ਭਾਰਤ-ਚੀਨ ਯੁੱਧ ਕਾਰਨ ਕਿਵੇਂ ਦੋਫਾੜ ਹੋਏ ਸਨ ਭਾਰਤੀ ਕਾਮਰੇਡ

ਭਾਰਤ-ਚੀਨ ਯੁੱਧ, ਕਮਿਊਨਿਸਟ ਪਾਰਟੀ

ਤਸਵੀਰ ਸਰੋਤ, CPI

ਤਸਵੀਰ ਕੈਪਸ਼ਨ, ਤਸਵੀਰ ਵਿੱਚ ਸਭ ਤੋਂ ਖੱਬੇ ਪਾਸੇ ਸਨ ਭੁਪੇਸ਼ ਗੁਪਤ ਅਤੇ ਸਭ ਤੋਂ ਸੱਜੇ ਪਾਸੇ ਹੱਥ ਵਿੱਚ ਅਖਬਾਰ ਫੜੀ ਖੜ੍ਹੇ ਹਨ ਅਜੇ ਘੋਸ਼
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

ਉਂਝ ਤਾਂ ਭਾਰਤੀ ਕਮਿਊਨਿਸਟ ਪਾਰਟੀ ਦਾ ਪਹਿਲਾ ਰਾਸ਼ਟਰੀ ਸੰਮੇਲਨ 26 ਦਸੰਬਰ, 1925 ਨੂੰ ਕਾਨਪੁਰ ਵਿੱਚ ਹੋਇਆ ਸੀ।

ਪਰ ਇਸ ਪਾਰਟੀ ਦੀ ਨੀਂਹ 17 ਅਕਤੂਬਰ, 1920 ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ਸ਼ਹਿਰ ਵਿੱਚ ਰੱਖੀ ਗਈ ਸੀ ਜੋ ਉਸ ਸਮੇਂ ਸੋਵੀਅਤ ਸੰਘ ਦਾ ਹਿੱਸਾ ਸੀ।

ਇਸ ਪਾਰਟੀ ਦੇ ਉਦੇ ਵਿੱਚ ਬਹੁਤ ਵੱਡੀ ਭੂਮਕਿਾ ਕਮਿਊਨਿਸਟ ਇੰਟਰਨੈਸ਼ਨਲ ਦੀ ਰਹੀ ਸੀ। ਸ਼ਾਇਦ ਇਹੀ ਵਜ੍ਹਾ ਸੀ ਕਿ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਕਮਿਊਨਿਸਟਾਂ ਦੀ ਭੂਮਿਕਾ 'ਤੇ ਕਈ ਸਵਾਲ ਉੱਠੇ ਸਨ।

ਇਹ ਵੀ ਪੜ੍ਹੋ:

ਸਾਲ 1942 ਵਿੱਚ ਮਹਾਤਮਾ ਗਾਂਧੀ ਨੇ ਜਿੱਥੇ ਇੱਕ ਪਾਸੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਤਾਂ ਦੂਜੇ ਪਾਸੇ ਸੋਵੀਅਤ ਸੰਘ ਨੇ ਅਪੀਲ ਕੀਤੀ ਕਿ ਦੂਜੇ ਵਿਸ਼ਵ ਯੁੱਧ ਵਿੱਚ ਭਾਰਤੀ ਕਮਿਊਨਿਸਟਾਂ ਨੂੰ ਬ੍ਰਿਟਿਸ਼ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।

ਇਨ੍ਹਾਂ ਦੋ ਬਦਲਾਂ ਵਿੱਚੋਂ ਕਮਿਊਨਿਸਟਾਂ ਨੇ ਦੂਜਾ ਬਦਲ ਚੁਣਿਆ।

ਨਤੀਜਾ ਇਹ ਹੋਇਆ ਕਿ ਉਹ ਭਾਰਤੀ ਆਜ਼ਾਦੀ ਅੰਦੋਲਨ ਤੋਂ ਅਲੱਗ-ਥਲੱਗ ਪੈ ਗਏ।

ਪੰਜਾਹ ਅਤੇ ਸੱਠ ਦੇ ਦਹਾਕੇ ਵਿੱਚ ਜਿਸ ਘਟਨਾ ਨੇ ਪੂਰੀ ਦੁਨੀਆਂ ਵਿੱਚ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਭਾਵਿਤ ਕੀਤਾ ਉਹ ਸੀ ਸੋਵੀਅਤ ਚੀਨ ਸਬੰਧਾਂ ਦਾ ਅਚਾਨਕ ਖਰਾਬ ਹੋ ਜਾਣਾ।

ਵੀਡੀਓ ਕੈਪਸ਼ਨ, ਉਹ ਲੜਾਈ ਜਦੋਂ ਭਾਰਤ ਚੀਨ 'ਤੇ ਭਾਰੀ ਪਿਆ

ਜਦੋਂ ਸੋਵੀਅਤ ਸੰਘ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਤਾਂ ਉਸ ਨੇ ਭਾਰਤੀ ਕਮਿਊਨਿਸਟ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਨਹਿਰੂ ਦੀ ਵਿਦੇਸ਼ ਨੀਤੀ ਦਾ ਸਮਰਥਨ ਕਰਨ, ਹਾਲਾਂਕਿ ਪਾਰਟੀ ਦੇ ਕੁਝ ਸੀਨੀਅਰ ਮੈਂਬਰ ਕਾਂਗਰਸ ਦੀਆਂ ਨੀਤੀਆਂ ਦੇ ਸਖ਼ਤ ਖਿਲਾਫ਼ ਸਨ।

ਜਿਨ੍ਹਾਂ ਲੋਕਾਂ ਨੂੰ ਸੋਵੀਅਤ ਸੰਘ ਦੀ ਇਹ ਅਪੀਲ ਪਸੰਦ ਨਹੀਂ ਆਈ ਅਤੇ ਜੋ ਨਹਿਰੂ ਦੇ ਧੁਰ ਵਿਰੋਧੀ ਸਨ, ਉਨ੍ਹਾਂ ਨੇ ਮਾਰਗ ਦਰਸ਼ਨ ਲਈ ਚੀਨ ਦੀ ਕਮਿਊਨਿਸਟ ਪਾਰਟੀ ਵੱਲ ਦੇਖਣਾ ਸ਼ੁਰੂ ਕਰ ਦਿੱਤਾ।

ਮੋਹਿਤ ਸੇਨ ਨੂੰ ਚੀਨ ਭੇਜਿਆ

ਪਰ ਇਸ ਤੋਂ ਬਹੁਤ ਪਹਿਲਾਂ ਸਾਲ 1950 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੇ ਉੱਭਰਦੇ ਹੋਏ ਨੇਤਾ ਮੋਹਿਤ ਸੇਨ ਨੂੰ ਚੀਨ ਵਿੱਚ ਰਹਿਣ ਲਈ ਭੇਜਿਆ।

ਭਾਰਤ-ਚੀਨ ਯੁੱਧ, ਕਮਿਊਨਿਸਟ ਪਾਰਟੀ

ਤਸਵੀਰ ਸਰੋਤ, Rupa Publication

ਤਸਵੀਰ ਕੈਪਸ਼ਨ, ਮੋਹਿਤ ਸੇਨ ਦੀ ਸਵੈਜੀਵਨੀ 'ਏ ਟ੍ਰੈਵਲਰ ਐਂਡ ਦਿ ਰੋਡ'

ਬਾਅਦ ਵਿੱਚ ਮੋਹਿਤ ਸੇਨ ਨੇ ਆਪਣੀ ਸਵੈਜੀਵਨੀ 'ਏ ਟਰੈਵਲਰ ਐਂਡ ਦਿ ਰੋਡ' ਵਿੱਚ ਲਿਖਿਆ, 'ਪੀਐੱਲਏ ਦੇ ਇੱਕ ਸੰਮੇਲਨ ਵਿੱਚ ਅਸੀਂ ਪਹਿਲੀ ਵਾਰ ਚੇਅਰਮੈਨ ਮਾਓ ਨੂੰ ਦੇਖਿਆ।''

''ਉੱਥੇ ਉਨ੍ਹਾਂ ਨੇ ਕੋਈ ਭਾਸ਼ਣ ਤਾਂ ਨਹੀਂ ਦਿੱਤਾ, ਪਰ ਅਜਿਹਾ ਕੋਈ ਭਾਸ਼ਣ ਨਹੀਂ ਸੀ ਜਿਸ ਵਿੱਚ ਉਨ੍ਹਾਂ ਦਾ ਜ਼ਿਕਰ ਨਹੀਂ ਹੁੰਦਾ ਸੀ ਅਤੇ ਜਦੋਂ ਵੀ ਉਨ੍ਹਾਂ ਦਾ ਨਾਂ ਲਿਆ ਜਾਂਦਾ ਸੀ, ਲੋਕ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਕਰਦੇ ਸਨ।''

''ਚੀਨੀ ਕਮਿਊਨਿਸਟ ਪਾਰਟੀ ਵੱਲੋਂ ਆਯੋਜਿਤ ਸਵਾਗਤ ਸਮਾਰੋਹ ਵਿੱਚ ਅਸੀਂ ਉਨ੍ਹਾਂ ਨੂੰ ਫਿਰ ਦੇਖਿਆ। ਹਰ ਪ੍ਰਤੀਨਿਧੀ ਮੰਡਲ ਨੂੰ ਉਨ੍ਹਾਂ ਨਾਲ ਮਿਲਵਾਇਆ ਗਿਆ।''

''ਜਦੋਂ ਮੇਰੀ ਵਾਰੀ ਆਈ ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਮੇਰੇ ਨਾਲ ਹੱਥ ਮਿਲਾਇਆ ਅਤੇ ਚੀਨੀ ਭਾਸ਼ਾ ਵਿੱਚ ਕਿਹਾ, 'ਇੰਦੂ ਰੇਨਮਿਨ ਹੰਗ ਹਾਓ' ਜਿਸ ਦਾ ਮਤਲਬ ਸੀ 'ਭਾਰਤੀ ਲੋਕ ਬਹੁਤ ਚੰਗੇ' ਹੁੰਦੇ ਹਨ।''

ਭਾਰਤ-ਚੀਨ ਯੁੱਧ, ਕਮਿਊਨਿਸਟ ਪਾਰਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵਿੱਚ ਭਾਰਤੀ ਰਾਜਦੂਤ ਪਨੀਕਰ ਮਾਓ ਦੇ ਨਾਲ

''ਉਸੇ ਸੰਮੇਲਨ ਵਿੱਚ ਸਾਨੂੰ ਚੀਨੀ ਨੇਤਾਵਾਂ ਲਿਉ ਸ਼ਾਓ ਕਵੀ ਅਤੇ ਚੂ ਐੱਨ ਲਾਈ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਡੇਂਗ ਜ਼ਿਆਓ ਪਿੰਗ ਵੀ ਉੱਥੇ ਰਹੇ ਹੋਣਗੇ, ਪਰ ਉਦੋਂ ਤੱਕ ਉਹ ਇੰਨੇ ਮਹੱਤਵਪੂਰਨ ਨਹੀਂ ਬਣੇ ਸਨ ਕਿ ਉਨ੍ਹਾਂ ਨੂੰ ਸਾਡੇ ਨਾਲ ਮਿਲਵਾਇਆ ਜਾਂਦਾ।''

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਨਕਸ਼ਿਆਂ ਤੋਂ ਹੋਈ ਵਿਵਾਦ ਦੀ ਸ਼ੁਰੂਆਤ

ਮੋਹਿਤ ਸੇਨ ਚੀਨ ਵਿੱਚ ਤਿੰਨ ਸਾਲਾਂ ਤੱਕ ਰਹੇ। ਭਾਰਤ ਚੀਨ ਯੁੱਧ ਦੇ ਲਗਭਗ ਚਾਰ ਸਾਲ ਪਹਿਲਾਂ ਉਸ ਸਮੇਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਕੜਵਾਹਟ ਆਉਣੀ ਸ਼ੁਰੂ ਹੋਈ, ਜਦੋਂ ਚੀਨ ਨੇ ਆਪਣੇ ਨਕਸ਼ਿਆਂ ਵਿੱਚ ਉੱਤਰ ਪੱਛਮ ਅਤੇ ਉੱਤਰ ਪੂਰਵ ਦੇ ਵੱਡੇ ਭਾਰਤੀ ਭੂ-ਭਾਗ ਨੂੰ ਆਪਣਾ ਦੱਸਣਾ ਸ਼ੁਰੂ ਕੀਤਾ।

ਉਦੋਂ ਭਾਰਤ ਦੇ ਰੱਖਿਆ ਮੰਤਰੀ ਕ੍ਰਿਸ਼ਨ ਮੈਨਨ ਨੇ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਚੀਨੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨੂੰ ਸਮਝਾਉਣ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਖਰਾਬ ਹੋ ਰਹੇ ਹਨ।

ਉਨ੍ਹਾਂ ਨੇ ਇਸ ਬਾਰੇ ਵਿੱਚ ਕਮਿਊਨਿਸਟ ਦੇ ਹਿਤੈਸ਼ੀ ਫਿਰੋਜ਼ ਗਾਂਧੀ ਅਤੇ ਪ੍ਰੋਫ਼ੈਸਰ ਕੇਐੱਨ ਰਾਜ ਨਾਲ ਵੀ ਗੱਲ ਕੀਤੀ।

ਵਿਦਯੁੱਤ ਚੱਕਰਵਰਤੀ ਆਪਣੀ ਕਿਤਾਬ 'ਕਮਿਊਨਿਜ਼ਮ ਇਨ ਇੰਡੀਆ' ਵਿੱਚ ਲਿਖਦੇ ਹਨ, ''ਕਮਿਊਨਿਸਟਾਂ ਦੀ ਅਗਵਾਈ ਨੇ ਨਕਸ਼ਿਆਂ ਬਾਰੇ ਚੀਨੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨਾਲ ਗੱਲ ਕੀਤੀ, ਪਰ ਇਸ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ।''

''ਕੁਝ ਦਿਨਾਂ ਬਾਅਦ ਚੀਨ ਸਰਕਾਰ ਨੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਨਕਸ਼ਿਆਂ ਵਿੱਚ ਦਿਖਾਈ ਗਈ ਜ਼ਮੀਨ ਹਮੇਸ਼ਾਂ ਤੋਂ ਚੀਨੀਆਂ ਦੀ ਰਹੀ ਹੈ ਅਤੇ ਉਸ ਨੂੰ ਬ੍ਰਿਟਿਸ਼ ਉਪਨਿਵੇਸ਼ਵਾਦੀਆਂ ਨੇ ਹੜਪ ਲਿਆ ਸੀ।''

''ਚੀਨ ਨੇ 1914 ਵਿੱਚ ਬਣਾਈ ਗਈ ਮੈਕਮੋਹਨ ਲਾਈਨ ਨੂੰ ਨਾ ਤਾਂ ਕਦੇ ਮੰਨਿਆ ਹੈ ਅਤੇ ਨਾ ਹੀ ਮੰਨੇਗਾ। ਚੀਨ ਦੇ ਇਸ ਫੈਸਲੇ ਨਾਲ ਕਮਿਊਨਿਸਟਾਂ ਸਮੇਤ ਭਾਰਤ ਵਿੱਚ ਚੀਨ ਦੇ ਸਾਰੇ ਮਿੱਤਰਾਂ ਨੂੰ ਬਹੁਤ ਧੱਕਾ ਪਹੁੰਚਿਆ, ਪਰ ਚੀਨ ਆਪਣੀ ਜ਼ਿੱਦ 'ਤੇ ਅੜਿਆ ਰਿਹਾ।''

ਨਹਿਰੂ ਦੀਆਂ ਨੀਤੀਆਂ 'ਤੇ ਹਮਲਾ

ਨਹਿਰੂ ਨੇ ਇਸ ਪੂਰੇ ਮਾਮਲੇ ਨੂੰ ਤੂਲ ਨਾ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦਾ ਰੁਖ਼ ਸੀ ਕਿ ਭਾਰਤ ਅਤੇ ਚੀਨ ਵਿਚਕਾਰ ਕੁਝ ਗ਼ਲਤਫਹਿਮੀਆਂ ਹੋ ਗਈਆਂ ਹਨ ਜਿਨ੍ਹਾਂ ਨੂੰ ਜਲਦੀ ਹੀ ਦੂਰ ਕਰ ਲਿਆ ਜਾਵੇਗਾ।

ਭਾਰਤੀ ਸੰਸਦ

ਤਸਵੀਰ ਸਰੋਤ, eparlib.nic.in

ਤਸਵੀਰ ਕੈਪਸ਼ਨ, ਭਾਰਤੀ ਸੰਸਦ

ਇਸ 'ਤੇ ਕਮਿਊਨਿਸਟਾਂ ਨੂੰ ਛੱਡ ਕੇ ਪੂਰੇ ਵਿਰੋਧੀ ਪੱਖ ਨੇ ਨਹਿਰੂ ਦਾ ਸਖ਼ਤ ਵਿਰੋਧ ਕੀਤਾ।

ਸਾਲ 1959 ਵਿੱਚ ਚੀਨੀ ਅਗਵਾਈ ਵੱਲੋਂ ਦੂਜਾ ਹੈਰਾਨੀਜਨਕ ਕਦਮ ਇਹ ਚੁੱਕਿਆ ਗਿਆ ਕਿ ਉਨ੍ਹਾਂ ਨੇ ਨਹਿਰੂ 'ਤੇ ਜਨਤਕ ਰੂਪ ਨਾਲ ਹਮਲਾ ਬੋਲਿਆ।

ਚੀਨੀ ਅਖ਼ਬਾਰ 'ਪੀਪੁਲਸ ਡੇਲੀ' ਵਿੱਚ ਨਹਿਰੂ ਦੀਆਂ ਨੀਤੀਆਂ 'ਤੇ ਹਮਲਾ ਕਰਦੇ ਹੋਏ ਸੰਪਾਦਕੀ ਲਿਖੇ ਗਏ ਅਤੇ ਭਾਰਤੀ ਕਮਿਊਨਿਸਟ ਨੇਤਾਵਾਂ ਨੂੰ ਦੱਸਿਆ ਗਿਆ ਕਿ ਚੇਅਰਮੈਨ ਮਾਓ ਨੇ ਇਨ੍ਹਾਂ ਸੰਪਾਦਕੀਆਂ ਨੂੰ ਪ੍ਰਵਾਨ ਕੀਤਾ ਹੈ।

ਇਨ੍ਹਾਂ ਸੰਪਾਦਕੀਆਂ ਵਿੱਚ ਲਿਖਿਆ ਗਿਆ ਕਿ ''ਨਹਿਰੂ ਪ੍ਰਤੀਕਿਰਿਆਵਾਦੀ ਬੁਰਜੂਆ ਲੋਕਾਂ ਅਤੇ ਜ਼ਿਮੀਂਦਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸਮਾਜਵਾਦੀ ਤਾਕਤਾਂ ਨਾਲ ਜੋੜ-ਤੋੜ ਕਰ ਰਹੇ ਹਨ।''

ਇਹ ਹੁਣ ਤੱਕ ਦੇ ਚੀਨੀ ਰੁਖ਼ ਦੇ ਬਿਲਕੁਲ ਉਲਟ ਸੀ। ਸਾਲ 1957 ਵਿੱਚ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਨੂੰ ਲਿਖੇ ਗਏ ਪੱਤਰ ਵਿੱਚ ਇੱਥੋਂ ਤੱਕ ਕਿਹਾ ਗਿਆ ਸੀ ਕਿ ''ਅਸੀਂ ਇਹ ਨਹੀਂ ਸਮਝ ਪਾ ਰਹੇ ਕਿ ਤੁਸੀਂ ਕਾਂਗਰਸ ਸਰਕਾਰ ਦੇ ਵਿਰੋਧੀ ਬਣ ਕੇ ਕਿਉਂ ਬੈਠੇ ਹੋਏ ਹੋ ਜਦੋਂਕਿ ਉਸ ਨੇ ਤਮਾਮ ਪ੍ਰਗਤੀਵਾਦੀ ਨੀਤੀਆਂ ਅਪਣਾਈਆਂ ਹੋਈਆਂ ਹਨ।''

ਇਸ ਤੋਂ ਪਹਿਲਾਂ 1956 ਵਿੱਚ ਹੋਈ ਅੱਠਵੀਂ ਕਾਂਗਰਸ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਵਿਸ਼ਵ ਸ਼ਾਂਤੀ ਅਤੇ ਸਾਮਰਾਜਵਾਦ ਦਾ ਵਿਰੋਧ ਕਰਨ ਲਈ ਭਾਰਤ ਨਾਲ ਰਣਨੀਤਕ ਸਮਝੌਤਾ ਕਰਨ ਦਾ ਫੈਸਲ ਕੀਤਾ ਸੀ।

ਇਸ ਕਾਂਗਰਸ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਈਐੱਮਐੱਸ ਨੰਬੂਦਰੀਪਾਦ ਅਤੇ ਪੀ ਸੁੰਦਰੈਯਾ ਨੇ ਭਾਗ ਲਿਆ ਸੀ।

ਭੂਪੇਸ਼ ਗੁਪਤ ਅਤੇ ਅਜੇ ਘੋਸ਼ ਪਹਿਲਾਂ ਰੂਸ ਅਤੇ ਫਿਰ ਚੀਨ ਗਏ

ਏਜੀ ਨੂਰਾਨੀ ਅੰਗਰੇਜ਼ੀ ਮੈਗਜ਼ੀਨ ਫਰੰਟਲਾਈਨ ਦੇ 16 ਦਸੰਬਰ, 2011 ਦੇ ਅੰਕ ਵਿੱਚ 'ਕਮਿਊਨਿਸਟ ਮੈਮੋਰੀਜ਼' ਸਿਰਲੇਖ ਦਾ ਲੇਖ ਲਿਖਦੇ ਹਨ, ''ਚੀਨ ਦੀ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਵਿੱਚ ਤਬਦੀਲੀ ਤੋਂ ਪਰੇਸ਼ਾਨ ਹੋ ਕੇ ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੇ ਦੋ ਵੱਡੇ ਨੇਤਾਵਾਂ ਭੂਪੇਸ਼ ਗੁਪਤ ਅਤੇ ਅਜੇ ਘੋਸ਼ ਨੂੰ ਮਾਸਕੋ ਭੇਜਿਆ ਸੀ ਤਾਂ ਕਿ ਉਹ ਇਸ ਬਾਰੇ ਰਵਰੁਸ਼ਚੇਵ, ਸੁਸਲੋਵ ਅਤੇ ਦੂਜੇ ਸੋਵੀਅਤ ਨੇਤਾਵਾਂ ਨਾਲ ਗੱਲ ਕਰਨ।''

ਭੁਪੇਸ਼ ਗੁਪਤ

ਤਸਵੀਰ ਸਰੋਤ, CPI

ਤਸਵੀਰ ਕੈਪਸ਼ਨ, ਭੂਪੇਸ਼ ਗੁਪਤ

ਰੂਸੀਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਬਾਰੇ ਚੀਨੀਆਂ ਨਾਲ ਸਿੱਧੀ ਗੱਲ ਕਰਨ। ਉਦੋਂ ਭੂਪੇਸ਼ ਗੁਪਤ ਅਤੇ ਅਜੇ ਘੋਸ਼ ਚੀਨ ਗਏ ਸਨ, ਪਰ ਉਹ ਚੀਨੀ ਨੇਤਾਵਾਂ ਦੀ ਸੋਚ ਵਿੱਚ ਬਦਲਾਅ ਲਿਆਉਣ ਵਿੱਚ ਨਾਕਾਮਯਾਬ ਰਹੇ।

ਚੀਨੀਆਂ ਨੇ ਉਨ੍ਹਾਂ ਨੂੰ ਤਰਕ ਦਿੱਤਾ, ''ਅਸੀਂ ਭਾਰਤੀ ਅਧਿਕਾਰ ਖੇਤਰ ਵਾਲੀ ਜ਼ਮੀਨ ਵਿੱਚ ਬਣਾਈਆਂ ਆਪਣੇ ਪੁਰਖਿਆਂ ਦੀਆਂ ਕਬਰਾਂ ਦੀ ਸੁਰੱਖਿਆ ਕਰਨ ਲਈ ਦ੍ਰਿੜ ਹਾਂ। ਸਾਡੇ ਪੁਰਖਿਆਂ ਦੀਆਂ ਹੱਡੀਆਂ ਭਾਰਤ ਜਾਂ ਉਸ ਦੇ ਲੋਕਾਂ ਦੀ ਦੋਸਤੀ ਤੋਂ ਕਿਧਰੇ ਜ਼ਿਆਦਾ ਕੀਮਤੀ ਹਨ।''

''ਪਰ ਜਦੋਂ ਇਨ੍ਹਾਂ ਦੋਵਾਂ ਨੇਤਾਵਾਂ ਨੇ ਚੇਅਰਮੈਨ ਮਾਓ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਗੱਲ ਅਜੇ ਓਨੀ ਨਹੀਂ ਵਿਗੜੀ ਹੈ।''

ਇਹ ਵੀ ਪੜ੍ਹੋ:

19 ਭਾਰਤੀ ਸੈਨਿਕਾਂ ਦੀ ਮੌਤ

ਚੀਨ ਤੋਂ ਪਰਤਣ ਦੇ ਬਾਅਦ ਅਜੇ ਘੋਸ਼ ਨੇ 'ਨਿਊ ਏਜ਼' ਅਖ਼ਬਾਰ ਨੂੰ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ 'ਚੇਅਰਮੈਨ ਮਾਓ ਨੇ ਸਾਡੀਆਂ ਗੱਲਾਂ ਨੂੰ ਬਹੁਤ ਧੀਰਜ ਨਾਲ ਸੁਣਿਆ ਅਤੇ ਇਸ ਗੱਲ ਨਾਲ ਸਹਿਮਤ ਹੋਏ ਕਿ ਭਾਰਤ ਚੀਨ ਸਬੰਧਾਂ ਬਾਰੇ ਚਿੰਤਾ ਕਰਨਾ ਸੁਭਾਵਿਕ ਹੈ।''

ਭਾਰਤ-ਚੀਨ ਯੁੱਧ, ਕਮਿਊਨਿਸਟ ਪਾਰਟੀ

ਤਸਵੀਰ ਸਰੋਤ, Getty Images

''ਪਰ ਇਨ੍ਹਾਂ ਮਤਭੇਦਾਂ ਨੂੰ ਆਪਸੀ ਸੂਝ ਬੂਝ ਨਾਲ ਸੁਲਝਾ ਲਿਆ ਜਾਣਾ ਚਾਹੀਦਾ ਹੈ। ਜਦੋਂ ਤੱਕ ਯਾਂਗਸੀਕਿਯਾਂਗ ਅਤੇ ਗੰਗਾ ਦਾ ਪਾਣੀ ਵਹਿੰਦਾ ਰਹੇਗਾ, ਭਾਰਤ ਚੀਨ ਦੋਸਤੀ ਜਾਰੀ ਰਹੇਗੀ।''

ਪਰ ਜਿਸ ਸ਼ੁੱਕਰਵਾਰ ਨੂੰ ਇਹ ਇੰਟਰਵਿਊ ਪ੍ਰਕਾਸ਼ਿਤ ਹੋਇਆ, ਉਸੀ ਦਿਨ ਖ਼ਬਰ ਆਈ ਕਿ ਕੌਗਕਾ ਪਾਸ ਦੇ ਕੋਲ ਚੀਨੀ ਸੈਨਿਕਾਂ ਨੇ ਘਾਤ ਲਾ ਕੇ ਹਮਲਾ ਕੀਤਾ ਜਿਸ ਵਿੱਚ ਭਾਰਤ ਦੇ 19 ਸੈਨਿਕ ਮਾਰੇ ਗਏ।

ਮੋਹਿਤ ਸੇਨ ਲਿਖਦੇ ਹਨ, ''ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨੇ ਆਪਣੇ ਚੀਨੀ ਹਮਰੁਤਬਾ ਤੋਂ ਇਸ ਦਾ ਸਪੱਸ਼ਟੀਕਰਨ ਮੰਗਿਆ, ਪਰ ਉੱਥੋਂ ਇਸ ਦੀ ਕੋਈ ਸਫ਼ਾਈ ਨਹੀਂ ਦਿੱਤੀ ਗਈ।''

''ਸੀਪੀਆਈ ਦੀ ਲੀਡਰਸ਼ਿਪ ਨੇ ਅਪੀਲ ਕੀਤੀ ਕਿ ਇਸ ਖੂਨ-ਖਰਾਬੇ 'ਤੇ ਚੀਨੀਆਂ ਨੂੰ ਦੁੱਖ ਪ੍ਰਗਟ ਕਰਨਾ ਚਾਹੀਦਾ ਹੈ।''

''ਪਰ ਭਾਰਤ ਵਿੱਚ ਚੀਨੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ''ਹਮਲਾਵਾਰ ਅਤੇ ਪ੍ਰਤੀਕਿਰਿਆਵਾਦੀ ਸੈਨਾ ਦੇ ਸੈਨਿਕਾਂ ਦੀ ਮੌਤ 'ਤੇ ਕੋਈ ਦੁੱਖ ਪ੍ਰਗਟ ਨਹੀਂ ਕੀਤਾ ਜਾਵੇਗਾ।''

ਪਾਰਟੀ ਵਿੱਚ ਚੀਨ ਨੂੰ ਲੈ ਕੇ ਗਹਿਰੇ ਮਤਭੇਦ

ਇਸ ਵਿਚਕਾਰ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵਿੱਚ ਭਾਰਤ ਚੀਨ ਸਬੰਧਾਂ ਨੂੰ ਲੈ ਕੇ ਗਹਿਰੇ ਮਤਭੇਦ ਉੱਭਰਨੇ ਸ਼ੁਰੂ ਹੋ ਗਏ ਸਨ।

ਭੁਪੇਸ਼ ਗੁਪਤ ਭਾਸ਼ਣ ਦਿੰਦੇ ਨਜ਼ਰ ਆ ਰਹੇ ਹਨ

ਤਸਵੀਰ ਸਰੋਤ, CPI

ਤਸਵੀਰ ਕੈਪਸ਼ਨ, ਭੁਪੇਸ਼ ਗੁਪਤ ਭਾਸ਼ਣ ਦਿੰਦੇ ਨਜ਼ਰ ਆ ਰਹੇ ਹਨ

ਸ਼੍ਰੀਪਦ ਅੰਮ੍ਰਿਤ ਡਾਂਗੇ ਅਤੇ ਐੱਸਜੀ ਸਰਦੇਸਾਈ ਨੇ ਜ਼ਿਆਦਾਤਰ ਕਮਿਊਨਿਸਟ ਨੇਤਾਵਾਂ ਵੱਲੋਂ ਚੀਨ ਦੀ ਜਨਤਕ ਰੂਪ ਨਾਲ ਆਲੋਚਨਾ ਨਾ ਕੀਤੇ ਜਾਣ ਦੇ ਰੁਖ਼ ਦਾ ਵਿਰੋਧ ਕੀਤਾ।

ਪਰ ਸੁੰਦਰੈਯਾ ਦੀ ਅਗਵਾਈ ਵਿੱਚ ਪਾਰਟੀ ਦੇ ਇੱਕ ਪ੍ਰਭਾਵਸ਼ਾਲੀ ਵਰਗ ਦੀ ਨਜ਼ਰ ਵਿੱਚ ਇਸ ਮਾਮਲੇ 'ਚ ਚੀਨ ਦੀ ਕੋਈ ਗਲਤੀ ਨਹੀਂ ਸੀ।

ਵਿਦਯੁਤ ਚੱਕਰਵਰਤੀ ਆਪਣੀ ਕਿਤਾਬ 'ਇੰਡੀਅਨ ਕਮਿਊਨਿਜ਼ਮ' ਵਿੱਚ ਲਿਖਦੇ ਹਨ, ''ਸੁੰਦਰੈਯਾ ਨੇ ਨਕਸ਼ਿਆਂ ਅਤੇ ਪੁਰਾਣੇ ਕਾਗਜ਼ਾਂ ਦੇ ਆਧਾਰ 'ਤੇ ਇਸ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਚੀਨ ਦੇ ਦਾਅਵਿਆਂ ਵਿੱਚ ਸੱਚਾਈ ਹੈ।''

''ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਚੀਨੀ ਕਮਿਊਨਿਸਟ ਕਦੇ ਵੀ ਹਮਲਾਵਰ ਰੁਖ਼ ਨਹੀਂ ਅਪਣਾਉਣਗੇ ਜਦੋਂ ਕਿ ਭਾਰਤ ਦੀ ਬੁਰਜੂਆ ਸਰਕਾਰ ਸਾਮਰਾਜਵਾਦੀਆਂ ਦਾ ਸਮਰਥਨ ਲੈਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।''

''ਸਾਡਾ ਕਿਸੇ ਵੀ ਹਾਲਤ ਵਿੱਚ ਨਹਿਰੂ ਦੀ ਪ੍ਰਤੀਕਿਰਿਆਵਾਦੀ ਸਰਕਾਰ ਦੇ ਪਿੱਛੇ ਖੜ੍ਹੇ ਹੋਣ ਦਾ ਸਵਾਲ ਨਹੀਂ ਉੱਠਦਾ। ਸੀਪੀਆਈ ਨੇ ਹਮੇਸ਼ਾਂ ਉਨ੍ਹਾਂ ਦਾ ਵਿਰੋਧ ਅਤੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦਾ ਯਤਨ ਕੀਤਾ ਹੈ। ''

''ਇਸ ਮੁਹਿੰਮ ਵਿੱਚ ਉਨ੍ਹਾਂ ਨੂੰ ਬੀਟੀ ਰਣਦਿਵੇ, ਐੱਮ ਬਾਸਵਪੁਨੈਯਾ, ਪ੍ਰਮੋਦ ਦਾਸਗੁਪਤਾ ਅਤੇ ਹਰਕਿਸ਼ਨ ਸਿੰਘ ਸੁਰਜੀਤ ਦਾ ਸਮਰਥਨ ਮਿਲਿਆ। ਅਜੇ ਘੋਸ਼ ਨੇ ਸੁੰਦਰੈਯਾ ਦੀਆਂ ਦਲੀਲਾਂ ਦਾ ਵਿਰੋਧ ਕੀਤਾ ਅਤੇ ਰਾਜੇਸ਼ਵਰ ਰਾਓ, ਭੂਪੇਸ਼ ਗੁਪਤ, ਐੱਮਐੱਨ ਗੋਵਿੰਦਨ ਨਾਇਰ ਅਤੇ ਅਚਯੁਤ ਮੈਨਨ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਹੋ ਗਏ।''

ਅੰਮ੍ਰਿਤ ਡਾਂਗੇ ਖੁੱਲ੍ਹੇਆਮ ਚੀਨੀਆਂ ਦੇ ਵਿਰੋਧ ਵਿੱਚ ਉਤਰੇ

ਭਾਰਤ 'ਤੇ ਚੀਨ ਦੇ ਹਮਲੇ ਦੇ ਤੁਰੰਤ ਬਾਅਦ ਈਐੱਮਐੱਸ ਨੰਬੂਦਰੀਪਾਦ ਨੇ ਇੱਕ ਪੱਤਰਕਾਰ ਸੰਮੇਲਨ ਬੁਲਾਇਆ।

ਕਾਮਰੇਡ ਸ਼੍ਰੀਪਦ ਅਮ੍ਰਿਤ ਡਾਂਗੇ

ਤਸਵੀਰ ਸਰੋਤ, eparlib.nic.in

ਤਸਵੀਰ ਕੈਪਸ਼ਨ, ਕਾਮਰੇਡ ਸ਼੍ਰੀਪਦ ਅਮ੍ਰਿਤ ਡਾਂਗੇ

ਸ਼੍ਰੀਪਦ ਅੰਮ੍ਰਿਤ ਡਾਂਗੇ ਨੂੰ ਜੋ ਉਸ ਸਮੇਂ ਦਿੱਲੀ ਵਿੱਚ ਰਹਿ ਰਹੇ ਸਨ, ਇਸ ਬਾਰੇ ਵਿੱਚ ਕੋਈ ਸੂਚਨਾ ਨਹੀਂ ਦਿੱਤੀ ਗਈ।

ਮੋਹਿਤ ਸੇਨ ਆਪਣੀ ਆਤਮਕਥਾ 'ਏ ਟਰੈਵਲਰ ਐਂਡ ਦਿ ਰੋਡ' ਵਿੱਚ ਲਿਖਦੇ ਹਨ, ''ਪੱਤਰਕਾਰ ਸੰਮੇਲਨ ਵਿੱਚ ਪੱਤਰਕਾਰਾਂ ਨੇ ਈਐੱਮਐੱਸ ਨੂੰ ਪੁੱਛਿਆ ਤੁਸੀਂ ਚੀਨੀ ਹਮਲੇ ਬਾਰੇ ਕੀ ਸੋਚਦੇ ਹੋ? ਉਨ੍ਹਾਂ ਨੇ ਜਵਾਬ ਦਿੱਤਾ ਕਿ ਚੀਨੀ ਉਸ ਖੇਤਰ ਵਿੱਚ ਵੜੇ ਹਨ ਜਿਸ ਨੂੰ ਉਹ ਆਪਣਾ ਸਮਝਦੇ ਹਨ।''

''ਭਾਰਤੀ ਵੀ ਉਸ ਜ਼ਮੀਨ ਦੀ ਹਿਫਾਜ਼ਤ ਕਰਨ ਵਿੱਚ ਲੱਗੇ ਹਨ ਜੋ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੀ ਹੈ।''

''ਨੰਬੂਦਰੀਪਾਦ ਜਵਾਬ ਦੇ ਹੀ ਰਹੇ ਸਨ ਕਿ ਉੱਥੇ ਡਾਂਗੇ ਨੇ ਪ੍ਰਵੇਸ਼ ਕੀਤਾ ਅਤੇ ਵਿਅੰਗਮਈ ਸ਼ੈਲੀ ਵਿੱਚ ਈਐੱਮਐੱਸ ਨੂੰ ਪੁੱਛਿਆ, ਇਸ ਜ਼ਮੀਨ ਦੇ ਬਾਰੇ ਤੁਹਾਡੀ ਖੁਦ ਦੀ ਰਾਏ ਕੀ ਹੈ?''

ਇਸ ਤੋਂ ਪਹਿਲਾਂ ਕਿ ਈਐੱਮਐੱਸ ਕੋਈ ਜਵਾਬ ਦਿੰਦੇ, ਡਾਂਗੇ ਨੇ ਕਿਹਾ, ''ਚੀਨੀਆਂ ਨੇ ਨਾ ਸਿਰਫ਼ ਭਾਰਤ 'ਤੇ ਹਮਲਾ ਕੀਤਾ ਹੈ, ਬਲਕਿ ਉਸ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ।''

''ਕਮਿਊਨਿਸਟ ਦੇਸ਼ ਦੀ ਰਾਖੀ ਕਰਨ ਦੀ ਨਹਿਰੂ ਦੀ ਅਪੀਲ ਅਤੇ ਚੀਨੀਆਂ ਨੂੰ ਉਚਿਤ ਜਵਾਬ ਦੇਣ ਦਾ ਸਮਰਥਨ ਕਰਦੇ ਹਨ। ਉਸ ਦੇ ਇਸ ਬਿਆਨ ਨਾਲ ਕਮਿਊਨਿਸਟਾਂ ਦੇ ਗਲਿਆਰਿਆਂ ਵਿੱਚ ਸਨਸਨੀ ਫੈਲ ਗਈ।''

ਸੋਵੀਅਤ ਕਮਿਊਨਿਸਟ ਚੀਨ ਦੇ ਵਿਰੋਧ ਵਿੱਚ ਉਤਰੇ

ਡਾਂਗੇ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਮਾਸਕੋ ਅਤੇ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਜਾ ਕੇ ਸੋਵੀਅਤ ਕਮਿਊਨਿਸਟ ਪਾਰਟੀ ਅਤੇ ਦੁਨੀਆ ਦੀਆਂ ਦੂਜੀ ਕਮਿਊਨਿਸਟ ਪਾਰਟੀਆਂ ਨਾਲ ਗੱਲ ਕਰਕੇ ਚੀਨ ਦੀ ਲੀਡਰਸ਼ਿਪ ਦੀ ਬਹੁਤ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੇ ਸਮਰਥਨ ਵਿੱਚ ਖੜ੍ਹੇ ਹੋਣ ਦੀ ਬੇਨਤੀ ਕੀਤੀ।

ਨਿਕਿਤਾ ਖਰੁਸ਼ੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਕਿਤਾ ਖਰੁਸ਼ੇਵ

ਚੀਨ ਨੇ ਇਸ ਦੇ ਜਵਾਬ ਵਿੱਚ ਸਾਰੇ 'ਸੱਚੇ ਕਮਿਊਨਿਸਟਾਂ' ਨੂੰ ਕਿਹਾ ਕਿ ਉਹ ਨਹਿਰੂ ਦੀ ਸਰਕਾਰ ਦਾ ਨਾ ਸਿਰਫ਼ ਵਿਰੋਧ ਕਰਨ ਬਲਕਿ ਉਸ ਨੂੰ ਹਟਾਉਣ ਵਿੱਚ ਵੀ ਮਦਦ ਕਰਨ।

ਇਸ ਦੇ ਬਾਅਦ ਕਮਿਊਨਿਸਟ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਹੋਈ ਜਿਸ ਵਿੱਚ ਡਾਂਗੇ ਵੱਲੋਂ ਚੁੱਕੇ ਗਏ ਕਦਮ ਦਾ ਸਮਰਥਨ ਕੀਤਾ ਗਿਆ।

ਪਰ ਕੁਝ ਨੇਤਾਵਾਂ ਨੇ ਜਿਸ ਵਿੱਚ ਸੁੰਦਰੈਯਾ, ਪ੍ਰਮੋਦ ਦਾਸਗੁਪਤਾ ਅਤੇ ਰਣਦਿਵੇ ਸ਼ਾਮਲ ਸਨ, ਉਸ ਪ੍ਰਤਸਾਵ ਦਾ ਵਿਰੋਧ ਕੀਤਾ।

ਇਨ੍ਹਾਂ ਵਿੱਚੋਂ ਇੱਕ ਸਮੂਹ ਨਿਰਪੱਖ ਸੀ ਜੋ ਚਾਹੁੰਦਾ ਸੀ ਕਿ ਪਾਰਟੀ ਨਾ ਤਾਂ ਚੀਨੀ ਕਮਿਊਨਿਸਟਾਂ ਦਾ ਸਮਰਥਨ ਕਰੇ ਅਤੇ ਨਾ ਹੀ ਉਨ੍ਹਾਂ ਦੀ ਨਿੰਦਾ ਕਰੇ।

ਇਸ ਨੂੰ ਭੂਪੇਸ਼ ਗੁਪਤ ਅਤੇ ਨੰਬੂਦਰੀਪਾਦ ਦਾ ਸਮਰਥਨ ਪ੍ਰਾਪਤ ਸੀ। ਗੋਪਾਲ ਬੈਨਰਜੀ ਨੇ ਡਾਂਗੇ ਦੀ ਜੀਵਨੀ ਵਿੱਚ ਲਿਖਿਆ, ''ਡਾਂਗੇ ਦੀ ਸਥਿਤੀ ਉਸ ਸਮੇਂ ਹੋਰ ਮਜ਼ਬੂਤ ਹੋ ਗਈ ਜਦੋਂ ਸੋਵੀਅਤ ਖ਼ਬਰ ਏਜੰਸੀ ਤਾਸ ਵਿੱਚ ਛਪੇ ਸੰਪਾਦਕੀ ਵਿੱਚ ਚੀਨੀਆਂ ਦੀ ਬਹੁਤ ਆਲੋਚਨਾ ਦੇ ਨਾਲ-ਨਾਲ ਨਹਿਰੂ ਦੀ ਤਾਰੀਫ਼ ਕੀਤੀ ਗਈ। ਨਾਲ ਹੀ ਭਾਰਤੀ ਇਲਾਕੇ ਤੋਂ ਚੀਨ ਦੀ ਸੈਨਾ ਨੂੰ ਹਟਾਉਣ ਦੀ ਮੰਗ ਕੀਤੀ ਗਈ।''

''ਰਵਰੁਸ਼ਚੇਵ ਨੇ ਚੀਨੀ ਨੇਤਾਵਾਂ ਮਾਓ ਅਤੇ ਚੂ ਐੱਨ ਲਾਈ ਨਾਲ ਸੰਪਰਕ ਕਰਕੇ ਕਿਹਾ ਕਿ ਜੇਕਰ ਚੀਨੀ ਸੈਨਿਕ ਭਾਰਤੀ ਖੇਤਰ ਤੋਂ ਨਹੀਂ ਹਟੇ ਤਾਂ ਉਹ ਚੀਨ ਨੂੰ ਤੇਲ ਦੀ ਸਪਲਾਈ ਰੋਕ ਦੇਣਗੇ। ਸੋਵੀਅਤ ਧਮਕੀ ਦੀ ਵਜ੍ਹਾ ਨਾਲ ਹੀ ਚੀਨ ਨੇ ਇੱਕਪਾਸੜ ਯੁੱਧਵਿਰਾਮ ਦਾ ਐਲਾਨ ਕਰ ਦਿੱਤਾ।''

ਚੀਨ ਦੀ ਸਲਾਹ 'ਤੇ ਪਾਰਟੀ ਵਿੱਚ ਵੰਡ

ਡਾਂਗੇ ਦੇ ਰੁਖ਼ ਨਾਲ ਅਸਹਿਮਤੀ ਰੱਖਣ ਵਾਲੇ ਕੁਝ ਨੇਤਾਵਾਂ ਨੇ ਬਾਅਦ ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ ਗਠਨ ਕੀਤਾ। ਉਹ ਆਪਣੇ ਇਸ ਵਿਚਾਰ 'ਤੇ ਕਾਇਮ ਰਹੇ ਕਿ ਚੀਨ ਨੇ ਭਾਰਤ 'ਤੇ ਹਮਲਾ ਕਰਕੇ ਕੋਈ ਗਲਤੀ ਨਹੀਂ ਕੀਤੀ ਹੈ।

ਡੇਂਗ ਜ਼ਿਆਂਗੋ ਪਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੇਂਗ ਜ਼ਿਆਂਗੋ ਪਿੰਗ

ਏਜੀ ਨੂਰਾਨੀ ਨੇ ਲਿਖਿਆ, ''ਚੀਨੀ ਹਮਲੇ ਦਾ ਇੱਕ ਅਸਰ ਇਹ ਹੋਇਆ ਕਿ ਕਮਿਊਨਿਸਟ ਪਾਰਟੀ ਦਾ ਇੱਕ ਵਰਗ ਕੱਟੜਪੁਣੇ ਤੋਂ ਹਟ ਕੇ ਰਾਸ਼ਟਰਵਾਦ ਵੱਲ ਵਧਿਆ ਹੈ ਜਦੋਂਕਿ ਦੂਜੇ ਵਰਗ ਨੇ ਨਾ ਤਾਂ ਕੱਟੜ ਵਿਚਾਰਧਾਰਾ ਦਾ ਤਿਆਗ ਕੀਤਾ, ਬਲਕਿ ਪਾਰਟੀ ਵਿੱਚ 'ਬੁਰਜੂਆ ਰਾਸ਼ਟਰਵਾਦ' ਦੇ ਪ੍ਰਤੀਨਿਧੀਆਂ ਦਾ ਸਖ਼ਤ ਵਿਰੋਧ ਕਰਨਾ ਜਾਰੀ ਰੱਖਿਆ।''

ਕਮਿਊਨਿਸਟ ਪਾਰਟੀ ਦੇ ਇੱਕ ਵੱਡੇ ਨੇਤਾ ਹਰੇਕ੍ਰਿਸ਼ਨ ਕੋਨਾਰ ਚੀਨੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨੂੰ ਮਿਲਣ ਚੀਨ ਗਏ। ਉੱਥੇ ਚੀਨੀਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਪਾਰਟੀ ਵਿੱਚ ਵੰਡ ਹੋ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਮਾਓ ਦਾ ਹਵਾਲਾ ਦਿੰਦੇ ਹੋਏ ਕਿਹਾ, ''ਇੱਕ ਨੂੰ ਹਮੇਸ਼ਾਂ ਦੋ ਹੋ ਜਾਣਾ ਚਾਹੀਦਾ ਹੈ, ਦੋ ਕਦੇ ਇੱਕ ਨਹੀਂ ਹੋ ਸਕਦਾ।''

ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਦੇ ਹੋਏ ਈਐਮਐਸ ਨੰਬੂਦਰੀਪਾਦ

ਤਸਵੀਰ ਸਰੋਤ, gad.kerala.gov.in

ਤਸਵੀਰ ਕੈਪਸ਼ਨ, ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਦੇ ਹੋਏ ਈਐਮਐਸ ਨੰਬੂਦਰੀਪਾਦ

ਸਾਲ 1964 ਵਿੱਚ ਪਾਰਟੀ ਵਿੱਚ ਹੋਈ ਵੰਡ ਦੇ ਬਾਅਦ ਕਈ ਲੋਕਾਂ ਨੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਬਣਾ ਲਈ। ਪੱਛਮੀ ਬੰਗਾਲ ਅਤੇ ਕੇਰਲ ਦੇ ਜ਼ਿਆਦਾਤਰ ਨੇਤਾ ਉਨ੍ਹਾਂ ਨਾਲ ਗਏ। ਆਂਧਰਾ ਪ੍ਰਦੇਸ਼ ਵਿੱਚ ਲਗਭਗ ਅੱਧੇ ਲੋਕ ਸੀਪੀਐੱਮ ਵਿੱਚ ਚਲੇ ਗਏ।

ਦੋਵੇਂ ਪੱਖਾਂ ਵਿੱਚ ਕੁਝ ਨੇਤਾ ਜਿਵੇਂ ਭੂਪੇਸ਼ ਗੁਪਤ ਅਤੇ ਨੰਬੂਦਰੀਪਾਦ ਵੰਡ ਨਹੀਂ ਚਾਹੁੰਦੇ ਸਨ। ਵਿਚਾਰਕ ਰੂਪ ਨਾਲ ਨੰਬੂਦਰੀਪਾਦ ਵੰਡ ਦੇ ਖਿਲਾਫ਼ ਸਨ, ਪਰ ਡਾਂਗੇ ਨਾਲ ਉਨ੍ਹਾਂ ਦੀ ਦੁਸ਼ਮਣੀ ਉਨ੍ਹਾਂ ਨੂੰ ਦੂਜੀ ਪਾਰਟੀ ਵਿੱਚ ਲੈ ਗਈ।

ਏ.ਕੇ. ਗੋਪਾਲਨ ਦੀ ਵਿਚਾਰਧਾਰਾ ਰਾਸ਼ਟਰਵਾਦੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਉਹੀ ਪਾਰਟੀ ਚੁਣੀ ਜੋ ਉਨ੍ਹਾਂ ਦੇ ਨੇਤਾ ਨੰਬੂਦਰੀਪਾਦ ਨੇ।

ਉੱਧਰ ਡੇਂਗ ਜ਼ਿਆਓ ਪਿੰਗ ਦੀ ਅਗਵਾਈ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਮਾਓ ਵੱਲੋਂ ਲਏ ਗਏ ਕਈ ਫੈਸਲਿਆਂ ਨੂੰ ਉਲਟਾ ਦਿੱਤਾ, ਪਰ ਭਾਰਤ ਨਾਲ ਟਕਰਾਅ ਬਾਰੇ ਉਸ ਦਾ ਅਧਿਕਾਰਕ ਰੁਖ਼ ਉਹੀ ਰਿਹਾ ਜੋ ਮਾਓ ਦੇ ਜ਼ਮਾਨੇ ਵਿੱਚ ਸੀ ਕਿ 'ਭਾਰਤ ਨੂੰ ਸਬਕ ਸਿਖਾਇਆ ਜਾਣਾ ਸੀ'।

ਇਹ ਵੀ ਪੜ੍ਹੋ:

ਇਹ ਵੀ ਵੇਖੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)