ਸੋਸ਼ਲ ਮੀਡੀਆ 'ਤੇ ਰਾਤੋ-ਰਾਤ ਸਟਾਰ ਬਣਨ ਵਾਲੇ ਮੁੰਡੇ-ਕੁੜੀਆਂ

    • ਲੇਖਕ, ਤਾਹਿਰਾ ਭਸੀਨ
    • ਰੋਲ, ਬੀਬੀਸੀ ਪੱਤਰਕਾਰ

ਗੋਵਿੰਦਾ ਵਰਗੇ ਮੂਵਜ਼ ਵਾਲੇ ਡਾਂਸਿੰਗ ਅੰਕਲ ਜਾਂ ਸੈਲਫੀ ਲੈਣ ਵਾਲੀ ਢਿਨਚੈਕ ਪੂਜਾ, ਇੱਕ ਵੀਡੀਓ ਅਤੇ ਕੁਝ ਹੀ ਘੰਟਿਆਂ ਵਿੱਚ ਸ਼ੌਹਰਤ, ਨਾਮ ਅਤੇ ਕਈ ਆਫਰ, ਸੋਸ਼ਲ ਮੀਡੀਆ ਅਜਿਹੇ ਕਿੰਨੇ ਹੀ ਲੋਕਾਂ ਨੂੰ ਮਸ਼ਹੂਰ ਕਰ ਚੁੱਕਿਆ ਹੈ।

ਵਾਇਰਲ ਹੋਣ ਲਈ ਜ਼ਰੂਰੀ ਵੀ ਨਹੀਂ ਹੈ ਕਿ ਤੁਹਾਡਾ ਵੀਡੀਓ ਬਹੁਤ ਜ਼ਬਰਦਸਤ ਹੋਵੇ, ਬੱਸ ਕੁੱਝ ਹਟ ਕੇ ਹੋਣਾ ਚਾਹੀਦਾ ਹੈ।

ਫੇਰ ਜੇ ਤੁਸੀਂ ਲੋਕਾਂ ਨੂੰ ਪਸੰਦ ਆ ਗਏ, ਤਾਂ ਮਿੰਟੋ ਮਿੰਟੀ ਹੀ ਲਾਈਕਸ ਵਿੱਚ ਵਾਧਾ ਅਤੇ ਤੁਸੀਂ ਹਿੱਟ। ਜਾਣਦੇ ਹਾਂ ਹਾਲ ਹੀ ਵਿੱਚ ਅਜਿਹੇ ਕਿਹੜੇ ਲੋਕ ਬਣ ਗਏ ਸੋਸ਼ਲ ਮੀਡੀਆ ਦੇ ਵਾਇਰਲ ਸਿਤਾਰੇ।

1. ਹੈਲੋ ਫਰੈਂਡਸ...ਚਾਏ ਪੀ ਲੋ

ਇੰਟਰਨੈੱਟ 'ਤੇ ਹਾਏ ਹੈਲੋ ਕਰਨ ਵਾਲੀ ਇਸ ਔਰਤ ਦੇ ਨਾ ਹੀ ਸਿਰਫ ਵੀਡੀਓਜ਼ ਵਾਇਰਲ ਹੋ ਰਹੇ ਹਨ ਬਲਕਿ ਉਨ੍ਹਾਂ ਦਾ ਅੰਦਾਜ਼ ਹੁਣ ਬੱਚਾ ਬੱਚਾ ਕਾਪੀ ਕਰ ਰਿਹਾ ਹੈ।

ਅੰਦਾਜ਼ ਸਿਰਫ ਇੰਨਾ ਹੀ ਹੈ ਕਿ ਉਹ ਵੀਡੀਓ ਰਾਹੀਂ ਲੋਕਾਂ ਨੂੰ ਚਾਹ ਪੀਣ ਲਈ ਕਹਿੰਦੀ ਹੈ। ਕਦੇ ਕਦੇ ਵੀ ਤਰਬੂਜ਼, ਖ਼ਰਬੂਜਾ ਜਾਂ ਜੂਸ ਵੀ ਆਫਰ ਕਰਦੀ ਹੈ।

ਸੋਮਵਤੀ ਮਹਾਵਰ ਅਜਿਹੇ ਕਈ ਵੀਡੀਓਜ਼ ਬਣਾਉਂਦੀ ਹੈ, ਜਿਸਨੂੰ ਨਾ ਹੀ ਸਿਰਫ ਸ਼ੇਅਰ ਕੀਤਾ ਜਾ ਰਿਹਾ ਹੈ ਬਲਕਿ ਇਸ ਦੀ ਰੱਜ ਕੇ ਨਕਲ ਵੀ ਉਤਾਰੀ ਜਾ ਰਹੀ ਹੈ।

2. ਡਾਂਸਿੰਗ ਅੰਕਲ ਉਰਫ਼ ਸੰਜੀਵ ਸ੍ਰੀਵਾਸਤਵ

ਪੇਸ਼ੇ ਤੋਂ ਇੱਕ ਕਾਲਜ ਪ੍ਰੋਫੈਸਰ ਕਿਸੇ ਫੰਕਸ਼ਨ ਵਿੱਚ ਮੰਚ 'ਤੇ ਚੜ੍ਹ ਕੇ ਨੱਚੇ ਤੇ ਅਜਿਹਾ ਨੱਚੇ ਕਿ ਸਲਮਾਨ ਖਾਨ ਨੇ ਉਨ੍ਹਾਂ ਨੂੰ ਆਪਣੇ ਮਸ਼ਹੂਰ ਟੀਵੀ ਸ਼ੋਅ 'ਦਸ ਕਾ ਦਮ' ਵਿੱਚ ਹੀ ਸੱਦ ਲਿਆ।

ਭੋਪਾਲ ਦੇ ਸੰਜੀਵ ਸ੍ਰੀਵਾਸਤਵ ਨੇ ਗੋਵਿੰਦਾ ਦੇ ਇੱਕ ਗੀਤ 'ਤੇ ਹੂਬਹੂ ਉਨ੍ਹਾਂ ਵਰਗਾ ਪਰਫੌਰਮ ਕੀਤਾ, ਜੋ ਸੋਸ਼ਲ ਮੀਡੀਆ 'ਤੇ ਹਿੱਟ ਹੋ ਗਿਆ।

ਫੇਰ ਉਨ੍ਹਾਂ ਦੇ ਅਜਿਹੇ ਵੀਡੀਓਜ਼ ਦੀ ਲੜੀ ਸ਼ੁਰੂ ਹੋ ਗਈ ਅਤੇ ਗੋਵਿੰਦਾ ਆਪ ਉਨ੍ਹਾਂ ਦੀਆਂ ਸਿਫਤਾਂ ਕਰਨ ਲੱਗੇ।

3. ਪ੍ਰੀਆ ਪ੍ਰਕਾਸ਼ ਵਾਰਿਅਰ

ਇੱਕ ਅੱਖ ਮਾਰ ਕੇ ਇੰਟਰਨੈੱਟ ਦੀ ਦੁਨੀਆਂ ਨੂੰ ਪਿਘਲਾਉਣ ਵਾਲੀ ਪ੍ਰੀਆ ਪ੍ਰਕਾਸ਼ ਵਾਰਿਅਰ ਵੇਖਦੇ ਹੀ ਲੱਖਾਂ ਦਿਲਾਂ ਦੀ ਵੈਲਨਟਾਈਨ ਬਣ ਗਈ।

ਮਲਿਆਲੀ ਅਦਾਕਾਰਾ ਪ੍ਰੀਆ ਦਾ ਵੀਡੀਓ ਇੰਨਾ ਵਾਇਰਲ ਹੋਇਆ ਕਿ ਉਨ੍ਹਾਂ ਦੇ ਬਾਲੀਵੁੱਡ ਜਾਣ ਤੱਕ ਦੀਆਂ ਗੱਲਾਂ ਹੋਣ ਲੱਗੀਆਂ।

ਇਹ ਇੱਕ ਪ੍ਰੋਮੋ ਵੀਡੀਓ ਸੀ ਜੋ ਉਨ੍ਹਾਂ ਦੀ ਪਹਿਲੀ ਫਿਲਮ ਦੇ ਗਾਣੇ ਦਾ ਸੀ। ਦੋ ਪ੍ਰੇਮੀਆਂ ਦੀ ਲਵ ਸਟੋਰੀ ਜਿਸਨੇ ਪ੍ਰੀਆ ਨੂੰ ਨੈਸ਼ਨਲ ਕਰੱਸ਼ ਬਣਾ ਦਿੱਤਾ।

4. ਕਮਲੇਸ਼

ਮਸ਼ਹੂਰ ਕਰਨ ਦੇ ਨਾਲ ਨਾਲ ਸੋਸ਼ਲ ਮੀਡੀਆ ਕਦੇ ਕਦੇ ਬੇਰਹਿਮ ਵੀ ਹੋ ਜਾਂਦਾ ਹੈ। ਨਸ਼ੇ ਕਰਨ ਵਾਲੇ ਮੁੰਡੇ ਕਮਲੇਸ਼ ਦਾ ਵੀਡੀਓ ਉਸੇ ਦਾ ਉਦਾਹਰਣ ਹੈ।

ਇਸ ਵੀਡੀਓ ਵਿੱਚ 13 ਸਾਲ ਦਾ ਕਮਲੇਸ਼ ਸੋਲਿਊਸ਼ਨ ਪੀ ਕੇ ਨਸ਼ੇ ਕਰਦਾ ਹੈ ਅਤੇ ਉਸ ਦਾ ਇੱਕ ਇੰਟਰਵਿਊ ਬੇਹੱਦ ਵਾਇਰਲ ਹੋਇਆ।

ਉਸ ਦਾ ਫੇਰ ਮਜ਼ਾਕ ਵੀ ਉਡਾਇਆ ਗਿਆ, ਇਹ ਬਿਨਾਂ ਸੋਚੇ ਸਮਝੇ ਕਿ ਉਸ ਦੀ ਸਥਿਤਿ ਗੰਭੀਰ ਹੈ ਅਤੇ ਇਹ ਮਾਖੌਲ ਵਾਲੀ ਚੀਜ਼ ਨਹੀਂ।

5. ਢਿਨਚੈਕ ਪੂਜਾ

ਸੈਲਫੀ ਮੈਂਨੇ ਲੇਲੀ ਆਜ, ਸੈਲਫੀ ਮੈਂਨੇ ਲੇਲੀ ਆਜ, ਸੈਲਫੀ ਕੈਮਰਾ ਤੇ ਗੀਤ ਗਾਉਣ ਵਾਲੀ ਢਿਨਚੈਕ ਪੂਜਾ ਯੂ-ਟਿਊਬ ਤੋਂ ਇੱਕ ਦਿਨ ਬੈਠੇ ਬੈਠੇ ਹੀ ਮਸ਼ਹੂਰ ਹੋ ਗਈ।

ਗਾਇਕ ਜਿੰਨੀ ਉਸਦੀ ਬੁਰਾਈ ਕਰ ਰਹੇ ਸਨ, ਉਨਾ ਹੀ ਵੱਧ ਲੋਕ ਉਸ ਦੀਆਂ ਵੀਡੀਓਜ਼ ਵੇਖ ਰਹੇ ਸਨ।

ਤੇ ਆਖਰਕਾਰ ਉਸਨੂੰ ਬਿੱਗ ਬਾਸ ਤੋਂ ਕਾਲ ਆ ਹੀ ਗਿਆ।

6. ਦਰਸ਼ਨ ਲੱਖੇਵਾਲਾ

ਬੂਹੇ ਤੇ ਹੱਥਾਂ ਨਾਲ ਸੰਗੀਤ ਵਜਾਉਣ ਵਾਲਾ ਪੱਲੇਦਾਰ ਦਰਸ਼ਨ ਲੱਖੇਵਾਲਾ ਰਾਤੋ ਰਾਤ ਪੰਜਾਬ ਦੀ ਸਿੰਗਿੰਗ ਸੈਨਸੇਸ਼ਨ ਬਣ ਗਿਆ।

ਬੇਹੱਦ ਮਾੜੀ ਕੁਆਲਿਟੀ ਦੀ ਵੀਡੀਓ, ਪਰ ਸ਼ਾਨਦਾਰ ਆਵਾਜ਼ ਅਤੇ ਲੇਖਣੀ ਨੇ ਲੱਖੇਵਾਲਾ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਕਿ ਬੱਬੂ ਮਾਨ ਨੇ ਉਸਨੂੰ ਲਾਂਚ ਹੀ ਕਰ ਦਿੱਤਾ।

ਸੋਸ਼ਲ ਮੀਡੀਆ ਤੋਂ ਕਾਮਯਾਬ ਹੋਏ ਕੁਝ ਲੋਕਾਂ 'ਚੋਂ ਦਰਸ਼ਨ ਲੱਖੇਵਾਲਾ ਇੱਕ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਤੱਕ ਜਾ ਕੇ ਸ਼ੋਅਜ਼ ਕੀਤੇ ਤੇ ਪੱਲੇਦਾਰੀ ਤੋਂ ਸਿੱਧੇ ਗਾਇਕੀ ਦੇ ਮੰਚ 'ਤੇ ਪਹੁੰਚ ਗਏ।

ਸੋਸ਼ਲ ਮੀਡੀਆ ਕਿਸੇ ਨੂੰ ਹਿੱਟ ਕਰਨ ਤੋਂ ਪਹਿਲਾਂ ਇਹ ਨਹੀਂ ਵੇਖਦਾ ਕਿ ਉਹ ਕਿਸ ਇਲਾਕੇ ਦਾ ਹੈ ਜਾਂ ਅਮੀਰ ਹੈ ਜਾਂ ਗਰੀਬ, ਜਾਂ ਕੁਝ ਹੋਰ। ਵੇਖਦਾ ਹੈ ਤਾਂ ਸਿਰਫ ਇੰਨਾ ਕਿ ਉਸ ਵਿੱਚ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਦੀ ਕਾਬਲੀਅਤ ਹੋਣੀ ਚਾਹੀਦੀ ਹੈ।

ਸੋ ਕੀ ਤੁਸੀਂ ਵੀ ਬਣਾਇਆ ਕੋਈ ਵੀਡੀਓ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)