ਓਲੰਪਿਕ ਖੇਡਾਂ ਟੋਕੀਓ 2020 : ਭਾਰਤ ਸਣੇ ਜਾਣੋ ਕਿਹੜਾ ਦੇਸ ਆਪਣੇ ਤਮਗੇ ਜੇਤੂਆਂ ਨੂੰ ਕੀ ਐਵਾਰਡ ਦਿੰਦਾ ਹੈ

ਤਸਵੀਰ ਸਰੋਤ, Getty Images
ਓਲੰਪਿਕ ਵਿੱਚ ਤਮਗਾ ਜਿੱਤਣਾ ਇੱਕ ਖਿਡਾਰੀ ਲਈ ਬਹੁਤ ਕੁਝ ਲੈ ਕੇ ਆਉਂਦਾ ਹੈ ਜਿਵੇ... ਮਾਣ, ਪ੍ਰਾਪਤੀ ਦੀ ਭਾਵਨਾ ਅਤੇ ਪ੍ਰਸਿੱਧੀ ਤਾਂ ਬਿਲਕੁਲ ਹੁੰਦੀ ਹੀ ਹੈ।
ਹਾਲਾਂਕਿ ਕੀ ਤੁਸੀਂ ਜਾਣਦੇ ਹੋ ਕਿ ਕਿਸ ਦੇਸ਼ ਵਿੱਚ ਓਲੰਪਿਕ ਖਿਡਾਰੀਆਂ ਨੂੰ ਕਿਸ ਤਰ੍ਹਾਂ ਸਨਮਾਨਿਤ ਕੀਤਾ ਜਾਂਦਾ ਹੈ।
ਇੱਕ ਦਿਲਚਸਪ ਗੱਲ ਇਹ ਹੈ ਕਿ ਕੌਮਾਂਤਰੀ ਓਲੰਪਿਕ ਕਮੇਟੀ ਕਿਸੇ ਵੀ ਖਿਡਾਰੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਕੋਈ ਮਿਹਨਤਾਨਾ ਨਹੀਂ ਦਿੰਦੀ ਹੈ। ਨਾ ਹੀ ਤਮਗੇ ਜੇਤੂਆਂ ਨੂੰ ਕੋਈ ਭੁਗਤਾਨ ਕੀਤਾ ਜਾਂਦਾ ਹੈ।
ਫਿਰ ਵੀ ਦੇਖਿਆ ਜਾਵੇ ਤਾਂ ਮੁਲਕ ਆਪਣੇ ਓਲੰਪਿਕ ਵਿੱਚ ਤਮਗੇ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਚੰਗਾ ਮਾਣ-ਸਨਮਾਨ ਦਿੰਦੇ ਹਨ। ਜਿਸ ਵਿੱਚੋਂ ਜ਼ਿਆਦਾਤਰ ਬਿਨਾਂ ਸ਼ੱਕ ਪੈਸੇ ਦੀ ਸ਼ਕਲ ਵਿੱਚ ਹੁੰਦਾ ਹੈ।
ਆਓ ਦੇਖਦੇ ਹਾਂ ਕਿ ਟੋਕੀਓ ਓਲੰਪਿਕ ਵਿੱਚੋਂ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਮੈਡਲਾਂ ਤੋਂ ਇਲਾਵਾ ਹੋਰ ਕੀ ਕੁਝ ਮਿਲ ਰਿਹਾ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਓਲੰਪਿਕ ਖਿਡਾਰੀਆਂ ਨੂੰ ਦੋ ਨਵੇਂ ਘਰ
ਫਿਲਪਾਈਨਜ਼ ਦੀ ਭਾਰ ਤੋਲਕ ਹਿਦੀਲੀਅਨ ਦਿਆਜ਼ ਨੇ ਆਪਣੇ ਦੇਸ ਲਈ 26 ਜੁਲਾਈ ਪਹਿਲਾ ਸੋਨ ਤਮਗਾ ਜਿੱਤਿਆ।
55 ਕਿੱਲੋ ਭਾਰ ਵਰਗ ਵਿੱਚ ਇਹ ਤਮਗਾ ਜਿੱਤਿਆ ਤਾਂ ਇਹ ਇੱਕਦਮ ਕੌਮੀ ਨਾਇਕ ਬਣ ਗਏ।
ਇਸ ਤੋਂ ਬਾਅਦ ਦਿਆਜ਼ ਦੀ ਜ਼ਿੰਦਗੀ ਬਦਲ ਗਈ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਨੂੰ ਫਿਲਪਾਈਨਜ਼ ਸਪੋਰਟ ਕਮਿਸ਼ਨ ਅਤੇ ਰਾਸ਼ਟਰਪਤੀ ਵੱਲੋਂ ਛੇ ਲੱਖ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਤਾਂ ਮਿਲੇਗੀ ਹੀ।
ਉਨ੍ਹਾਂ ਨੂੰ ਫਿਲਪਾਈਨਜ਼ ਮੂਲ ਦੇ ਚੀਨੀ ਅਰਬਪਤੀ ਐਂਡਰਿਊ ਲਿਮ ਟੈਮ ਵੱਲੋਂ ਇੱਕ ਆਲੀਸ਼ਾਨ ਘਰ ਅਤੇ ਇੱਕ ਘਰ ਸਰਕਾਰ ਵੱਲੋਂ ਮਿਲ ਰਿਹਾ ਹੈ।
ਇਹ ਰਾਸ਼ੀ ਅਤੇ ਇਨਾਮ ਉਸ ਖਿਡਾਰਨ ਲਈ ਬਿਨਾਂ ਸ਼ੱਕ ਹੀ ਬਹੁਤ ਜ਼ਿਆਦਾ ਹੈ। ਜਿਸ ਦੀ ਮੌਜੂਦਾ ਆਮਦਨੀ ਪੰਜ ਸੌ ਡਾਲਰ (ਲਗਭਗ 37 ਹਜ਼ਾਰ ਭਾਰਤੀ ਡਾਲਰ) ਮਹੀਨੇ ਤੋਂ ਘੱਟ ਹੈ। ਉਹ ਫਿਲਪਾਈਨਜ਼ ਹਵਾਈ ਫ਼ੌਜ ਵਿੱਚ ਸਾਰਜੈਂਟ ਹਨ।
ਉਨ੍ਹਾਂ ਨੂੰ ਓਲੰਪਿਕ ਦੀ ਤਿਆਰੀ ਬਿਨਾਂ ਕਿਸੇ ਜਿੰਮ ਦੀ ਸਹੂਲਤ ਦੇ ਕੀਤੀ।
ਕੋਵਿਡ ਮਹਾਮਾਰੀ ਦੌਰਾਨ ਉਹ ਮਲੇਸ਼ੀਆ ਵਿੱਚ ਫਸ ਗਏ ਸਨ, ਜਿੱਥੇ ਉਨ੍ਹਾਂ ਨੂੰ ਮੇਕਸ਼ਿਫ਼ਟ ਜਿਮ ਉਪਕਰਣਾਂ ਨਾਲ ਟਰੇਨਿੰਗ ਕਰਨੀ ਪਈ।

ਤਸਵੀਰ ਸਰੋਤ, Getty Images
ਓਲੰਪਿਕ ਖਿਡਾਰੀਆਂ ਨੂੰ ਨਗਦ ਰਾਸ਼ੀ
ਖਿਡਾਰੀਆਂ ਨੂੰ ਮਿਲਣ ਵਾਲੀ ਨਗਦ ਰਾਸ਼ੀ ਦੇ ਮਾਮਲੇ ਵਿੱਚ ਦੇਸ਼ਾਂ ਵਿੱਚ ਬਹੁਤ ਵਖਰੇਵਾਂ ਹੈ।
ਜਿਹੜੇ ਦੇਸ਼ ਆਪਣੇ ਖਿਡਾਰੀਆਂ ਨੂੰ ਸਿਖਲਾਈ ਲਈ ਜ਼ਿਆਦਾ ਸਹੂਲਤਾਂ ਦਿੰਦੇ ਹਨ ਅਤੇ ਖਿਡਾਰੀ ਵੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਉੱਪਰ ਨਿਰਭਰ ਹਨ।
ਉਹ ਦੇਸ਼ ਖਿਡਾਰੀਆਂ ਉਪਰ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਘੱਟ ਦਿਆਲੂ ਹੁੰਦੇ ਹਨ ਜਿੱਥੇ ਖਿਡਾਰੀ ਆਪਣੇ ਬੂਤੇ ਉੱਪਰ ਤਿਆਰੀ ਕਰਦੇ ਹਨ।
ਮਲੇਸ਼ੀਆ ਇੱਕ ਅਜਿਹਾ ਦੇਸ਼ ਹੈ, ਜਿਸ ਨੇ 13 ਓਲੰਪਿਕਸ ਵਿੱਚ 11 ਮੈਡਲ ਜਿੱਤੇ ਹਨ। ਮਲੇਸ਼ੀਆ ਨੇ ਟੋਕੀਓ ਵਿੱਚੋਂ ਮੈਡਲ ਜਿੱਤਣ ਵਾਲੇ ਆਪਣੇ ਖਿਡਾਰੀਆਂ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਸੀ।
ਇਸ ਐਲਾਨ ਮੁਤਾਬਕ ਸੋਨੇ ਦਾ ਮੈਡਲ ਜਿੱਤਣ ਵਾਲੇ ਨੂੰ 241,000 ਡਾਲਰ, ਚਾਂਦੀ ਵਾਲੇ ਨੂੰ 150,000 ਡਾਲਰ ਅਤੇ ਕਾਂਸੇ ਵਾਲੇ ਨੂੰ 24,000 ਡਾਲਰ ਦਿੱਤੇ ਜਾਣੇ ਸਨ।
ਇਸ ਦੇ ਮੁਕਾਬਲੇ ਆਸਟਰੇਲੀਆ ਨੇ 29 ਜੁਲਾਈ ਤੱਕ 500 ਤੋਂ ਵਧੇਰੇ ਮੈਡਲ ਜਿੱਤੇ ਹਨ। ਇਸੇ ਤਰੀਕ ਤੱਕ ਟੋਕੀਓ ਓਲੰਪਿਕ ਵਿੱਚ ਹੀ 30 ਤੋਂ ਜ਼ਿਆਦਾ ਮੈਡਲ ਜਿੱਤ ਲਏ ਸਨ।
ਉਹ ਆਪਣੇ ਖਿਡਾਰੀਆਂ ਨੂੰ ਮਲੇਸ਼ੀਆ ਦੇ ਮੁਕਾਬਲੇ ਸਿਰਫ਼ ਦਸ ਫ਼ੀਸਦੀ ਰਾਸ਼ੀ ਹੀ ਆਫ਼ਰ ਕਰ ਰਿਹਾ ਹੈ।

ਤਸਵੀਰ ਸਰੋਤ, Getty Images
ਓਲੰਪਿਕ ਖਿਡਾਰੀਆਂ ਨੂੰ ਨਵੀਆਂ ਨਕੋਰ ਕਾਰਾਂ
ਚੀਨ ਅਤੇ ਰੂਸ ਅਪਵਾਦ ਹਨ। ਉਹ ਆਪਣੇ ਖਿਡਾਰੀਆਂ ਨੂੰ ਨਾ ਸਿਰਫ਼ ਨਗਦ ਰਾਸ਼ੀ ਦੇ ਰਹੇ ਹਨ ਸਗੋਂ ਖੁੱਲ੍ਹੇ ਨਗਦ ਈਨਾਮ ਵੀ ਹਾਸਲ ਕਰਨਗੇ।
ਇਸ ਤੋਂ ਇਲਾਵਾ ਕੌਮੀ ਅਤੇ ਸਥਾਨਕ ਅਥੌਰਟੀਜ਼ ਵੱਲੋਂ ਵੱਡੇ-ਵੱਡੇ ਹੋਰ ਇਨਾਮ ਵੀ ਮਿਲਣੇ ਹਨ।
ਰੂਸ ਵਿੱਚ ਖਿਡਾਰੀਆਂ ਨੂੰ ਘਰਾਂ ਦੇ ਨਾਲ-ਨਾਲ ਵੱਡੀਆਂ ਲਗਜ਼ਰੀ ਕਾਰਾਂ ਵੀ ਮਿਲਣੀਆਂ ਹਨ
ਕੁਝ ਈਨਾਮ ਤਾਂ ਹੋਰ ਵੀ ਦਿਲਚਸਪ ਹਨ।
ਦੱਖਣੀ ਅਫ਼ਰੀਕਾ ਆਪਣੇ ਰੋਅਰਾਂ ਸਿਜ਼ਵੇ ਨਡਲੂਵੂ, ਮੈਥਿਊ ਬਰਿਟੇਨ, ਜੌਨ੍ਹ ਸਮਿੱਥ ਅਤੇ ਜੇਮਜ਼ ਥੌਂਪਸਨ ਜਿਨ੍ਹਾਂ ਨੇ ਲੰਡਨ ਓਲੰਪਿਕ ਵਿੱਚ ਲਾਈਟਵੇਟ ਫੋਰ ਫਾਈਨਲ ਮੁਕਾਬਲਾ ਜਿੱਤਿਆ ਸੀ, ਨੂੰ ਇੱਕ-ਇੱਕ ਗਊ ਦਿੱਤੀ ਗਈ।
ਉਨ੍ਹਾਂ ਨੂੰ ਇਹ ਗਊਆਂ ਇੱਕ ਕਾਰੋਬਾਰੀ ਅਤੇ ਖਾਨਸਾਮੇ ਜੈਨਕੈਨਲ ਵੱਲੋਂ ਦਿੱਤੀਆਂ ਗਈਆਂ। ਜੈਨਕੈਨਲਸ ਦੀ ਖ਼ਾਸੀਅਤ ਬਾਰਬਿਕਿਊ ਬਣਾਉਣਾ ਹੈ।
ਓਲੰਪਿਕ ਖਿਡਾਰੀਆਂ ਨੂੰ ਨਵੀਆਂ ਨੌਕਰੀਆਂ

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਨਵੀਆਂ ਨੌਕਰੀਆਂ, ਉੱਚੇ ਭੱਤੇ ਵਗੈਰਾ ਤਾਂ ਮਿਲਣੇ ਹੀ ਹਨ।
ਜ਼ਿਕਰਯੋਗ ਹੈ ਕਿ ਇਸ ਵਾਰ ਭਾਰਤੀ ਮਹਿਲਾ ਹਾਕੀ ਦੀ ਟੀਮ ਵੱਲੋਂ ਪਹਿਲੀ ਵਾਰ ਚੌਥੇ ਨੰਬਰ ਤੇ ਆਉਣ ਕਾਰਨ ਚਰਚਾ ਤੁਰੀ ਹੈ ਕਿ ਹਾਕੀ ਖਿਡਾਰਨਾਂ ਨੂੰ ਵੀ ਖਿਡਾਰੀਆਂ ਵਰਗੀ ਹੀ ਸੋਸ਼ਲ ਸਕਿਊਰਿਟੀ ਮਿਲੇਗੀ।
ਭਾਰਤ ਦੀ ਗੋਲ ਮਸ਼ੀਨ ਵਜੋਂ ਜਾਣੀ ਜਾਂਦੀ ਗੁਰਦੀਪ ਕੌਰ ਦੇ ਪਿਤਾ ਨੇ ਕਿਹਾ ਹੈ ਕਿ ਉਹ ਆਪਣੀ ਬੇਟੀ ਲਈ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕਰਨਗੇ।
ਹਾਲਾਂਕਿ ਪੰਜਾਬ ਸਰਕਾਰ ਨੇ ਸੜਕਾਂ ਅਤੇ ਸਕੂਲਾਂ ਦੇ ਨਾਂਅ ਓਲੰਪਿਕ ਵਿੱਚੋਂ ਮੈਡਲ ਜਿੱਤ ਕੇ ਲਿਆਉਣ ਵਾਲੇ ਖਿਡਾਰੀਆਂ ਦੇ ਨਾਂਅ ਉੱਤੇ ਰੱਖਣ ਦਾ ਐਲਾਨ ਕੀਤਾ ਹੈ।
ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ ਨੇ ਭਾਰਤ ਦਾ ਇੱਕੋ-ਇੱਕ ਸੋਨ ਤਮਗਾ ਲਿਆਓਣ ਵਾਲੇ ਭਾਲਾ ਸੁਟਾਵੇ ਨੀਰਜ ਚੋਪੜਾ ਨੂੰ ਆਪਣੀ ਕੰਪਨੀ ਦੀ ਨਵੀਂ ਐਸਯੂਵੀ 700 ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ।
ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਆਈ ਪੁਰਸ਼ ਹਾਕੀ ਟੀਮ ਦੇ ਹਰ ਖਿਡਾਰੀ ਨੂੰ ਕਰੋੜ-ਕਰੋੜ ਰੁਪਏ ਦੇਣ ਦਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ।
ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਰਗੀ ਧਾਰਮਿਕ ਸੰਸਥਾ ਨੇ ਵੀ ਹਾਕੀ ਟੀਮ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਸੋਨ ਤਮਗਾ ਜਿੱਤ ਕੇ ਆਏ ਨੀਰਜ ਚੋਪੜਾ ਨੂੰ ਹਰਿਆਣਾ ਸਰਕਾਰ ਨੇ 6 ਕਰੋੜ, ਪੰਜਾਬ ਸਰਕਾਰ ਨੇ 2 ਕਰੋੜ ਅਤੇ ਬੀਸੀਸੀਆਈ ਨੇ ਇੱਕ ਕਰੋੜ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਹਰਿਆਣਾ ਸਰਕਾਰ ਘਰ ਲਈ ਇੱਕ ਪਲਾਟ ਅਤੇ ਫਸਟ ਕਲਾਸ ਨੌਕਰੀ ਦੀ ਵੀ ਪੇਸ਼ਕਸ਼ ਕਰ ਰਹੀ ਹੈ।
ਭਾਰਤੀ ਫੌਜ ਵਿਚ ਨੀਰਜ ਸੂਬੇਦਾਰ ਦੇ ਅਹੁਦੇ ਉੱਤੇ ਸੀ ਪਰ ਸੋਨ ਤਮਗਾ ਜਿੱਤਣ ਤੋਂ ਬਾਅਦ ਉਸਨੂੰ ਸਿੱਧਾ ਹੀ ਕਰਨਲ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਖੇਡ ਸੰਗਠਨਾ ਨੇ ਉਨ੍ਹਾਂ ਨੂੰ ਕੈਸ਼ ਈਨਾਮ ਦੇਣ ਦਾ ਐਲਾਨ ਕੀਤਾ ਹੈ।
ਮੀਰਾ ਬਾਈ ਚਾਨੂੰ ਨੂੰ ਟੋਕੀਓ ਓਲੰਪਿਕ ਵਿੱਚ ਲਗਭਗ ਸਾਢੇ ਤਿੰਨ ਲੱਖ ਡਾਲਰ ਦੀ ਰਾਸ਼ੀ ਈਨਾਮ ਵਜੋਂ ਚਾਂਦੀ ਦਾ ਮੈਡਲ ਜਿੱਤਣ ਬਦਲੇ ਮਿਲੀ।
ਇਸ ਤੋਂ ਇਲਾਵਾ ਭਾਰਤੀ ਰੇਲਵੇ ਨੇ ਉਨ੍ਹਾਂ ਨੂੰ ਤਰੱਕੀ ਦੇਣ ਦਾ ਵੀ ਐਲਾਨ ਕੀਤਾ ਹੈ।
ਦੱਖਣੀ ਕੋਰੀਆ ਵਿੱਚ ਖਿਡਾਰਨਾਂ ਦੇ ਮੁਕਾਬਲੇ ਖਿਡਾਰੀਆਂ ਨੂੰ ਜੋ ਸ਼ਾਇਦ ਸਭ ਤੋਂ ਵੱਡਾ ਇਨਾਮ ਮਿਲਦਾ ਹੈ ਕਿ ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਮਿਲਟਰੀ ਵਿੱਚ ਜੁਆਇਨ ਕਰਨ ਤੋਂ ਛੋਟ ਮਿਲਦੀ ਹੈ।

ਤਸਵੀਰ ਸਰੋਤ, Getty Images
ਓਲੰਪਿਕ ਖਿਡਾਰੀ ਵਿੱਤੀ ਤੌਰ ’ਤੇ ਸਥਿਰ ਮਹਿਸੂਸ ਨਹੀਂ ਕਰਦੇ
ਓਲੰਪਿਕ ਖਿਡਾਰੀਆਂ ਦੀ ਦੇਸ਼ ਵਾਪਸੀ ਉੱਪਰ ਮਿਲਣ ਵਾਲੇ ਇਨਾਮਾਂ ਦੀ ਰਵਾਇਤ ਕੋਈ ਨਵੀਂ ਨਹੀਂ ਹੈ ਸਗੋਂ ਇਹ ਪ੍ਰਥਾ 1980 ਵਿੱਚ ਸ਼ੁਰੂ ਹੋਈ।
ਹਾਂ, ਇਨ੍ਹਾਂ ਇਨਾਮਾਂ ਦੀ ਰਾਸ਼ੀ ਸਮੇਂ ਨਾਲ ਦੂਣ-ਸਵਾਈ ਜ਼ਰੂਰ ਹੋਈ ਹੈ।
ਸਿੰਗਾਪੁਰ ਦੇ ਤੈਰਾਕ ਜੋਸਫ਼ ਸਕੂਲਿੰਗ ਨੇ ਜਦੋਂ 2016 ਓਲੰਪਿਕ ਵਿੱਚ ਅਮਰੀਕੀ ਤੈਰਾਕ ਤੋਂ ਸੋਨ ਤਮਗਾ ਖੋਹਿਆ ਤਾਂ ਉਨ੍ਹਾਂ ਨੂੰ ਆਪਣੀ ਸਰਕਾਰ ਵੱਲੋਂ ਲਗਭਗ 7,50,000 ਅਮਰੀਕੀ ਡਾਲਰ ਦੀ ਈਨਾਮੀ ਰਾਸ਼ੀ ਮਿਲੀ ਸੀ।
ਉਹ ਖੇਡਾਂ ਜਿਨ੍ਹਾਂ ਬਾਰੇ ਮੀਡੀਆ ਵਿੱਚ ਜ਼ਿਆਦਾ ਚਰਚਾ ਨਹੀਂ ਹੁੰਦੀ ਜਾਂ ਜਿਨ੍ਹਾਂ ਬਾਰੇ ਲੋਕਾਂ ਵਿੱਚ ਜਾਣਕਾਰੀ ਦੀ ਕਮੀ ਹੁੰਦੀ ਹੈ।
ਉਨ੍ਹਾਂ ਖੇਡਾਂ ਦੇ ਖਿਡਾਰੀਆਂ ਲਈ ਮਸ਼ਹੂਰੀਆਂ ਆਦਿ ਮਿਲਣਾ ਮੁਸ਼ਕਲ ਹੁੰਦਾ ਹੈ।
ਮਿਸਾਲ ਵਜੋਂ, ਬ੍ਰਾਜ਼ੀਲ ਦੇ ਓਲੰਪੀਅਨ ਜ਼ਿਆਦਾਤਰ ਸਰਕਾਰੀ ਮਦਦ ਉੱਪਰ ਹੀ ਨਿਰਭਰ ਕਰਦੇ ਹਨ। ਇਸ ਸੂਚੀ ਵਿੱਚ ਆਪਣੀ ਕਲਾ ਨਾਲ ਦੁਨੀਆਂ ਨੂੰ ਹੈਰਾਨ ਕਰ ਦੇਣ ਵਾਲੀ ਜਿਮਨਾਸਟ- ਰਿਬੈਕਾ ਐਂਡਰੇ ਵੀ ਸ਼ਾਮਲ ਹਨ।
ਫਰਵਰੀ ਵਿੱਚ ਖੋਜ ਸਮੂਹ ਗਲੋਬਲ ਐਥਲੀਟ ਨੇ 48 ਦੇਸ਼ਾਂ ਦੇ ਕਰੀਬ 500 ਅਮੀਰ ਖਿਡਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿੱਚੋਂ ਲਗਭਗ 60 ਫ਼ੀਸਦੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਆਰਥਿਕ ਤੌਰ ਤੇ ਸਥਿਰ ਨਹੀਂ ਸਮਝਦੇ।
ਅਮਰੀਕਾ ਸਮੇਤ ਕਈ ਦੇਸ਼ਾਂ ਦੇ ਕਈ ਖਿਡਾਰੀਆਂ ਨੇ ਆਪਣੀ ਟੋਕੀਓ ਓਲੰਪਿਕ ਦੀ ਤਿਆਰੀ ਲਈ ਕਰਾਊਡ ਫੰਡਿੰਗ ਦਾ ਸਹਾਰਾ ਲਿਆ।
ਬ੍ਰਿਟਿਸ਼ ਦੇ BMX ਰੇਸਿੰਗ ਚੈਂਪੀਅਨ ਬੈਥਨੀ ਸ਼ਿਰੀਵਰ ਨੂੰ ਆਪਣਾ ਓਲੰਪਿਕ ਜਾਣ ਦਾ ਸੁਫ਼ਨਾ ਸਾਕਾਰ ਕਰਨ ਲਈ ਕਰਾਊਡ ਫੰਡਿੰਗ ਦਾ ਸਹਾਰਾ ਲੈਣਾ ਪਿਆ।
ਵਜ੍ਹਾ, ਬ੍ਰਿਟੇਨ ਦੀ ਖੇਡ ਨਿਯਮਕ ਸੰਸਥਾ ਨੇ ਖਿਡਾਰਨਾਂ ਦੀ ਫੰਡਿੰਗ ਵਿੱਚ ਸਾਲ 2017 ਵਿੱਚ ਕੀਤੀ ਗਈ ਕਟੌਤੀ।
ਕੋਰੋਨਾਮਹਾਮਾਰੀ ਨੇ ਹਾਲਤ ਨੂੰ ਖਿਡਾਰੀਆਂ ਲਈ ਹੋਰ ਵੀ ਮੁਸ਼ਕਲ ਬਣਾ ਦਿੱਤਾ ਸੀ। ਜਿਨ੍ਹਾਂ ਟੂਰਨਾਮੈਂਟਾਂ ਵਿੱਚ ਖੇਡਣ ਦੇ ਉਨ੍ਹਾਂ ਨੂੰ ਪੈਸੇ ਮਿਲਣੇ ਸਨ ਉਹ ਲੌਕਡਾਊਨ ਕਾਰਨ ਰੱਦ ਹੋ ਗਏ ਸਨ।
ਫਿਰ ਵੀ ਸ਼ੁਕਰ ਹੈ ਕਿ ਹੁਣ ਕਈ ਖਿਡਾਰੀਆਂ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਰਹਿਣਗੇ। ਉਨ੍ਹਾਂ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਤਮਗੇ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਕੁਝ ਵੀ ਅਸੰਭਵ ਨਹੀਂ ਹੈ।
ਜਿਵੇਂ ਕਿ ਭਾਰਤੀ ਮਹਿਲਾ ਹਾਕੀ ਦੇ ਕੋਚ ਨੇ ਕਾਂਸੇ ਲਈ ਖੇਡੇ ਗਏ ਮੈਚ ਵਿੱਚ ਆਪਣੀ ਟੀਮ ਦੀ ਹਾਰ ਮਗਰੋਂ ਟਵੀਟ ਕੀਤਾ ਕਿ ਤੁਸੀਂ ਮੈਡਲ ਭਾਵੇਂ ਨਾ ਜਿੱਤਿਆ ਹੋਵੇ ਪਰ ਦਿਲ ਕਈ ਜਿੱਤ ਲਏ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













