ਅਫ਼ਗਾਨਿਸਤਾਨ : ਤਾਲਿਬਾਨ ਤੇ ਅਮਰੀਕਾ ਸਮਰਥਕ ਫੌਜਾਂ ਦੀ ਲੜਾਈ ਦੇ 20 ਸਾਲ ਤੇ ਮੌਜੂਦਾ ਹਾਲਾਤ - 10 ਨੁਕਤੇ

ਤਸਵੀਰ ਸਰੋਤ, BBC/Getty Images
ਲਗਭਗ 20 ਸਾਲਾਂ ਦੇ ਵਿਵਾਦ ਤੋਂ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਹਟਾ ਲਈਆਂ ਹਨ।
ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਲਈ ਅਲ-ਕਾਇਦਾ ਅਤੇ ਤਾਲਿਬਾਨ ਖ਼ਿਲਾਫ਼ ਜੰਗ ਦਾ ਕੇਂਦਰ ਬਗ੍ਰਾਮ ਏਅਰਬੇਸ ਰਿਹਾ ਹੈ।
ਅਮਰੀਕਾ ਦੀ ਅਗਵਾਈ ਵਿੱਚ ਦਸੰਬਰ 2001 ਵਿੱਚ ਫ਼ੌਜਾਂ ਆਈਆਂ ਅਫਗਾਨਿਸਤਾਨ ਆਈਆਂ ਸਨ।
ਵਿਦੇਸ਼ੀ ਫੌਜਾਂ ਨੇ ਬਗ੍ਰਾਮ ਏਅਰਬੇਸ ਨੂੰ ਮੁੱਖ ਫੌਜੀ ਕੇਂਦਰ ਬਣਾਇਆ। ਇਸ ਦੀ ਸਮਰੱਥਾ ਲਗਭਗ ਦਸ ਹਜ਼ਾਰ ਫੌਜੀਆਂ ਦੇ ਰਹਿਣ ਦੀ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਅਮਰੀਕੀ ਫੌਜਾਂ ਦੀ ਵਾਪਸੀ ਦੇ ਬਿਆਨ ਤੋਂ ਬਾਅਦ ਹੁਣ ਇਹ ਫੌਜਾਂ ਵਾਪਸ ਜਾ ਰਹੀਆਂ ਹਨ।
ਬਾਈਡਨ ਨੇ ਕਿਹਾ ਸੀ ਕਿ ਸਾਰੀਆਂ ਅਮਰੀਕੀ ਫ਼ੌਜਾਂ 11 ਸਤੰਬਰ ਤੱਕ ਵਾਪਸ ਚਲੀਆਂ ਜਾਣਗੀਆਂ।
ਫੌਜ ਵਾਪਸੀ ਦੀ ਪ੍ਰਕਿਰਿਆ ਦੌਰਾਨ ਤਾਲਿਬਾਨ ਨੇ ਆਪਣੇ ਸਰਗਰਮੀ ਮੁੜ ਵਧਾ ਦਿੱਤੀ ਹੈ ਅਤੇ ਉਹ ਹੋਰ ਜ਼ਿਲ੍ਹਿਆਂ ਉੱਤੇ ਕਬਜ਼ਾ ਕਰਨ ਲੱਗਾ ਹੈ।
ਇਹ ਵੀ ਪੜ੍ਹੋ:
ਜਿਸ ਕਾਰਨ ਅਫਗਾਨੀ ਫੌਜ ਅਤੇ ਤਾਲਿਬਾਨ ਵਿਚਾਲੇ ਮੁੜ ਜੰਗੀ ਹਾਲਾਤ ਬਣ ਰਹੇ ਹਨ, ਜਿਸ ਦੀ ਜਾਨੀ ਅਤੇ ਮਾਲੀ ਕੀਮਤ ਦੋਵੇਂ ਪੱਖੋਂ ਬਹੁਤ ਜ਼ਿਆਦਾ ਹੈ।
ਪਰ ਆਖ਼ਰ ਇਸ ਜੰਗ ਦਾ ਮਨੋਰਥ ਕੀ ਸੀ ਅਤੇ ਕੀ ਅਮਰੀਕਾ ਉਸ ਨੂੰ ਪੂਰਾ ਕਰ ਸਕਿਆ?
ਅਮਰੀਕਾ ਨੇ ਅਫ਼ਗਾਨਿਸਤਾਨ ਉੱਪਰ ਹਮਲਾ ਕਿਉਂ ਕੀਤਾ
11 ਸਤੰਬਰ 2001 ਨੂੰ ਅਮਰੀਕਾ ਦੇ ਨਿਊਯਾਰਕ ਵਿਚਲੇ ਵਰਲਡ ਟਰੇਡ ਸੈਂਟਰ ਅਤੇ ਵਾਸ਼ਿੰਗਟਨ ਵਿਚ ਅਮਰੀਰੀ ਰੱਖਿਆ ਏਜੰਸੀਆਂ ਨਾਲ ਸਬੰਧਤ ਇਮਾਰਤ ਪੈਂਟਾਗਨ 'ਤੇ ਹਮਲਾ ਕੀਤਾ ਗਿਆ ਸੀ।
ਇਨ੍ਹਾਂ ਹਮਲਿਆਂ ਵਿੱਚ ਲਗਭਗ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹਾਲਾਂਕਿ ਚੌਥਾ ਜਹਾਜ਼ ਪੈਨਸਿਲਵੇਨੀਆ ਦੇ ਖੇਤਰ ਵਿਚ ਕਰੈਸ਼ ਹੋ ਗਿਆ ਸੀ।
ਇਸ ਹਮਲੇ ਲਈ ਇਸਲਾਮਿਕ ਸੰਗਠਨ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਜ਼ਿੰਮੇਵਾਰ ਸੀ, ਜਿਸ ਬਾਰੇ ਜਲਦੀ ਹੀ ਪਤਾ ਲੱਗ ਗਿਆ ਸੀ।

ਤਸਵੀਰ ਸਰੋਤ, Getty Images
ਇਸਲਾਮਿਕ ਕੱਟੜਪੰਥੀ ਤਾਲਿਬਾਨ ਅਫ਼ਗਾਨਿਸਤਾਨ ਤੋਂ ਗਤੀਵਿਧੀਆਂ ਚਲਾਉਂਦਾ ਸੀ।
ਉਸ ਨੇ ਬਿਨ ਲਾਦੇਨ ਨੂੰ ਹਿਫ਼ਾਜ਼ਤ ਮੁਹੱਈਆ ਕਰਵਾਈ ਸੀ ਅਤੇ ਅਮਰੀਕਾ ਨੂੰ ਲਾਦੇਨ ਸੌਂਪਣ ਤੋਂ ਇਨਕਾਰ ਕਰ ਦਿੱਤਾ।
9/11 ਹਮਲੇ ਤੋਂ ਇੱਕ ਮਹੀਨੇ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਉੱਪਰ ਹਵਾਈ ਹਮਲੇ ਕੀਤੇ। ਇਸ ਦਾ ਮਕਸਦ ਤਾਲਿਬਾਨ ਅਤੇ ਅਲ-ਕਾਇਦਾ ਨੂੰ ਹਰਾਉਣਾ ਸੀ।
ਇਸ ਤੋਂ ਬਾਅਦ ਅੱਗੇ ਕੀ ਹੋਇਆ
ਦੋ ਮਹੀਨਿਆਂ ਦੇ ਅੰਦਰ ਹੀ ਅਮਰੀਕਾ, ਇਸ ਦੇ ਕੌਮਾਂਤਰੀ ਅਤੇ ਅਫ਼ਗਾਨ ਸਹਿਯੋਗੀਆਂ ਨੇ ਤਾਲਿਬਾਨ ਦੇ ਸਾਸ਼ਨ ਨੂੰ ਢਹਿ-ਢੇਰੀ ਕਰ ਦਿੱਤਾ।
ਵਿਦੇਸ਼ੀ ਫੌਜਾਂ ਤੇ ਅਮਰੀਕੀ ਹਮਲਿਆਂ ਤੋਂ ਬਾਅਦ ਤਾਲਿਬਾਨੀ ਲੜਾਕੂ ਪਾਕਿਸਤਾਨ ਵੱਲ ਚਲੇ ਗਏ।
ਪਰ ਉਹ ਗਾਇਬ ਨਹੀਂ ਹੋਏ। ਉਨ੍ਹਾਂ ਦਾ ਪ੍ਰਭਾਵ ਵਧਿਆ ਅਤੇ ਉਹ ਵਾਪਸ ਆਏ। ਨਸ਼ੇ, ਮਾਈਨਿੰਗ ਅਤੇ ਟੈਕਸਾਂ ਰਾਹੀਂ ਉਨ੍ਹਾਂ ਨੇ ਹਰ ਸਾਲ ਲੱਖਾਂ ਡਾਲਰ ਕਮਾਏ।
ਅਮਰੀਕਾ ਦੀ ਹਿਮਾਇਤ ਨਾਲ 2004 ਵਿੱਚ ਗੈਰ ਤਾਲਿਬਾਨੀ ਸਰਕਾਰ ਬਣੀ ਪਰ ਤਾਲਿਬਾਨ ਵੱਲੋਂ ਜਾਨਲੇਵਾ ਹਮਲੇ ਜਾਰੀ ਰਹੇ।
ਅਫ਼ਗਾਨ ਫ਼ੌਜਾਂ ਨਾਲ ਕੰਮ ਕਰ ਰਹੀਆਂ ਕੌਮਾਂਤਰੀ ਤਾਕਤਾਂ ਨੇ ਮੁੜ ਮਜ਼ਬੂਤ ਹੋਏ ਤਾਲਿਬਾਨ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕੀਤਾ।
ਇਸ ਖੂਨੀ ਵਿਵਾਦ ਦੌਰਾਨ ਅਫਗਾਨਿਸਤਾਨ ਦੇ ਕਾਫੀ ਫ਼ੌਜੀਆਂ ਅਤੇ ਆਮ ਨਾਗਰਿਕਾਂ ਦੀ ਜਾਨ ਗਈ।
ਕੀ ਅਫਗਾਨਿਸਤਾਨ ਦੀਆਂ ਮੁਸੀਬਤਾਂ 2001 ਵਿੱਚ ਸ਼ੁਰੂਆਤ ਹੋਈਆਂ
ਇਸ ਦਾ ਜਵਾਬ ਹੈ ਨਾ।
ਅਫ਼ਗਾਨਿਸਤਾਨ ਕਈ ਦਹਾਕਿਆਂ ਤੋਂ ਜੰਗ ਵਰਗੇ ਹਾਲਾਤ ਝੱਲ ਰਿਹਾ ਹੈ, ਅਮਰੀਕਾ ਦੇ ਹਮਲੇ ਤੋਂ ਵੀ ਪਹਿਲਾਂ ਅਜਿਹੇ ਹਾਲਾਤ ਸਨ।
70 ਦੇ ਦਹਾਕੇ ਦੇ ਆਖ਼ਰੀ ਸਾਲਾਂ ਵਿੱਚ ਤਤਕਾਲੀ ਸੋਵੀਅਤ ਯੂਨੀਅਨ ਦੀ ਫੌਜ ਨੇ ਅਫ਼ਗ਼ਾਨਿਸਤਾਨ ਉੱਪਰ ਆਪਣੀ ਕਮਿਊਨਿਸਟ ਸਰਕਾਰ ਦੇ ਸਮਰਥਨ ਲਈ ਹਮਲਾ ਕੀਤਾ।
ਇਹ ਵੀ ਪੜ੍ਹੋ:
ਇਸ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਨਾਮ ਦਿੱਤਾ ਗਿਆ ਮੁਜਾਹਿਦੀਨ।
ਇਸ ਨੂੰ ਅਮਰੀਕਾ, ਪਾਕਿਸਤਾਨ, ਚੀਨ ਅਤੇ ਸਾਊਦੀ ਅਰਬ ਵਰਗੇ ਹੋਰਨਾਂ ਦੇਸਾਂ ਦਾ ਸਮਰਥਨ ਹਾਸਲ ਸੀ।
1989 ਵਿੱਚ ਸੋਵੀਅਤ ਫ਼ੌਜਾਂ ਪਿੱਛੇ ਹਟ ਗਈਆਂ ਪਰ ਘਰੇਲੂ ਜੰਗ ਜਾਰੀ ਰਹੀ। ਇਨ੍ਹਾਂ ਹਾਲਾਤਾ ਵਿੱਚ ਤਾਲਿਬਾਨ (ਜਿਸ ਦਾ ਮਤਲਬ ਹੈ ਵਿਦਿਆਰਥੀ) ਫੈਲ ਗਿਆ।
ਤਾਲਿਬਾਨ ਪ੍ਰਭਾਵਸ਼ਾਲੀ ਅਤੇ ਤਾਕਤਵਰ ਕਿਵੇਂ ਬਣਿਆ
90 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਉੱਤਰੀ ਪਾਕਿਸਤਾਨ ਦੇ ਸਰਹੱਦੀ ਖੇਤਰ ਅਤੇ ਦੱਖਣ-ਪੱਛਮੀ ਖੇਤਰ 'ਚ ਤਾਲਿਬਾਨ ਦੀ ਅਹਿਮੀਅਤ ਵਧੀ।
ਉਨ੍ਹਾਂ ਨੇ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਅਫ਼ਗਾਨ ਲੋਕਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਵਰਗੇ ਵਾਅਦੇ ਕੀਤੇ।

ਅਫ਼ਗਾਨ ਜ਼ਿਆਦਾਤਰ ਲੋਕ ਵਿਨਾਸ਼ਕਾਰੀ ਘਰੇਲੂ ਜੰਗ ਦੇ ਪ੍ਰਭਾਵਾਂ ਨਾਲ ਜੂਝ ਰਹੇ ਸਨ।
ਤਾਲਿਬਾਨ ਨੇ ਇਸਲਾਮਿਕ ਸਜ਼ਾਵਾਂ ਦਾ ਸਮਰਥਨ ਕੀਤਾ, ਜਿਨ੍ਹਾਂ ਵਿੱਚ ਕਾਤਲਾਂ ਨੂੰ ਜਨਤਕ ਤੌਰ 'ਤੇ ਮੌਤ ਦੀ ਸਜ਼ਾ ਦੇਣਾ, ਚੋਰੀ ਕਰਨ ਦੇ ਦੋਸ਼ੀਆਂ ਦੇ ਅੰਗ ਵੱਢ ਦੇਣਾ ਆਦਿ ਸ਼ਾਮਿਲ ਸਨ।
ਔਰਤਾਂ ਨੂੰ ਬੁਰਕੇ ਪਾਉਣ ਲਈ ਕਿਹਾ ਗਿਆ ਸੀ, ਜੋ ਉਨ੍ਹਾਂ ਦੇ ਮੂੰਹ ਅਤੇ ਸਰੀਰ ਨੂੰ ਢਕਣ ਅਤੇ ਆਦਮੀਆਂ ਲਈ ਦਾੜ੍ਹੀ ਵਧਾਉਣਾ ਜ਼ਰੂਰੀ ਬਣਾਇਆ ਗਿਆ।
ਤਾਲਿਬਾਨ ਨੇ ਟੈਲੀਵਿਜ਼ਨ, ਸੰਗੀਤ, ਸਿਨੇਮਾ ਉੱਪਰ ਪਾਬੰਦੀ ਲਗਾ ਦਿੱਤੀ ਅਤੇ ਦਸ ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਬੱਚੀਆਂ ਲਈ ਸਕੂਲ ਜਾਣ ਦਾ ਵੀ ਵਿਰੋਧ ਕੀਤਾ।
ਕੀ ਤਾਲਿਬਾਨ ਕਦੇ ਅਫ਼ਗਾਨਿਸਤਾਨ ਤੋਂ ਖ਼ਤਮ ਨਹੀਂ ਹੋਇਆ
ਸਾਲ 2014 ਜੋ ਅਫ਼ਗ਼ਾਨਿਸਤਾਨ ਵਿੱਚ 2001 ਤੋਂ ਬਾਅਦ ਸਭ ਤੋਂ ਖ਼ੂਨੀ ਸਾਲ ਸਾਬਿਤ ਹੋਇਆ, ਉਦੋਂ ਕੌਮਾਂਤਰੀ ਫ਼ੌਜਾਂ ਨੇ ਆਪਣਾ 'ਕੌਂਬੈਟ ਮਿਸ਼ਨ' ਖ਼ਤਮ ਕੀਤਾ ਅਤੇ ਤਾਲਿਬਾਨ ਨਾਲ ਲੜਨ ਲਈ ਅਫ਼ਗਾਨ ਫੌਜਾਂ ਨੂੰ ਛੱਡ ਦਿੱਤਾ।

ਤਸਵੀਰ ਸਰੋਤ, Reuters
ਪਰ ਇਸ ਨਾਲ ਤਾਲਿਬਾਨ ਨੂੰ ਗਤੀ ਮਿਲੀ। ਉਨ੍ਹਾਂ ਨੇ ਕਈ ਜਗ੍ਹਾ ਕਬਜ਼ਾ ਕੀਤਾ ਅਤੇ ਸਰਕਾਰ, ਆਮ ਨਾਗਰਿਕਾਂ ਉੱਪਰ ਬੰਬ ਧਮਾਕੇ ਰਾਹੀਂ ਹਮਲੇ ਕੀਤੇ।
ਸਾਲ 2018 ਵਿੱਚ ਬੀਬੀਸੀ ਨੂੰ ਪਤਾ ਲੱਗਿਆ ਕਿ ਤਾਲਿਬਾਨ ਲਗਭਗ 70 ਫ਼ੀਸਦ ਅਫਗਾਨਿਸਤਾਨ ਵਿੱਚ ਖੁੱਲ੍ਹੇਆਮ ਸਰਗਰਮ ਹੈ।
ਇਹ ਸਾਰਾ ਟਕਰਾਅ ਕਿੰਨਾ ਮਹਿੰਗਾ ਪਿਆ
2300 ਤੋਂ ਵੱਧ ਔਰਤਾਂ ਅਤੇ ਮਰਦਾਂ ਸਣੇ ਅਮਰੀਕੀ ਫ਼ੌਜੀਆਂ ਦੀਆਂ ਮੌਤਾਂ ਹੋਈਆਂ ਅਤੇ 20 ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ। 450 ਤੋਂ ਵੱਧ ਬਰਤਾਨਵੀ ਅਤੇ ਸੈਂਕੜੇ ਹੋਰ ਦੇਸਾਂ ਦੇ ਨਾਗਰਿਕਾਂ ਦੀ ਮੌਤ ਹੋ ਗਈ।
ਸਭ ਤੋਂ ਵੱਧ ਨੁਕਸਾਨ ਅਫ਼ਗਾਨ ਲੋਕਾਂ ਨੇ ਝੱਲਿਆ। ਕੁਝ ਸੋਧਾਂ ਮੁਤਾਬਕ ਸੱਠ ਹਜ਼ਾਰ ਤੋਂ ਵੱਧ ਅਫ਼ਗਾਨ ਫ਼ੌਜੀ ਮਾਰੇ ਗਏ ਹਨ।ਇਸ ਦੇ ਨਾਲ ਹੀ ਲਗਭਗ 11,000 ਆਮ ਨਾਗਰਿਕ ਮਾਰੇ ਗਏ ਹਨ।
ਕੁਝ ਰਿਪੋਰਟਾਂ ਅਨੁਸਾਰ ਸੰਯੁਕਤ ਰਾਸ਼ਟਰਜ਼ ਨੇ ਆਮ ਨਾਗਰਿਕਾਂ ਦੀ ਮੌਤ ਦਾ ਰਿਕਾਰਡ 2009 ਵਿੱਚ ਰੱਖਣਾ ਸ਼ੁਰੂ ਕੀਤਾ।
ਇੱਕ ਅਧਿਐਨ ਅਨੁਸਾਰ ਅਮਰੀਕੀ ਕਰਦਾਤਾਵਾਂ ਨੂੰ ਲਗਭਗ ਇੱਕ ਖਰਬ ਡਾਲਰ ਦਾ ਨੁਕਸਾਨ ਝੱਲਣਾ ਪਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਤਾਲਿਬਾਨ ਨਾਲ ਸਮਝੌਤਾ ਕੀ ਹੈ ?
ਫਰਵਰੀ, 2020 ਵਿੱਚ ਅਮਰੀਕਾ ਅਤੇ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ, ਜਿਸ ਦੀ ਕੋਸ਼ਿਸ਼ ਕਈ ਸਾਲਾਂ ਤੋਂ ਜਾਰੀ ਸੀ।
ਇਸ ਸਮਝੌਤੇ ਤਹਿਤ ਅਮਰੀਕਾ ਅਤੇ ਨਾਟੋ ਸਹਿਯੋਗੀਆਂ ਨੇ ਆਪਣੀਆਂ ਸਾਰੀਆਂ ਫ਼ੌਜਾਂ ਹਟਾਉਣ ਲਈ ਸਹਿਮਤੀ ਦਿੱਤੀ।
ਬਦਲੇ ਵਿੱਚ ਤਾਲਿਬਾਨ ਨੂੰ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਲ-ਕਾਇਦਾ ਜਾਂ ਹੋਰ ਕੋਈ ਕੱਟੜਪੰਥੀ ਸਮੂਹ ਨਾ ਰਹੇ।
ਪਿਛਲੇ ਸਾਲ ਦੀ ਗੱਲਬਾਤ ਵਿੱਚ ਤਾਲਿਬਾਨ ਅਤੇ ਅਫ਼ਗਾਨ ਸਰਕਾਰਾਂ ਨੇ ਕੈਦੀਆਂ ਦੀ ਰਿਹਾਈ ਵਿੱਚ ਵੀ ਹਿੱਸਾ ਲਿਆ।
ਇਸ ਸਮਝੌਤੇ ਤੋਂ ਬਾਅਦ ਕਈ ਮਹੀਨਿਆਂ ਦੌਰਾਨ ਲਗਭਗ 5000 ਤਾਲਿਬਾਨ ਕੱਟੜਪੰਥੀ ਛੱਡੇ ਗਏ।
ਅਮਰੀਕਾ ਨੇ ਤਾਲਿਬਾਨ ਖ਼ਿਲਾਫ਼ ਲਗਾਈਆਂ ਪਾਬੰਦੀਆਂ ਹਟਾਉਣ ਦਾ ਵੀ ਵਾਅਦਾ ਕੀਤਾ ਹੈ।
ਯੂਨਾਈਟਿਡ ਨੇਸ਼ਨ ਨਾਲ ਮਿਲ ਕੇ ਇਸ ਉੱਪਰ ਕੰਮ ਕਰਨ ਦੀ ਗੱਲ ਆਖੀ ਯੂਨਾਈਟਿਡ ਨੇਸ਼ਨ ਦੇ ਨਾਲ ਮਿਲ ਕੇ ਵੀ ਪਾਬੰਦੀਆਂ ਹਟਾਉਣ ਦੀ ਗੱਲ ਕੀਤੀ ਹੈ।

ਤਸਵੀਰ ਸਰੋਤ, Reuters
ਅਮਰੀਕੀ ਸਰਕਾਰ ਨੇ ਤਾਲਿਬਾਨ ਨਾਲ ਬਿਨਾਂ ਅਫ਼ਗਾਨ ਸਰਕਾਰ ਦੀ ਸ਼ਮੂਲੀਅਤ ਦੇ ਸਿੱਧੀ ਗੱਲਬਾਤ ਕੀਤੀ ਹੈ।
ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਨੁਸਾਰ, "ਇਨ੍ਹਾਂ ਸਾਰੇ ਸਾਲਾਂ ਬਾਅਦ ਇਹ ਸਮਾਂ ਸਾਡੇ ਆਪਣੇ ਲੋਕਾਂ ਨੂੰ ਘਰ ਵਾਪਸ ਲੈ ਕੇ ਆਉਣ ਦਾ ਹੈ।"
ਕੀ ਸਾਰੀਆਂ ਅਮਰੀਕੀ ਫ਼ੌਜਾਂ ਵਾਪਸ ਜਾ ਰਹੀਆਂ ਹਨ
ਬਗ੍ਰਾਮ ਏਅਰਬੇਸ ਵਿਖੇ ਮੌਜੂਦ ਅਮਰੀਕੀ ਅਤੇ ਨਾਟੋ ਫ਼ੌਜਾਂ ਪਿੱਛੇ ਹਟ ਗਈਆਂ ਹਨ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਅਫ਼ਗਾਨ ਸਰਕਾਰ ਨੂੰ ਦਿੱਤੀ ਗਈ ਹੈ।
ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈਸ ਅਨੁਸਾਰ ਲਗਭਗ 650 ਅਮਰੀਕੀ ਫ਼ੌਜੀ ਅਫਗਾਨਿਸਤਾਨ ਵਿਖੇ ਰਹਿਣਗੇ।
ਇਹ ਮੁੱਖ ਤੌਰ 'ਤੇ ਡਿਪਲੋਮੈਟਸ ਦੀ ਸੁਰੱਖਿਆ ਲਈ ਅਤੇ ਕਾਬੁਲ ਕੌਮਾਂਤਰੀ ਹਵਾਈ ਅੱਡੇ ਦੀ ਰਾਖੀ ਲਈ ਰੁਕਣਗੇ। ਕਾਬੁਲ ਹਵਾਈ ਅੱਡਾ ਆਵਾਜਾਈ ਲਈ ਅਹਿਮ ਕੇਂਦਰ ਹੈ।
ਹੁਣ ਕੀ ਹਾਲਾਤ ਹਨ
ਸਮਝੌਤੇ ਤੋਂ ਬਾਅਦ ਤਾਲਿਬਾਨ ਨੇ ਆਪਣੇ ਤਰੀਕੇ ਬਦਲੇ ਹਨ। ਸ਼ਹਿਰਾਂ ਅਤੇ ਫ਼ੌਜੀ ਠਿਕਾਣਿਆਂ ਉੱਤੇ ਹਮਲਿਆਂ ਦੀ ਜਗ੍ਹਾ ਹੁਣ ਗਿਣੇ ਮਿੱਥੇ ਕਤਲ ਕੀਤੇ ਜਾਂਦੇ ਹਨ। ਜੋ ਅਫ਼ਗਾਨ ਨਾਗਰਿਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੰਦੇ ਹਨ।
ਇਹ ਅਫ਼ਗਾਨਿਸਤਾਨ ਦੇ ਵੱਡੇ ਖੇਤਰ ਉੱਪਰ ਆਪਣਾ ਕਬਜ਼ਾ ਕਰਕੇ ਸਰਕਾਰ ਨੂੰ ਅਸਥਿਰ ਕਰਨ ਦੀਆਂ ਧਮਕੀਆਂ ਦਿੰਦੇ ਹਨ ਕਿਉਂਕਿ ਹੁਣ ਵਿਦੇਸ਼ੀ ਤਾਕਤਾਂ ਵਾਪਸ ਜਾ ਰਹੀਆਂ ਹਨ।
ਅਲ-ਕਾਇਦਾ ਵੀ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਹੈ ਅਤੇ ਹੋਰ ਇਸਲਾਮਿਕ ਸਟੇਟ ਕੱਟੜਪੰਥੀ ਵੀ ਦੇਸ ਉੱਪਰ ਹਮਲੇ ਕਰ ਰਹੇ ਹਨ।
ਕਾਬੁਲ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਧ ਰਹੀ ਹੈ ਪਰ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਘਨੀ ਕਹਿੰਦੇ ਹਨ ਕਿ ਦੇਸ ਦੀਆਂ ਫ਼ੌਜਾਂ ਇਨ੍ਹਾਂ ਨਾਲ ਨਜਿੱਠਣ ਲਈ ਸਮਰੱਥ ਹਨ।
ਅਫ਼ਗਾਨਿਸਤਾਨ ਵਿੱਚ ਦੋ ਦਹਾਕੇ-ਕੀ ਇਹ ਜਾਇਜ਼ ਸੀ
ਬੀਬੀਸੀ ਦੇ ਸੁਰੱਖਿਆ ਪੱਤਰਕਾਰ ਫਰੈਂਕ ਗਾਰਡਨਰ ਅਨੁਸਾਰ, "ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਮਾਪਦੇ ਹੋ, ਇਸ ਉੱਪਰ ਜਵਾਬ ਨਿਰਭਰ ਕਰਦਾ ਹੈ।"
ਸੁਰੱਖਿਆ ਨਾਲ ਸਬੰਧਤ ਸੀਨੀਅਰ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਦੀ ਇਹ ਜੰਗ ਸ਼ੁਰੂ ਹੋਈ ਹੈ, ਅਫ਼ਗਾਨਿਸਤਾਨ ਵਾਲੇ ਪਾਸਿਓਂ ਕੋਈ ਵੀ ਕੌਮਾਂਤਰੀ ਅੱਤਵਾਦੀ ਹਮਲੇ ਦੀ ਯੋਜਨਾ ਕਾਮਯਾਬ ਨਹੀਂ ਹੋਈ।
ਫਰੈਂਕ ਗਾਰਡਨਰ ਅਨੁਸਾਰ, "ਜੇਕਰ ਇਸ ਨੂੰ ਸਿਰਫ਼ ਕੌਮਾਂਤਰੀ ਅੱਤਵਾਦੀ-ਰੋਕੂ ਤਰੀਕੇ ਦੇ ਪੈਮਾਨੇ ਵਜੋਂ ਦੇਖਿਆ ਜਾਵੇ ਤਾਂ ਪੱਛਮੀ ਫ਼ੌਜ ਅਤੇ ਸੁਰੱਖਿਆ ਦੀ ਮੌਜੂਦਗੀ ਨੇ ਆਪਣੇ ਮਕਸਦ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।"
ਪਰ ਵੀਹ ਸਾਲਾਂ ਬਾਅਦ ਵੀ ਤਾਲਿਬਾਨ ਇੱਕ ਤਾਕਤਵਰ ਲੜਾਕੂ ਸਮੂਹ ਹੈ ਅਤੇ ਇਨ੍ਹਾਂ ਨੂੰ ਹਰਾਉਣਾ ਦੂਰ ਦੀ ਕੌਡੀ ਹੈ।
ਕੁਝ ਰਿਪੋਰਟਾਂ ਅਨੁਸਾਰ ਸਮਝੌਤੇ ਤੋਂ ਬਾਅਦ ਜੂਨ ਵਿੱਚ ਕਾਫ਼ੀ ਹਿੰਸਾ ਹੋਈ, ਜਿਸ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ।
ਬੜੀ ਮੁਸ਼ਕਿਲ ਨਾਲ ਸ਼ੁਰੂ ਹੋਏ ਵਿਕਾਸ ਉੱਪਰ ਵੀ ਖ਼ਤਰਾ ਹੈ ਕਿਉਂਕਿ ਬਹੁਤ ਸਾਰੇ ਸਕੂਲ, ਸਰਕਾਰੀ ਇਮਾਰਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਵੀ ਨੁਕਸਾਨ ਪੁੱਜਾ ਹੈ।
ਗਾਰਡਨਰ ਕਹਿੰਦੇ ਹਨ, "ਅਲ-ਕਾਇਦਾ, ਇਸਲਾਮਿਕ ਸਟੇਟ ਅਤੇ ਹੋਰ ਕੱਟੜਪੰਥੀ ਸਮੂਹ ਖ਼ਤਮ ਨਹੀਂ ਹੋਏ। ਬਾਕੀ ਬਚੀਆਂ ਪੱਛਮੀ ਫ਼ੌਜਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਮੁੜ ਸੁਰਜੀਤ ਹੋਣ ਵਿੱਚ ਕੋਈ ਖਦਸ਼ਾ ਨਹੀਂ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












