ਟੋਕੀਓ 2020 ਓਲੰਪਿਕਸ: ਨੀਰਜ ਚੋਪੜਾ ਦੇ ਕੋਚ ਨੂੰ ਓਲੰਪਿਕ ਤੋਂ ਪਹਿਲਾਂ ਭਾਰਤ ’ਚ ਖੇਡ ਸਹੂਲਤਾਂ ਬਾਰੇ ਇਹ ਸ਼ਿਕਾਇਤਾਂ ਸਨ

ਤਸਵੀਰ ਸਰੋਤ, NEERAJ CHOPRA/INSTAGRAM
ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਟੋਕੀਓ ਓਲੰਪਿਕਸ 2020 ਵਿਖੇ ਸੋਨ ਤਮਗਾ ਹਾਸਲ ਕੀਤਾ ਹੈ ਜੋ ਅਥਲੈਟਿਕਸ ਦੇ ਇਤਿਹਾਸ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਹੈ।
4 ਅਗਸਤ ਨੂੰ ਫਾਈਨਲ ਲਈ ਕੁਆਲੀਫਾਈਂਗ ਰਾਊਂਡ ਵਿੱਚ ਨੀਰਜ ਨੇ 86.65 ਮੀਟਰ ਦੂਰ ਜੈਵਲਿਨ ਸੁੱਟਿਆ ਸੀ।
ਫਾਈਨਲ ਵਿੱਚ 87.58 ਮੀਟਰ ਦੂਰ ਜੈਵਲਿਨ ਸੁੱਟ ਕੇ ਉਨ੍ਹਾਂ ਨੇ ਸੋਨ ਤਗਮਾ ਤਾਂ ਜਿੱਤਿਆ ਪਰ ਉਨ੍ਹਾਂ ਦੇ ਜਰਮਨ ਕੋਚ ਓਵੇ ਹੋਨ ਨੇ ਜੈਵਲਿਨ ਦੀ ਦੁਨੀਆਂ ਵਿੱਚ ਕੁਝ ਅਜਿਹਾ ਕੀਤਾ ਹੈ ਜਿਸ ਨੂੰ ਅੱਜ ਤੱਕ ਕੋਈ ਮਾਤ ਨਹੀਂ ਦੇ ਸਕਿਆ।
ਉਹ 2017 ਤੋਂ ਭਾਰਤ ਦੇ ਜੈਵਲਿਨ ਕੋਚ ਹਨ ਅਤੇ ਓਲੰਪਿਕਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਵਿੱਚ ਖੇਡਾਂ ਨੂੰ ਲੈ ਕੇ ਸਹੂਲਤਾਂ ਬਾਰੇ ਆਪਣੇ ਵਿਚਾਰ ਰੱਖੇ ਸਨ।
ਇਹ ਵੀ ਪੜ੍ਹੋ-
ਟੋਕੀਓ ਓਲੰਪਿਕ ਤੋਂ ਪਹਿਲਾਂ ਖੇਡ ਸਹੂਲਤਾਂ ’ਤੇ ਚੁੱਕੇ ਸਵਾਲ
2017 ਵਿੱਚ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏਐਫਆਈ) ਨੇ ਉਨ੍ਹਾਂ ਨੂੰ ਬਤੌਰ ਕੋਚ ਭਾਰਤ ਲਈ ਨਿਯੁਕਤ ਕੀਤਾ ਜਿਸ ਤੋਂ ਬਾਅਦ ਓਲੰਪਿਕਸ ਸਮੇਤ ਰਾਸ਼ਟਰ ਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਵਿੱਚ ਜੂਨ 2021 ਨੂੰ ਛਪੇ ਉਨ੍ਹਾਂ ਦੇ ਇੰਟਰਵਿਊ ਵਿੱਚ ਉਨ੍ਹਾਂ ਨੇ ਆਖਿਆ ਸੀ ਕਿ ਮਹਾਂਮਾਰੀ ਤੋਂ ਬਾਅਦ ਭਾਰਤ ਦੀਆਂ ਖੇਡ ਸਹੂਲਤਾਂ ਪ੍ਰਭਾਵਿਤ ਹੋਈਆਂ ਹਨ ਅਤੇ ਖਿਡਾਰੀ ਦੂਸਰੇ ਦੇਸ਼ਾਂ ਵਿੱਚ ਪ੍ਰਤੀਯੋਗਤਾ ਲਈ ਨਹੀਂ ਜਾ ਸਕੀ ਜਿਸ ਕਾਰਨ ਤਿਆਰੀਆਂ ਉੱਪਰ ਵੀ ਅਸਰ ਪਿਆ ਸੀ।
ਸਪੋਰਟਸ ਫੈਡਰੇਸ਼ਨ ਆਫ ਇੰਡੀਆ ਅਤੇ ਅਥਲੈਟਿਕਸ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਬਾਰੇ ਵੀ ਉਨ੍ਹਾਂ ਨੇ ਕਿਹਾ ਸੀ ਕਿ ਕਈ ਵਾਰ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਹਨ।
"ਸਾਈ ਜਾਂ ਅਥਲੈਟਿਕ ਫੈਡਰੇਸ਼ਨ ਦਾਅਵੇ ਕਰਦੀ ਹੈ ਕਿ ਉਨ੍ਹਾਂ ਕੋਲ ਵਿਸ਼ਵ ਪੱਧਰ ਦੀਆਂ ਸਹੂਲਤਾਂ ਹਨ ਪਰ ਪਟਿਆਲਾ ਵਿਖੇ ਟ੍ਰੇਨਿੰਗ ਸੈਂਟਰ ਵਿਸ਼ਵ ਪੱਧਰ ਦੀਆਂ ਸਹੂਲਤਾਂ ਤੋਂ ਬਹੁਤ ਦੂਰ ਹੈ।"

ਤਸਵੀਰ ਸਰੋਤ, NEERAJ CHOPRA/TWITTER
ਨੀਰਜ ਚੋਪੜਾ ਦੀ ਟ੍ਰੇਨਿੰਗ ਲਈ ਵਿਦੇਸ਼ ਜਾਣ ਬਾਰੇ ਵੀ ਉਨ੍ਹਾਂ ਆਖਿਆ ਸੀ ਕਿ,"ਇਸ ਵਿਚ ਸਾਈ ਜਾਂ ਅਥਲੈਟਿਕ ਫੈਡਰੇਸ਼ਨ ਦਾ ਕੋਈ ਹੱਥ ਨਹੀਂ ਹੈ। ਇਹ ਜੈਐੱਸਡਬਲਯੂ ਸਪੋਰਟਸ ਕਰਕੇ ਹੋਇਆ ਜੋ ਨੀਰਜ ਚੋਪੜਾ ਨੂੰ ਸਪਾਂਸਰ ਕਰਦੇ ਹਨ।"
ਖਿਡਾਰੀਆਂ ਨੂੰ ਮਿਲਣ ਵਾਲੇ ਭੋਜਨ ਬਾਰੇ ਉਨ੍ਹਾਂ ਆਖਿਆ ਸੀ ਕਿ ਇਸ ਵਿੱਚ ਸੁਧਾਰ ਜ਼ਰੂਰ ਹੋਇਆ ਹੈ ਪਰ ਜਿਸ ਪੱਧਰ ਦਾ ਖਾਣਾ ਉੱਚ ਕੋਟੀ ਦੇ ਖਿਡਾਰੀਆਂ ਨੂੰ ਚਾਹੀਦਾ ਹੈ ਉਹ ਉਸ ਪੱਧਰ ਤੋਂ ਦੂਰ ਹੈ।
ਅਧਿਕਾਰੀਆਂ ਦੇ ਰਵੱਈਏ ਬਾਰੇ ਉਨ੍ਹਾਂ ਨੇ 'ਇੰਡੀਅਨ ਐਕਸਪ੍ਰੈੱਸ' ਨੂੰ ਇਸ ਇੰਟਰਵਿਊ ਵਿੱਚ ਆਖਿਆ ਸੀ ਕਿ ਅਪ੍ਰੈਲ ਦੀ ਸ਼ੁਰੂਆਤ ਵਿੱਚ ਨਵੇਂ ਕੰਟਰੈਕਟ ਤੋਂ ਉਹ ਖੁਸ਼ ਨਹੀਂ ਸਨ।
"ਅਸੀਂ ਇਸ ਵਿੱਚ ਬਦਲਾਅ ਚਾਹੁੰਦੇ ਸਾਂ ਜਾਂ ਚੰਗੇ ਕੰਮ ਲਈ ਕੁਝ ਬੋਨਸ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਵਿੱਚ ਰਿਵਿਊ ਤੋਂ ਬਾਅਦ ਸਾਡੀ ਤਨਖਾਹ ਵਧਾਈ ਜਾਵੇਗੀ ਪਰ ਪਹਿਲੇ ਵਾਅਦਿਆਂ ਵਾਂਗੂੰ ਉਹ ਵੀ ਕੇਵਲ ਦਾਅਵੇ ਹੀ ਸਨ। ਭਾਰਤੀ ਖਿਡਾਰੀਆਂ ਦੇ ਸੁਪਨੇ ਸਾਕਾਰ ਕਰਨ ਲਈ ਕੰਮ ਕਰਨ ਵਾਲੇ ਲੋਕਾਂ ਨਾਲ ਅਜਿਹਾ ਵਤੀਰਾ ਠੀਕ ਨਹੀਂ ਹੈ।"
ਅਧਿਕਾਰੀਆਂ ਨੇ ਨਹੀਂ ਕੀਤੀ ਜ਼ਿਆਦਾ ਕੋਸ਼ਿਸ਼
ਓਲੰਪਿਕਸ ਤੋਂ ਪਹਿਲਾਂ ਖਿਡਾਰੀਆਂ ਦੇ ਵਿਦੇਸ਼ ਵਿੱਚ ਤਿਆਰੀ ਬਾਰੇ ਵੀ ਉਨ੍ਹਾਂ ਨੂੰ ਜੂਨ 2021 ਦੇ ਇਸ ਇੰਟਰਵਿਊ ਵਿੱਚ ਸਵਾਲ ਪੁੱਛਿਆ ਗਿਆ ਸੀ ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਵਿੱਚ ਤਿਆਰੀ ਵਾਲੇ ਕੈਂਪ ਰੱਦ ਹੋ ਗਏ ਅਤੇ ਅਧਿਕਾਰੀਆਂ ਨੇ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ।
"ਸਾਈ ਅਤੇ ਏਐਫਆਈ ਨੂੰ ਸਾਡੀ ਤਿਆਰੀ ਬਾਰੇ ਪਤਾ ਸੀ ਅਤੇ ਉਹ ਇਸ ਨਾਲ ਰਜ਼ਾਮੰਦ ਸਨ। ਫਿਰ ਇੱਕ ਤੋਂ ਬਾਅਦ ਇੱਕ ਵਿਦੇਸ਼ੀ ਕੈਂਪ ਰੱਦ ਹੁੰਦੇ ਗਏ। ਵੀਜ਼ਾ ਅਤੇ ਵਿਦੇਸ਼ ਯਾਤਰਾ ਨੂੰ ਲੈ ਕੇ ਪਾਬੰਦੀਆਂ ਸਨ ਪਰ ਅਧਿਕਾਰੀਆਂ ਨੇ ਆਪਣੇ ਨਿੱਜੀ ਸੰਪਰਕ ਅਤੇ ਦੂਜੇ ਦੇਸ਼ਾਂ ਵਿੱਚ ਡਿਪਲੋਮੈਟਿਕ ਸੰਪਰਕ ਇਸਤੇਮਾਲ ਕਰਨ ਦਾ ਮੌਕਾ ਖੁੰਝਾ ਦਿੱਤਾ। ਅਸੀਂ ਸੁਣਿਆ ਹੈ ਕਿ ਵਿਦੇਸ਼ਾਂ ਵਿੱਚ ਏਐਫਆਈ ਦੇ ਵਧੀਆ ਸੰਪਰਕ ਹਨ ਪਰ ਫਿਲਹਾਲ ਕੁਝ ਨਹੀਂ ਹੋ ਸਕਿਆ।"
ਇਹ ਵੀ ਪੜ੍ਹੋ-
ਖਿਡਾਰੀਆਂ ਲਈ ਮੌਜੂਦ ਟ੍ਰੇਨਿੰਗ ਦੇ ਸਾਮਾਨ ਬਾਰੇ ਵੀ ਉਨ੍ਹਾਂ ਨੇ ਟਿੱਪਣੀ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ," ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਕੁਝ ਨਵਾਂ ਟ੍ਰੇਨਿੰਗ ਦਾ ਸਾਮਾਨ ਲੈ ਕੇ ਆਏ ਹਾਂ ਪਰ ਉਹ ਅੰਤਰਰਾਸ਼ਟਰੀ ਪੱਧਰ ਤੋਂ ਬਹੁਤ ਦੂਰ ਹੈ। ਇਹ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਮੌਜੂਦ ਹੈ ਪਰ ਇਸ ਸਮੇਂ ਇਸ ਨਾਲ ਫਿਲਹਾਲ ਟ੍ਰੇਨਿੰਗ ਸ਼ੁਰੂ ਨਹੀਂ ਹੋ ਸਕਦੀ ਅਤੇ ਇਸ ਵਿੱਚ ਬਦਲਾਅ ਦੀ ਜ਼ਰੂਰਤ ਹੈ।"
ਓਵੇ ਹੋਨ ਦਾ ਉਹ ਥ੍ਰੋ ਜਿਸ ਦੇ ਬਰਾਬਰ ਅੱਜ ਤੱਕ ਕੋਈ ਨਹੀਂ
ਜੈਵਲਿਨ ਇਤਿਹਾਸ ਵਿੱਚ ਓਵੇ ਹੋਨ ਇੱਕਮਾਤਰ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ 100 ਮੀਟਰ ਦੂਰ ਤੱਕ ਜੈਵਲਿਨ ਸੁੱਟਿਆ ਸੀ।
20 ਜੁਲਾਈ ,1984 ਨੂੰ ਉਨ੍ਹਾਂ ਨੇ ਜਰਮਨੀ ਦੇ ਬਰਲਿਨ ਵਿਖੇ ਹੋਏ ਓਲੰਪਿਕਸ ਡੇਅ ਆਫ਼ ਅਥਲੈਟਿਕਸ ਮੁਕਾਬਲੇ ਵਿੱਚ 104.8 ਮੀਟਰ ਦੂਰ ਜੈਵਲਿਨ ਸੁੱਟਿਆ ਸੀ ਜੋ ਅੱਜ ਤਕ ਕਾਇਮ ਹੈ ।
ਇਸ ਤੋਂ ਪਹਿਲਾਂ ਰਿਕਾਰਡ ਅਮਰੀਕਾ ਦੇ ਟੌਮ ਪੈਟਰਨ ਆਫ਼ ਦੇ ਨਾਮ ਸੀ ਜਿਨ੍ਹਾਂ ਨੇ 99.72 ਮੀਟਰ ਦੂਰ ਜ਼ੈਵਲਿਨ ਸੁੱਟਿਆ ਸੀ।
1986 ਵਿੱਚ ਜੈਵਲਿਨ ਦੇ ਡਿਜ਼ਾਇਨ ਅਤੇ ਨਿਯਮ ਬਦਲ ਦਿੱਤੇ ਗਏ ਸਨ ਜਿਸ ਦੇ ਨਤੀਜੇ ਵਜੋਂ ਇਸ ਤੋਂ ਪਹਿਲਾਂ ਦੇ ਰਿਕਾਰਡ ਪਿੱਛੇ ਛੱਡ ਕੇ ਨਵੀਂ ਸ਼ੁਰੂਆਤ ਹੋਈ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਈ ਖ਼ਿਤਾਬ ਜਿੱਤੇ ਪਰ ਓਲੰਪਿਕਸ ਨਹੀਂ
ਪੂਰਬੀ ਜਰਮਨੀ ਵਿੱਚ ਪੈਦਾ ਹੋਏ ਓਵੇ ਹੋਨ ਨੇ ਛੋਟੀ ਉਮਰ ਵਿੱਚ ਹੀ ਜੈਵਲਿਨ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ 1981 ਵਿੱਚ ਯੂਰੋਪੀਅਨ ਯੂਨੀਅਨ ਚੈਂਪੀਅਨਸ਼ਿਪ ਵਿੱਚ 86.56 ਮੀਟਰ ਦੇ ਰਿਕਾਰਡ ਨਾਲ ਜਿੱਤ ਹਾਸਿਲ ਕੀਤੀ ਸੀ।
1982 ਯੂਰੋਪੀਅਨ ਚੈਂਪੀਅਨਸ਼ਿਪ ਵਿੱਚ ਵੀ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ ਅਤੇ 1984 ਲਾਸ ਏਂਜਲਸ ਓਲੰਪਿਕਸ ਵਿੱਚ ਉਹ ਹਿੱਸਾ ਨਹੀਂ ਲੈ ਸਕੇ। ਇਸ ਸਾਲ ਪੂਰਬੀ ਜਰਮਨੀ ਨੇ ਓਲੰਪਿਕਸ ਖੇਡਾਂ ਦਾ ਬਾਈਕਾਟ ਕਰ ਦਿੱਤਾ ਜਿਸ ਕਰ ਕੇ ਓਲੰਪਿਕਸ ਵਿੱਚ ਜਿੱਤਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਮੁਤਾਬਿਕ ਉਨ੍ਹਾਂ ਨੇ ਕਈ ਸਾਲ ਪਹਿਲਾਂ ਇੱਕ ਇੰਟਰਵਿਊ ਵਿੱਚ ਆਖਿਆ ਸੀ ਕਿ ਉਹ 14 ਸਾਲ ਦੀ ਉਮਰ ਤੋਂ ਕੇਵਲ ਜੈਵਲਿਨ ਹੀ ਕਰਨਾ ਚਾਹੁੰਦੇ ਸਨ। 1984 ਓਲੰਪਿਕਸ ਵਿੱਚ ਭਾਗ ਨਾ ਲੈਣ ਸਕਣ ਬਾਰੇ ਉਨ੍ਹਾਂ ਨੇ ਆਖਿਆ ਸੀ ,"ਮੇਰੀ ਕੋਈ ਗ਼ਲਤੀ ਨਹੀਂ ਸੀ ਪਰ ਮੈਨੂੰ ਓਲੰਪਿਕਸ ਛੱਡਣੇ ਪਏ। ਮੈਂ ਗੋਲਡ ਮੈਡਲ ਜਿੱਤ ਸਕਦਾ ਸੀ।"

ਤਸਵੀਰ ਸਰੋਤ, NEERAJ CHOPRA/INSTAGRAM
1985 ਵਿੱਚ ਕੈਨਬਰਾ ਵਿਖੇ ਉਨ੍ਹਾਂ ਨੇ ਜੈਵਲਿਨ ਵਿੱਚ ਇਸ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਿਲ ਕੀਤੀ ਹੈ ਪਰ ਅਗਲੇ ਓਲੰਪਿਕਸ ਜੋ ਸਿਉਲ ਵਿਖੇ 1988 ਵਿੱਚ ਸਨ, ਤੋਂ ਪਹਿਲਾਂ ਉਨ੍ਹਾਂ ਨੂੰ ਜੈਵਲਿਨ ਛੱਡਣੀ ਪਈ।
1986 ਵਿੱਚ ਆਪਣੀ ਸਰਜਰੀ ਅਤੇ ਸਿਹਤ ਕਰਕੇ ਉਹਨਾਂ ਨੇ ਜੈਵਲਿਨ ਨੂੰ ਅਲਵਿਦਾ ਕਹਿ ਦਿੱਤਾ ਅਤੇ ਓਲੰਪਿਕਸ ਵਿਚ ਮੈਡਲ ਦਾ ਸੁਪਨਾ ਹਮੇਸ਼ਾ ਲਈ ਸੁਪਨਾ ਹੀ ਰਹਿ ਗਿਆ। 1984 ਵਿੱਚ ਉਨ੍ਹਾਂ ਨੂੰ 'ਈਸਟ ਜਰਮਨ ਸਪੋਰਟਸ ਮੈਨ ਆਫ ਦਾ ਯੀਅਰ' ਖਿਤਾਬ ਨਾਲ ਵੀ ਨਿਵਾਜਿਆ ਗਿਆ।
1999 ਤੋਂ ਬਾਅਦ ਉਨ੍ਹਾਂ ਨੇ ਜੈਵਲਿਨ ਵਿੱਚ ਬਤੌਰ ਕੋਚ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਚੀਨ ਦੇ ਚੈਂਪੀਅਨ ਜੈਵਲਿਨ ਖਿਡਾਰੀ ਜਾਓ ਕਿਨਗੈਂਗ ਅਤੇ ਭਾਰਤ ਦੀ ਨੀਰਜ ਚੋਪੜਾ ਸਮੇਤ ਕਈ ਚੋਟੀ ਦੇ ਖਿਡਾਰੀਆਂ ਨੂੰ ਉਨ੍ਹਾਂ ਨੇ ਕੋਚਿੰਗ ਦਿੱਤੀ ਹੈ।
ਉਹ ਚਾਹੇ ਆਪਣੇ ਖੇਡ ਜੀਵਨ ਦੌਰਾਨ ਓਲੰਪਿਕਸ ਤਮਗਾ ਹਾਸਿਲ ਨਹੀਂ ਕਰ ਸਕੇ ਪਰ ਨੀਰਜ ਚੋਪੜਾ ਦੀ ਜਿੱਤ ਨੇ ਉਨ੍ਹਾਂ ਨੂੰ ਵੱਡੀ ਖੁਸ਼ੀ ਜ਼ਰੂਰ ਦਿੱਤੀ ਹੈ ਜੋ ਤਮਗਾ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਚਿਹਰੇ ’ਤੇ ਨਜ਼ਰ ਆ ਰਹੀ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












