ਕੀ ਇੰਦਰਾ ਦੀਆਂ ਅੰਤਿਮ ਰਸਮਾਂ ਮੁਸਲਮਾਨਾਂ ਦੇ ਰਿਵਾਜ਼ਾਂ ਨਾਲ ਹੋਈਆਂ ਸਨ

ਸਾਬਕਾ ਪ੍ਰਧਾਨ ਮੰਤਰੀ ਨਰਸਿੰਮ੍ਹਾ ਰਾਓ ਅਤੇ ਰਾਜੀਵ ਗਾਂਧੀ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਇਸਲਾਮੀ ਰੀਤਾਂ ਅਨੁਸਾਰ ਮਰਹੂਮ ਇੰਦਰਾ ਗਾਂਧੀ ਦੀਆਂ ਅੰਤਿਮ ਰਸਮਾਂ ਨਿਭਾਈਆਂ ਸਨ।

ਤਸਵੀਰ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ-ਨਾਲ ਪੀ ਚਿਦੰਬਰਮ ਨੂੰ ਵੀ ਦੇਖਿਆ ਜਾ ਸਕਦਾ ਹੈ।

ਤਸਵੀਰ ਫੈਲਾਉਣ ਵਾਲਿਆਂ ਦਾ ਦਾਅਵਾ ਹੈ ਕਿ ਜਿਸ ਹਿਸਾਬ ਨਾਲ ਇੰਦਰਾ ਗਾਂਧੀ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਹਨ, ਉਸ ਤੋਂ ਇੰਦਰਾ ਗਾਂਧੀ ਦਾ ਧਰਮ ਪਤਾ ਚੱਲਦਾ ਹੈ।

ਇਹ ਤਸਵੀਰ ਤਿੰਨ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾ ਰਹੀ ਹੈ ਪਰ ਪਿਛਲੇ ਕੁਝ ਦਿਨਾਂ ਵਿੱਚ ਇਸ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।

ਹਾਲਾਂਕਿ ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਕਿ ਇਹ ਤਸਵੀਰ ਜਾਅਲੀ ਹੈ।

ਤਸਵੀਰ ਦੀ ਸਚਾਈ

ਜਦੋਂ ਤਸਵੀਰ ਦੀ ਰਿਵਰਸ ਸਰਚ ਕੀਤੀ ਗਈ ਤਾਂ ਨਤੀਜੇ ਸਾਨੂੰ ਪਾਕਿਸਤਾਨੀ ਸਿਆਸਤਦਾਨ ਮੋਹਸਿਨ ਦੇਵਾਰ ਦੀ ਇੱਕ ਟਵੀਟ ਤੱਕ ਲੈ ਗਏ।

ਉਨ੍ਹਾਂ ਮੁਤਾਬਕ ਇਹ ਤਸਵੀਰ ਅਜ਼ਾਦੀ ਘੁਲਾਟੀਏ, ਖ਼ਾਨ ਅਬਦੁੱਲ ਗਫ਼ਾਰ ਖ਼ਾਨ ਜਿਨ੍ਹਾਂ ਨੂੰ ਫਰੰਟੀਅਰ ਗਾਂਧੀ ਜਾਂ ਬੱਚਾ ਖ਼ਾਨ ਵੀ ਕਿਹਾ ਜਾਂਦਾ ਹੈ ਦੇ ਜਨਾਜ਼ੇ ਦੀ ਹੈ ਜੋ ਕਿ 21 ਜਨਵਰੀ, 1988 ਨੂੰ ਪੇਸ਼ਾਵਰ, ਪਾਕਿਸਤਾਨ ਵਿੱਚ ਹੋਇਆ।

ਸਕਾਈਸਪਰੈਸਿਟੀ ਨਾਮ ਦੀ ਵੈੱਬਸਾਈਟ ਨੇ ਵੀ ਇਸ ਤਸਵੀਰ ਨੂੰ ਖ਼ਾਨ ਅਬਦੁੱਲ ਗਫ਼ਾਰ ਖ਼ਾਨ ਦੇ ਜਨਾਜ਼ੇ ਦੀ ਹੀ ਦੱਸਿਆ ਹੈ।

ਨਿਊ ਯਾਰਕ ਟਾਈਮਜ਼ ਅਤੇ ਲਾਸ ਏਂਜਲਸ ਟਾਈਮਜ਼ ਦੀਆਂ ਕਈ ਖ਼ਬਰਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਰਾਜੀਵ ਗਾਂਧੀ ਨੇ ਖ਼ਾਨ ਅਬਦੁੱਲ ਗਫ਼ਾਰ ਖ਼ਾਨ ਦੇ ਜਨਾਜ਼ੇ ਵਿੱਚ ਹਾਜ਼ਰੀ ਭਰੀ ਸੀ।

ਉਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਕੈਬਨਿਟ ਮੰਤਰੀਆਂ ਦੇ ਨਾਲ ਪਰਿਵਾਰਕ ਮੈਂਬਰ ਵੀ ਸਨ।

ਇੰਦਰਾ ਗਾਂਧੀ ਦੀਆਂ ਅੰਤਿਮ ਰਸਮਾਂ

ਇੰਦਰਾ ਗਾਂਧੀ ਦਾ ਸੰਸਕਾਰ ਉਨ੍ਹਾਂ ਦੇ 31 ਅਕਤੂਬਰ 1984 ਨੂੰ ਕਤਲ ਤੋਂ ਬਾਅਦ ਹਿੰਦੂ ਰੀਤੀ-ਰਿਵਾਜਾਂ ਮੁਤਾਬਕ 3 ਨਵੰਬਰ, 1984 ਨੂੰ ਕੀਤਾ ਗਿਆ।

ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਮਿਲ ਜਾਂਦੀਆਂ ਹਨ।

ਇਨ੍ਹਾਂ ਤਸਵੀਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਇੰਦਰਾ ਗਾਂਧੀ ਦਾ ਅੰਤਿਮ ਸੰਸਕਾਰ ਹਿੰਦੂ ਰਸਮਾਂ ਮੁਤਾਬਕ ਹੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)