You’re viewing a text-only version of this website that uses less data. View the main version of the website including all images and videos.
ਨਰਸਿਮ੍ਹਾ ਰਾਓ ਨੇ ਮਨਮੋਹਨ ਸਿੰਘ ਨੂੰ ਕਿਵੇਂ ਵਿੱਤ ਮੰਤਰੀ ਬਣਨ ਲਈ ਮਨਾਇਆ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ, ਪੱਤਰਕਾਰ
20 ਜੂਨ 1991 ਦੀ ਸ਼ਾਮ ਨੂੰ ਕੈਬਨਿਟ ਸਕੱਤਰ ਨਰੇਸ਼ ਚੰਦਰ ਨੇ ਨਵੇਂ ਨਿਯੁਕਤ ਹੋਏ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅੱਠ ਪੰਨ੍ਹਿਆਂ ਦਾ ਇੱਕ ਟੋਪ ਸੀਕ੍ਰਿਟ ਨੋਟ ਦਿੱਤਾ।
ਇਸ ਨੋਟ 'ਚ ਕਿਹਾ ਗਿਆ ਸੀ ਕਿ ਕਿਹੜੇ ਕੰਮਾਂ ਵੱਲ ਪ੍ਰਧਾਨ ਮੰਤਰੀ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਜਦੋਂ ਰਾਓ ਨੇ ਉਸ ਨੋਟ ਨੂੰ ਪੜ੍ਹਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ।
ਇਹ ਵੀ ਪੜ੍ਹੋ-
ਉਨ੍ਹਾਂ ਦੀ ਪਹਿਲੀ ਟਿੱਪਣੀ ਸੀ 'ਕੀ ਭਾਰਤ ਦੀ ਆਰਥਿਕ ਸਥਿਤੀ ਇੰਨ੍ਹੀ ਮਾੜੀ ਹੈ?' ਨਰੇਸ਼ ਚੰਦਰ ਦਾ ਜਵਾਬ ਸੀ, 'ਨਹੀਂ ਸਰ, ਅਸਲ 'ਚ ਇਸ ਤੋਂ ਵੀ ਕਿਤੇ ਵੱਧ।'
ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਸਥਿਤੀ ਇਹ ਸੀ ਕਿ ਅਗਸਤ 1990 ਤੱਕ ਸਿਰਫ਼ 3 ਅਰਬ 11 ਕਰੋੜ ਡਾਲਰ ਹੀ ਰਹਿ ਗਿਆ ਸੀ।
ਜਨਵਰੀ, 1991 'ਚ ਭਾਰਤ ਕੋਲ ਸਿਰਫ 89 ਕਰੋੜ ਡਾਲਰ ਦੀ ਵਿਦੇਸ਼ੀ ਮੁਦਰਾ ਹੀ ਬਚੀ ਸੀ।
ਸਿੱਧੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਭਾਰਤ ਕੋਲ ਸਿਰਫ ਦੋ ਹਫ਼ਤਿਆਂ ਦੇ ਆਯਾਤ ਲਈ ਹੀ ਵਿਦੇਸ਼ੀ ਮੁਦਰਾ ਬਚੀ ਹੋਈ ਸੀ।
ਇਸ ਦਾ ਮੁੱਖ ਕਾਰਨ ਸੀ 1990 ਦੀ ਖਾੜੀ ਜੰਗ ਕਾਰਨ ਤੇਲ ਦੀਆਂ ਵਧੀਆ ਕੀਮਤਾਂ, ਜੋ ਕਿ ਤਿੰਨ ਗੁਣਾ ਵੱਧ ਗਈਆਂ ਸਨ।
ਇਸ ਦਾ ਦੂਜਾ ਕਾਰਨ ਸੀ ਕੁਵੈਤ 'ਤੇ ਇਰਾਕ ਵੱਲੋਂ ਕੀਤੇ ਹਮਲੇ ਦੇ ਕਾਰਨ ਭਾਰਤ ਨੂੰ ਆਪਣੇ ਹਜ਼ਾਰਾਂ ਹੀ ਮਜ਼ਦੂਰਾਂ ਨੂੰ ਵਾਪਸ ਭਾਰਤ ਲਿਆਉਣਾ ਪਿਆ ਸੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਵੱਲੋਂ ਭੇਜੀ ਜਾਣ ਵਾਲੀ ਵਿਦੇਸ਼ੀ ਮੁਦਰਾ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ ਸੀ।
ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤਿਕ ਅਸਥਿਰਤਾ ਅਤੇ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਉਭਰੇ ਜਨਤਕ ਰੋਸ ਨੇ ਅਰਥਵਿਵਸਥਾ ਨੂੰ ਡੋਬਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ।
ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਨ ਲਈ ਮਨਾਇਆ
ਉਸੇ ਸਮੇਂ ਹੀ ਪ੍ਰਵਾਸੀ ਭਾਰਤੀਆਂ ਨੇ ਭਾਰਤੀ ਬੈਂਕਾਂ 'ਚੋਂ ਆਪਣੇ ਪੈਸੇ ਵਾਪਸ ਕੱਢਣੇ ਸ਼ੁਰੂ ਕਰ ਦਿੱਤੇ ਸਨ।
ਇਸ ਤੋਂ ਇਲਾਵਾ 80 ਦੇ ਦਹਾਕੇ 'ਚ ਭਾਰਤ ਵੱਲੋਂ ਲਏ ਗਏ ਐਮਰਜੈਂਸੀ ਕਰਜੇ ਦੀ ਵਿਆਜ਼ ਦਰ ਵੀ ਵੱਧ ਗਈ ਸੀ।
ਅਗਸਤ 1991 ਤੱਕ ਮਹਿੰਗਾਈ ਵੀ ਵੱਧ ਕੇ 16.7% ਹੋ ਗਈ ਸੀ ਕਿਉਂਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਪ੍ਰਣਬ ਮੁਖਰਜੀ ਨੇ ਨਰਸਿਮ੍ਹਾ ਰਾਓ ਦੀ ਹਿਮਾਇਤ ਕੀਤੀ ਸੀ, ਇਸ ਲਈ ਉਹ ਉਮੀਦ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਵਿੱਤ ਮੰਤਰੀ ਬਣਾਇਆ ਜਾਵੇਗਾ।
ਉਨ੍ਹਾਂ ਨੇ ਜੈਰਾਮ ਰਮੇਸ਼ ਨਾਲ ਗੱਲਬਾਤ ਕਰਦਿਆਂ ਕਿਹਾ ਸੀ, "ਜੈਰਾਮ ਜਾਂ ਤਾਂ ਤੁਸੀਂ ਮੇਰੇ ਨਾਲ ਨੌਰਥ ਬਲਾਕ 'ਚ ਕੰਮ ਕਰੋਗੇ ਜਾਂ ਫਿਰ ਪੀਵੀ ਦੇ ਨਾਲ ਸਾਊਥ ਬਲਾਕ 'ਚ।"
ਪਰ ਨਰਸਿਮ੍ਹਾ ਰਾਓ ਦੇ ਤਾਂ ਇਰਾਦੇ ਕੁਝ ਹੋਰ ਹੀ ਸਨ।
ਉਨ੍ਹਾਂ ਨੇ ਆਪਣੇ ਦੋਸਤ ਅਤੇ ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਰਹੇ ਪੀਸੀ ਐਲਗਜ਼ੈਂਡਰ ਨੂੰ ਇਸ਼ਾਰਾ ਕੀਤਾ ਸੀ ਕਿ ਉਹ ਆਪਣੇ ਮੰਤਰੀ ਮੰਡਲ 'ਚ ਇੱਕ ਪੇਸ਼ੇਵਰ ਅਰਥ ਸ਼ਾਸਤਰੀ ਨੂੰ ਬਤੌਰ ਵਿੱਤ ਮੰਤਰੀ ਲੈਣਾ ਚਾਹੁੰਦੇ ਹਨ।
ਉਨ੍ਹਾਂ ਨੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਆਈਜੀ ਪਟੇਲ ਅਤੇ ਮਨਮੋਹਨ ਸਿੰਘ ਦਾ ਨਾਮ ਲਿਆ ਸੀ।
ਐਲਗਜ਼ੈਂਡਰ ਮਨਮੋਹਨ ਸਿੰਘ ਦੇ ਹੱਕ 'ਚ ਸਨ, ਇਸ ਲਈ ਉਨ੍ਹਾਂ ਨੂੰ ਮਨਮੋਹਨ ਸਿੰਘ ਨੂੰ ਇਸ ਅਹੁਦੇ ਦਾ ਕਾਰਜਭਾਰ ਸੰਭਾਲਣ ਲਈ ਮਨਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਐਲਗਜ਼ੈਂਡਰ ਨੇ ਆਪਣੀ ਸਵੈਜੀਵਨੀ 'Through the Corridors of Power an insider's story' 'ਚ ਲਿਖਿਆ ਸੀ, "20 ਜੂਨ ਨੂੰ ਹੀ ਮੈਂ ਮਨਮੋਹਨ ਸਿੰਘ ਦੇ ਘਰ ਫੋਨ ਕੀਤਾ।"
"ਉਨ੍ਹਾਂ ਦੇ ਨੌਕਰ ਨੇ ਮੈਨੂੰ ਦੱਸਿਆ ਕਿ ਉਹ ਯੂਰਪ ਗਏ ਹੋਏ ਹਨ ਅਤੇ ਅੱਜ ਦੇਰ ਰਾਤ ਵਾਪਸ ਪਰਤਨਗੇ। 21 ਜੂਨ ਦੀ ਸਵੇਰ ਨੂੰ ਜਦੋਂ 5:30 ਵਜੇ ਮੈਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਨੌਕਰ ਨੇ ਜਵਾਬ ਦਿੱਤਾ ਕਿ ਸਾਹਿਬ ਸੌ ਰਹੇ ਹਨ।"
"ਉਨ੍ਹਾਂ ਨੂੰ ਉੱਠਾਇਆ ਨਹੀਂ ਜਾ ਸਕਦਾ ਹੈ। ਮੇਰੇ ਬਹੁਤ ਜ਼ੋਰ ਪਾਉਣ ਤੋਂ ਬਾਅਦ ਉਸ ਨੇ ਮਨਮੋਹਨ ਸਿੰਘ ਨੂੰ ਨੀਂਦ 'ਚੋਂ ਉਠਾਇਆ ਅਤੇ ਉਹ ਫੋਨ ਲਾਈਨ 'ਤੇ ਆਏ।"
"ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰਾ ਤੁਹਾਡੇ ਨਾਲ ਮਿਲਣਾ ਬਹੁਤ ਜ਼ਰੂਰੀ ਹੈ। ਮੈਂ ਕੁਝ ਹੀ ਮਿੰਟਾਂ 'ਚ ਤੁਹਾਡੇ ਘਰ ਪਹੁੰਚ ਰਿਹਾ ਹਾਂ। ਜਦੋਂ ਮੈਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਮਨਮੋਹਨ ਸਿੰਘ ਮੁੜ ਸੌ ਗਏ ਸਨ।"
"ਉਨ੍ਹਾਂ ਨੂੰ ਫਿਰ ਜਗਾਇਆ ਗਿਆ। ਮੈਂ ਉਨ੍ਹਾਂ ਨੂੰ ਨਰਸਿਮ੍ਹਾ ਰਾਓ ਦਾ ਸੁਨੇਹਾ ਦਿੱਤਾ ਕਿ ਉਹ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦੇ ਹਨ।"
"ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੀ ਰਾਇ ਕੀ ਹੈ ? ਮੈਂ ਜਵਾਬ ਦਿੱਤਾ ਕਿ ਜੇਕਰ ਮੈਂ ਇਸ ਦੇ ਵਿਰੁੱਧ ਹੁੰਦਾ ਤਾਂ ਇਸ ਸਮੇਂ ਤੁਹਾਨੂੰ ਮਿਲਣ ਨਾ ਆਉਂਦਾ।"
ਰੁਪਏ ਦਾ ਘਟਦਾ ਮੁੱਲ
ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਨਰਸਿਮ੍ਹਾ ਰਾਓ ਨੇ ਮਨਮੋਹਨ ਸਿੰਘ ਨੂੰ ਕਿਹਾ ਸੀ, "ਮੈਂ ਤੁਹਾਨੂੰ ਕੰਮ ਕਰਨ ਦੀ ਪੂਰੀ ਆਜ਼ਾਦੀ ਦੇਵਾਂਗਾ।"
"ਜੇਕਰ ਸਾਡੀਆਂ ਨੀਤੀਆਂ ਸਫ਼ਲ ਹੁੰਦੀਆਂ ਹਨ ਤਾਂ ਇਸ ਦਾ ਸਿਹਰਾ ਸਾਡੇ ਸਾਰਿਆਂ ਦੇ ਸਿਰ ਆਵੇਗਾ। ਪਰ ਜੇਕਰ ਅਸੀਂ ਅਸਫ਼ਲ ਹੁੰਦੇ ਹਾਂ ਤਾਂ ਤੁਹਾਨੂੰ ਅਹੁਦਾ ਛੱਡਣਾ ਪਵੇਗਾ।"
ਨਰਸਿਮ੍ਹਾ ਰਾਓ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਰੁਪਏ ਦੇ ਘਟਦੇ ਮੁੱਲ ਦੀ ਆਈ।
ਨਰਸਿਮ੍ਹਾ ਰਾਓ ਉਸ ਪੀੜ੍ਹੀ ਨਾਲ ਸਬੰਧ ਰੱਖਦੇ ਸਨ, ਜਿਸ ਦਾ ਮੰਨਣਾ ਸੀ ਕਿ 1966 'ਚ ਇੰਦਰਾ ਗਾਂਧੀ ਵੱਲੋਂ ਕੀਤਾ ਗਿਆ ਰੁਪਏ ਦਾ ਅਵਮੂਲਣ ਭਾਰਤ ਲਈ ਮੁਸੀਬਤਾਂ ਦਾ ਪਹਾੜ ਲੈ ਕੇ ਆਇਆ ਸੀ।
ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ 25 ਸਾਲ ਬਾਅਦ ਉਨ੍ਹਾਂ ਨੂੰ ਵੀ ਅਜਿਹਾ ਹੀ ਫ਼ੈਸਲਾ ਲੈਣਾ ਪਵੇਗਾ।
ਮਨਮੋਹਨ ਸਿੰਘ ਨੇ ਨਰਸਿਮ੍ਹਾ ਰਾਓ ਨੂੰ ਆਪਣਾ ਹੱਥ ਲਿਖਿਤ ਗੁਪਤ ਨੋਟ ਭੇਜਿਆ, ਜਿਸ 'ਚ ਰੁਪਏ ਦੇ ਅਵਮੂਲਣ ਦੀ ਸਲਾਹ ਦਿੱਤੀ ਗਈ ਸੀ।
ਪਰ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਇਸ ਨੂੰ ਦੋ ਪੜਾਵਾਂ 'ਚ ਕੀਤਾ ਜਾਣਾ ਚਾਹੀਦਾ ਹੈ।
ਜੈਰਾਮ ਰਮੇਸ਼ ਆਪਣੀ ਕਿਤਾਬ 'ਟੂ ਦ ਬ੍ਰਿੰਕ ਐਂਡ ਬੈਂਕ' 'ਚ ਲਿਖਦੇ ਹਨ , "ਰਾਸ਼ਟਰਪਤੀ ਵੈਂਕਟਰਮਨ ਇਸ ਲਈ ਇਸ ਫ਼ੈਸਲੇ ਦੇ ਖ਼ਿਲਾਫ ਸਨ ਕਿਉਂਕਿ ਉਨ੍ਹਾਂ ਦੀ ਨਜ਼ਰ 'ਚ ਘੱਟ ਗਿਣਤੀ ਸਰਕਾਰ ਨੂੰ ਇੰਨ੍ਹਾ ਵੱਡਾ ਫ਼ੈਸਲਾ ਲੈਣ ਦਾ ਕੋਈ ਹੱਕ ਨਹੀਂ ਸੀ। 1 ਜੁਲਾਈ, 1991 ਨੂੰ ਰੁਪਏ ਦਾ ਪਹਿਲਾ ਅਵਮੁੱਲਣ ਕੀਤਾ ਗਿਆ।"
48 ਘੰਟੇ ਬਾਅਦ ਰੁਪਏ ਦਾ ਮੁੜ ਅਵਮੂਲਣ ਕੀਤਾ ਗਿਆ।
ਇਹ ਵੀ ਪੜ੍ਹੋ-
3 ਜੁਲਾਈ ਦੀ ਸਵੇਰ ਨੂੰ ਨਰਸਿਮ੍ਹਾ ਰਾਓ ਨੇ ਮਨਮੋਹਨ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਉਹ ਰੁਪਏ ਦਾ ਦੂਜਾ ਅਵਮੂਲਣ ਰੋਕ ਦੇਣ।
ਮਨਮੋਹਨ ਸਿੰਘ ਨੇ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਡਾ. ਸੀ ਰੰਗਰਾਜਨ ਨੂੰ ਸਵੇਰ ਦੇ 9:30 ਵਜੇ ਫੋਨ ਕੀਤਾ।
ਰੰਗਰਾਜਨ ਨੇ ਕਿਹਾ ਕਿ ਅੱਧਾ ਘੰਟਾ ਪਹਿਲਾਂ ਹੀ ਦੂਜਾ ਅਵਮੂਲਣ ਹੋ ਚੁੱਕਾ ਹੈ।
ਮਨਮੋਹਨ ਸਿੰਘ ਅੰਦਰੋਂ ਅੰਦਰ ਬਹੁਤ ਖੁਸ਼ ਹਨ ਪਰ ਜਦੋਂ ਉਨ੍ਹਾਂ ਨੇ ਨਰਸਿਮ੍ਹਾ ਰਾਓ ਨੂੰ ਇਸ ਬਾਰੇ ਖ਼ਬਰ ਦਿੱਤੀ ਤਾਂ ਉਨ੍ਹਾਂ ਨੇ ਇੰਝ ਵਿਖਾਵਾ ਕੀਤਾ ਜਿਵੇਂ ਕਿ ਉਨ੍ਹਾਂ ਨੂੰ ਇਸ ਨਾਲ ਬਹੁਤ ਤਕਲੀਫ਼ ਪਹੁੰਚੀ ਹੈ।
ਨਰਸਿਮ੍ਹਾ ਰਾਓ ਦੇ ਪ੍ਰਧਾਨ ਮੰਤਰੀ ਬਣਨ ਤੋਂ ਦੋ ਹਫ਼ਤਿਆਂ ਬਾਅਦ ਦੱਖਣੀ ਮੁੰਬਈ 'ਚ ਰਿਜ਼ਰਵ ਬੈਂਕ ਦੇ ਖਜ਼ਾਨੇ 'ਚੋਂ ਬੰਦ ਗੱਡੀਆਂ ਦਾ ਇੱਕ ਕਾਫ਼ਲਾ ਰਵਾਨਾ ਹੋਇਆ ਸੀ।
ਉਸ ਦੇ ਚਾਰੇ ਪਾਸੇ ਇੰਨ੍ਹਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤਾ ਗਿਆ ਸੀ, ਜਿਵੇਂ ਕਿ ਕੋਈ ਸਰਕਾਰ ਦਾ ਮੁੱਖੀ ਇਸ ਕਾਫ਼ਲੇ 'ਚ ਜਾ ਰਿਹਾ ਹੋਵੇ।
ਵਿਨੈ ਸੀਤਾਪਤੀ ਨੇ ਨਰਸਿਮ੍ਹਾ ਰਾਓ ਦੀ ਜੀਵਨੀ 'Half Lion How P.V.Narasimha Rao Transformed India' 'ਚ ਲਿਖਿਆ ਹੈ, 'ਇੰਨ੍ਹਾਂ ਗੱਡੀਆਂ 'ਚ 21 ਟਨ ਸੋਨਾ ਸੀ। ਇਹ ਕਾਫਲਾ 35 ਕਿਲੋਮੀਟਰ ਦੂਰ ਸਹਾਰ ਹਵਾਈ ਅੱਡੇ 'ਤੇ ਜਾ ਕੇ ਰੁੱਕਿਆ।"
"ਜਿੱਥੇ ਇਸ ਨੂੰ ਲੈ ਕੇ ਜਾਣ ਲਈ ਇਕ ਭਾਰੀ ਲਿਫ਼ਟ ਕਾਰਗੋ ਏਅਰਲਾਇੰਸ ਦਾ ਜਹਾਜ਼ ਖੜ੍ਹਾ ਸੀ। ਇਹ ਸੋਨਾ ਲੰਡਨ ਲਿਜਾਇਆ ਗਿਆ ਅਤੇ ਇਸ ਨੂੰ ਬੈਂਕ ਆਫ਼ ਲੰਡਨ ਦੇ ਖ਼ਜ਼ਾਨੇ 'ਚ ਰੱਖ ਦਿੱਤਾ ਗਿਆ ਸੀ।"
ਇਸ ਦੇ ਬਦਲ 'ਚ ਨਰਸਿਮ੍ਹਾ ਰਾਓ ਸਰਕਾਰ ਨੂੰ ਜੋ ਡਾਲਰ ਮਿਲੇ ਸਨ, ਉਸ ਦੇ ਕਾਰਨ ਹੀ ਭਾਰਤ ਨੂੰ ਉਸ ਵੱਲੋਂ ਲਏ ਗਏ ਕਰਜ਼ੇ ਦੀ ਅਦਾਇਗੀ 'ਚ ਦੇਰੀ ਦੀ ਆਗਿਆ ਮਿਲ ਗਈ ਸੀ।'
ਉਦਯੋਗਿਕ ਨੀਤੀ 'ਚ ਵੱਡੇ ਬਦਲਾਅ
24 ਜੁਲਾਈ, 1991 ਨੂੰ ਦਿੱਲੀ 'ਚ ਭਿਆਨਕ ਗਰਮੀ ਸੀ।
ਦੁਪਹਿਰ ਦੇ 12:50 ਵਜੇ ਮਨਮੋਹਨ ਸਿੰਘ ਵੱਲੋਂ ਬਜਟ ਪੇਸ਼ ਕਰਨ ਤੋਂ ਚਾਰ ਘੰਟੇ ਪਹਿਲਾਂ ਉਦਯੋਗ ਰਾਜ ਮੰਤਰੀ ਪੀਜੇ ਕੁਰੀਅਨ ਨੇ ਖੜ੍ਹੇ ਹੋ ਕੇ ਇੱਕ ਰੂਟੀਨ ਬਿਆਨ ਦਿੱਤਾ, "ਸਰ ਮੈਂ ਸਦਨ ਦੀ ਮੇਜ਼ 'ਤੇ ਉਦਯੋਗਿਕ ਨੀਤੀ ਸਬੰਧੀ ਇੱਕ ਬਿਆਨ ਰੱਖ ਰਿਹਾ ਹਾਂ।"
ਉਦਯੋਗਿਕ ਨੀਤੀ 'ਚ ਜਿਸ ਤਰ੍ਹਾਂ ਦੀਆਂ ਬੁਨਿਆਦੀ ਤਬਦੀਲੀਆਂ ਕੀਤੀਆਂ ਗਈਆਂ ਹਨ, ਇਸ ਸਭ ਦੇ ਮੱਦੇਨਜ਼ਰ ਬਣਦਾ ਸੀ ਕਿ ਇਸ ਮਹੱਤਵਪੂਰਨ ਬਿਆਨ ਨੂੰ ਕੈਬਨਿਟ ਮੰਤਰੀ ਸਦਨ 'ਚ ਪੇਸ਼ ਕਰੇ।
ਪਰ ਉਦਯੋਗ ਮੰਤਰਾਲੇ ਦਾ ਕੰਮਕਾਜ ਵੇਖ ਰਹੇ ਨਰਸਿਮ੍ਹਾ ਰਾਓ ਨੇ ਆਪਣੇ ਆਪ ਨੂੰ ਇਸ ਤੋਂ ਦੂਰ ਰੱਖਿਆ।
ਇਸ ਨੀਤੀ ਦਾ ਸਭ ਤੋਂ ਮਹੱਤਵਪੂਰਨ ਬਿਆਨ ਸੀ, "ਹੁਣ ਤੋਂ ਸਾਰੇ ਉਦਯੋਗਾਂ 'ਚ ਲਾਇਸੈਂਸ ਦਾ ਨਿਯਮ ਖ਼ਤਮ ਕੀਤਾ ਜਾਂਦਾ ਹੈ।"
ਸਿਰਫ 18 ਉਦਯੋਗਾਂ, ਜਿੰਨ੍ਹਾਂ ਦਾ ਵਰਣਨ ਇਸ ਨਾਲ ਨੱਥੀ ਕੀਤਾ ਗਿਆ ਹੈ, ਉਨ੍ਹਾਂ 'ਤੇ ਹੀ ਲਾਇਸੈਂਸਿੰਗ ਦਾ ਨਿਯਮ ਜਾਰੀ ਰਹੇਗਾ।
ਦੂਜਾ ਵੱਡਾ ਬਦਲਾਅ ਸੀ- ਵੱਡੀਆਂ ਕੰਪਨੀਆਂ 'ਤੇ ਏਕਾਧਿਕਾਰ ਵਿਰੋਧੀ ਪਾਬੰਦੀਆਂ ਨੂੰ ਸੌਖਾ ਕਰਨਾ।
ਤੀਜਾ ਕ੍ਰਾਂਤੀਕਾਰੀ ਬਦਲਾਵ ਸੀ 34 ਉਦਯੋਗਾਂ 'ਚ ਵਿਦੇਸ਼ੀ ਨਿਵੇਸ਼ ਦੀ ਸੀਮਾ ਨੂੰ 40% ਤੋਂ ਵਧਾ ਕੇ 51% ਕਰਨਾ।
ਸੰਜੈ ਬਾਰੂ ਨੇ ਆਪਣੀ ਕਿਤਾਬ '1991 How P.V. narasimha Rao Made History' ' 'ਚ ਲਿਖਿਆ ਹੈ ,"ਨਹਿਰੂ ਅਤੇ ਇੰਦਰਾ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਅਤੇ ਭਾਰਤ ਦੇ ਉਦਯੋਗੀਕਰਨ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਤੋਂ ਬਾਅਦ ਨਰਸਿਮ੍ਹਾ ਰਾਓ ਨੇ ਇੱਕ ਹੀ ਝਟਕੇ 'ਚ ਸਮਾਜਵਾਦ ਦੇ ਨਾਮ 'ਤੇ ਖੜ੍ਹੀ ਉਦਯੋਗਿਕ ਨੀਤੀ ਨੂੰ ਇਤਿਹਾਸ ਦਾ ਇੱਕ ਹਿੱਸਾ ਬਣਾ ਦਿੱਤਾ ਸੀ।
ਕਾਂਗਰਸ ਨੇ ਆਪਣੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਲਈ ਇਸ ਨੀਤੀ ਨੂੰ 'ਚੇਂਜ ਵਿਦ ਕੰਟੀਨਿਊਟੀ' ਦਾ ਨਾਂਅ ਦਿੱਤਾ ਸੀ।"
"ਬਜਟ ਦੀ ਹਫੜਾ-ਦਫੜੀ 'ਚ ਲੋਕਾਂ ਦਾ ਇਸ ਤਬਦੀਲੀ ਵੱਲ ਧਿਆਨ ਹੀ ਨਹੀਂ ਗਿਆ। ਰਾਓ ਨੇ ਪੂਰੇ ਯੋਜਨਾਬੱਧ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਸੀ।"
ਨਹਿਰੂ ਅਤੇ ਇੰਦਰਾ ਦੀਆਂ ਨੀਤੀਆਂ ਨੂੰ ਕੀਤਾ ਖ਼ਤਮ
ਚਾਰ ਘੰਟੇ ਬਾਅਦ ਸ਼ਾਇਦ ਪਹਿਲੀ ਵਾਰ ਨਹਿਰੂ ਜੈਕਟ ਪਾ ਕੇ ਅਤੇ ਅਸਮਾਨੀ ਨੀਲੇ ਰੰਗ ਦੀ ਪੱਗ ਬਣ ਕੇ ਸਦਨ 'ਚ ਆਏ ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਕਿਹਾ ਕਿ ਉਹ ਰਾਜੀਵ ਗਾਂਧੀ ਦੇ ਮਨਮੋਹਕ ਅਤੇ ਹਮੇਸ਼ਾ ਹੱਸਦੇ ਰਹਿਣ ਵਾਲਾ ਚਿਹਰਾ ਮਿਸ ਕਰ ਰਹੇ ਹਨ।
ਜੈਰਾਮ ਰਮੇਸ਼ ਲਿਖਦੇ ਹਨ, “ਉਨ੍ਹਾਂ ਨੇ ਆਪਣੇ ਪੂਰੇ ਭਾਸ਼ਣ ਦੌਰਾਨ ਵਾਰ-ਵਾਰ ਉਸ ਪਰਿਵਾਰ ਦਾ ਨਾਂਅ ਲਿਆ, ਜਿਸ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਉਹ ਆਪਣੇ ਬਜਟ ਦੇ ਜ਼ਰੀਏ ਸਿਰੇ ਤੋਂ ਪਲਟ ਰਹੇ ਸਨ।”
ਮਨਮੋਹਨ ਸਿੰਘ ਨੇ ਆਪਣੇ ਬਜਟ 'ਚ ਨਾ ਸਿਰਫ਼ ਖਾਦ 'ਤੇ ਦਿੱਤੀ ਜਾ ਰਹੀ ਸਬਸਿਡੀ 'ਚ 40% ਦੀ ਕਟੌਤੀ ਕੀਤੀ ਬਲਕਿ ਖੰਡ ਅਤੇ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ 'ਚ ਵੀ ਵਾਧਾ ਕੀਤਾ।
ਉਨ੍ਹਾਂ ਨੇ ਆਪਣਾ ਭਾਸ਼ਣ ਵਿਕਟਰ ਹਿਊਗੋ ਦੀ ਮਸ਼ਹੂਰ ਲਾਈਨ ਨਾਲ ਖ਼ਤਮ ਕੀਤਾ ਸੀ- 'ਉਸ ਵਿਚਾਰ ਨੂੰ ਕੋਈ ਵੀ ਨਹੀਂ ਰੋਕ ਸਕਦਾ ਹੈ, ਜਿਸ ਦਾ ਸਮਾਂ ਆ ਗਿਆ ਹੋਵੇ'।
ਇੱਕ ਦਿਨ 'ਚ ਹੀ ਨਰਸਿਮ੍ਹਾ ਰਾਓ ਅਤੇ ਮਨਮੋਹਨ ਸਿੰਘ ਨੇ ਮਿਲ ਕੇ ਲਾਇਸੈਂਸ ਰਾਜ ਦੇ ਤਿੰਨ ਥੰਮ੍ਹ- ਜਨਤਕ ਖੇਤਰ ਦਾ ਏਕਾਧਿਕਾਰ, ਨਿੱਜੀ ਕਾਰੋਬਾਰ ਨੂੰ ਸੀਮਤ ਕਰਨਾ ਅਤੇ ਵਿਸ਼ਵ ਬਾਜ਼ਾਰ ਤੋਂ ਅਲਗ-ਥਲਗ ਹੋਣ ਨੂੰ ਢਾਹ ਦਿੱਤਾ ਸੀ।
ਵਿਨੈ ਸੀਤਾਪਤੀ ਨੇ ਲਿਖਿਆ ਹੈ, "ਨਰਸਿਮ੍ਹਾ ਰਾਓ ਨੇ ਆਪਣੇ ਪਿਛਲੇ ਤਜਰਬਿਆਂ ਤੋਂ ਸਿੱਖਿਆ ਸੀ ਕਿ ਕਿਸੇ ਨਵੀਂ ਚੀਜ਼ ਨੂੰ ਕਰਦਿਆਂ ਨਾ ਤਾਂ ਵਧੇਰੇ ਉਤਸ਼ਾਹ ਵਿਖਾਇਆ ਜਾਵੇ ਅਤੇ ਨਾ ਹੀ ਵੱਧ ਚੜ੍ਹ ਕੇ ਇਸ ਦਾ ਸਿਹਰਾ ਆਪਣੇ ਸਿਰ ਲਿਆ ਜਾਵੇ।"
ਉਨ੍ਹਾਂ ਨੇ ਆਪਣੇ ਵੱਲੋਂ ਹੀ ਬਣਾਈ ਗਈ ਉਦਯੋਗਿਕ ਨੀਤੀ ਨੂੰ ਸਦਨ 'ਚ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਮਨਮੋਹਨ ਸਿੰਘ ਦੇ ਬਜਟ ਭਾਸ਼ਣ ਦੌਰਾਨ ਉਹ ਬਿਨ੍ਹਾਂ ਕੁਝ ਕਹੇ ਉਨ੍ਹਾਂ ਦੇ ਕੋਲ ਬੈਠੇ ਰਹੇ ਸਨ।
ਆਜ਼ਾਦੀ ਤੋਂ ਬਾਅਦ ਭਾਰਤੀ ਅਰਥਵਿਵਸਥਾ 'ਚ ਸਭ ਤੋਂ ਵੱਡੀ ਤਬਦੀਲੀ ਲਿਆਉਣ ਤੋਂ ਬਾਅਦ ਉਸੇ ਰਾਤ ਉਨ੍ਹਾਂ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਅਨਿਰੁੱਧ ਜਗਨਨਾਥ ਦੇ ਸਨਮਾਨ 'ਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕਾਂਗਰਸ ਪਾਰਟੀ 'ਚ ਹੀ ਵਿਰੋਧ
ਇੰਨ੍ਹਾਂ ਕ੍ਰਾਂਤੀਕਾਰੀ ਕਦਮਾਂ ਦੀ ਵਿਰੋਧੀ ਧਿਰਾਂ ਨੇ ਤਾਂ ਆਲੋਚਨਾ ਕੀਤੀ ਹੀ ਪਰ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰ ਵੀ ਉਨ੍ਹਾਂ ਦੇ ਸਮਰਥਨ 'ਚ ਅੱਗੇ ਨਾ ਆਏ।
ਕਾਂਗਰਸ ਦੀ ਸੰਸਦੀ ਪਾਰਟੀ 'ਚ ਸਿਰਫ ਮਣੀਸ਼ੰਕਰ ਅਈਅਰ ਅਤੇ ਨੱਥੂਰਾਮ ਮਿਰਧਾ ਨੇ ਹੀ ਖੁੱਲ੍ਹ ਕੇ ਉਨ੍ਹਾਂ ਦਾ ਸਮਰਥਨ ਕੀਤਾ ਸੀ।
ਰੁਪਏ ਦੇ ਅਵਮੂਲਣ ਤੋਂ ਇੱਕ ਦਿਨ ਬਾਅਦ ਯਾਨਿ ਕਿ 4 ਜੁਲਾਈ ਨੂੰ ਪੱਛਮੀ ਬੰਗਾਲ ਦੀ ਕਮਿਊਨਿਸਟ ਸਰਕਾਰ ਨੇ ਭੁਗਤਾਨ ਸੰਤੁਲਨ ਲਈ ਇਕ ਬਦਲਵੇਂ ਦ੍ਰਿਸ਼ਟੀਕੋਣ ਦੇ ਨਾਮ ਨਾਲ ਇੱਕ ਖਰੜਾ ਪੇਸ਼ ਕੀਤਾ।
ਕਮਿਊਨਿਸਟ ਆਗੂ ਈਐਮਐਸ ਨੰਬੂਦਰੀਪਾਦ ਨੇ ਆਈਐਮਐਫ਼ ਤੋਂ ਲਏ ਗਏ ਕਰਜੇ ਦੀ ਤੁਲਨਾ ਇੱਕ ਪਿਆਸੇ ਵਿਅਕਤੀ ਨਾਲ ਕੀਤੀ।
ਜੋ ਇਹ ਦਲੀਲ ਦੇ ਕੇ ਜ਼ਹਿਰ ਦਾ ਪਿਆਲਾ ਪੀ ਰਿਹਾ ਹੈ ਕਿ ਇਸ ਤੋਂ ਇਲਾਵਾ ਉਹ ਕਿਸੇ ਹੋਰ ਚੀਜ਼ ਨਾਲ ਆਪਣੀ ਪਿਆਸ ਨਹੀਂ ਬੁਝਾ ਸਕਦਾ ਹੈ।
ਨਰਸਿਮ੍ਹਾ ਰਾਓ ਨੇ ਕਮਿਊਨਿਸਟਾਂ ਨੂੰ ਵਿਸ਼ਵਾਸ ਦਿੱਤਾ ਕਿ ਉਨ੍ਹਾਂ ਦੀਆਂ ਆਰਥਿਕ ਨੀਤੀਆਂ ਕਾਰਨ ਇੱਕ ਵੀ ਮਜ਼ਦੂਰ ਬੇਰੁਜ਼ਗਾਰ ਨਹੀਂ ਹੋਵੇਗਾ।
ਉਦਯੋਗਪਤੀਆਂ ਨਾਲ ਗੱਲਬਾਤ
ਦੂਜੇ ਪਾਸੇ ਉਦਯੋਗਪਤੀਆਂ ਦੇ ਡਰ ਨੂੰ ਦੂਰ ਕਰਨ ਲਈ ਨਰਸਿਮ੍ਹਾ ਰਾਓ ਨੇ ਸਾਰੇ ਵੱਡੇ ਉਦਯੋਗਪਤੀਆਂ ਨੂੰ ਮਿਲਣ ਦਾ ਸਮਾਂ ਦਿੱਤਾ।
ਰਾਓ ਦੀ ਮੁਲਾਕਤਾ ਡਾਇਰੀ ਦੱਸਦੀ ਹੈ ਕਿ ਉਹ ਬਜਟ ਪੇਸ਼ ਹੋਣ ਤੋਂ ਦੋ ਦਿਨ ਬਾਅਦ 26 ਜੁਲਾਈ ਨੂੰ ਸਵੇਰੇ 7 ਵਜੇ ਧੀਰੂਭਾਈ ਅੰਬਾਨੀ ਨੂੰ ਮਿਲੇ ਸਨ।
16 ਅਗਸਤ ਨੂੰ ਉਨ੍ਹਾਂ ਨੇ ਫਿਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਵੱਡੇ ਉਦਯੋਗਪਤੀਆਂ ਨਾਲ ਮਿਲਣ ਲਈ ਆਪਣੇ ਪ੍ਰੈਸ ਸਕੱਤਰ ਪੀਵੀਆਰ ਕੇ ਪ੍ਰਸਾਦ ਅਤੇ ਪ੍ਰਧਾਨ ਸਕੱਤਰ ਅਮਰਨਾਥ ਵਰਮਾ ਨੂੰ ਭੇਜਿਆ ਸੀ।
ਉਨ੍ਹਾਂ ਨੇ ਮਸ਼ਹੂਰ ਉਦਯੋਗਪਤੀ ਜੇ ਆਰਡੀ ਟਾਟਾ ਨੂੰ ਭਾਰਤ ਦਾ ਸਭ ਤੋਂ ਉੱਚਤਮ ਨਾਗਰਿਕ ਸਨਮਾਨ ਭਾਰਤ ਰਤਨ ਵੀ ਦਿਵਾਇਆ।
ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਉਦਯੋਗਪਤੀ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੋਵੇ।
1992 ਦੇ ਮੱਧ ਤੱਕ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੱਧ ਕੇ ਆਮ ਹੋ ਗਿਆ ਸੀ।
ਨਰਸਿਮ੍ਹਾ ਰਾਓ ਦੀ ਰਾਜਨੀਤਿਕ ਸੂਝਬੂਝ, ਸਮਝ ਤੋਂ ਬਿਨ੍ਹਾਂ ਜਵਾਹਰਲਾਲ ਨਹਿਰੂ ਦੇ ਸਮੇਂ ਤੋਂ ਬਾਅਦ ਕੀਤੇ ਗਏ ਸਭ ਤੋਂ ਵੱਡੇ ਆਰਥਿਕ ਸੁਧਾਰਾਂ ਦਾ ਸਫਲ ਹੋਣਾ ਸੰਭਵ ਨਹੀਂ ਸੀ।
ਚੀਨੀ ਆਗੂ ਡੇਂਗ ਨਾਲ ਤੁਲਨਾ
ਜੈਰਾਮ ਰਮੇਸ਼ ਨੇ ਨਰਸਿਮ੍ਹਾ ਰਾਓ ਦੀ ਤੁਲਨਾ ਚੀਨੀ ਆਗੂ ਡੇਂਗ ਜ਼ਿਆਓ ਪਿੰਗ ਨਾਲ ਕੀਤੀ ਸੀ।
ਰਮੇਸ਼ ਲਿਖਦੇ ਹਨ, "ਦੋਵੇਂ ਹੀ ਬਜ਼ੁਰਗ ਆਗੂ ਸਨ। ਦੋਵਾਂ ਦੇ ਹੀ ਸਿਆਸੀ ਸਫ਼ਰ 'ਚ ਕਈ ਉਤਰਾਅ-ਚੜਾਅ (ਉਤਰਾਅ ਵਧੇਰੇ) ਆਏ ਸਨ, ਪਰ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਦੋਵਾਂ ਨੇ ਹੀ ਚਾਰੇ ਪਾਸੇ ਆਪਣੀ ਛਾਪ ਛੱਡੀ।
ਰਾਓ ਨੇ ਜੁਲਾਈ 1991 ਅਤੇ ਡੇਂਗ ਨੇ ਪਹਿਲਾਂ 1978 ਅਤੇ ਫਿਰ 1992 'ਚ ਇਹ ਮੌਕਾ ਹਾਸਲ ਕੀਤਾ।
ਡੇਂਗ ਨੇ ਜਿੱਥੇ ਮਾਓ ਦੀਆਂ ਕੱਟੜਪੰਥੀ ਨੀਤੀਆਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕੀਤਾ, ਉੱਥੇ ਹੀ ਰਾਓ ਨੇ ਭਾਰਤ ਦੀ ਆਰਥਿਕ ਨੀਤੀ ਦੇ ਸੁਧਾਰ ਦੀ ਨਵੀਂ ਕਹਾਣੀ ਸਿਰਜੀ, ਜਿਸ ਦੀ ਕਿ ਕੁਝ ਸਾਲ ਪਹਿਲਾਂ ਤੱਕ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
1998 'ਚ ਜਦੋਂ ਰਾਜੀਵ ਗਾਂਧੀ ਨੇ ਚੀਨ ਦਾ ਦੌਰਾ ਕੀਤਾ ਸੀ ਤਾਂ ਨਰਸਿਮ੍ਹਾ ਰਾਓ ਵਿਦੇਸ਼ ਮੰਤਰੀ ਵੱਜੋਂ ਉਨ੍ਹਾਂ ਦੇ ਨਾਲ ਹੀ ਸਨ।
ਪਰ ਚੀਨੀ ਆਗੂ ਡੇਂਗ ਨਾਲ ਹੋਈਆਂ ਮੁਲਾਕਾਤਾਂ 'ਚ ਉਨ੍ਹਾਂ ਨੇ ਆਪਣੇ ਵਿਦੇਸ਼ ਮੰਤਰੀ ਰਾਓ ਨੂੰ ਦੂਰ ਹੀ ਰੱਖਿਆ ਸੀ। ਦਿਲਚਸਪ ਗੱਲ ਇਹ ਹੈ ਕਿ ਉਸੇ ਰਾਓ ਨੂੰ ਬਾਅਦ 'ਚ ਭਾਰਤ ਦਾ ਡੇਂਗ ਕਿਹਾ ਗਿਆ।
ਇਹ ਵੀ ਪੜ੍ਹੋ: