ਓਲੰਪਿਕ ਖੇਡਾਂ ਟੋਕੀਓ 2020 : ਕ੍ਰਿਕਟ ਨੂੰ ਓਲੰਪਿਕ ਵਿਚ ਸ਼ਾਮਲ ਨਾ ਕਰਨ ਦੇ ਇਹ ਹਨ ਕਾਰਨ

ਤਸਵੀਰ ਸਰੋਤ, Getty Images
- ਲੇਖਕ, ਅਨਘਾ ਪਾਠਕ
- ਰੋਲ, ਬੀਬੀਸੀ ਪੱਤਰਕਾਰ
ਭਾਵਨਾਵਾਂ ਦੇ ਤੇਜ਼ ਹੁੰਦੇ ਵਹਾਅ, ਕਰੋ ਜਾਂ ਮਰੋ ਵਾਲੇ ਮੁਕਾਬਲੇ, ਦੇਸ਼ ਦੇ ਮਾਣ ਨੂੰ ਵਧਾਏ ਰੱਖਣ ਲਈ ਯਤਨਸ਼ੀਲ ਖਿਡਾਰੀ ਅਤੇ ਟੀਵੀ 'ਤੇ ਦੇਸ਼ਭਗਤੀ ਦੀਆਂ ਧੁੰਨਾਂ ਨਾਲ ਮੈਚ ਦੇਖਣ ਵਾਲੇ ਲੋਕ, ਜੋ ਆਪਣੀਆਂ ਅਣਚਾਹੀਆਂ ਸਲਾਹਾਂ ਦਿੰਦੇ ਹਨ ,ਉਹ ਮੈਦਾਨ ਦਾ ਇੱਕ ਰਾਊਂਡ ਵੀ ਪੂਰਾ ਨਹੀਂ ਕਰ ਸਕਦੇ।
ਇਹ ਸਾਰਾ ਕੁਝ ਓਲੰਪਿਕ ਦੇ ਮੋਹ ਹੇਠ ਹੈ, ਪਰ ਹਰੇਕ ਭਾਰਤੀ ਨੂੰ ਇੱਕ ਪ੍ਰਸ਼ਨ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
ਜੇ ਅਸੀਂ ਗੂਗਲ 'ਤੇ ਸਿਰਫ਼ ਦੋ ਕੁੰਜੀਗਤ ਸ਼ਬਦ (ਕੀਵਰਡ), ਓਲੰਪਿਕ ਅਤੇ ਗੂਗਲ ਪਾਈਏ ਤਾਂ ਸਾਨੂੰ ਭਾਰਤੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੀ ਲੰਬੀ ਸੂਚੀ ਮਿਲਦੀ ਹੈ।
ਕ੍ਰਿਕਟ ਨੂੰ ਅਜੇ ਤੱਕ ਓਲੰਪਿਕ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ, ਇਹ ਇੱਕ ਅਜਿਹਾ ਹੀ ਸਵਾਲ ਹੈ।
ਇਹ ਵੀ ਪੜ੍ਹੋ:
ਇਸ ਵਾਰ ਦੇ ਓਲੰਪਿਕ ਵਿੱਚ ਕੁਝ ਨਵੀਆਂ ਖੇਡਾਂ ਹਨ, ਇਸ ਲਈ ਇਸ ਵੱਡੇ ਟੂਰਨਾਮੈਂਟ ਵਿੱਚ ਕ੍ਰਿਕਟ ਦੀ ਗ਼ੈਰ-ਮੌਜੂਦਗੀ ਦੀ ਚਰਚਾ ਮੁੜ ਉਜਾਗਰ ਹੋਈ ਹੈ।
ਕਰਾਟੇ, ਕਲਾਇਮਬਿੰਗ ਅਤੇ ਸਰਫਿੰਗ ਨਵੀਆਂ ਖੇਡਾਂ ਹਨ, ਜੋ ਇਸ ਸਾਲ ਓਲੰਪਿਕ ਵਿੱਚ ਸ਼ਾਮਲ ਹੋਈਆਂ ਹਨ।
ਸਾਲ 2008 ਵਿੱਚ ਜਦੋਂ ਬੀਜਿੰਗ ਵਿੱਚ ਖੇਡਾਂ ਹੋਈਆਂ ਤਾਂ ਬੇਸਬਾਲ ਵੀ ਇਸ ਦਾ ਹਿੱਸਾ ਬਣ ਗਿਆ ਸੀ ਅਤੇ ਇਸ ਸਾਲ ਬੇਸਬਾਲ ਨੂੰ ਮੁੜ ਇਨ੍ਹਾਂ ਖੇਡਾਂ ਵਿੱਚ ਥਾਂ ਮਿਲੀ।

ਤਸਵੀਰ ਸਰੋਤ, KAI SCHWOERER
ਨਵੀਆਂ ਖੇਡਾਂ ਨੂੰ ਓਲੰਪਿਕ ਵਿੱਚ ਥਾਂ ਮਿਲ ਰਹੀ ਹੈ ਅਤੇ ਕੁਝ ਖੇਡਾਂ ਬਾਹਰ ਵੀ ਹੋ ਸਕਦੀਆਂ ਹਨ।
ਹਾਲ ਹੀ ਵਿੱਚ ਹੋਏ ਇੱਕ ਐਲਾਨ ਮੁਤਾਬਕ ਸਾਲ 2024 ਵਿੱਚ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਬਰੇਕ-ਡਾਂਸ ਇਸ ਦਾ ਹਿੱਸਾ ਹੋਵੇਗਾ।
ਉਧਰ ਦੂਜੇ ਪਾਸੇ, ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਚੀਅਰ ਲੀਡਿੰਗ ਨੂੰ ਓਲੰਪਿਕ ਖੇਡਾਂ ਵਿੱਚ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ, ਹੋ ਸਕਦਾ ਹੈ ਇਹ ਵੀ ਇੱਕ ਦਿਨ ਓਲੰਪਿਕ ਦਾ ਹਿੱਸਾ ਬਣ ਜਾਵੇ।
ਚੀਅਰ ਲੀਡਿੰਗ, ਬੇਸਬਾਲ ਜਾਂ ਸਕੇਟ ਬੋਰਡਿੰਗ ਅਤੇ ਸਰਫਿੰਗ ਹਰ ਦੇਸ਼ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਨਹੀਂ ਹਨ। ਬਲਕਿ ਇਨ੍ਹਾਂ ਵਿੱਚੋਂ ਵਧੇਰੇ ਖੇਡਾਂ ਅਮਰੀਕਾ ਵਿੱਚ ਹੁੰਦੀਆਂ ਹਨ।
ਜੇਕਰ ਮੁੱਠੀ ਭਰ ਦੇਸ਼ਾਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਓਲੰਪਿਕ ਦਾ ਹਿੱਸਾ ਬਣ ਗਈਆਂ ਹਨ ਤਾਂ ਕ੍ਰਿਕਟ ਅਜੇ ਤੱਕ ਓਲੰਪਿਕ ਦੀ ਸੂਚੀ ਵਿੱਚ ਸ਼ਾਮਲ ਕਿਉਂ ਨਹੀਂ ਹੋ ਸਕਿਆ।
ਕਈਆਂ ਦਾ ਮੰਨਣਾ ਹੈ ਕਿ ਚੰਗਾ ਹੀ ਹੈ ਜੇ ਕ੍ਰਿਕਟ ਓਲੰਪਿਕ ਦਾ ਹਿੱਸਾ ਨਹੀਂ ਘੱਟੋ-ਘੱਟ ਓਲੰਪਿਕ ਦੌਰਾਨ ਤਾਂ ਲੋਕ ਕ੍ਰਿਕਟ ਤੋਂ ਧਿਆਨ ਹਟਾ ਕੇ ਦੂਜੀਆਂ ਖੇਡਾਂ ਵੱਲ ਲਗਾਉਂਦੇ ਹਨ। ਇਸ ਵਿੱਚ ਇੱਕ ਹਦ ਤੱਕ ਬਿੰਦੂ ਵੀ ਹੈ।
ਕਈਆਂ ਦਾ ਇਹ ਵੀ ਕਹਿਣਾ ਹੈ ਕਿ ਜੇ ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਭਾਰਤ ਇੱਕ ਸਮਰੱਥ ਮੁਕਾਬਲੇਬਾਜ਼ ਹੋਣ ਦੇ ਨਾਤੇ ਤਮਗਾ ਜਿੱਤ ਸਕਦਾ ਹੈ ਅਤੇ ਇਹ ਕ੍ਰਿਕਟ ਨੂੰ ਸਹੀ ਮਾਅਨੇ ਵਿੱਚ ਕੌਮਾਂਤਰੀ ਪੱਧਰ 'ਤੇ ਲੈ ਜਾਵੇਗਾ।
ਰੈਂਕਿੰਗ
ਇਨ੍ਹਾਂ ਵਿੱਚੋਂ ਕਿਹੜਾ ਤਰਕ ਸਹੀ ਹੈ, ਫਿਲਹਾਲ ਇਹ ਇੱਥੇ ਇਹ ਮੁੱਦਾ ਨਹੀਂ ਹੈ। ਅਸੀਂ ਇਸ ਗੱਲ 'ਤੇ ਚਰਚਾ ਨਹੀਂ ਕਰ ਰਹੇ ਕਿ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਬਣਾਇਆ ਜਾਵੇ ਜਾਂ ਨਹੀਂ।
ਅਸੀਂ ਇਹ ਪਤਾ ਲਗਾ ਰਹੇ ਹਾਂ ਕਿ ਕੀ ਕ੍ਰਿਕਟ ਕਦੇ ਓਲੰਪਿਕ ਖੇਡਾਂ ਦੇ ਹਿੱਸੇ ਵਜੋਂ ਖੇਡਿਆ ਗਿਆ ਸੀ।
ਜੇਕਰ ਹਾਂ, ਤੇ ਕਦੋਂ ਅਤੇ ਜੇ ਕਦੇ ਉਹ ਕਦੇ ਓਲੰਪਿਕ ਦਾ ਹਿੱਸਾ ਨਹੀਂ ਸੀ ਤਾਂ ਫਿਰ ਅਜਿਹਾ ਹੁਣ ਕਿਉਂ?
ਕੀ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਬਣਾਉਣ ਲਈ ਲੋੜੀਂਦੇ ਯਤਨ ਨਹੀਂ ਹੋ ਰਹੇ? ਇਹ ਲੇਖ ਅਜਿਹੇ ਹੀ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਿਰਫ਼ ਦੋ ਟੀਮਾਂ ਅਤੇ ਇੱਕ ਮੈਚ ਦਾ ਖੇਡ
ਜਦੋਂ ਪਹਿਲੀ ਵਾਰ ਓਲੰਪਿਕ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕ੍ਰਿਕਟ ਨੂੰ ਇਸ ਦਾ ਹਿੱਸਾ ਬਣਨਾ ਸੀ।
ਕ੍ਰਿਕਟ 1896 ਵਿੱਚ ਓਲੰਪਿਕ ਦਾ ਹਿੱਸਾ ਬਣਨਾ ਸੀ ਪਰ ਉਦੋਂ ਟੂਰਨਾਮੈਂਟ ਖੇਡਣ ਲਈ ਕੋਈ ਟੀਮ ਨਹੀਂ ਸੀ, ਇਸ ਲਈ ਅਜਿਹਾ ਨਹੀਂ ਹੋ ਸਕਿਆ।
ਚਾਰ ਸਾਲਾਂ ਬਾਅਦ 1900 ਵਿੱਚ ਕ੍ਰਿਕਟ ਨੂੰ ਓਲੰਪਿਕ ਵਿਚ ਸ਼ਾਮਲ ਕਰ ਲਿਆ ਗਿਆ ਪਰ ਇਹ ਓਲੰਪਿਕ ਅਜਿਹੇ ਦੇਸ਼ ਵਿੱਚ ਹੋਇਆ ਜਿਸ ਦਾ ਅੱਜ ਦੂਰ-ਦੂਰ ਤੱਕ ਕ੍ਰਿਕਟ ਨਾਲ ਕੋਈ ਰਿਸ਼ਤਾ ਨਹੀਂ ਹੈ।
ਕ੍ਰਿਕਟ ਓਲੰਪਿਕ ਦੇ ਹਿੱਸੇ ਵਜੋਂ ਸਿਰਫ਼ ਇੱਕ ਵਾਰ ਖੇਡੀ ਗਈ ਅਤੇ ਮੈਚ ਫਰਾਂਸ ਵਿੱਚ ਹੋਏ ਸਨ ।
ਦੂਜੇ ਓਲੰਪਿਕ ਵਿੱਚ ਸ਼ਾਮਲ 19 ਖੇਡਾਂ ਵਿੱਚੋਂ ਇੱਕ ਕ੍ਰਿਕਟ ਵੀ ਸੀ ਅਤੇ ਇਹ ਖੇਡਾਂ ਪੈਰਿਸ ਵਿੱਚ ਹੋਈਆਂ।
ਇਸ ਵਿੱਚ ਪਹਿਲਾਂ ਤਿੰਨ ਟੀਮਾਂ ਸਨ, ਨੀਦਰਲੈਂਡ, ਬੈਲਜੀਅਮ, ਗ੍ਰੇਟ ਬ੍ਰਿਟੇਨ ਅਤੇ ਫਰਾਂਸ।
ਹਾਂ, ਫਰਾਂਸ ਬਹੁਤ ਹੱਦ ਤੱਕ ਸੀ ਪਰ ਬੈਲਜੀਅਮ ਅਤੇ ਨੀਦਰਲੈਂਡ ਟੂਰਨਾਮੈਂਟ ਤੋਂ ਅਚਾਨਕ ਬਾਹਰ ਹੋ ਗਏ। ਪਿੱਛੇ ਬਚੀਆਂ ਦੋ ਟੀਮਾਂ, ਗ੍ਰੇਟ ਬ੍ਰਿਟੇਨ ਅਤੇ ਫਰਾਂਸ।

ਤਸਵੀਰ ਸਰੋਤ, EPA
ਇਸ ਲਈ ਇਨ੍ਹਾਂ ਦੋਵਾਂ ਵਿਚਾਲੇ ਇੱਕ ਮੈਚ ਰੱਖਿਆ ਗਿਆ ਤੇ ਇਸੇ ਨੂੰ ਫਾਈਨਲ ਕਰਾਰ ਦਿੱਤਾ ਗਿਆ।
ਇਸ ਮੈਚ ਲਈ ਨਿਯਮ ਥੋੜ੍ਹੇ ਵੱਖਰੇ ਸਨ। ਇਸ ਕ੍ਰਿਕਟ ਟੀਮ ਵਿੱਚ 11 ਨਹੀਂ ਬਲਿਕ 12 ਖਿਡਾਰੀ ਸਨ ਅਤੇ ਮੈਚ ਪੰਜ ਦਿਨਾਂ ਦੇ ਟੈਸਟ ਮੈਚ ਦੇ ਮੁਕਾਬਲੇ ਨੂੰ ਦੋ ਦਿਨ ਵਿੱਚ ਖੇਡਿਆ ਗਿਆ।
ਗ੍ਰੇਟ ਬ੍ਰਿਟੇਨ ਦੀ ਟੀਮ ਕੌਮੀ ਟੀਮ ਨਹੀਂ ਸੀ, ਉਹ ਸਥਾਨਕ ਕਲੱਬ ਦੀ ਟੀਮ ਸੀ ਅਤੇ ਫਰਾਂਸ ਟੀਮ ਵਿੱਚ ਪੈਰਿਸ ਵਿੱਚ ਰਹਿਣ ਵਾਲੇ ਬ੍ਰਿਟਿਸ਼ ਅਧਿਕਾਰੀ ਸਨ।
ਗ੍ਰੇਟ ਬ੍ਰਿਟੇਨ ਨੇ ਫਰਾਂਸ ਨੂੰ ਹਰਾ ਦਿੱਤਾ ਪਰ ਕੋਈ ਵੀ ਟੀਮ ਗੋਲਡ ਮੈਡਲ ਨਹੀਂ ਜਿੱਤ ਸਕੀ। ਬ੍ਰਿਟਿਸ਼ ਟੀਮ ਨੇ ਸਿਲਵਰ ਮੈਡਲ ਜਿੱਤਿਆ ਅਤੇ ਫਰਾਂਸ ਦੀ ਟੀਮ ਨੇ ਕਾਂਸੇ ਦਾ।
ਦੋਵਾਂ ਨੂੰ ਯਾਦਗਾਰ ਵਜੋਂ ਆਈਫਿਲ ਟਾਵਰ ਦੀ ਤਸਵੀਰ ਦਿੱਤੀ ਗਈ।
ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਦੋਵੇਂ ਟੀਮਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਓਲੰਪਿਕ ਵਿੱਚ ਖੇਡ ਰਹੀਆਂ ਹਨ।
ਉਨ੍ਹਾਂ ਇੰਝ ਲੱਗ ਰਿਹਾ ਸੀ ਕਿ ਉਹ ਵਰਲਡ ਫੇਅਰ ਦੇ ਹਿੱਸੇ ਵਜੋਂ ਮੈਚ ਖੇਡ ਰਹੀਆਂ ਹਨ, ਜੋ ਉਸੇ ਸਾਲ 1900 ਵਿੱਚ ਫਰਾਂਸ ਵਿੱਚ ਪ੍ਰਬੰਧਿਤ ਸਨ।
ਇਥੋਂ ਤੱਕ ਕਿ ਓਲੰਪਿਕ ਦੇ ਰਿਕਾਰਡ ਵਿੱਚ ਵੀ ਇਹ ਮੈਚ 12 ਸਾਲ ਬਾਅਦ ਰਜਿਸਟਰਡ ਕੀਤੇ ਗਏ, ਇਸੇ ਸਾਲ ਦੋਵਾਂ ਟੀਮਾਂ ਦੇ ਮੈਡਲ ਗੋਲਡ ਅਤੇ ਸਿਲਵਰ ਵਿੱਚ ਤਬਦੀਲ ਕੀਤੇ ਗਏ।
ਉਦੋਂ ਕ੍ਰਿਕਟ ਨੂੰ ਸੇਂਟ ਲੁਇਸ ਵਿੱਚ ਖੇਡੇ ਜਾਣ ਵਾਲੇ ਓਲੰਪਿਕ ਦਾ ਹਿੱਸਾ ਬਣਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਪ੍ਰਵੇਸ਼ਕਾਂ ਦੀ ਘਾਟ ਕਾਰਨ ਯੋਜਨਾ ਰੱਦ ਕਰ ਦਿੱਤੀ ਅਤੇ ਉਦੋਂ ਤੋਂ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਨਹੀਂ ਬਣਾਇਆ ਗਿਆ।
ਇਹ ਵੀ ਪੜ੍ਹੋ-
ਪਰ ਅਜਿਹਾ ਕਿਉਂ?
ਸੀਨੀਅਰ ਖੇਡ ਪੱਤਰਕਾਰ ਸ਼ਰਦ ਕਡਰੇਕਰ ਦਾ ਕਹਿਣਾ ਹੈ, "ਜਦੋਂ ਆਧੁਨਿਕ ਖੇਡਾਂ ਦਾ ਆਗਮਨ ਹੋਇਆ ਤਾਂ ਉਨ੍ਹਾਂ ਵਿੱਚ ਪੰਜ ਦਿਨਾਂ ਦੇ ਟੈਸਟ ਲਈ ਥਾਂ ਨਹੀਂ ਬਣਾਈ ਗਈ ਪਰ ਉਨ੍ਹਾਂ ਦਿਨਾਂ 'ਚ ਕ੍ਰਿਕਟ 'ਚ ਜ਼ਿਆਦਾਤਰ ਟੈਸਟ ਮੈਚ ਹੀ ਹੁੰਦੇ ਸਨ।"
"ਇਸ ਲਈ ਇੰਨੇ ਲੰਬੇ ਸਮੇਂ ਲਈ ਚੱਲਣ ਵਾਲੇ ਮੈਚਾਂ ਲਈ ਤਰਕਪੂਰਨ ਵਿਵਸਥਾ ਕਰਨਾ ਬੜਾ ਮੁਸ਼ਕਲ ਸੀ ਅਤੇ ਸ਼ੱਕ ਇਹ ਵੀ ਸੀ ਕਿ ਟੀਮਾਂ ਖੇਡਣ ਵਿੱਚ ਦਿਲਚਸਪੀ ਲੈਣਗੀਆਂ ਵੀ ਕਿ ਨਹੀਂ। ਇਸ ਲਈ ਕ੍ਰਿਕਟ ਸੁਭਾਵਿਕ ਤੌਰ 'ਤੇ ਓਲੰਪਿਕ ਤੋਂ ਬਾਹਰ ਹੀ ਰਹੀ।"
ਓਲੰਪਿਕ ਵਿੱਚ ਨਵੀਆਂ ਖੇਡਾਂ ਕਿਵੇਂ ਸ਼ਾਮਲ ਹੁੰਦੀਆਂ ਹਨ?
ਹਾਲਾਂਕਿ, ਕ੍ਰਿਕਟ ਨੂੰ ਹੁਣ ਕਰੋੜਾਂ ਲੋਕ ਪਸੰਦ ਕਰਦੇ ਹਨ, ਪਰ ਇਹ ਬਹੁਤ ਘੱਟ ਦੇਸ਼ਾਂ ਵਿੱਚ ਮਸ਼ਹੂਰ ਹੈ।
ਭਾਰਤੀ ਉੱਪ ਮਹਾਂਦੀਪ ਵਿੱਚ, ਭਾਰਤ, ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿੱਚ ਕ੍ਰਿਕਟ ਦੇ ਵਧੇਰੇ ਪ੍ਰਸ਼ੰਸਕ ਹਨ।
ਭਾਰਤ ਵਿੱਚ ਕ੍ਰਿਕਟ ਨੂੰ ਧਾਰਮਿਕ ਸਥਾਨ ਮਿਲਿਆ ਹੈ ਪਰ ਕੌਮਾਂਤਰੀ ਪੱਧਰ 'ਤੇ ਸਿਰਫ਼ 10-11 ਦੇਸ਼ਾਂ ਨੂੰ ਹੀ ਟੈਸਟ ਕ੍ਰਿਕਟ ਖੇਡਣ ਵਾਲੀਆਂ ਟੀਮਾਂ ਵਜੋਂ ਮਾਨਤਾ ਹੈ।

ਤਸਵੀਰ ਸਰੋਤ, Getty Images
ਸੰਖੇਪ ਵਿੱਚ ਇਹੀ ਕੁਝ ਦੇਸ਼ ਹਨ, ਜਿੱਥੇ ਕ੍ਰਿਕਟ ਲਗਾਤਾਰ ਖੇਡੀ ਜਾਂਦੀ ਹੈ ਇਸ ਲਈ ਇਹ ਪਤਾ ਲਗਾਉਣ ਤੋਂ ਪਹਿਲਾ ਕਿ ਭਵਿੱਖ ਵਿੱਚ ਕ੍ਰਿਕਟ ਓਲੰਪਿਕ ਦਾ ਹਿੱਸਾ ਹੋਵੇਗੀ ਜਾਂ ਨਹੀਂ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਨਵੀਆਂ ਖੇਡਾਂ ਓਲੰਪਿਕ ਵਿੱਚ ਕਿਵੇਂ ਸ਼ਾਮਲ ਹੁੰਦੀਆਂ ਹਨ।
ਜਿਵੇਂ ਪਹਿਲਾਂ ਦੱਸਿਆ ਹੈ ਕਿ ਨਵੇਂ ਖੇਡਾਂ ਜਿਵੇਂ ਬੇਸਬਾਲ, ਸਕੇਟ-ਬੋਰਡਿੰਗ, ਸਰਫਿੰਗ ਹਾਲ ਹੀ ਵਿੱਚ ਓਲੰਪਿਕ ਦਾ ਹਿੱਸਾ ਬਣੇ ਹਨ।
ਪਹਿਲਾਂ, ਕੌਮਾਂਤਰੀ ਓਲੰਪਿਕ ਕਮੇਟੀ ਤੈਅ ਕਰਦੀ ਹੁੰਦੀ ਸੀ ਕਿ ਕਿਹੜੀ ਖੇਡ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ ਪਰ ਹੁਣ ਆਈਓਸੀ ਮੇਜ਼ਬਾਨ ਦੇਸ਼ ਦੀ ਓਲੰਪਿਕ ਪ੍ਰਬੰਧਨ ਕਮੇਟੀ ਨੂੰ ਇਹ ਤੈਅ ਕਰਨ ਦੀ ਆਗਿਆ ਦਿੰਦਾ ਹੈ ਕਿ ਉਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਕਿਹੜੀਆਂ ਨਵੀਆਂ ਖੇਡਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।
ਇਹ ਬਦਲਾਅ, 'ਓਲੰਪਿਕ 2020 ਏਜੰਡਾ' ਦੇ ਲਾਗੂ ਹੋਣ ਤੋਂ ਬਾਅਦ ਹੋਇਆ। ਇਸ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਖ਼ਾਸ ਕਰ ਕੇ ਨੌਜਵਾਨਾਂ ਨੂੰ ਜੋੜਨਾ ਹੈ।
ਟੋਕੀਓ ਦੀ ਓਲੰਪਿਕ ਪ੍ਰਬੰਧਕ ਕਮੇਟੀ ਨੇ ਸਾਲ 2015 ਵਿੱਚ ਇਨ੍ਹਾਂ ਖੇਡਾਂ ਨੂੰ ਸ਼ਾਮਲ ਕਰਨ ਦੀ ਪੇਸ਼ਕਸ਼ ਰੱਖੀ ਸੀ।
ਆਈਓਸੀ ਨੇ ਸਾਲ 2016 ਵਿੱਚ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਸੀ।
ਥੋਮਸ ਬੈਕ ਦਾ ਕਹਿਣਾ ਹੈ, "ਅਸੀਂ ਖੇਡਾਂ ਨੂੰ ਨੌਜਵਾਨਾਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਨੌਜਵਾਨਾਂ ਕੋਲ ਜਿੰਨੇ ਬਦਲ ਹਨ ਅਸੀਂ ਉਨ੍ਹਾਂ ਤੋਂ ਵੱਧ ਦੀ ਆਸ ਨਹੀਂ ਰੱਖ ਸਕਦੇ ਕਿ ਉਹ ਆਪਣੇ-ਆਪ ਸਾਡੇ ਕੋਲ ਆ ਜਾਣਗੇ। ਸਾਨੂੰ ਹੀ ਕੋਲ ਜਾਣਾ ਪਵੇਗਾ।"
ਇਸ ਦੇ ਕੁਝ ਨਿਯਮ ਹਨ ਜੋ ਮੇਜ਼ਬਾਨ ਦੇਸ਼ ਦੀ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਦਿੰਦੇ ਹਨ ਕਿ ਕਿਹੜੀਆਂ ਖੇਡਾਂ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
Please wait...
ਦੇਸ਼ ਕੋਲ ਲੋੜੀਂਦੀਆਂ ਬੁਨੀਆਦੀ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਖੇਡਾਂ ਨੂੰ ਪ੍ਰਬੰਧਿਤ ਕਰਨ ਲਈ ਥਾਂ ਵੀ।
ਖ਼ਾਸ ਤੌਰ 'ਤੇ ਦੇਸ਼ ਵਿੱਚ ਉਸ ਖੇਡ ਦਾ ਸੱਭਿਆਚਰ ਹੋਣਾ ਚਾਹੀਦਾ ਹੈ ਇਸ ਲਈ ਇੱਕ ਸਾਲ ਸ਼ਾਮਲ ਕੀਤੀ ਖੇਡ ਜ਼ਰੂਰੀ ਨਹੀਂ ਹੈ ਕਿ ਅਗਲੀ ਓਲੰਪਿਕ ਦਾ ਵੀ ਹਿੱਸਾ ਹੋਵੇ।
ਸੀਨੀਅਰ ਕ੍ਰਿਕਟ ਆਲੋਚਕ ਮਕਰੰਦ ਵੇਅੰਗਕਰ ਦਾ ਕਹਿਣਾ ਹੈ, "ਬੀਸੀਸੀਆਈ ਕੋਲ ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤੇ ਜਾਣ ਦਾ ਆਪਣਾ ਇਤਰਾਜ਼ ਸੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਓਲੰਪਿਕ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦੇ ਸਾਧਨ ਹੋਣਗੇ। ਇਸ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਸੀ।"
ਉਨ੍ਹਾਂ ਦਾ ਕਹਿਣਾ ਹੈ, "ਜੇ ਕ੍ਰਿਕਟ ਆਉਣ ਵਾਲੇ ਸਾਲਾਂ ਵਿੱਚ ਓਲੰਪਿਕ ਤਾਂ ਹਿੱਸਾ ਬਣਾਉਣਾ ਹੈ ਤਾਂ ਇਸ ਦੀ ਯੋਜਨਾ ਬਹੁਤ ਸੋਚ-ਸਮਝ ਕੇ ਕਰਨੀ ਹੋਵੇਗੀ ਕਿਉਂਕਿ ਖੇਡਣ ਵਾਲੇ ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਮਸਰੂਫ਼ ਯੋਜਨਾਵਾਂ ਹੁੰਦੀਆਂ ਹਨ।"
"ਇਸੇ ਤਰ੍ਹਾਂ ਕ੍ਰਿਕਟ ਲਈ ਕਈ ਸਾਧਨਾਂ ਦੀ ਲੋੜ ਹੁੰਦੀ ਹੈ, ਜਿਵੇਂ ਵੱਡੇ-ਵੱਡੇ ਸਟੇਡੀਅਮ, ਹਰੇਕ ਮੈਚ ਲਈ ਪਿੱਚ, ਜੇ ਖੇਡਾਂ ਉਸ ਦੇਸ਼ ਵਿੱਚ ਹੋਣ ਵਾਲੀਆਂ ਹੋਣ ਜਿੱਥੇ ਕ੍ਰਿਕਟ ਜਾਣੀ-ਪਛਾਣੀ ਨਾ ਹੋਵੇ ਤਾਂ ਸਾਧਨ ਮੁਹੱਈਆ ਕਰਵਾਉਣ ਲਈ ਟੈਕਸ ਲੱਗ ਸਕਦਾ ਹੈ।"
ਕੀ ਕ੍ਰਿਕਟ ਨੂੰ ਹੋਰ ਮੌਕੇ ਮਿਲ ਸਕਦੇ ਹਨ?
ਅਗਲੀਆਂ ਓਲੰਪਿਕ ਖੇਡਾਂ ਸਾਲ 2024 ਵਿੱਚ ਪੈਰਿਸ ਵਿੱਚ ਹੋਣਗੀਆਂ ਅਤੇ ਸਾਲ 2028 ਵਾਲੀਆਂ ਲਾਸ ਏਜ਼ਲਸ ਵਿੱਚ।
ਅਮਰੀਕਾ ਅਤੇ ਫਰਾਂਸ, ਦੋਵੇਂ ਹੀ ਕੌਮਾਂਤਰੀ ਪੱਧਰ 'ਤੇ ਕ੍ਰਿਕਟ ਨਹੀਂ ਖੇਡਦੇ। ਇਨ੍ਹਾਂ ਦੇਸ਼ਾਂ ਵਿੱਚ ਕ੍ਰਿਕਟ ਮਸ਼ਹੂਰ ਨਹੀਂ ਹੈ, ਇਸ ਲਈ ਜ਼ਾਹਿਰ ਤੌਰ 'ਤੇ ਉੱਥੇ ਸਟੇਡੀਅਮ ਅਤੇ ਬੁਨਿਆਦੀ ਸਹੂਲਤਾਂ ਦੀਆਂ ਸੀਮਾਵਾਂ ਹੋਣਗੀਆਂ।

ਤਸਵੀਰ ਸਰੋਤ, INDRANIL MUKHERJEE
ਇਸ ਲਈ ਇਹ ਸੰਭਾਵਨਾ ਨਹੀਂ ਹੈ ਕਿ ਇਹ ਦੋਵੇਂ ਦੇਸ਼ ਕ੍ਰਿਕਟ ਨੂੰ ਓਲੰਪਿਕ ਖੇਡਾਂ ਵਿੱਚ ਨਾਮਜ਼ਦ ਕਰਨਗੇ।
ਹੋਰ ਕੀ ਰਸਤਾ ਹੈ?
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੂੰ ਇਸ ਬਾਰੇ ਪਹਿਲ ਕਰਨੀ ਚਾਹੀਦੀ ਹੈ।
ਇਸ ਲਈ ਆਈਸੀਸੀ ਨੂੰ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਦੇ ਸਮਰੱਥਨ ਦੀ ਲੋੜ ਹੈ। ਉਨ੍ਹਾਂ ਨੂੰ ਫੰਡ ਇਕੱਠਾ ਕਰ ਕੇ ਓਲੰਪਿਕ ਦੇ ਮੇਜ਼ਬਾਨ ਦੇਸ਼ ਨੂੰ ਦੇਣਾ ਚਾਹੀਦਾ ਹੈ।
ਕ੍ਰਿਕਟ ਬੋਰਡਾਂ ਨੂੰ ਇਹ ਫੰਡ ਆਪਣੀਆਂ ਸਰਕਾਰਾਂ ਕੋਲੋਂ ਮੰਗਣੇ ਚਾਹੀਦੇ ਹਨ। ਇਹ ਵੀ ਇੱਕ ਔਖਾ ਰਸਤਾ ਹੈ।
ਆਈਸੀਸੀ ਵੱਲੋਂ ਕੋਸ਼ਿਸ਼ਾਂ
ਆਈਸੀਸੀ ਸਾਲ 2028 ਵਿੱਚ ਲਾਸ ਐਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਖੇਡ ਲੋਕਪ੍ਰਿਅਤਾ ਵਧੇ।
ਇਨ੍ਹਾਂ ਯਤਨਾਂ ਨੂੰ ਅੱਗੇ ਵਧਾਉਣ ਲਈ ਆਈਸੀਸੀ ਨੇ ਇੱਕ ਓਲੰਪਿਕ ਕਮੇਟੀ ਦਾ ਗਠਨ ਕੀਤਾ ਹੈ।
ਪਿਛਲੇ ਸਾਲ ਅਕਤੂਬਰ ਵਿੱਚ ਆਈਸੀਸੀ ਨੇ ਆਪਣੇ ਮੈਂਬਰ ਬੋਰਡਾਂ ਨੂੰ ਪੁੱਛਿਆ ਕਿ ਜੇਕਰ ਕ੍ਰਿਕਟ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਪਣੀਆਂ-ਆਪਣੀਆਂ ਸਰਕਾਰਾਂ ਕੋਲੋਂ ਕਿੰਨੀ ਵਿੱਤੀ ਸਹਾਇਤਾ ਮਿਲ ਸਕਦੀ ਹੈ।
ਆਈਸੀਸੀ ਨੇ ਕ੍ਰਿਕਟ ਬੋਰਡਾਂ ਨੂੰ ਪ੍ਰਸ਼ਨਾਵਲੀ ਵੀ ਭੇਜੀ ਸੀ।

ਤਸਵੀਰ ਸਰੋਤ, Mike Hewitt
ਆਈਸੀਸੀ ਨੇ ਅਜਿਹੇ ਯਤਨ ਪਹਿਲਾਂ ਵੀ ਕੀਤੇ ਸਨ ਪਰ ਸਫ਼ਲ ਨਹੀਂ ਹੋ ਸਕੇ। ਪਰ ਲਾਸ ਐਂਜਲਸ ਓਲੰਪਿਕ ਲਈ ਆਈਸੀਸੀ ਆਪਣੇ ਉਦੇਸ਼ ਨੂੰ ਹਾਸਿਲ ਕਰਨ ਲਈ ਯਤਨਸ਼ੀਲ ਹੈ।
ਉਨ੍ਹਾਂ ਨੂੰ ਲਗਦਾ ਹੈ ਕਿ ਓਲੰਪਿਕ ਵਿੱਚ ਕ੍ਰਿਕਟ ਸ਼ਾਮਲ ਹੋਣ ਨਾਲ ਇਸ ਦੀ ਪੂਰੀ ਦੁਨੀਆਂ ਵਿੱਚ ਹੋਰ ਲੋਕਪ੍ਰਿਅਤਾ ਵਧੇਗੀ।
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕ੍ਰਿਕਟ ਨਾਲ ਵਧੇਰੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ। ਦੱਸਿਆ ਗਿਆ ਹੈ ਕਿ ਆਈਸੀਸੀ ਨੇ ਇਸ ਸਬੰਧੀ ਇੱਕ ਪੇਸ਼ਕਸ਼ ਰੱਖੀ ਹੈ।
ਪੇਸ਼ਕਸ਼ ਵਿੱਚ ਕਿਹਾ ਗਿਆ ਹੈ ਕਿ ਜੇ ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ 'ਇਹ ਓਲੰਪਿਕ ਮੁਹਿੰਮ ਵਿੱਚ ਦਰਸ਼ਕਾਂ ਦੀ ਖਿੱਚ ਦਾ ਵੱਡਾ ਮੌਕਾ ਪ੍ਰਦਾਨ ਕਰੇਗਾ' ਕਿਉਂਕਿ ਭਾਰਤੀ ਉੱਪ ਮਹਾਦੀਪ ਵਿੱਚ ਵੱਡੇ ਗਿਣਤੀ ਵਿੱਚ ਇਸ ਦੇ ਪ੍ਰਸ਼ੰਸਕ ਹਨ।
ਪੇਸ਼ਕਸ਼ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਵਿੱਚ ਕ੍ਰਿਕਟ ਦੇ ਇੱਕ ਅਰਬ ਤੋਂ ਵੱਧ ਪ੍ਰਸ਼ੰਸਕ ਹਨ, ਜਿਨ੍ਹਾਂ ਵਿੱਚ 92 ਫੀਸਦ ਭਾਰਤੀ ਉੱਪ ਮਹਾਦੀਪ (ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ) ਵਿੱਚ ਹਨ।
ਇਸ ਲਈ ਕ੍ਰਿਕਟ ਦੀ ਲੋਕਪ੍ਰਿਅਤਾ ਜ਼ਾਹਿਰ ਤੌਰ 'ਤੇ ਲਾਸ ਐਂਜਲਸ ਵਿੱਚ ਵਧੇਗੀ।
ਕੀ ਅਸੀਂ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਨੂੰ ਕਦੇ ਓਲੰਪਿਕ ਵਿੱਚ ਖੇਡਦੇ ਹੋਏ ਦੇਖ ਸਕਦੇ ਹਾਂ?
ਕੀ ਬੀਸੀਸੀਆਈ ਦੀ ਓਲੰਪਿਕ ਵਿੱਚ ਦਿਲਚਸਪੀ ਨਹੀਂ ਹੈ?
ਸ਼ਰਦ ਕਡਰੇਕਰ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ। ਉਹ ਕਹਿੰਦੇ ਹਨ, "ਕ੍ਰਿਕਟ ਵਿੱਚ ਮੈਡਲਾਂ ਨਾਲੋਂ ਜ਼ਿਆਦਾ ਆਰਥਿਕ ਸਮੀਕਰਨ ਮਜ਼ਬੂਤ ਭੂਮਿਕਾ ਨਿਭਾਉਂਦੇ ਹਨ। ਜੇ ਕ੍ਰਿਕਟ ਓਲੰਪਿਕ ਵਿੱਚ ਦਾਖ਼ਲ ਹੁੰਦੀ ਹੈ ਤਾਂ ਕ੍ਰਿਕਟ ਬੋਰਡ ਆਪਣੀ ਤਾਕਤ ਗੁਆ ਦੇਣਗੇ।"
"ਉਦਾਹਨ ਵਜੋਂ, ਓਲੰਪਿਕ ਮੈਚਾਂ ਦੇ ਪ੍ਰਸਾਰਣ ਦੇ ਅਧਿਕਾਰ ਉਨ੍ਹਾਂ ਕੋਲ ਨਹੀਂ ਰਹਿਣਗੇ, ਉਨ੍ਹਾਂ ਦਾ ਮਾਲੀਆ ਘਟੇਗਾ। ਇਸ ਦੇ ਨਾਲ ਹੀ ਕ੍ਰਿਕਟ ਮੈਚਾਂ ਵਿੱਚ ਨਿਵੇਸ਼ ਕੀਤੇ ਗਏ ਪੈਸਿਆਂ ਦੀ ਕੁਰਬਾਨੀ ਦੇਣੀ ਪਵੇਗੀ।"
"ਇਸ ਤੋਂ ਵੀ ਜ਼ਰੂਰੀ ਗੱਲ ਓਲੰਪਿਕ ਅਤੇ ਹੋਰਨਾਂ ਕ੍ਰਿਕਟ ਮੈਚਾਂ ਦੇ ਪ੍ਰੋਗਰਾਮਾਂ ਵਿੱਚ ਟਕਰਾਅ। ਇਸ ਲਈ ਜੇ ਕਦੇ ਕ੍ਰਿਕਟ ਓਲੰਪਿਕ ਵਿੱਚ ਥਾਂ ਬਣਾਉਂਦੀ ਹੈ ਤਾਂ ਬੀਸੀਸੀਆਈ ਖੇਡਾਂ ਲਈ ਬੀ, ਸੀ ਜਾਂ ਡੀ ਟੀਮਾਂ ਨੂੰ ਭੇਜੇਗੀ।

ਤਸਵੀਰ ਸਰੋਤ, RYAN PIERSE
ਕਡਰੇਕਰ ਮੁਤਾਬਕ, ਕ੍ਰਿਕਟ ਦੇ ਆਪਣੇ ਪ੍ਰੋਗਰਾਮ ਹਨ, ਸਪੌਂਸਰ, ਪ੍ਰਸਾਰਣ ਅਧਿਕਾਰ, ਪ੍ਰਬੰਧਕਾਂ ਦਾ ਪੈਸਾ। ਓਲੰਪਿਕ ਦਾ ਹਿੱਸਾ ਬਣਨ ਲਈ ਬੀਸੀਸੀਆਈ ਇਨ੍ਹਾਂ ਸਾਰਿਆਂ ਨੂੰ ਛੱਡਣਾ ਪਸੰਦ ਨਹੀਂ ਕਰੇਗੀ ਪਰ ਕੁਝ ਆਲੋਚਕ ਅਲਗ ਹੋਣ ਦੀ ਗੱਲ ਆਖਦੇ ਹਨ।
ਬੀਸੀਸੀਆਈ ਹੀ ਨਹੀਂ ਦੋ ਹੋਰ ਵੱਡੇ ਕ੍ਰਿਕਟ ਅਦਾਰੇ, ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਤੇ ਆਸਟ੍ਰੇਲੀਆ ਬੋਰਡ ਨੇ ਵੀ ਕਦੇ ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਬੀਸੀਸੀਆਈ ਵਾਂਗ ਇਨ੍ਹਾਂ ਬੋਰਡਾਂ ਦੀ ਵੀ ਆਰਥਿਕ ਸਮੀਕਰਨਾਂ ਵਿੱਚ ਕੰਮ ਕਰਨ ਦੀ ਦਿਲਚਸਪੀ ਰਹੀ ਹੈ। ਪਰ ਤਸਵੀਰ ਬਦਲ ਸਕਦੀ ਹੈ।
ਕਡਰੇਕਰ ਨੇ ਕਿਹਾ, "ਇਨ੍ਹਾਂ ਦੇਸ਼ਾਂ ਦੀ ਓਲੰਪਿਕ ਤਮਗਿਆਂ ਵਿੱਚ ਵਧੇਰੇ ਦਿਲਚਸਪੀ ਹੋ ਸਕਦੀ ਹੈ ਇਸ ਲਈ ਸਾਨੂੰ ਦੇਖਣਾ ਹੋਵੇਗਾ ਕਿ, ਕੀ ਇਨ੍ਹਾਂ ਦੇਸ਼ਾਂ ਵਿੱਚ ਵੀ ਕ੍ਰਿਕਟ ਨੂੰ ਓਲੰਪਿਕ ਵਿੱਚ ਦੇਖਣ ਦੀ ਆਸ ਹੈ।"
"ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਓਲੰਪਿਕ ਵਿੱਚ ਭਾਗ ਲੈਣ ਦੇ ਪੱਖ ਵਿੱਚ ਤਰਕ ਦਿੰਦੇ ਹਨ ਤਾਂ ਆਈਸੀਸੀ ਨੂੰ ਉਸ ਦੇ ਯਤਨਾਂ ਵਿੱਚ ਸਮਰਥਨ ਮਿਲੇਗਾ। ਅਜਿਹੇ ਵਿੱਚ ਬੀਸੀਸੀਆਈ ਨੂੰ ਕੋਈ ਰਸਤਾ ਭਾਲਣਾ ਹੋਵੇਗਾ।"
ਓਲੰਪਿਕ ਨੂੰ ਲੈ ਕੇ ਬੀਸੀਸੀਆਈ ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਉਨ੍ਹਾਂ ਨੇ ਕ੍ਰਿਕਟ ਦੀਆਂ ਓਲੰਪਿਕ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਹੈ ਪਰ ਉਨ੍ਹਾਂ ਅਧਿਕਾਰਤ ਤੌਰ 'ਤੇ ਇਸ ਦੀਆਂ ਸੰਭਾਵਨਾਵਾਂ ਨੂੰ ਸਵੀਕਾਰ ਵੀ ਨਹੀਂ ਕੀਤਾ।
ਬੀਸੀਸੀਆਈ ਨੇ ਕਿਹਾ ਹੈ ਕਿ ਜੇਕਰ ਕ੍ਰਿਕਟ ਨੂੰ ਲਾਸ ਐਂਜਲਸ ਓਲੰਪਿਕ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਬੀਸੀਸੀਆਈ ਸਿਧਾਂਤਕ ਤੌਰ 'ਤੇ ਆਪਣੀ ਮਹਿਲਾ ਅਤੇ ਪੁਰਸ਼ ਟੀਮ ਨੂੰ ਭੇਜਣ ਲਈ ਤਿਆਰ ਹੈ।
ਬੀਸੀਸੀਆਈ ਨੇ ਭਾਰਤੀ ਓਲੰਪਿਕ ਕਮੇਟੀ ਨੂੰ ਟੋਕੀਓ ਵਿੱਚ ਭੇਜੇ ਗਏ ਖਿਡਾਰੀਆਂ ਦੀ ਮਦਦ ਲਈ 10 ਕਰੋੜ ਰੁਪਏ ਵੀ ਦਿੱਤੇ ਸਨ।
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, "ਬੀਸੀਸੀਆਈ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਦੀ ਸੰਭਵ ਮਦਦ ਕਰੇਗਾ। ਭਾਰਤੀ ਓਲੰਪਿਕ ਐਸੋਸੀਏਸ਼ਨ ਅਤੇ ਨੌਜਵਾਨ ਅਤੇ ਖੇਡ ਮੰਤਰਾਲੇ ਵੱਲੋਂ ਅਪੀਲ ਕੀਤੇ ਜਾਣ ਤੋਂ ਬਾਅਦ ਬੀਸੀਸੀਆਈ ਨੇ 10 ਕਰੋੜ ਰੁਪਏ ਦੀ ਮਦਦ ਕੀਤੀ।"
ਕੀ ਕ੍ਰਿਕਟ ਕਿਸੇ ਵੱਡੀਆਂ ਖੇਡਾਂ ਦਾ ਹਿੱਸਾ ਰਿਹਾ ਹੈ?
ਬੀਸੀਸੀਆਈ ਆਪਣੀ ਮਹਿਲਾ ਕ੍ਰਿਕਟ ਟੀਮ ਨੂੰ ਕਾਮਨ ਵੈਲਥ ਖੇਡਾਂ ਵਿੱਚ ਭੇਜਣ ਲਈ ਰਾਜੀ ਹੋ ਗਿਆ ਹੈ, ਜੋ ਸਾਲ 2022 ਵਿੱਚ ਬਰਮਿੰਘਮ (ਇੰਗਲੈਂਡ) ਵਿੱਚ ਹੋਣੀਆਂ ਹਨ।
ਕਾਮਨ ਵੈਲਥ, ਏਸ਼ੀਅਨ ਗੇਮਜ਼ ਅਤੇ ਓਲੰਪਿਕ ਵੱਡੇ ਖੇਡ ਪ੍ਰਬੰਧਨ ਹਨ, ਜਿੱਥੇ ਵੱਖ-ਵੱਖ ਖੇਡਾਂ ਇੱਕੋ ਵੇਲੇ ਖੇਡੀਆਂ ਜਾਂਦੀਆਂ ਹਨ।
ਉਹ ਇੱਕ ਖੇਡ ਵਰਗੇ ਵਰਲਡ ਕੱਪ ਤੋਂ ਵੱਖਰੇ ਹਨ।
ਕੀ ਕ੍ਰਿਕਟ ਕਦੇ ਵੱਖ-ਵੱਖ ਖੇਡਾਂ ਵਾਲੇ ਪ੍ਰੋਗਰਾਮ ਦਾ ਹਿੱਸਾ ਰਿਹਾ ਹੈ? ਹਾਂ, ਕ੍ਰਿਕਟ 1998 ਦੌਰਾਨ ਕੁਆਲਾ ਲੰਮਪੁਰ (ਮਲੇਸ਼ੀਆ) ਵਿੱਚ ਹੋਈਆਂ ਕਾਮਨ ਵੈਲਥ ਖੇਡਾਂ ਦਾ ਹਿੱਸਾ ਰਿਹਾ ਸੀ।
ਅਜੇ ਜਡੇਜਾ, ਸਚਿਨ ਤੇਂਦੂਲਕਰ, ਅਨਿਲ ਕੁੰਬਲੇ ਅਤੇ ਵੀਵੀਐੱਸ ਲਕਸ਼ਮਣ ਨੇ ਇਨ੍ਹਾਂ ਵਿੱਚ ਭਾਰਤ ਵੱਲੋਂ ਸ਼ਮੂਲੀਅਤ ਕੀਤੀ ਸੀ। ਹੋਰਨਾਂ ਭਾਰਤੀਆਂ ਦੀ ਟੀਮ ਨੇ ਇਸੇ ਵੇਲੇ ਪਾਕਿਸਤਾਨ ਨਾਲ ਇੱਕ ਸੀਰੀਜ਼ ਖੇਡੀ ਸੀ।
ਪਰ ਦੋਵੇਂ ਟੀਮਾਂ ਨੇ ਵਧੀਆਂ ਪ੍ਰਦਰਸ਼ਨ ਨਹੀਂ ਕੀਤਾ ਸੀ।
ਭਾਰਤ ਕੁਆਟਰ ਫਾਈਨਲ ਵਿੱਚ ਹਾਰ ਗਿਆ ਅਤੇ ਪਾਕਿਸਤਾਨ ਖ਼ਿਲਾਫ਼ ਸੀਰੀਜ਼ ਵੀ ਭਾਰਤ ਹਾਰ ਗਿਆ, ਉਹ ਵੀ ਵੱਡੇ ਮਾਰਜ਼ਨ ਨਾਲ। ਇਨ੍ਹਾਂ ਖੇਡਾਂ ਵਿੱਚ, ਦੱਖਣੀ ਅਫ਼ਰੀਕਾ ਨੇ ਗੋਲਡ ਮੈਡਲ ਜਿੱਤਿਆ।
ਇਸ ਤੋਂ ਬਾਅਦ ਕ੍ਰਿਕਟ ਕਦੇ ਵੀ ਕਾਮਨ ਵੈਲਥ ਖੇਡਾਂ ਵਿੱਚ ਨਹੀਂ ਗਈ ਪਰ ਸਾਲ 2022 ਕਾਮਨ ਵੈਲਥ ਖੇਡਾਂ ਵਿੱਚ ਮਹਿਲਾ ਕ੍ਰਿਕਟ ਟੀਮ ਟੀ-20 ਵਿੱਚ ਹਿੱਸਾ ਲੈ ਰਹੀ ਹੈ।
ਕ੍ਰਿਕਟ ਸਾਲ 2010 ਅਤੇ ਸਾਲ 2014 ਵਿੱਚ ਵਿੱਚ ਏਸ਼ੀਅਨ ਗੇਮਜ਼ ਦਾ ਵੀ ਹਿੱਸਾ ਰਹੀ ਸੀ ਪਰ ਭਾਰਤ ਨੇ ਦੋਵਾਂ ਗੇਮਾਂ ਵਿੱਚ ਆਪਣੀ ਟੀਮ ਨਹੀਂ ਭੇਜੀ। ਸਾਲ 2010 ਦੀਆਂ ਏਸ਼ੀਅਨ ਗੇਮਾਂ ਵਿੱਚ ਬੰਗਲਾਦੇਸ਼ ਨੇ ਕ੍ਰਿਕਟ ਲਈ ਗੋਲਡ ਮੈਡਲ ਜਿੱਤਿਆ।
ਓਲੰਪਿਕ ਵਿੱਚ ਕ੍ਰਿਕਟ ਲਈ ਤਰਜੀਹੀ ਫਾਰਮੈਟ ਕੀ ਹੈ?
ਮੌਜੂਦਾ ਦੌਰ ਵਿੱਚ ਟੈਸਟ, ਵਨ-ਡੇਅ ਅਤੇ ਟੀ-20 ਕ੍ਰਿਕਟ ਦੇ ਤਿੰਨ ਫਾਰਮੈਟ ਹਨ। ਇਨ੍ਹਾਂ 'ਚੋ ਕਿਹੜਾ ਓਲੰਪਿਕ ਵਿੱਚ ਕ੍ਰਿਕਟ ਲਈ ਤਰਜੀਹੀ ਫਾਰਮੈਟ ਹੈ?
ਕਡਰੇਕਰ ਕਹਿੰਦੇ ਹਨ, "ਟੈਸਟ ਮੈਚ ਦਾ ਪ੍ਰਬੰਧ ਕਰਨਾ ਔਖਾ ਹੈ। ਵੱਡੀਆਂ ਖੇਡਾਂ ਵਿੱਚ ਵਨ-ਡੇਅ ਦਾ ਪ੍ਰਬੰਧ ਵੀ ਔਖਾ ਹੈ। ਸਮਾਂ ਅਤੇ ਤਾਰਕਿਕ ਸਮਰਥਾ ਦਾ ਪ੍ਰਬੰਧ ਵੀ ਸੌਖਾ ਨਹੀਂ ਹੈ।"
ਬੀਸੀਸੀਆਈ ਅਤੇ ਹੋਰ ਬੋਰਡ ਟੀ-20 ਫਾਰਮੈਟ ਦਾ ਸਮਰਥਨ ਕਰਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਖਿਡਾਰੀ ਕੀ ਮਹਿਸੂਸ ਕਰਦੇ ਹਨ?
ਮੌਜੂਦਾ ਖਿਡਾਰੀ ਤਾਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਬੋਲਦੇ ਕਿ ਕ੍ਰਿਕਟ ਓਲੰਪਿਕ ਦਾ ਹਿੱਸਾ ਹੋਣੀ ਚਾਹੀਦੀ ਹੈ ਜਾਂ ਨਹੀਂ।
ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਰ ਨੇ ਬੀਬੀਸੀ ਦੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਜੇ ਕ੍ਰਿਕਟ ਓਲਪੰਕਿ ਦਾ ਹਿੱਸਾ ਬਣਦੀ ਹੈ ਤਾਂ ਇਸ ਨਾਲ ਕ੍ਰਿਕਟ ਦੀ ਮਸ਼ਹੂਰੀ ਹੁੰਦੀ ਹੈ।
"ਟੀ-20 ਕਰੀਬ ਮਸ਼ਹੂਰ ਫਾਰਮੈਟ ਹੈ ਅਤੇ ਜਿਹੜੇ ਕ੍ਰਿਕਟ ਨਹੀਂ ਦੇਖਦੇ ਉਹ ਵੀ ਇਸ ਫਾਰਮੈਟ ਨੂੰ ਸਮਝਦੇ ਹਨ।"
ਪਰ ਪਾਕਿਸਤਾਨ ਦੇ ਸਾਬਕਾ ਸਕਿੱਪਰ ਸਲਮਾਨ ਭੱਟ ਨੂੰ ਸਮਝ ਨਹੀਂ ਆ ਰਿਹਾ ਕਿ ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਲ ਕਰਨ ਦੀ ਇੰਨੀ ਜ਼ਿੱਦ ਕਿਉਂ?
ਆਪਣੇ ਯੂ-ਟਿਊਬ 'ਤੇ ਉਨ੍ਹਾਂ ਨੇ ਦੱਸਿਆ, "ਇਹ ਕਹਿਣਾ ਗੁੰਝਲਦਾਰ ਹੋਵੇਗਾ ਕਿ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਚਾਹੀਦਾ ਹੈ ਜਾਂ ਨਹੀਂ। ਇੰਨੀ ਜ਼ਿੱਦ ਕਿਉਂ? ਕੀ ਕ੍ਰਿਕਟ ਬਾਰੇ ਦੁਨੀਆਂ ਪਹਿਲਾਂ ਤੋਂ ਨਹੀਂ ਜਾਣਦੀ?"
ਕ੍ਰਿਕਟ ਓਲੰਪਿਕ ਦਾ ਹਿੱਸਾ ਹੋਣਾ ਚਾਹੀਦੀ ਹੈ ਜਾਂ ਨਹੀਂ, ਇਹ ਬਹਿਸ ਪੂਰੇ ਜ਼ੋਰਾਂ 'ਤੇ ਨਹੀਂ ਹੈ ਪਰ ਕੁਝ ਸਮੇਂ ਬਾਅਦ ਇਹ ਪ੍ਰੇਰਨਾ ਅਤੇ ਜ਼ੋਰ ਘਟਨਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














