ਹਮੇਸ਼ਾ ਫੇਸਬੁੱਕ, ਇੰਸਟਾਗਰਾਮ ਤੇ ਟਵਿੱਟਰ ਦੇਖਣ ਵਾਲੇ ਪ੍ਰੇਸ਼ਾਨ ਕਿਉਂ ਰਹਿੰਦੇ ਹਨ

    • ਲੇਖਕ, ਕੇਲੀ ਓਕਸ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਵੀ ਥੋੜ੍ਹਾ ਸਮਾਂ ਹੁੰਦਾ ਹੈ ਅਸੀਂ ਸੋਸ਼ਲ ਮੀਡੀਆ ਨੂੰ ਖੰਘਾਲਣ ਲੱਗਦੇ ਹਾਂ। ਕਦੇ ਤੁਸੀਂ ਸੋਚਿਆ ਹੈ ਕਿ ਸੋਸ਼ਲ ਮੀਡੀਆ ਦੀਆਂ ਇਹ ਤਸਵੀਰਾਂ ਤੁਹਾਡੇ ਦਿਮਾਗ ਉੱਤੇ ਕਿੰਨਾ ਅਸਰ ਪਾਉਂਦੀਆਂ ਹਨ।

ਫਿਰ ਚਾਹੇ ਉਹ ਤੁਹਾਡੇ ਦੋਸਤ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਹੋਣ ਜਾਂ ਕਿਸੇ ਸੈਲੇਬ੍ਰਿਟੀ ਦੀ ਜਿਮ ਵਿੱਚ ਲਈ ਗਈ ਤਸਵੀਰ।

ਕਈ ਸਾਲਾਂ ਤੋਂ ਕਿਹਾ ਜਾ ਰਿਹਾ ਹੈ ਕਿ ਮੀਡੀਆ ਦੀ ਮੁੱਖ ਧਾਰਾ ਵਿੱਚ ਖੂਬਸੂਰਤੀ ਦੇ ਪੈਮਾਨੇ ਤੈਅ ਕੀਤੇ ਗਏ ਹਨ ਜੋ ਕੁਦਰਤੀ ਤੌਰ 'ਤੇ ਅਸੰਭਵ ਹਨ।

ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਬਣਾਉਟੀ ਤਰੀਕੇ ਨਾਲ ਖੂਬਸੂਰਤ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਹਨ।

ਪਤਲੀ ਜਿਹੀ ਮਾਡਲ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਪਾਈਆਂ ਜਾ ਰਹੀਆਂ ਹਨ।

ਸੋਸ਼ਲ ਮੀਡੀਆ ਉੱਤੇ ਐਡਿਟ ਕਰਕੇ ਪਾਈਆਂ ਜਾਂਦੀਆਂ ਤਸਵੀਰਾਂ ਦਾ ਦਿਮਾਗ ਉੱਤੇ ਡੂੰਘਾ ਅਸਰ ਪੈਂਦਾ ਹੈ।

ਦਿਮਾਗ 'ਤੇ ਅਸਰ

ਸੋਸ਼ਲ ਮੀਡੀਆ ਹਾਲੇ ਜ਼ਿਆਦਾ ਪੁਰਾਣਾ ਨਹੀਂ ਹੈ। ਇਸ ਦੇ ਅਸਰ ਸਬੰਧੀ ਰਿਸਰਚ ਵੀ ਜ਼ਿਆਦਾ ਪੁਰਾਣੀ ਨਹੀਂ ਹੈ।

ਇਸ ਲਈ ਇਨ੍ਹਾਂ ਰਿਸਰਚ ਦੇ ਆਧਾਰ 'ਤੇ ਕਿਸੇ ਨਤੀਜੇ 'ਤੇ ਪਹੁੰਚਣਾ ਠੀਕ ਨਹੀਂ ਹੋਵੇਗਾ ਪਰ ਰਿਸਰਚ ਤੋਂ ਸਾਨੂੰ ਕੁਝ ਇਸ਼ਾਰੇ ਜ਼ਰੂਰ ਮਿਲ ਜਾਂਦੇ ਹਨ।

ਇਹ ਵੀ ਪੜ੍ਹੋ:

ਅਸੀਂ ਇਹ ਤਾਂ ਨਹੀਂ ਸਾਬਤ ਕਰ ਸਕਦੇ ਕਿ ਕਿਸੇ ਦੇ ਲਗਾਤਾਰ ਫੇਸਬੁੱਕ ਦੇਖਣ ਨਾਲ ਨਕਾਰਾਤਮਕ ਭਾਵਨਾ ਪੈਦਾ ਹੁੰਦੀ ਹੈ।

ਪਰ ਇਹ ਜ਼ਰੂਰ ਪਤਾ ਚੱਲ ਜਾਂਦਾ ਹੈ ਕਿ ਲਗਾਤਾਰ ਫੇਸਬੁੱਕ ਵਿੱਚ ਉਲਝੇ ਰਹਿਣ ਵਾਲੇ ਲੋਕ ਖੁਦ ਨੂੰ ਖੂਬਸੂਰਤ ਦਿਖਾਉਣ ਲਈ ਪਰੇਸ਼ਾਨ ਰਹਿੰਦੇ ਹਨ।

ਸੋਸ਼ਲ ਮੀਡੀਆ 'ਤੇ ਦੂਜਿਆਂ ਦੀਆਂ ਚੰਗੀਆਂ ਤਸਵੀਰਾਂ ਦੇਖ ਕੇ ਲੋਕ ਖੁਦ ਨੂੰ ਘੱਟ ਸਮਝਣ ਲਗਦੇ ਹਨ।

ਇੰਸਟਾਗਰਾਮ ਅਤੇ ਦੂਜੇ ਪਲੈਟਫਾਰਮ 'ਤੇ ਦੂਜਿਆਂ ਦੀਆਂ ਚੰਗੀਆਂ ਤਸਵੀਰਾਂ ਅਜਿਹਾ ਅਸਰ ਪਾਉਂਦੀਆਂ ਹਨ ਕਿ ਇਸ ਨਾਲ ਲੋਕਾਂ ਦੀ ਖੁਦ ਬਾਰੇ ਸੋਚ ਨਕਾਰਾਤਮਕ ਹੋਣ ਲਗਦੀ ਹੈ।

ਸਾਲ 2016 ਵਿੱਚ ਛਪੇ 20 ਰਿਸਰਚ ਪੇਪਰਾਂ ਮੁਤਾਬਕ ਇੰਸਟਾਗਰਾਮ ਜਾਂ ਫੇਸਬੁੱਕ ਉੱਤੇ ਸਕਰੋਲ ਕਰਦੇ ਹੋਏ ਫਟਾਫਟ ਜੇ ਤੁਸੀਂ ਖੁਦ ਹੀ ਸੈਲਫ਼ੀ ਲੈਂਦੇ ਹੋ ਅਤੇ ਐਡਿਟ ਕਰਕੇ ਖੁਦ ਨੂੰ ਬਿਹਤਰ ਬਣਾ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕਰਦੇ ਹੋ ਤਾਂ ਉਸ ਦਾ ਮਾਨਸਿਕ ਅਸਰ ਹੁੰਦਾ ਹੈ।

ਕਿਉਂਕਿ ਤੁਸੀਂ ਸੈਲੇਬ੍ਰਿਟੀ ਜਾਂ ਫਿਰ ਉਨ੍ਹਾਂ ਲੋਕਾਂ ਤੋਂ ਪ੍ਰਭਾਵਿਤ ਹੁੰਦੇ ਹੋ ਜੋ ਤੁਹਾਡੀ ਨਜ਼ਰ ਵਿੱਚ ਖੂਬਸੂਰਤ ਜਾਂ ਹੈਂਡਸਮ ਹੁੰਦੇ ਹਨ। ਰਿਸਰਚ ਤੋਂ ਪਤਾ ਚੱਲਦਾ ਹੈ ਕਿ ਅਸੀਂ ਕਿਸ ਨਾਲ ਤੁਲਨਾ ਕਰ ਰਹੇ ਹਾਂ, ਇਹ ਅਹਿਮ ਪਹਿਲੂ ਹੈ।

ਹੀਣ ਭਾਵਨਾ

ਸਿਡਨੀ ਦੀ ਮੈਕਵੇਰੀ ਯੂਨੀਵਰਸਿਟੀ ਦੀ ਜੈਸਮਿਨ ਫਾਰਦੁਲੇ ਨੇ ਇਸ ਬਾਰੇ ਸਰਵੇਖਣ ਕੀਤਾ ਹੈ।

ਜੈਸਮੀਨ ਦਾ ਕਹਿਣਾ ਹੈ, "ਲੋਕ ਆਪਣੀ ਤੁਲਨਾ ਇੰਸਟਾਗਰਾਮ 'ਤੇ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਨਾਲ ਕਰਨ ਲਗਦੇ ਹਨ। ਅਕਸਰ ਅਜਿਹੇ ਲੋਕ ਖੁਦ ਨੂੰ ਘੱਟ ਸਮਝਦੇ ਹਨ।"

ਜੈਸਮੀਨ ਨੇ ਯੂਨੀਵਰਸਿਟੀ ਦੀਆਂ 227 ਵਿਦਿਆਰਥਣਾਂ ਤੋਂ ਸਵਾਲ ਪੁੱਛੇ। ਉਨ੍ਹਾਂ ਨੇ ਦੱਸਿਆ ਕਿ ਉਹ ਆਲੇ-ਦੁਆਲੇ ਦੇ ਲੋਕਾਂ ਦੀ ਤੁਲਨਾ ਵਿੱਚ ਖੁਦ ਨੂੰ ਘੱਟ ਸਮਝਦੀਆਂ ਹਨ।

ਮਸ਼ਹੂਰ ਵਿਅਕਤੀਆਂ ਦੇ ਮੁਕਾਬਲੇ ਵੀ ਉਹ ਖੁਦ ਨੂੰ ਘੱਟ ਸਮਝਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਇਹ ਵਿਦਿਆਰਥਣਾਂ ਘੱਟ ਜਾਣਦੀਆਂ ਸਨ ਉਨ੍ਹਾਂ ਨੂੰ ਲੈ ਕੇ ਹੀਣ ਭਾਵਨਾ ਵੱਧ ਸੀ।

ਜੈਸਮੀਨ ਕਹਿੰਦੀ ਹੈ ਕਿ ਜਿਨ੍ਹਾਂ ਲੋਕਾਂ ਬਾਰੇ ਉਹ ਜਾਣਦੀਆਂ ਹਨ ਉਨ੍ਹਾਂ ਦੀ ਅਸਲੀ ਸੁੰਦਰਤਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੁੰਦੀ ਹੈ।

ਉੱਥੇ ਹੀ ਜਿਸ ਤੋਂ ਅਸੀਂ ਦੂਰ ਹੁੰਦੇ ਹਾਂ ਉਨ੍ਹਾਂ ਦੀ ਸੁੰਦਰਤਾ ਬਾਰੇ ਆਪਣੇ ਮੰਨ ਵਿੱਚ ਵਹਿਮ ਪਾਲੇ ਹੁੰਦੇ ਹਨ। ਜਦੋਂਕਿ ਸੋਸ਼ਲ ਮੀਡੀਆ 'ਤੇ ਲੋਕ ਅਕਸਰ ਖੁਦ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ।

ਨਕਾਰਾਤਮਕ ਅਸਰ

ਹਾਲਾਂਕਿ ਸੋਸ਼ਲ ਮੀਡੀਆ ਦੀ ਹਰ ਤਸਵੀਰ ਤੁਹਾਡੇ 'ਤੇ ਨਕਾਰਾਤਮਕ ਅਸਰ ਪਾਏ ਇਹ ਜ਼ਰੂਰੀ ਨਹੀਂ।

ਬਹੁਤ ਸਾਰੇ ਲੋਕ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਬਹੁਤ ਸਾਰੀਆਂ ਤਸਵੀਰਾਂ ਕਸਰਤ ਕਰਦੇ ਹੋਏ ਪਾਉਂਦੇ ਹਨ।

ਕਈ ਵਾਰ ਇਹ ਤਸਵੀਰਾਂ ਸੱਚੀਆਂ ਹੁੰਦੀਆਂ ਹਨ ਤਾਂ ਕਈ ਵਾਰੀ ਦਿਖਾਵਾ।

ਇਸ ਬਾਰੇ ਬਰਤਾਨੀਆ ਦੀ ਬ੍ਰਿਸਟਾਲ ਯੂਨੀਵਰਸਿਟੀ ਦੀ ਐਮੀ ਸਲੈਟਰ ਨੇ 2017 ਵਿੱਚ ਖੋਜ ਕੀਤੀ ਸੀ। ਐਮੀ ਨੇ ਯੂਨੀਵਰਸਟੀ ਦੀਆਂ 160 ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਜਿਨ੍ਹਾਂ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਉੱਤੇ ਸਿਰਫ਼ ਕਸਰਤ ਕਰਦੇ ਦੀਆਂ ਤਸਵੀਰਾਂ ਦੇਖੀਆਂ ਉਨ੍ਹਾਂ ਦੇ ਦਿਮਾਗ 'ਤੇ ਅਜਿਹੀਆਂ ਤਸਵੀਰਾਂ ਦਾ ਨਕਾਰਾਤਮਕ ਅਸਰ ਹੋਇਆ।

ਉੱਥੇ ਹੀ ਜਿਨ੍ਹਾਂ ਨੇ ਪ੍ਰੇਰਣਾ ਦੇਣ ਵਾਲੇ ਬਿਆਨ ਪੜ੍ਹੇ ਜਿਵੇਂ ਕਿ 'ਤੁਸੀਂ ਜਿਵੇਂ ਵੀ ਹੋ ਚੰਗੇ ਹੋ', ਉਨ੍ਹਾਂ 'ਤੇ ਨਕਾਰਾਤਮਕ ਅਸਰ ਘੱਟ ਹੋਇਆ। ਉਹ ਆਪਣੇ ਸਰੀਰ ਲਈ ਹੀਣ ਭਾਵਨਾ ਦੇ ਸ਼ਿਕਾਰ ਨਹੀਂ ਹੋਏ।

ਇਸ ਸਾਲ ਆਈ ਇੱਕ ਹੋਰ ਖੋਜ ਵਿੱਚ 195 ਜਵਾਨ ਔਰਤਾਂ ਨੂੰ ਉਨ੍ਹਾਂ ਦੀ ਸ਼ਲਾਘਾ ਕਰਨ ਵਾਲੇ ਪੋਸਟ ਦਿਖਾਏ ਗਏ।

ਇਨ੍ਹਾਂ ਵਿੱਚ ਕੁਝ ਨੂੰ ਔਰਤਾਂ ਦੇ ਬਿਕਨੀ ਪਾਏ ਹੋਏ ਜਾਂ ਫਿਰ ਕਸਰਤ ਵਾਲੀਆਂ ਤਸਵੀਰਾਂ ਦਿਖਾਈਆਂ ਗਈਆਂ।

ਕੁਝ ਨੂੰ ਕੁਦਰਤ ਦੀ ਖੂਬਸੂਰਤੀ ਦਿਖਾਈ ਗਈ। ਜਿਨ੍ਹਾਂ ਔਰਤਾਂ ਨੂੰ ਬਿਕਨੀ ਵਾਲੀ ਜਾਂ ਫਿਟਨੈਸ ਦਾ ਪ੍ਰਚਾਰ ਕਰਨ ਵਾਲੀ ਤਸਵੀਰ ਦਿਖਾਈ ਗਈ ਉਨ੍ਹਾਂ ਕੁੜੀਆਂ ਤੇ ਇਨ੍ਹਾਂ ਤਸਵੀਰਾਂ ਦਾ ਚੰਗਾ ਅਸਰ ਪਿਆ। ਉਹ ਖੁਦ ਦੀ ਬਣਤਰ ਤੋਂ ਖੁਸ਼ ਸਨ।

ਐਮੀ ਸਲੈਟਰ ਦਾ ਕਹਿਣਾ ਹੈ, "ਸੋਸ਼ਲ ਮੀਡੀਆ ਦੀਆਂ ਕੁਝ ਤਸਵੀਰਾਂ ਵੀ ਲੋਕਾਂ 'ਤੇ ਚੰਗਾ ਅਸਰ ਪਾਉਂਦੀਆਂ ਹਨ।"

ਜਿਹੜੀਆਂ ਬੋਡੀ-ਪਾਜ਼ੀਟਿਵ ਤਸਵੀਰਾਂ ਚੰਗਾ ਅਸਰ ਛੱਡ ਗਈਆਂ ਉਹ ਵੀ ਸਰੀਰ 'ਤੇ ਹੀ ਜ਼ੋਰ ਦਿੰਦੀਆਂ ਹਨ।

ਮੁਸ਼ਕਿਲ ਇਸੇ ਗੱਲ ਦੀ ਹੈ ਕਿ ਔਰਤਾਂ ਦੇ ਸਰੀਰ, ਉਨ੍ਹਾਂ ਦੀ ਬਣਤਰ 'ਤੇ ਹੀ ਜ਼ਿਆਦਾ ਜ਼ੋਰ ਹੈ।

ਅਜਿਹੇ ਵਿੱਚ ਹਰ ਜਵਾਨ ਔਰਤ ਆਪਣੀ ਤੁਲਨਾ ਦੂਜਿਆਂ ਨਾਲ ਕਰਕੇ ਖੁਦ ਨੂੰ ਘੱਟ ਜਾਂ ਬਿਹਤਰ ਸਮਝਣ ਲਈ ਮਜਬੂਰ ਹੁੰਦੀ ਹੈ।

ਇਸ ਦਾ ਮਤਲਬ ਹੈ ਕਿ ਜੇ ਕੋਈ ਖੁਦ ਨੂੰ ਇਹ ਲਿਖ ਕੇ ਪੇਸ਼ ਕਰਦਾ ਹੈ ਕਿ "ਮੈਂ ਖੂਬਸੂਰਤ ਹਾਂ" ਤਾਂ ਇਹ ਸੋਸ਼ਲ ਮੀਡੀਆ ਪੋਸਟ ਦੇਖਣ ਵਾਲੇ ਖੁਦ ਬਾਰੇ ਕੀਤੇ ਗਏ ਕਮੈਂਟ 'ਤੇ ਧਿਆਨ ਦਿੰਦੇ ਹਨ।

ਜੇ ਲੋਕਾਂ ਨੇ ਇੰਨੇ ਚੰਗੇ ਕਮੈਂਟ ਨਹੀਂ ਕੀਤੇ ਹਨ ਤਾਂ ਇਸਦਾ ਨਕਾਰਾਤਮਕ ਅਸਰ ਹੁੰਦਾ ਹੈ।

ਸੈਲਫ਼ੀ ਵਾਲਾ ਪਿਆਰ

ਲੋਕਾਂ ਵਿੱਚ ਸੈਲਫ਼ੀ ਲੈਣ ਦਾ ਖੂਬ ਚਲਨ ਹੈ। ਕਿਤੇ ਵੀ ਸੈਲਫ਼ੀ ਹੋਵੇ ਉਸ ਨੂੰ ਇੰਸਟਾਗਰਾਮ ਜਾਂ ਫੇਸਬੁੱਕ ਪੇਜ 'ਤੇ ਪਾਉਣ ਦਾ ਟਰੈਂਡ ਹੈ।

ਕਾਫ਼ੀ ਲੋਕ ਅਸਲੀ ਤਸਵੀਰਾਂ ਨੂੰ ਸਜਾਵਟੀ ਤੌਰ 'ਤੇ ਵੀ ਪੋਸਟ ਕਰਦੇ ਹਨ।

ਟੋਰੰਟੋ ਦੀ ਯੋਰਕ ਯੂਨੀਵਰਸਿਟੀ ਦੀ ਜੈਨੀਫ਼ਰ ਮਿੱਲਜ਼ ਨੇ ਸੈਲਫ਼ੀ ਦੇ ਸ਼ੌਕੀਨਾਂ 'ਤੇ ਇੱਕ ਤਜੁਰਬਾ ਕੀਤਾ।

ਉਨ੍ਹਾਂ ਨੇ ਵਿਦਿਆਰਥੀਆਂ ਦੇ ਇੱਕ ਗਰੁੱਪ ਨੂੰ ਆਪਣੀਆਂ ਤਸਵੀਰਾਂ ਫੇਸਬੁੱਕ ਜਾਂ ਇੰਸਟਾਗਰਾਮ 'ਤੇ ਪਾਉਣ ਲਈ ਕਿਹਾ।

ਕੁਝ ਵਿਦਿਆਰਥੀਆਂ ਨੂੰ ਸਿਰਫ਼ ਇੱਕ ਤਸਵੀਰ ਲੈਣ ਦੀ ਇਜਾਜ਼ਤ ਸੀ।

ਉੱਥੇ ਹੀ ਕੁਝ ਵਿਦਿਆਰਥਣਾਂ ਨੂੰ ਮਨਚਾਹੀ ਗਿਣਤੀ ਵਿੱਚ ਸੈਲਫ਼ੀ ਲੈਣ ਦੀ ਇਜਾਜ਼ਤ ਸੀ। ਉਹ ਸੈਲਫ਼ੀ ਨੂੰ ਐਡਿਟ ਵੀ ਕਰ ਸਕਦੀਆਂ ਸੀ।

ਜੈਨੀਫਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੇਖਿਆ ਕਿ ਸੈਲਫ਼ੀ ਲੈਣ ਵਾਲੀਆਂ ਜ਼ਿਆਦਾਤਰ ਕੁੜੀਆਂ ਨੂੰ ਆਪਣੀ ਖੂਬਸੂਰਤੀ 'ਤੇ ਭਰੋਸਾ ਸੀ।

ਜਿਨ੍ਹਾਂ ਨੂੰ ਫੋਟੋ ਵਿੱਚ ਛੇੜਛਾੜ ਦੀ ਇਜਾਜ਼ਤ ਸੀ ਉਹ ਖੁਦ ਨੂੰ ਘੱਟ ਹੀ ਸਮਝ ਰਹੀਆਂ ਸਨ। ਉਨ੍ਹਾਂ ਨੂੰ ਸ਼ਿਕਾਇਤ ਸੀ ਕਿ ਉਹ ਦੂਜਿਆਂ ਵਰਗੀਆਂ ਖੂਬਸੂਰਤ ਕਿਉਂ ਨਹੀਂ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਵਿੱਚੋਂ ਕਈ ਵਿਦਿਆਰਥਣਾਂ ਦੀ ਦਿਲਚਸਪੀ ਇਸ ਵਿੱਚ ਵੱਧ ਸੀ ਕਿ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਿੰਨੇ ਲਾਈਕ ਮਿਲੇ। ਜਾਂ ਫਿਰ ਉਹ ਇਹ ਜਾਣਨਾ ਚਾਹੁੰਦੀ ਸੀ ਕਿ ਤਸਵੀਰ ਚੰਗੀ ਆਈ ਹੈ ਜਾਂ ਨਹੀਂ। ਤਾਂ ਹੀ ਉਹ ਇਸ ਨੂੰ ਪੋਸਟ ਕਰਨਗੀਆਂ।

ਜੈਨੀਫਰ ਦਾ ਕਹਿਣਾ ਹੈ, "ਸਾਰੀਆਂ ਵਿਦਿਆਰਥਣਾਂ ਆਪਣੇ ਲੁਕਸ ਨੂੰ ਲੈ ਕੇ ਭਰਮ ਵਿੱਚ ਸਨ। ਉਹ ਖੂਬਸੂਰਤ ਦਿਖ ਰਹੀਆਂ ਹਨ ਜਾਂ ਨਹੀਂ ਇਸ 'ਤੇ ਜ਼ੋਰ ਸੀ। ਇਸ ਲਈ ਲੋਕ ਜਲਦੀ ਹੀ ਇੱਕ ਤੋਂ ਬਾਅਦ ਇੱਕ ਦੂਜੀ ਸੈਲਫ਼ੀ ਲੈਣ ਲਗਦੇ ਹਨ।"

ਆਤਮ ਵਿਸ਼ਵਾਸ ਵਿੱਚ ਕਮੀ

2017 ਵਿੱਚ ਕੀਤੇ ਇੱਕ ਅਧਿਐਨ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਲੋਕ ਸੈਲਫ਼ੀ ਲੈਣ ਤੋਂ ਬਾਅਦ ਉਸ ਨੂੰ ਸਜਾ ਕੇ ਅਪਲੋਡ ਕਰਨ ਵਿੱਚ ਵਧੇਰੇ ਸਮਾਂ ਲਾਉਂਦੇ ਹਨ ਉਨ੍ਹਾਂ ਵਿੱਚ ਖੁਦ ਬਾਰੇ ਆਤਮ-ਵਿਸ਼ਵਾਸ ਦੀ ਘਾਟ ਹੁੰਦੀ ਹੈ।

ਹਾਲਾਂਕਿ ਸੋਸ਼ਲ ਮੀਡੀਆ 'ਤੇ ਖੋਜ ਅਜੇ ਬਹੁਤ ਜ਼ਿਆਦਾ ਪੁਰਾਣੀ ਨਹੀਂ ਹੈ। ਇਸ ਲਈ ਇਸ ਦੇ ਅਸਰ ਬਾਰੇ ਦਾਅਵੇ ਕਰਨਾ ਠੀਕ ਨਹੀਂ ਹੈ।

ਜ਼ਿਆਦਾਤਰ ਖੋਜ ਔਰਤਾਂ 'ਤੇ ਕੇਂਦਰਤ ਰਹੀ ਹੈ। ਹਾਲਾਂਕਿ, ਸੋਸ਼ਲ ਮੀਡੀਆ ਅਤੇ ਮਰਦਾਂ ਉੱਤੇ ਕੀਤੀ ਰਿਸਰਚ ਦੇ ਨਤੀਜੇ ਵੀ ਇਸੇ ਵੱਲ ਹੀ ਇਸ਼ਾਰਾ ਕਰਦੇ ਹਨ।

ਜਿਹੜੇ ਮਰਦ ਫਿਟਨੈਸ ਨਾਲ ਜੁੜੀਆਂ ਤਸਵੀਰਾਂ ਵਧੇਰੇ ਦੇਖਦੇ ਹਨ ਉਹ ਖੁਦ ਦੇ ਸਰੀਰ ਬਾਰੇ ਨਕਾਰਾਤਮਕ ਸੋਚ ਰੱਖਦੇ ਹਨ।

ਜੈਸਮੀਨ ਕਹਿੰਦੀ ਹੈ ਕਿ ਸੋਸ਼ਲ ਮੀਡੀਆ 'ਤੇ ਹਾਲੇ ਹੋਰ ਰਿਸਰਚ ਹੋਣੀ ਚਾਹੀਦੀ ਹੈ। ਤਾਂ ਹੀ ਇਸ ਦੇ ਅਸਰ ਨੂੰ ਲੈ ਕੇ ਅਸੀਂ ਕਿਸੇ ਸਿੱਟੇ ਤੱਕ ਪਹੁੰਚ ਸਕਾਂਗੇ।

ਫਿਲਹਾਲ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਜੇ ਤੁਸੀਂ ਆਪਣੇ ਬਾਰੇ ਮਾੜਾ ਮਹਿਸੂਸ ਨਹੀਂ ਕਰਨਾ ਚਾਹੁੰਦੇ ਤਾਂ ਆਪਣਾ ਫੋਨ ਪਰੇ ਰੱਖ ਦਿਉ।

ਕਿਸੇ ਹੋਰ ਕੰਮ ਵਿੱਚ ਸਮਾਂ ਬਿਤਾਓ। ਅਜਿਹੇ ਕੰਮ ਕਰੋ, ਜਿਸ ਦਾ ਕਿਸੇ ਦੀ ਸੁੰਦਰਤਾ ਜਾਂ ਤਾਕਤ ਨਾਲ ਕੋਈ ਲੈਣਾ ਦੇਣਾ ਨਾ ਹੋਵੇ।

ਦੂਜੀ ਚੀਜ ਇਹ ਹੈ ਇਹ ਦੇਖੋ ਕਿ ਤੁਸੀਂ ਸੋਸ਼ਲ ਮੀਡੀਆ ਉੱਤੇ ਕਿਸ ਨੂੰ ਫੋਲੋ ਕਰਦੇ ਹੋ।

ਤੁਹਾਡੀ ਟਾਈਮਲਾਈਨ 'ਤੇ ਕਿਤੇ ਬੇਲੋੜੀਆਂ ਤਸਵੀਰਾਂ ਦਾ ਹੜ੍ਹ ਤਾਂ ਨਹੀਂ ਲੱਗਿਆ ਹੋਇਆ।

ਜੇ ਅਜਿਹਾ ਹੈ ਤਾਂ ਤੁਸੀਂ ਸੋਸ਼ਲ ਮੀਡੀਆ ਅਕਾਉਂਟ ਉੱਤੇ ਜਿਨ੍ਹਾਂ ਫੋਲੋ ਕਰਦੇ ਹੋ ਉਨ੍ਹਾਂ ਉੱਤੇ ਫਿਰ ਨਜ਼ਰ ਮਾਰੋ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਉਣਾ ਤਾਂ ਨਾਮੁਮਕਿਨ ਹੈ ਪਰ ਤੁਹਾਡੀ ਟਾਈਮਲਾਈਨ 'ਤੇ ਜੇਕਰ ਕੁਦਰਤੀ ਸੁੰਦਰਤਾ ਦੀਆਂ ਤਸਵੀਰਾਂ, ਚੰਗੇ ਭੋਜਨ ਅਤੇ ਪਸ਼ੂਆਂ ਦੀਆਂ ਖੂਬਸੂਰਤ ਤਸਵੀਰਾਂ ਦਿਖਣਗੀਆਂ ਤਾਂ ਤੁਹਾਨੂੰ ਬਿਹਤਰ ਮਹਿਸੂਸ ਹੋਏਗਾ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)