ਚੀਨੀ ਕਮਿਊਨਿਸਟ ਪਾਰਟੀ ਦੇ 100 ਸਾਲ : ਕਮਿਊਨਿਸਟ ਪਾਰਟੀ ਚੀਨ ਵਿੱਚ ਸੱਤਾ ਕਿਵੇਂ ਚਲਾਉਂਦੀ ਹੈ

1 ਅਕਤੂਬਰ, 1949 ਤੋਂ ਚੀਨ 'ਚ ਇੱਕ ਹੀ ਪਾਰਟੀ ਸੱਤਾ 'ਤੇ ਕਾਬਜ ਹੈ, ਉਹ ਹੈ- ਚੀਨ ਦੀ ਕਮਿਊਨਿਸਟ ਪਾਰਟੀ।

ਪਾਰਟੀ ਨੇ ਪ੍ਰਧਾਨ ਮਾਓ ਦੇ ਦੌਰ ਤੋਂ ਹੀ ਦੇਸ਼ ਨੂੰ ਅੱਜ ਦੀ ਮੌਜੂਦਾ ਆਰਥਿਕ ਮਹਾਂਸ਼ਕਤੀ ਬਣਨ ਦੀ ਅਗਵਾਈ ਕੀਤੀ ਹੈ, ਪਰ ਇਸ ਦੇ ਰਾਹ 'ਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਅਤੇ ਅਸਹਿਮਤੀ ਨੂੰ ਸਵੀਕਾਰ ਨਾ ਕੀਤਾ ਗਿਆ।

ਜਿਵੇਂ ਕਿ ਪੀਪਲਜ਼ ਰਿਪਬਲਿਕ ਆਫ਼ ਚੀਨ ਆਪਣੀ 70ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਆਓ ਜਾਣੀਏ ਕਿ ਪਾਰਟੀ ਨੇ ਕੀ ਭੂਮਿਕਾ ਨਿਭਾਈ ਅਤੇ ਕਿਵੇਂ ਦੇਸ਼ ਨੂੰ ਚਲਾਇਆ ਹੈ।

ਜੇ ਤੁਸੀਂ ਜਲਦੀ 'ਚ ਹੋ ਤਾਂ ਤੁਸੀਂ ਸਿਰਫ 100 ਸ਼ਬਦਾਂ 'ਚ ਇਸ ਨੂੰ ਪੜ੍ਹ ਸਕਦੇ ਹੋ ਪਰ ਜੇ ਤੁਹਾਡੇ ਕੋਲ ਪੜ੍ਹਣ ਲਈ ਸਮਾਂ ਹੈ ਤਾਂ ਤੁਸੀਂ 600 ਸ਼ਬਦਾਂ 'ਚ ਪੜ੍ਹ ਸਕਦੇ ਹੋ।

ਇਹ ਵੀ ਪੜ੍ਹੋ:

ਚੀਨ ਦੀ ਕਮਿਊਨਿਸਟ ਪਾਰਟੀ ਦਾ ਪੂਰੇ ਦੇਸ਼ 'ਤੇ ਦਬਦਬਾ ਹੈ। ਪਾਰਟੀ, ਸਰਕਾਰ ਤੋਂ ਲੈ ਕੇ ਪੁਲਿਸ ਅਤੇ ਫੌਜ 'ਤੇ ਵੀ ਆਪਣਾ ਹੁਕਮ ਚਲਾਉਂਦੀ ਹੈ।

ਇਸ ਦੇ ਤਕਰੀਬਨ 90 ਮਿਲੀਅਨ ਮੈਂਬਰ ਹਨ ਅਤੇ ਇਸ ਨੂੰ ਪਿਰਾਮਿਡ ਦੀ ਤਰ੍ਹਾਂ ਆਯੋਜਿਤ ਕੀਤਾ ਗਿਆ ਹੈ, ਜਿਸ 'ਚ ਪੋਲਿਟ ਬਿਊਰੋ ਅਤੇ ਆਖਰਕਾਰ ਰਾਸ਼ਟਰਪਤੀ ਸ਼ੀ ਜਿਨਪਿੰਗ ਸਭ ਤੋਂ ਉੱਪਰ ਹੈ।

ਦੇਸ਼ 'ਚ ਇੱਕ ਸੰਸਦ ਹੈ, ਜਿਸ ਨੂੰ ਕਿ ਨੈਸ਼ਨਲ ਪੀਪਲਜ਼ ਕਾਂਗਰਸ ਕਿਹਾ ਜਾਂਦਾ ਹੈ। ਇਹ ਪਾਰਟੀ ਲੀਡਰਸ਼ਿਪ ਵੱਲੋਂ ਲਏ ਗਏ ਫ਼ੈਸਲਿਆਂ 'ਤੇ ਮੋਹਰ ਲਗਾਉਂਦੀ ਹੈ।

ਮਤਭੇਦ ਅਤੇ ਵਿਰੋਧ ਨੂੰ ਦਬਾਉਣ ਲਈ ਪਾਰਟੀ ਦੀ ਮੀਡੀਆ ਅਤੇ ਇੰਟਰਨੈੱਟ 'ਤੇ ਵੀ ਸਖ਼ਤ ਪਕੜ ਹੈ।

ਚੀਨ ਨਾਲ ਪਿਆਰ ਦਾ ਮਤਲਬ ਪਾਰਟੀ ਨਾਲ ਪਿਆਰ ਹੈ, ਜਦਕਿ ਸਰਕਾਰ ਦੇ ਵਧੇਰੇ ਬਹੁਲਵਾਦੀ ਅਤੇ ਲੋਕਤੰਤਰਿਕ ਮਾਡਲਾਂ ਨੂੰ ਰਾਸ਼ਟਰੀ ਏਕਤਾ ਅਤੇ ਵਿਕਾਸ ਦੇ ਲਈ ਖਾਰਜ ਕਰ ਦਿੱਤਾ ਗਿਆ ਹੈ।

ਚੀਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਪਾਰਟੀ ਵਾਲੀ ਸਰਕਾਰ ਹੈ।

ਕਮਿਊਨਿਸਟ ਪਾਰਟੀ ਦੀ ਪ੍ਰਮੁੱਖ ਭੂਮਿਕਾ ਸੰਵਿਧਾਨ 'ਚ ਦਰਜ ਹੈ। ਭਾਵੇਂ ਕਿ ਦੇਸ਼ 'ਚ ਹੋਰ ਕਈ ਛੋਟੀਆਂ ਪਾਰਟੀਆਂ ਵੀ ਮੌਜੂਦ ਹਨ, ਪਰ ਉਹ ਸਾਰੀਆਂ ਕਮਿਊਨਿਸਟ ਪਾਰਟੀ ਦਾ ਸਮਰਥਨ ਕਰਨ ਲਈ ਮਜਬੂਰ ਹਨ।

ਪਾਰਟੀ ਦੇ ਬਾਨੀ ਮਾਓ ਜ਼ੇਦੋਂਗ ਦੇ ਅਧੀਨ ਪਾਰਟੀ ਨੇ ਸਖ਼ਤ ਤਾਨਾਸ਼ਾਹੀ ਸਮਾਜਵਾਦ ਲਾਗੂ ਕੀਤਾ ਸੀ। ਫਿਰ ਵੀ ਮਹਾਨ ਲੀਪ ਫਾਰਵਰਡ ਦੀ ਆਰਥਿਕ ਅਸਫ਼ਲਤਾ ਅਤੇ ਸੱਭਿਆਚਾਰਕ ਕ੍ਰਾਂਤੀ ਅਤੇ ਕਾਲ ਦੇਸ਼ ਭਰ 'ਚ ਲੱਖਾਂ ਹੀ ਲੋਕਾਂ ਦੀ ਮੌਤ ਦਾ ਕਾਰਨ ਬਣਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

1976 'ਚ ਮਾਓ ਦੀ ਮੌਤ ਤੋਂ ਬਾਅਦ ਡੇਂਗ ਜ਼ਿਆਓਪਿੰਗ ਵੱਲੋਂ ਕੀਤੇ ਗਏ ਸੁਧਾਰਾਂ ਦੇ ਕਾਰਨ ਦੇਸ਼ ਹੌਲੀ-ਹੌਲੀ ਇਸ ਖੜੋਤ ਤੋਂ ਬਾਹਰ ਆਉਣਾ ਸ਼ੁਰੂ ਹੋਇਆ। ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਸਾਲ 2012 'ਚ ਸੱਤਾ 'ਚ ਆਏ ਸਨ ਅਤੇ ਉਦੋਂ ਤੋਂ ਹੀ ਚੀਨ ਵਿਸ਼ਵਵਿਆਪੀ ਸੁਪਰ ਪਾਵਰ ਵੱਜੋਂ ਉਭਰ ਕੇ ਸਾਹਮਣੇ ਆਇਆ ਹੈ।

ਇੱਕ ਪਿਰਾਮਿਡ ਉੱਪਰ ਤੋਂ ਹੇਠਾਂ ਤੱਕ ਸਭ ਕੰਟਰੋਲ ਕਰਦਾ ਹੈ

ਦੇਸ਼ ਦੀ ਲਗਭਗ 7% ਆਬਾਦੀ ਇਸ ਪਾਰਟੀ ਦੀ ਮੈਂਬਰ ਹੈ। ਜੋ ਲੋਕ ਰਾਜਨੀਤੀ, ਵਪਾਰ ਜਾਂ ਫਿਰ ਮਨੋਰੰਜਨ ਦੀ ਦੁਨੀਆ 'ਚ ਆਪਣਾ ਨਾਮ ਰੌਸ਼ਨ ਕਰਨ ਦੀ ਖਾਹਿਸ਼ ਰੱਖਦੇ ਹਨ ਉਨ੍ਹਾਂ ਲਈ ਵਫ਼ਾਦਾਰ ਮੈਂਬਰਸ਼ਿਪ ਬਹੁਤ ਜ਼ਰੂਰੀ ਹੈ। ਇਹ ਸਭ ਈ-ਕਮਰਸ ਦਿੱਗਜ ਅਲੀਬਾਬਾ ਦੇ ਜੈਕ ਮਾ, ਦੂਰਸੰਚਾਰ ਕੰਪਨੀ ਹੁਆਵੇਈ ਦੇ ਸੰਸਥਾਪਕ ਰੇਨ ਜ਼ੇਗਫੇਈ ਜਾਂ ਫਿਰ ਫੈਨ ਬਿੰਗਬਿੰਗ ਵਰਗੀ ਮਸ਼ਹੂਰ ਅਦਾਕਾਰਾ 'ਤੇ ਵੀ ਲਾਗੂ ਹੁੰਦਾ ਹੈ।

ਜੇ ਉਹ ਪਾਰਟੀ ਆਦਰਸ਼ਾਂ ਦੇ ਵਿਰੁੱਧ ਕੁਝ ਕਰਦੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਗੁਪਤ ਨਜ਼ਰਬੰਦੀ ਅਤੇ ਜੁਰਮ ਤੋਂ ਬਚਾਉਣ ਲਈ ਜਨਤਕ ਮੁਆਫ਼ੀ ਮੰਗਣੀ ਪੈਂਦੀ ਹੈ। ਪਿਛਲੇ ਸਾਲ ਅਦਾਕਾਰਾ ਫੈਨ ਨੂੰ ਅਜਿਹਾ ਕਰਨਾ ਪਿਆ ਸੀ।

ਸਥਾਨਕ ਪੱਧਰ ਤੋਂ ਸ਼ੁਰੂ ਕਰਦਿਆਂ, ਪਾਰਟੀ ਸੰਗਠਨ ਅਗਵਾਈ ਲਈ ਉੱਚ ਪੱਧਰੀ ਸੰਸਥਾਵਾਂ ਦੀ ਚੋਣ ਕਰਦੇ ਹਨ। ਨੈਸ਼ਨਲ ਪਾਰਟੀ ਕਾਂਗਰਸ ਇਕ ਕੇਂਦਰੀ ਕਮੇਟੀ ਦੀ ਚੋਣ ਕਰਦੀ ਹੈ, ਜੋ ਬਾਅਦ 'ਚ ਪੋਲਿਟ ਬਿਊਰੋ ਦੀ ਚੋਣ ਕਰਦੀ ਹੈ।

ਇਹ ਚੋਣਾਂ ਆਮ ਤੌਰ 'ਤੇ ਪਹਿਲਾਂ ਤੋਂ ਹੀ ਨਿਰਧਾਰਤ ਅਤੇ ਮਨਜ਼ੂਰ ਹੁੰਦੀਆਂ ਹਨ ਅਤੇ ਅਸਲ ਸ਼ਕਤੀਆਂ ਪੋਲਿਟ ਬਿਊਰੋ ਕੋਲ ਹੁੰਦੀਆਂ ਹਨ।

ਇਹ ਵੀ ਪੜ੍ਹੋ:

ਸਭ ਤੋਂ ਉੱਪਰ ਰਾਸ਼ਟਰਪਤੀ ਸ਼ੀ ਹਨ। ਸਾਲ 2017 'ਚ ਪਾਰਟੀ ਨੇ ਉਨ੍ਹਾਂ ਦੇ ਉਮਰ ਭਰ ਲਈ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ ਕਰ ਦਿੱਤਾ ਸੀ। ਪਾਰਟੀ ਨੇ ਸੰਵਿਧਾਨ 'ਚ ਉਨ੍ਹਾਂ ਦੇ ਨਾਮ ਅਤੇ ਵਿਚਾਰਧਾਰਾ ਨੂੰ ਸਥਾਪਤ ਕਰਨ ਲਈ ਵੀ ਵੋਟ ਪਾਈ, ਜਿਸ ਨਾਲ ਕਿ ਸ਼ੀ ਨੂੰ ਪਾਰਟੀ ਦੇ ਸੰਸਥਾਪਕ ਮਾਓ ਦੇ ਪੱਧਰ ਤੱਕ ਪਹੁੰਚਾ ਦਿੱਤਾ ਗਿਆ।

ਸਰਬ ਸ਼ਕਤੀਮਾਨ ਪੋਲਿਟ ਬਿਊਰੋ

ਕਮਿਊਨਿਸਟ ਪਾਰਟੀ ਦੇਸ਼ ਦੀ ਸਰਕਾਰ ਤੋਂ ਲੈ ਕੇ ਪੁਲਿਸ ਅਤੇ ਫੌਜ 'ਤੇ ਵੀ ਆਪਣਾ ਕੰਟਰੋਲ ਰੱਖਦੀ ਹੈ।

ਸਭ ਤੋਂ ਉੱਪਰ ਪੋਲਿਟ ਬਿਊਰੋ ਯਕੀਨੀ ਬਣਾਉਂਦਾ ਹੈ ਕਿ ਪਾਰਟੀ ਲਾਈਨ ਬਰਕਰਾਰ ਰਹੇ ਅਤੇ ਹੋਰ ਤਿੰਨ ਮਹੱਤਵਪੂਰਨ ਸੰਸਥਾਵਾਂ ਨੂੰ ਕੰਟਰੋਲ ਕਰਦਾ ਹੈ-

  • ਰਾਜ ਕੌਂਸਲ
  • ਕੇਂਦਰੀ ਮਿਲਟਰੀ ਕਮਿਸ਼ਨ
  • ਨੈਸ਼ਨਲ ਪੀਪਲਜ਼ ਕਾਂਗਰਸ ਜਾਂ ਸੰਸਦ

ਰਾਜ ਕੌਂਸਲ ਇਕ ਸਰਕਾਰ ਹੈ, ਜਿਸ ਦੀ ਅਗਵਾਈ ਪ੍ਰੀਮਿਅਰ ਵੱਲੋਂ ਕੀਤੀ ਜਾਂਦੀ ਹੈ ਅਤੇ ਇਹ ਅਹੁਦਾ ਰਾਸ਼ਟਰਪਤੀ ਦੇ ਅਹੁਦੇ ਤੋਂ ਬਾਅਦ ਦੂਜਾ ਅਹਿਮ ਅਹੁਦਾ ਹੈ। ਮੌਜੂਦਾ ਸਮੇਂ ਇਸ ਅਹੁਦੇ 'ਤੇ ਲੀ ਕੇਕਿਯਾਂਗ ਸੇਵਾਵਾਂ ਨਿਭਾ ਰਹੇ ਹਨ।

ਇਸ ਦੀ ਭੂਮਿਕਾ ਦੇਸ਼ ਭਰ 'ਚ ਪਾਰਟੀ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਹੈ। ਉਦਾਹਰਣ ਦੇ ਤੌਰ 'ਤੇ ਰਾਸ਼ਟਰੀ ਆਰਥਿਕ ਯੋਜਨਾ ਅਤੇ ਰਾਜ ਦੇ ਬਜਟ ਦਾ ਪ੍ਰਬੰਧਨ ਕਰਨਾ।

ਮਿਲਟਰੀ ਅਤੇ ਪਾਰਟੀ ਦਰਮਿਆਨ ਸੰਬੰਧ ਦੂਜੇ ਵਿਸ਼ਵ ਯੁੱਧ ਅਤੇ ਉਸ ਤੋਂ ਬਾਅਦ ਘਰੇਲੂ ਜੰਗ ਤੋਂ ਹੈ। ਇੰਨ੍ਹਾਂ ਨਜ਼ਦੀਕੀ ਸੰਬੰਧਾਂ ਨੂੰ ਕੇਂਦਰੀ ਮਿਲਟਰੀ ਕਮਿਸ਼ਨ ਵੱਲੋਂ ਸੰਸਥਾਗਤ ਰੂਪ ਦਿੱਤਾ ਗਿਆ ਹੈ। ਕੇਂਦਰੀ ਮਿਲਟਰੀ ਕਮਿਸ਼ਨ ਚੀਨੀ ਹਥਿਆਰਬੰਦ ਸੈਨਾਵਾਂ ਦੀ ਅਗਵਾਈ ਕਰਦਾ ਹੈ।

ਇਸ ਦਾ ਦੇਸ਼ ਦੇ ਪਰਮਾਣੂ ਹਥਿਆਰਾਂ ਅਤੇ ਇਸ ਦੇ 20 ਮਿਲੀਅਨ ਤੋਂ ਵੱਧ ਸੈਨਿਕਾਂ, ਜੋ ਕਿ ਵਿਸ਼ਵ ਦੀ ਸਭ ਤੋਂ ਵੱਡੀ ਫੌਜ ਹੈ, 'ਤੇ ਕੰਟਰੋਲ ਹੈ।

ਲੋਕਾਂ ਦੀ ਰਾਏ 'ਤੇ ਮਜ਼ਬੂਤ ਪਕੜ

ਕਮਿਊਨਿਸਟ ਪਾਰਟੀ ਅਸਹਿਮਤੀ ਬਿਲਕੁਲ ਵੀ ਸਵੀਕਾਰ ਨਹੀਂ ਕਰਦੀ ਹੈ। ਕੋਈ ਵੀ ਮਜਬੂਤ ਜਾਂ ਸੱਚੇ ਵਿਰੋਧੀ ਧਿਰਾਂ ਨੂੰ ਅੱਗੇ ਆਉਣ ਦੀ ਮਨਜ਼ੂਰੀ ਨਹੀਂ ਹੈ ਅਤੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਸਜ਼ਾ ਦਾ ਜੋਖਮ ਲੈਂਦੇ ਹਨ।

ਰਾਸ਼ਟਰਪਤੀ ਸ਼ੀ ਦੇ ਕਾਰਜਕਾਲ ਅਧੀਨ ਅਧਿਕਾਰੀਆਂ ਦੇ ਖ਼ਿਲਾਫ਼ ਬੋਲਣ ਵਾਲਿਆਂ 'ਤੇ ਜ਼ੁਲਮ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਮਿਲਦਾ ਹੈ ਅਤੇ ਮਨੁੱਖੀ ਅਧਿਕਾਰਾਂ 'ਤੇ ਕਾਰਵਾਈ ਤੇਜ਼ ਹੋ ਗਈ ਹੈ।

ਉੱਚ ਅਹੁਦੇ 'ਤੇ ਬਿਰਾਜਮਾਨ ਮੈਂਬਰ ਵੀ ਇਸ ਕਾਰਵਾਈ ਤੋਂ ਨਹੀਂ ਬੱਚ ਪਾਉਂਦੇ। ਬੋ ਜ਼ਿਲਾਈ ਜੋ ਕਿ ਇਕ ਸ਼ਕਤੀਸ਼ਾਲੀ ਖੇਤਰੀ ਪਾਰਟੀ ਦੇ ਮੁੱਖੀ ਸਨ। ਸਾਲ 2013 'ਚ ਉਹ ਇੱਕ ਸ਼ੋਅ ਟਰਾਇਲ ਦੌਰਾਨ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਲਈ ਦੋਸ਼ੀ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਚੀਨ ਹਮੇਸ਼ਾ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਦਾ ਹੈ ਅਤੇ ਮਤਭੇਦ ਖਿਲਾਫ ਬੋਲਣ ਵਾਲਿਆਂ ਨੂੰ ਦਬਾਉਣ ਦੀ ਆਪਣੀ ਸਖ਼ਤ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਦਲੀਲ ਦਿੰਦਾ ਹੈ ਕਿ ਲੱਖਾਂ ਲੋਕਾਂ ਨੂੰ ਗਰੀਬੀ 'ਚੋਂ ਬਾਹਰ ਕੱਢਣਾ ਵਿਅਕਤੀਗਤ ਆਜ਼ਾਦੀ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਚੀਨ 'ਚ ਮੀਡੀਆ ਅਤੇ ਇੰਟਰਨੈੱਟ, ਜਿਸ 'ਚ ਸੋਸ਼ਲ ਮੀਡੀਆ ਵੀ ਸ਼ਾਮਲ ਹੈ, 'ਤੇ ਸਖ਼ਤ ਕੰਟਰੋਲ ਹੈ। ਦੇਸ਼ ਦਾ 'ਗ੍ਰੇਟ ਫਾਇਰਵਾਲ' ਇੰਟਰਨੈੱਟ ਸੈਂਸਰਸ਼ਿਪ ਕਈ ਪੱਛਮੀ ਨਿਊਜ਼ ਵੈਬਸਾਈਟਾਂ ਦੇ ਨਾਲ-ਨਾਲ ਗੂਗਲ, ਫੇਸਬੁੱਕ, ਯੂਟਿਊਬ ਅਤੇ ਟਵਿੱਟਰ 'ਤੇ ਪਹੁੰਚ ਨੂੰ ਕੰਟਰੋਲ ਕਰਦਾ ਹੈ।

ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਡਿਜੀਟਲੀਕਰਨ ਪਾਰਟੀ ਨੂੰ ਸਮਾਜਿਕ ਉਧਾਰ ਪ੍ਰਣਾਲੀ ਦੀਆਂ ਯੋਜਨਾਵਾਂ 'ਚ ਉੱਨਤ ਨਿਗਰਾਨੀ ਤਕਨੀਕਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੰਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)