YouTube ਨੇ ਇੱਕ ਪ੍ਰਯੋਗ ਅਧੀਨ ਸਬਸਕ੍ਰਿਪਸ਼ਨ ਫੀਡ ਵਿੱਚ ਕੀਤਾ ਬਦਲਾਅ

    • ਲੇਖਕ, ਕ੍ਰਿਸ ਫੌਕਸ
    • ਰੋਲ, ਤਕਨੀਕੀ ਪੱਤਰਕਾਰ

ਯੂ ਟਿਊਬ ਨੇ ਬਿਨਾਂ ਦੱਸੇ ਹੀ ਵੀਡੀਓਜ਼ ਦਾ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦਾ ਤਰੀਕਾ ਬਦਲ ਦਿੱਤਾ ਹੈ ਅਤੇ ਵੈਬਸਾਈਟ ਦੇ ਕੁਝ ਸਿਤਾਰੇ ਇਸ ਦੇ ਨਵੇਂ ਪ੍ਰਯੋਗ ਦੀ ਆਲੋਚਨਾ ਕਰ ਰਹੇ ਹਨ।

ਇਸ ਪ੍ਰਯੋਗ ਨਾਲ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਕੋਲ ਉਨ੍ਹਾਂ ਦੀਆਂ ਵੀਡੀਓਜ਼ ਪਹਿਲਾਂ ਵਾਂਗ ਨਹੀਂ ਜਾਂਦੀਆਂ।

ਯੂ ਟਿਊਬ ਨੇ ਦਰਸ਼ਕਾਂ ਦੇ ਸਬਸਕ੍ਰਿਪਸ਼ਨ ਫੀਡ ਵਿੱਚ ਵੀਡੀਓਜ਼ ਦੀ ਪੇਸ਼ਕਾਰੀ ਦਾ ਕ੍ਰਮ ਬਦਲ ਦਿੱਤਾ ਹੈ।

ਕੁਝ ਲੋਕਾਂ ਨੇ ਜਦੋਂ ਇਸ ਤਬਦੀਲੀ ਬਾਰੇ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਜ਼ਾਹਿਰ ਕੀਤੀ ਤਾਂ ਇਹ ਗੱਲ ਸਾਹਮਣੇ ਆਈ।

ਯੂ ਟਿਊਬ ਦੇ ਇੱਕ ਸਿਤਾਰੇ ਨੇ ਇਸ ਕਦਮ ਨੂੰ ਵੈਬਸਾਈਟ ਦਾ ਸਭ ਤੋਂ ਬੁਰਾ ਫੈਸਲਾ ਦੱਸਿਆ ਹੈ।

ਮਸਲਾ ਕੀ ਹੈ?

ਸਬਸਕ੍ਰਿਪਸ਼ਨ ਫੀਡ ਵਿੱਚ ਅਲੌਗਰਿਥਮ ਨਾਲ ਬਦਲਾਅ ਕਰਨ ਨਾਲ ਛੋਟੇ ਚੈਨਲ ਦੀ ਸਮੱਗਰੀ ਨਜ਼ਰ ਆਉਣ ਦੀਆਂ ਸੰਭਾਵਨਾਵਾਂ ਘੱਟ ਜਾਣਗੀਆਂ।

ਪਹਿਲਾਂ ਯੂ ਟਿਊਬ ਦੀ ਸਬਸਕ੍ਰਿਪਸ਼ਨ ਫੀਡ ਵਿੱਚ ਤਾਰੀਖਵਾਰ ਸਿਲਸਿਲੇ ਵਿੱਚ ਉਨ੍ਹਾਂ ਸਾਰੇ ਚੈਨਲਾਂ ਦੀਆਂ ਵੀਡੀਓਜ਼ ਦਿਖਦੀਆਂ ਸਨ ਜਿਨ੍ਹਾਂ ਚੈਨਲਾਂ ਨੂੰ ਕਿਸੇ ਦਰਸ਼ਕ ਨੇ ਸਬਸਕ੍ਰਾਈਬ ਕੀਤਾ ਹੁੰਦਾ ਸੀ। ਇਸ ਨਾਲ ਲੋਕ ਆਪਣੀ ਪੰਸੰਦੀਦਾ ਚੈਨਲਾਂ ਦੀ ਸਮੱਗਰੀ ਵਧੇਰੇ ਦੇਖ ਸਕਦੇ ਸਨ।

ਹਾਲਾਂਕਿ ਕਈ ਫਿਲਮ ਨਿਰਮਾਤਾਵਾਂ ਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀਆਂ ਕੁਝ ਵੀਡੀਓਜ਼ ਸਬਸਕ੍ਰਿਪਸ਼ਨ ਫੀਡ ਵਿੱਚ ਨਜ਼ਰ ਨਹੀਂ ਆ ਰਹੀਆਂ।

ਉਨ੍ਹਾਂ ਨੇ ਸਵਾਲ ਚੁੱਕਿਆ ਸੀ ਕਿ, ਕੀ ਯੂਟਿਊਬ ਨੇ ਦਰਸ਼ਕਾਂ ਨੂੰ ਵੈਬਸਾਈਟ 'ਤੇ ਰੋਕੀ ਰੱਖਣ ਅਤੇ ਮਸ਼ਹੂਰੀਆਂ ਤੋਂ ਹੋਣ ਵਾਲੇ ਮੁਨਾਫੇ ਨੂੰ ਵਧਾਉਣ ਲਈ ਸਬਸਕ੍ਰਿਪਸ਼ਨ ਫੀਡ ਵਿੱਚ ਬਦਲਾਅ ਕੀਤਾ ਹੈ।

ਯੂ ਟਿਊਬ ਦਾ ਤਾਜ਼ਾ ਪ੍ਰਯੋਗ ਜਿਸ ਬਾਰੇ ਕਿਹਾ ਗਿਆ ਹੈ ਕਿ 'ਥੋੜੇ ਹੀ ਦਰਸ਼ਕਾਂ' ਲਈ ਕੀਤਾ ਗਿਆ ਹੈ।

ਇਸ ਵਿੱਚ ਦਰਸ਼ਕਾਂ ਦੇ ਸਬਸਕ੍ਰਿਪਸ਼ਨ ਫੀਡ ਦਾ ਆਡਰ ਬਦਲਿਆ ਗਿਆ ਹੈ। ਇਸ ਵਿੱਚ ਸਭ ਤੋਂ ਤਾਜ਼ੀਆਂ ਵੀਡੀਓਜ਼ ਦਿਖਾਉਣ ਦੀ ਥਾਂ ਉਹ ਵੀਡੀਓਜ਼ ਦਿਖਾਈਆਂ ਗਈਆਂ ਜਿਨ੍ਹਾਂ ਨੂੰ ਉਹ ਦੇਖਣਾ ਚਾਹੁੰਦੇ ਹਨ।

ਯੂਟਿਊਬ ਦੇ ਸਿਤਾਰੇ ਕਿਉਂ ਖਫ਼ਾ ਹਨ?

ਵੀਡੀਓ ਨਿਰਮਾਤਾ ਗੈਰੀ ਸੀ ਨੇ ਸਮਝਾਇਆ, "ਜਦੋਂ ਮੈਂ ਕਿਸੇ ਯੂਟਿਊਬ ਚੈਨਲ ਦਾ ਸਬਸਕ੍ਰਾਈਬ ਬਟਨ ਦੱਬਦਾ ਹਾਂ ਤਾਂ ਇਸ ਦਾ ਮਤਲਬ ਹੈ ਕਿ ਮੈਂ ਇਸ ਤਰ੍ਹਾਂ ਦੀ ਹੋਰ ਸਮੱਗਰੀ ਦੇਖਣੀ ਚਾਹੁੰਦਾ ਹਾਂ।"

"ਮੈਂ ਇਸ ਗੱਲ ਦੀ ਉਮੀਦ ਨਹੀਂ ਕਰਦਾ ਕਿ ਯੂਟਿਊਬ ਧੱਕੇ ਨਾਲ ਮੈਨੂੰ ਉਹ ਸੱਮਗਰੀ ਦਿਖਾਵੇ ਜੋ ਇਹ ਸਮਝਦੀ ਕਿ ਮੈਂ ਦੇਖਾਂ। ਮੇਰੇ ਕੋਲ 47,000 ਲੋਕ ਹਨ ਜਿਨ੍ਹਾਂ ਨੇ 'ਹਾਂ' ਕਹੀ ਹੈ, ਫੇਰ ਵੀ ਮੈਨੂੰ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿ, ਕੀ ਮੈਂ ਹਾਲੇ ਵੀ ਵੀਡੀਓਜ਼ ਪੋਸਟ ਕਰਦਾ ਹਾਂ।"

ਤਕਨੀਕੀ ਨਾਲ ਜੁੜੇ ਵੀਡੀਓ ਬਲੋਗਰ ਮਾਰਕੁਸ ਬ੍ਰਾਉਨਲੀ-ਜਿਨ੍ਹਾਂ ਦੇ ਛੇ ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ।

ਉਨ੍ਹਾਂ ਕਿਹਾ ਕਿ ਵੀਡੀਓਜ਼ ਦੀ ਤਰਤੀਬ ਨੂੰ ਹਿਲਾਉਣਾ ਇੱਕ ਵਪਾਰਕ ਕਦਮ ਸੀ। ਉਨ੍ਹਾਂ ਕਿਹਾ,"ਸਬਸਕ੍ਰਿਪਸ਼ਨ ਦਾ ਮਤਲਬ ਹੀ ਇਹੀ ਹੈ ਕਿ ਲੋਕ ਸਾਰਾ ਕੁਝ ਦੇਖਣਾ ਚਾਹੁੰਦੇ ਹਨ ਅਤੇ ਜੇ ਉਹ ਨਹੀਂ ਚਾਹੁਣਗੇ ਤਾਂ ਉਹ ਸਬਸਕ੍ਰਿਪਸ਼ਨ ਰੱਦ ਕਰ ਦੇਣਗੇ।"

ਸੀਨ ਮੈਕਲੂਗਿਲਿਨ ਜੋ ਇੱਕ ਗੇਮ ਰਿਵੀਊਕਾਰ ਹਨ, ਉਨ੍ਹਾਂ ਕਿਹਾ, "ਲੋਕ ਸਬਸਕ੍ਰਿਪਸ਼ਨ ਟੈਬ ਦੀ ਵਰਤੋਂ ਅਲੌਗਰਿਥਮ ਵਿਹਾਰ ਤੋਂ ਬਚਣ ਲਈ ਹੀ ਕਰਦੇ ਹਨ" "ਲੋਕ ਉਸ ਨੂੰ ਹੋਮ ਪੇਜ 'ਤੇ ਅਤੇ ਸਿਫਾਰਿਸ਼ਾਂ ਵਿੱਚ ਰੱਖਦੇ ਹਨ।"

ਲਾਈਫ ਸਟਾਈਲ ਬਾਰੇ ਵੀਡੀਓ ਬਲੌਗ ਕਰਨ ਵਾਲੇ ਐਲਫ਼ੀ ਡੇਜ਼ ਦੇ ਪੰਜਾਹ ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਤੋਂ ਵੀਡੀਓਜ਼ ਬਣਾ ਰਹੇ ਹਨ ਅਤੇ ਉਸ ਸਮੇਂ ਤੋਂ ਯੂਟਿਊਬ ਦਾ ਇਹ ਸਭ ਤੋਂ ਬੁਰਾ ਫੈਸਲਾ ਹੈ।"

ਯੂਟਿਊਬ ਨੇ ਕੀ ਕਿਹਾ ਹੈ?

ਯੂਟਿਊਬ ਨੇ ਕਿਹਾ ਕਿ ਇਹ ਪ੍ਰਯੋਗ ਸਿਰਫ਼ ਥੋੜੇ ਜਿਹੇ ਲੋਕਾਂ ਨੂੰ ਹੀ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ "ਪਰਸਨਲਾਈਜ਼ਡ" ਫੀਡ ਔਪਸ਼ਨਲ ਸੀ ਅਤੇ ਯੂਟਿਊਬ ਤਰੀਕਵਾਰ ਫੀਡ ਨੂੰ ਹਟਾਉਣ ਜਾਂ ਖਤਮ ਕਰਨ ਬਾਰੇ ਵਿਚਾਰ ਨਹੀਂ ਕਰ ਰਿਹਾ।

ਹਾਲਾਂਕਿ ਯੂ ਟਿਊਬ ਨੇ ਬੀਬੀਸੀ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਪਸੰਦ ਮੁਤਾਬਕ "ਪਰਸਨਲਾਈਜ਼ਡ" ਫੀਡ ਦਿਖਾਈ ਗਈ ਉਨ੍ਹਾਂ ਨੇ ਜ਼ਿਆਦਾ ਲੰਮੇ ਸਮੇਂ ਤੱਕ ਵੀਡੀਓਜ਼ ਦੇਖੀਆਂ ਹਨ।

ਯੂਟਿਊਬ ਨੇ ਆਪਣਾ ਧਿਆਨ ਹੁਣ ਕਿਸੇ ਵੀਡੀਓ ਨੂੰ ਕਿੰਨੇ ਵਾਰ ਦੇਖਿਆ ਗਿਆ ਤੋਂ ਹਟਾ ਕੇ ਉਸ ਨੂੰ ਔਸਤ ਕਿੰਨਾਂ ਸਮਾਂ ਦੇਖਿਆ ਗਿਆ ਵੱਲ ਮੋੜਿਆ ਹੈ।

ਵੀਡੀਓ ਨਿਰਮਾਤਾਵਾਂ ਨੂੰ ਲੰਬੀਆਂ ਵੀਡੀਓਜ਼ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਦਰਸ਼ਕ ਜ਼ਿਆਦਾ ਦੇਰ ਵੈਬਸਾਈਟ 'ਤੇ ਬਣਿਆ ਰਹੇ।

ਬਦਲਾਅ ਤੋਂ ਹੀ ਸਮਝ ਆਉਂਦਾ ਹੈ ਕਿ ਪਹਿਲਾਂ ਜੋ ਵੀਡੀਓਜ਼ ਦਸ ਮਿੰਟ ਦੀਆਂ ਹੁੰਦੀਆਂ ਸਨ, ਹੁਣ ਉਨ੍ਹਾਂ ਨੂੰ ਲੰਬਾ ਕੀਤਾ ਜਾ ਰਿਹਾ ਹੈ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਇੱਕ ਅਜਿਹੀ ਸੈਟਿੰਗ ਦੀ ਜਾਂਚ ਕਰ ਰਹੇ ਹਾਂ ਜਿਸ ਨਾਲ ਦਰਸ਼ਕ ਵੱਲੋਂ ਸਬਸਕ੍ਰਾਈਬ ਕੀਤੇ ਚੈਨਲਾਂ ਨੂੰ ਤਰਤੀਬ ਦੇ ਕੇ ਉਸ ਕਿਸਮ ਦੀਆਂ ਵੀਡੀਓਜ਼ ਨੂੰ ਉੱਪਰ ਲਿਆਂਦਾ ਜਾਵੇਗਾ ਜਿਸ ਕਿਸਮ ਦੀਆਂ ਵੀਡੀਓਜ਼ ਦਰਸ਼ਕ ਵਧੇਰੇ ਦੇਖਦਾ ਹੈ।"

ਇਹ ਯੂਟਿਊਬ ਵੱਲੋਂ ਕੀਤੇ ਜਾਂਦੇ ਛੋਟੇ-ਛੋਟੇ ਪ੍ਰਯੋਗਾਂ ਵਿੱਚੋਂ ਇੱਕ ਹੈ।

ਇਹ ਵੀਡੀਓ ਐਡੀਟਰ ਨੇ ਕਿਹਾ ਕਿ ਯੂਟਿਊਬ ਨੂੰ ਆਪਣੀ ਐਲੌਗਰਿਥਮ ਪ੍ਰਯੋਗਾਂ ਬਾਰੇ ਸੰਚਾਰ ਵਿੱਚ ਸੁਧਾਰ ਕਰਨਾ ਚਾਹੀਦਾ ਹੈ।

ਸੇਠ ਬ੍ਰਾਊਨ ਨੇ ਕਿਹਾ, "ਕੋਈ ਪ੍ਰਯੋਗ ਕਰਨ ਤੋਂ ਪਹਿਲਾਂ ਸਾਨੂੰ ਦੱਸ ਦਿਓ ਜਾਂ ਈਮੇਲ ਕਰ ਦਿਓ...ਇਹ ਕੋਈ ਮੁਸ਼ਕਿਲ ਕੰਮ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)