਰੀਆ ਅਤੇ ਭਾਰਤ ਉਹ ਦੇਸ਼ ਹਨ ਜੋ ਬੂਸਟਰ ਟੀਕਾਕਰਣ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੇ ਹਨ, ਹਾਲਾਂਕਿ ਅਜੇ ਤੱਕ ਇਨ੍ਹਾਂ ਦੇਸ਼ਾਂ ਵਿੱਚ ਕਿਸੇ ਅਜਿਹੀ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ।

ਤਸਵੀਰ ਸਰੋਤ, Reuters
ਟੀਕੇ ਅਤੇ ਵਾਇਰਸ ਦਾ ਡੈਲਟਾ ਰੂਪ
ਇਸ ਅਫ਼ਰਾ-ਤਫ਼ਰੀ ਪਿੱਛੇ ਮੁਖ ਕਾਰਨ ਹੈ ਕੋਰੋਨਾਵਾਇਰਸ ਦੇ ਡੈਲਟਾ ਵੇਰੀਅੰਟ ਦਾ ਡਰ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀਡੀਸੀ) ਦੇ ਅਨੁਸਾਰ, ਕੋਰੋਨਾ ਦਾ ਡੈਲਟਾ ਵੇਰੀਅੰਟ ਇਸਦੇ ਪਹਿਲੇ ਦੇ ਵੇਰੀਅੰਟਾਂ ਨਾਲੋਂ ਦੁੱਗਣਾ ਲਾਗਸ਼ੀਲ ਜਾਪਦਾ ਹੈ।
ਸੀਡੀਸੀ ਨੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਹੈ "ਡੈਲਟਾ ਵੇਰੀਅੰਟ ਦੀ ਲਾਗ ਨਾਲ਼ ਵਿਅਕਤੀ, ਜਿਨ੍ਹਾਂ ਵਿੱਚ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਲੋਕ ਵੀ ਸ਼ਾਮਲ ਹਨ […] ਇਸਨੂੰ ਦੂਜਿਆਂ ਤੱਕ ਫੈਲਾ ਸਕਦੇ ਹਨ।"
ਹਾਲਾਂਕਿ ਇਹ ਕਹਿੰਦਾ ਹੈ, ਅਜਿਹਾ ਲੱਗਦਾ ਹੈ ਕਿ ਟੀਕਾਸ਼ੁਦਾ ਲੋਕ ਥੋੜੇ ਸਮੇਂ ਲਈ ਸੰਕਰਮਿਤ ਹੁੰਦੇ ਹਨ - ਇਹੀ ਕਾਰਨ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਲੋਕਾਂ ਨੂੰ ਇਹ ਖੁਰਾਕ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ "ਨਵੇਂ ਵੇਰੀਅੰਟਾਂ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਉੱਤਮ ਤਰੀਕਾ ਹੈ"।
ਯੂਨੀਵਰਸਿਟੀ ਕਾਲਜ ਲੰਡਨ ਦੇ ਸਕੂਲ ਆਫ਼ ਫਾਰਮੇਸੀ ਦੀ ਇੱਕ ਸੀਨੀਅਰ ਖੋਜ ਸਹਿਯੋਗੀ, ਓਕਸਾਨਾ ਪਾਈਜ਼ਿਕ ਦਾ ਕਹਿਣਾ ਹੈ ਕਿ ਇੰਨੀ ਜਲਦੀ ਬੂਸਟਰ ਸ਼ਾਟ ਲਗਾਉਣ ਦਾ ਫੈਸਲਾ "ਵਿਗਿਆਨ ਅਧਾਰਿਤ ਨਹੀਂ ਹੈ"।
ਡਾਕਟਰ ਪਾਈਜ਼ਿਕ ਦਾ ਕਹਿਣਾ ਹੈ ਕਿ ਬੂਸਟਰ ਖੁਰਾਕਾਂ ਦੀ ਜ਼ਰੂਰਤ ਜਾਂ ਪ੍ਰਭਾਵ ਨੂੰ ਸਮਰਥਨ ਦੇਣ ਵਾਲਾ ਕੋਈ ਸਬੂਤ ਨਹੀਂ ਹੈ।
ਉਹ ਕਹਿੰਦੇ ਹਨ, "ਵਰਤਮਾਨ ਵਿੱਚ, ਪ੍ਰਤੀਰੋਧਕ ਸ਼ਕਤੀ ਦੇ ਘਟਣ ਬਾਰੇ ਬਹੁਤ ਘੱਟ ਅੰਕੜੇ ਹਨ, ਪਰ ਇਸ ਸ਼ੁਰੂਆਤੀ ਪੜਾਅ 'ਤੇ ਇਹ ਅੰਕੜੇ ਹਲਕੀ ਲਾਗ ਤੋਂ ਸੁਰੱਖਿਆ ਵਿੱਚ ਗਿਰਾਵਟ ਵੱਲ ਇਸ਼ਾਰਾ ਕਰਦੇ ਹਨ, ਨਾ ਕਿ ਗੰਭੀਰ ਬਿਮਾਰੀ ਤੋਂ।"

ਤਸਵੀਰ ਸਰੋਤ, EPA
ਘਟਦੀ ਪ੍ਰਤੀਰੋਧਕ ਸ਼ਕਤੀ
ਯੂਕੇ ਵਿੱਚ ਕੋਰੋਨਾਵਾਇਰਸ ਟੀਕਿਆਂ ਦੀ ਪ੍ਰਭਾਵਸ਼ੀਲਤਾ ਨੂੰ ਜਾਂਚ ਰਹੇ ਸਾਇੰਸਦਾਨ ਸੁਝਾਅ ਦਿੰਦੇ ਹਨ ਕਿ ਫਾਈਜ਼ਰ ਅਤੇ ਐਸਟਰਾਜ਼ੇਨਿਕਾ ਟੀਕਿਆਂ ਦੀਆਂ ਦੋ ਖੁਰਾਕਾਂ ਨਾਲ਼ ਮਿਲਣ ਵਾਲੀ ਸੁਰੱਖਿਆ 6 ਮਹੀਨਿਆਂ ਦੇ ਅੰਦਰ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ।
ਹਾਲਾਂਕਿ, ਉਹ ਕਹਿੰਦੇ ਹਨ ਕਿ ਟੀਕੇ ਅਜੇ ਵੀ ਵਾਇਰਸ ਦੇ ਵਿਰੁੱਧ ਉੱਚ ਪੱਧਰੀ ਸੁਰੱਖਿਆ ਦੇ ਰਹੇ ਹਨ, ਜਿਸ ਵਿੱਚ ਵਾਇਰਸ ਦਾ ਡੈਲਟਾ ਰੂਪ ਵੀ ਸ਼ਾਮਲ ਹੈ।
ਜ਼ੋਏ ਕੋਵਿਡ ਅਧਿਐਨ ਦੇ ਅਨੁਸਾਰ, ਫਾਈਜ਼ਰ ਦੀਆਂ ਦੋ ਖੁਰਾਕਾਂ ਤੋਂ ਬਾਅਦ ਮਿਲਣ ਵਾਲੀ ਸੁਰੱਖਿਆ ਇੱਕ ਮਹੀਨੇ ਵਿੱਚ 88% ਤੋਂ ਘਟ ਕੇ ਪੰਜ ਤੋਂ ਛੇ ਮਹੀਨਿਆਂ ਵਿੱਚ 74% ਤੱਕ ਘਟ ਗਈ।
ਐਸਟਰਾਜ਼ੇਨੇਕਾ ਲਈ, ਚਾਰ ਤੋਂ ਪੰਜ ਮਹੀਨਿਆਂ ਵਿੱਚ 77% ਤੋਂ 67% ਦੀ ਗਿਰਾਵਟ ਦਰਜ ਹੋਈ।
ਇਹ ਵੀ ਪੜ੍ਹੋ:
ਸਰਕਾਰ ਨੂੰ ਟੀਕਿਆਂ ਬਾਰੇ ਸਲਾਹ ਦੇਣ ਵਾਲੇ ਸਮੂਹ ਦੇ ਮੈਂਬਰ ਪ੍ਰੋਫੈਸਰ ਐਡਮ ਫਿਨ ਦਾ ਕਹਿਣਾ ਹੈ ਕਿ "ਸੁਰੱਖਿਆ ਘੱਟ ਸਕਦੀ ਹੈ"।
ਉਹ ਕਹਿੰਦੇ ਹਨ, "ਟੀਕੇ ਅਜੇ ਵੀ ਬਹੁਗਿਣਤੀ ਆਬਾਦੀ ਲਈ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕਰ ਰਹੇ ਹਨ, ਖ਼ਾਸਕਰ ਡੈਲਟਾ ਵੇਰੀਅੰਟ ਦੇ ਵਿਰੁੱਧ। ਇਸ ਲਈ ਸਾਨੂੰ ਅਜੇ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਉਣ ਦੀ ਜ਼ਰੂਰਤ ਹੈ।"
ਹਾਲਾਂਕਿ ਬ੍ਰਿਟਿਸ਼ ਸਰਕਾਰ ਬੂਸਟਰ ਖੁਰਾਕਾਂ ਬਾਰੇ ਆਪਣੀ ਨੀਤੀ ਦੇ ਸੰਬੰਧ ਵਿੱਚ ਕੋਈ ਵੀ ਫ਼ੈਸਲਾ ਲਵੇ ਪ੍ਰੋਫੈਸਰ ਸਪੈਕਟਰ ਕਹਿੰਦੇ ਹਨ, ਹੋ ਸਕਦਾ ਹੈ ਕਿ ਹਰ ਕਿਸੇ ਨੂੰ ਇਸਦੀ ਜ਼ਰੂਰਤ ਨਾ ਪਵੇ।
"ਬਹੁਤ ਸਾਰੇ ਲੋਕਾਂ ਨੂੰ ਕੁਦਰਤੀ ਬੂਸਟਰ ਮਿਲ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਕੁਦਰਤੀ ਕੋਵਿਡ ਸੰਕਰਮਣ ਹੋ ਚੁੱਕਿਆ ਹੋਵੇ, ਇਸ ਤਰ੍ਹਾਂ ਉਨ੍ਹਾਂ ਨੂੰ ਤਿੰਨ ਟੀਕਿਆਂ ਵਾਲਾ ਪ੍ਰਭਾਵ ਮਿਲ ਜਾਵੇਗਾ।"
"ਇਸ ਲਈ, ਮੈਨੂੰ ਲਗਦਾ ਹੈ ਕਿ ਇਸ ਸਾਰੀ ਚੀਜ਼ ਨੂੰ ਬਹੁਤ ਸਹੀ ਤਰੀਕੇ ਨਾਲ ਪ੍ਰਬੰਧਿਤ ਕਰਨ ਦੀ ਲੋੜ ਹੈ ਬਜਾਏ ਕਿ ਹਰ ਕਿਸੇ ਨੂੰ ਇਹ ਖੁਰਾਕ ਦਿੱਤੀ ਜਾਵੇ, ਜੋ ਸਾਡੇ ਕੋਲ ਮੌਜੂਦ ਸਰੋਤਾਂ ਦੇ ਮੱਦੇਨਜ਼ਰ ਇੱਕ ਬਹੁਤ ਵੱਡੀ ਬਰਬਾਦੀ ਹੋਵੇਗੀ ਅਤੇ ਇਹ ਨੈਤਿਕ ਪੱਖੋਂ ਵੀ ਸਹੀ ਨਹੀਂ ਹੋਵੇਗਾ।"

ਤਸਵੀਰ ਸਰੋਤ, Reuters
ਨੈਤਿਕ ਸ਼ਸ਼ੋਪੰਜ
ਇਜ਼ਰਾਈਲ ਵਿੱਚ ਦੋ ਅਧਿਐਨਾਂ ਤੋਂ ਬਾਅਦ ਸੁਝਾਅ ਦਿੱਤਾ ਗਿਆ ਹੈ ਕਿ ਫਾਈਜ਼ਰ ਦੀ ਇੱਕ ਤੀਜੀ ਖੁਰਾਕ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਲਾਗ ਅਤੇ ਗੰਭੀਰ ਬਿਮਾਰੀ ਤੋਂ ਸੁਰੱਖਿਆ ਨੂੰ ਕਾਫੀ ਵਧਾਉਂਦੀ ਹੈ।
ਫਾਈਜ਼ਰ ਅਤੇ ਮੌਡਰਨਾ ਦੋਵਾਂ ਲਈ ਕੀਤੇ ਗਏ ਹੋਰ ਅਧਿਐਨ ਵੀ ਇਸੇ ਨਤੀਜੇ 'ਤੇ ਪਹੁੰਚੇ ਹਨ।
ਡਾਕਟਰ ਪਾਈਜ਼ਿਕ ਦਾ ਹਾਲਾਂਕਿ ਕਹਿਣਾ ਹੈ ਕਿ ਇੱਕ ਸਮੂਹ ਵਿੱਚ ਸੁਰੱਖਿਆ ਵਧਾਉਣ ਲਈ ਦੂਜੇ ਸਮੂਹ ਦੇ ਟੀਕਾਕਰਨ ਵਿੱਚ ਦੇਰੀ ਕਰਨਾ ਇੱਕ ਚੰਗੀ ਪੈਂਤੜਾ ਨਹੀਂ ਹੈ।
ਅਜਿਹਾ ਇਸ ਲਈ ਕਿਉਂਕਿ ਚਿੰਤਾ ਦਾ ਮੁੱਦਾ ਜਿਵੇਂ ਕਿ ਡੈਲਟਾ ਵੇਰੀਅੰਟ, ਉਦੋਂ ਹੋਰ ਵੀ ਵੱਡੇ ਪੱਧਰ 'ਤੇ ਸਾਹਮਣੇ ਆ ਸਕਦਾ ਹੈ ਜਦੋਂ ਟੀਕਾਕਰਨ ਸੀਮਤ ਹੋਵੇ ਅਤੇ ਕਮਿਊਨਿਟੀ ਟ੍ਰਾਂਸਮਿਸ਼ਨ ਜ਼ਿਆਦਾ ਹੋਵੇ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਹ ਕਹਿੰਦੇ ਹਨ, "ਅਸੀਂ ਪੂਰੀ ਦੁਨੀਆ ਨੂੰ ਟੀਕਾ ਲਗਾਉਣ ਵਿੱਚ ਜਿੰਨੀ ਦੇਰ ਕਰਾਂਗੇ, ਉੁਹਨੀ ਹੀ ਜ਼ਿਆਦਾ ਟੀਕਾ ਰੋਧਕ ਲਾਗ ਵਧਣ ਦੀ ਸੰਭਾਵਨਾ ਹੈ।"
ਉਹ ਅੱਗੇ ਕਹਿੰਦੇ ਹਨ, ਕਿ ਜੇ ਸਾਰੇ ਅਮੀਰ ਦੇਸ਼ਾਂ ਨੇ ਆਪਣੀ-ਆਪਣੀ ਆਬਾਦੀ ਦੇ 50 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਟੀਕਾ ਲਗਾਉਣ ਦਾ ਫੈਸਲਾ ਕੀਤਾ, ਤਾਂ ਇਸਦੇ ਲਈ ਕਈ ਅਰਬ ਵਧੇਰੇ ਖੁਰਾਕਾਂ ਦੀ ਜ਼ਰੂਰਤ ਹੋਵੇਗੀ।
ਇਸ ਦੌਰਾਨ, ਬੁਰੁੰਡੀ ਅਤੇ ਏਰੀਟਰੀਆ ਵਿੱਚ ਟੀਕਾਕਰਨ ਹਾਲੇ ਤੱਕ ਸ਼ੁਰੂ ਵੀ ਨਹੀਂ ਹੋਇਆ ਹੈ ਅਤੇ ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ ਵਿੱਚ ਸਿਰਫ 0.01% ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਤਨਜ਼ਾਨੀਆ ਵਿੱਚ ਇਹ ਅਨੁਪਾਤ 0.37% ਅਤੇ ਨਾਈਜੀਰੀਆ ਵਿੱਚ 0.69% ਹੈ।
ਮਿਸਰ ਅਤੇ ਵੀਅਤਨਾਮ ਵਿੱਚ, ਪ੍ਰਤੀਸ਼ਤਤਾ ਲਗਭਗ 2% ਹੈ। ਜਦਕਿ ਅਫ਼ਰੀਕਾ ਵਿੱਚ ਹਾਲੇ ਤੱਕ 2.5% ਤੋਂ ਘੱਟ ਬਾਲਗਾਂ ਨੂੰ ਟੀਕਾ ਲਗਾਇਆ ਗਿਆ ਹੈ।

ਤਸਵੀਰ ਸਰੋਤ, EPA
ਸੁਰੱਖਿਆ ਦੀਆਂ ਪਰਤਾਂ
ਡੈਲਟਾ ਵੇਰੀਅੰਟ ਬਾਰੇ ਤਾਜ਼ਾ ਅੰਕੜਿਆਂ ਮੁਤਾਬਕ ਇਹ ਤੇਜ਼ੀ ਨਾਲ ਅਤੇ ਟੀਕਾ ਲੈ ਚੁੱਕੇ ਲੋਕਾਂ ਦੁਆਰਾ ਵੀ ਫੈਲ ਸਕਦਾ ਹੈ। ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਵਾਇਰਸ ਨੂੰ ਰੋਕਣ ਲਈ ਬਿਮਾਰੀ ਨਾਲ ਲੜਨ ਦੀ ਸਮਰੱਥਾ ਵਧਾਉਣਾ ਹੀ ਕਾਫੀ ਨਹੀਂ ਹੈ।
ਵਿਗਿਆਨੀ ਕਹਿੰਦੇ ਹਨ ਕਿ ਸਿਰਫ਼ ਟੀਕਿਆਂ 'ਤੇ ਭਰੋਸਾ ਕਰਨ ਦੀ ਬਜਾਏ ਸਾਨੂੰ ਡੈਲਟਾ ਵੇਰੀਅੰਟ ਨਾਲ ਲੜਨ ਲਈ ਹੋਰ ਸੁਰੱਖਿਆ ਉਪਾਅ ਵੀ ਅਪਨਾਉਣੇ ਚਾਹੀਦੇ ਹਨ - ਜੋ ਕਿ ਸਾਨੂੰ ਵਾਇਰਸ ਤੋਂ ਸੁਰੱਖਿਆ ਦੇਣ ਲਈ ਇੱਕ ਹੋਰ ਪਰਤ ਦੀ ਤਰ੍ਹਾਂ ਕੰਮ ਕਰਦੇ ਹਨ।
ਯੂਨੀਵਰਸਿਟੀ ਕਾਲਜ ਲੰਡਨ ਦੇ ਇੱਕ ਮਾਡਲਿੰਗ ਮਾਹਰ ਅਤੇ ਕੋਵਿਡ ਬਾਰੇ ਸੁਤੰਤਰ ਸਲਾਹ ਦੇਣ ਵਾਲੇ ਵਿਗਿਆਨੀਆਂ ਦੇ ਸਮੂਹ ਦੇ ਮੈਂਬਰ, ਕ੍ਰਿਸਟੀਨਾ ਪੇਜਲ ਕਹਿੰਦੇ ਹਨ - "ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਜਨਤਕ ਬੰਦ ਥਾਵਾਂ 'ਤੇ ਮਾਸਕ ਜ਼ਰੂਰ ਪਾਉਣੇ ਚਾਹੀਦੇ ਹਨ, ਕਿਉਂਕਿ ਇਹ ਮੁੱਖ ਤੌਰ 'ਤੇ ਦੂਜਿਆਂ ਦੀ ਸੁਰੱਖਿਆ ਕਰਨ ਲਈ ਹੁੰਦੇ ਹਨ ਨਾ ਕਿ ਤੁਹਾਡੀ ਆਪਣੀ।"
"ਮੇਰਾ ਇਹ ਵੀ ਮੰਨਣਾ ਹੈ ਕਿ ਟੀਕਾ ਲਗਾਏ ਗਏ ਲੋਕਾਂ ਨੂੰ ਸੁਰੱਖਿਆ ਉਪਾਵਾਂ ਤੋਂ ਵਿਸ਼ੇਸ਼ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਹੁਣ ਇਸ ਗੱਲ ਦੇ ਵਧੇਰੇ ਸਬੂਤ ਹਨ ਕਿ ਅਜਿਹੇ ਲੋਕ ਦੂਜਿਆਂ ਨੂੰ ਡੈਲਟਾ ਵਰਗਾ ਸੰਕਰਮਣ ਬਹੁਤ ਆਸਾਨੀ ਨਾਲ ਦੇ ਸਕਦੇ ਹਨ।"
ਡਾਕਟਰ ਪਾਈਜ਼ਿਕ ਕਹਿੰਦੇ ਹਨ, "ਹੋ ਸਕਦਾ ਹੈ ਕਿ ਬੂਸਟਰ ਖੁਰਾਕਾਂ ਦੀ ਜ਼ਰੂਰਤ ਪੈ ਜਾਵੇ ਪਰ ਮੌਜੂਦਾ ਅੰਕੜਿਆਂ ਨੂੰ ਦੇਖਦੇ ਹੋਏ ਸਪਲਾਈ ਨੂੰ ਮੋੜਨ ਲਈ ਮੇਰੀ ਸਹਿਮਤੀ ਨਹੀਂ ਹੈ ਕਿਉਂਕਿ ਫਿਲਹਾਲ ਇਹ ਟੀਕੇ ਗ਼ਰੀਬ ਦੇਸ਼ਾਂ ਨੂੰ ਦਿੱਤੇ ਜਾ ਸਕਦੇ ਹਨ।"
ਇਸਦੇ ਨਾਲ ਹੀ ਉਹ ਕਹਿੰਦੇ ਹਨ, "ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਪਹਿਲੀ ਖੁਰਾਕ ਦੇਣ ਦੀ ਜਲਦੀ ਤੋਂ ਜਲਦੀ ਅਤੇ ਬਹੁਤ ਸਖਤ ਜ਼ਰੂਰਤ ਹੈ।"
"ਅਸੀਂ ਇਸ ਮਹਾਂਮਾਰੀ ਦੌਰਾਨ ਇਕੱਲੇ ਕੰਮ ਕਰਕੇ, ਸਭ ਤੋਂ ਹੌਲੀ ਅਤੇ ਸਭ ਤੋਂ ਮਹਿੰਗਾ ਰਸਤਾ ਚੁਣ ਰਹੇ ਹਾਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












