You’re viewing a text-only version of this website that uses less data. View the main version of the website including all images and videos.
ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ ਦੀ ਖੁਸ਼ਹਾਲੀ ਦਾ ਇਹ ਰਾਜ਼ ਹੈ
ਸੰਯੁਕਤ ਰਾਸ਼ਟਰ ਦੀ ਇੱਕ ਸਲਾਨਾ ਰਿਪੋਰਟ ਵਿੱਚ ਫਿਨਲੈਂਡ ਨੇ ਲਗਤਾਰ ਦੂਸਰੇ ਸਾਲ ਆਪਣਾ ਸਭ ਤੋਂ ਖ਼ੁਸ਼ਹਾਲ ਦੇਸ ਵਾਲਾ ਦਰਜਾ ਬਰਕਰਾਰ ਰੱਖਿਆ ਹੈ।
ਪਰ ਜੇ ਤੁਸੀਂ ਉੱਥੋਂ ਦੇ ਭੂਗੋਲਿਕ ਹਾਲਾਤ ਦੇਖੋਂ ਤਾਂ ਉੱਤਰੀ ਯੂਰਪ ਦੇ ਇਸ ਠੰਢੇ ਭੂ-ਭਾਗ ਵਿੱਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਵੇਗਾ ਅਤੇ ਤੁਸੀਂ ਸੋਚੋਗੇ ਕਿ ਇਸ ਠੰਢੇ ਦੇਸ ਵਿੱਚ ਅਜਿਹਾ ਕੀ ਹੈ ਕਿ ਉੱਥੇ ਦੇ ਨਾਗਰਿਕ ਦੁਨੀਆਂ ਦੇ ਸਭ ਤੋਂ ਪ੍ਰਸੰਨ ਲੋਕ ਮੰਨੇ ਜਾਂਦੇ ਹਨ?
20 ਮਾਰਚ ਨੂੰ ਪ੍ਰਕਾਸ਼ਿਤ ਕੀਤੀ ਗਈ ਵਰਲਡ ਹੈਪੀਨੈਸ ਇੰਡੈਕਸ ਰਿਪੋਰਟ ਵਿੱਚ 156 ਦੇਸਾਂ ਦੇ ਨਾਗਰਿਕਾਂ ਦੀ ਪ੍ਰਸੰਨਤਾ ਪੱਧਰਾਂ ਮੁਤਾਬਕ ਦਰਜੇਬੰਦੀ ਕੀਤੀ ਗਈ ਹੈ।
ਇਹ ਦਰਜੇਬੰਦੀ 6 ਨੁਕਤਿਆਂ ਦੇ ਅਧਾਰ 'ਤੇ ਕੀਤੀ ਗਈ ਹੈ- ਲਾਈਫ ਐਕਸਪੈਕਟੈਂਸੀ, ਸਮਾਜਿਕ ਸਹਾਇਤਾ, ਭ੍ਰਿਸ਼ਟਾਚਾਰ, ਆਮਦਨੀ, ਸੁਤੰਤਰਤਾ ਅਤੇ ਭਰੋਸਾ, ਤੰਦਰਸੁਤ ਜੀਵਨ ਜਿਊਣ ਦੀ ਉਮੀਦ।
ਇਹ ਵੀ ਪੜ੍ਹੋ:
ਇਹ ਰਿਪੋਰਟ ਲੋਕਾਂ ਦੀ "ਸਬਜੈਕਟਿਵ ਵੈਲ-ਬੀਂਗ" ਬਾਰੇ ਹੈ ਕਿ ਉਹ ਕਿੰਨੇ ਪ੍ਰਸੰਨ ਹਨ ਤੇ ਕਿਉਂ? ਇਸ ਰਿਪੋਰਟ ਵਿੱਚ ਪਹਿਲੇ ਦਸ ਦੇਸਾਂ ਵਿੱਚ ਪਿਛਲੇ ਸਾਲ ਵਾਂਗ ਹੀ ਨੌਰਡਿਕ ਦੇਸਾਂ—ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਦੀ ਸਰਦਾਰੀ ਬਰਕਰਾਰ ਹੈ।
ਨੌਰਡਿਕ ਖਿੱਤਾ ਉੱਤਰੀ ਯੂਰਪ ਅਤੇ ਉੱਤਰੀ ਅਟਾਲਾਂਟਿਕ ਦਾ ਇੱਕ ਭੂਗੋਲਿਕ ਤੇ ਸਭਿਆਚਾਰਕ ਖਿੱਤਾ ਹੈ। ਇਸ ਵਿੱਚ ਪੰਜ ਦੇਸ ਹਨ- ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਅਤੇ ਕੁਝ ਹੋਰ ਇਲਾਕੇ। ਇਨ੍ਹਾਂ ਦੇਸਾਂ ਦੀ ਜੀਵਨ-ਸ਼ੈਲੀ, ਇਤਿਹਾਸ, ਭਾਸ਼ਾ ਅਤੇ ਸਮਾਜਿਕ ਬਣਤਰ ਵਿੱਚ ਬਹੁਤ ਕੁਝ ਸਾਂਝਾ ਹੈ।
ਫਿਰ ਵੀ ਇਨ੍ਹਾਂ ਦੇਸਾਂ ਵਿੱਚ ਅਜਿਹਾ ਕੀ ਖ਼ਾਸ ਹੈ, ਜਿਸ ਕਾਰਨ ਇੱਥੇ ਦੇ ਲੋਕ ਇੰਨੇ ਪ੍ਰਸੰਨ ਰਹਿੰਦੇ ਹਨ, ਪਰ ਕੀ ਇਹ "ਵਾਕਈ ਪ੍ਰਸੰਨ ਹਨ?"
ਸੂਚੀ ਵਿੱਚ ਸਿਖ਼ਰਲੇ ਦੇਸ
ਇਨ੍ਹਾਂ ਨੌਰਿਡਕ ਦੇਸਾਂ ਵੱਲੋਂ ਖ਼ੁਸ਼ਹਾਲ ਦੇਸਾਂ ਦੀ ਸੂਚੀ ਵਿੱਚ ਸਿਖ਼ਰਲੇ ਥਾਂ ’ਤੇ ਰਹਿਣਾ ਕੋਈ ਹੈਰਾਨੀਜਨਕ ਗੱਲ ਨਹੀਂ ਹੈ, ਇਹ ਪਹਿਲਾਂ ਵੀ ਇੱਥੇ ਰਹਿ ਚੁੱਕੇ ਹਨ।
ਇਸ ਦੀ ਇੱਕ ਸਧਾਰਣ ਵਿਆਖਿਆ ਤਾਂ ਇਹ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਦੇਸਾਂ ਵਿੱਚ ਆਮਦਨ ਕਰ ਦੀਆਂ ਦਰਾਂ ਉੱਚੀਆਂ ਹਨ ਇਸ ਕਾਰਨ ਉੱਥੇ ਦਾ ਜੀਵਨ ਪੱਧਰ ਵੀ ਵਧੀਆ ਹੈ।
ਡੈਨਮਾਰਕ ਵਿੱਚ ਲੋਕ ਬਹੁਤ ਜ਼ਿਆਦਾ ਟੈਕਸ ਭਰਦੇ ਹਨ। ਉੱਥੇ ਉੱਚੀ ਆਮਦਨੀ ਵਾਲੇ ਨਾਗਰਿਕ ਆਪਣੀ ਆਮਦਨ ਦਾ 15.5 ਫੀਸਦੀ ਤੱਕ ਸਰਕਾਰ ਨੂੰ ਆਮਦਨ ਕਰ ਵਿੱਚ ਦੇ ਦਿੰਦੇ ਹਨ।
ਸਰਕਾਰ ਇਸ ਪੈਸੇ ਨੂੰ ਮੁੜ ਸਮਾਜ ਵਿੱਚ ਹੀ ਨਿਵੇਸ਼ ਕਰ ਦਿੰਦੀ ਹੈ। ਜਿਸ ਸਦਕਾ- ਯੂਨੀਵਰਸਿਟੀ ਪੱਧਰ ਦੀ ਮੁਫ਼ਤ ਪੜ੍ਹਾਈ, ਮੁਫ਼ਤ ਸਿਹਤ ਸੇਵਾਵਾਂ, ਨਵੇਂ ਮਾਪਿਆਂ ਨੂੰ ਖੁੱਲ੍ਹੇ ਦਿਲ ਨਾਲ ਛੁੱਟੀਆਂ ਮਿਲਦੀਆਂ ਹਨ ਅਤੇ ਬੇਰੁਜ਼ਗਾਰਾਂ ਨੂੰ ਵੀ ਗੱਫੇ ਮਿਲਦੇ ਹਨ।
ਡੈਨਮਾਰਕ ਦੀ ਸਰਕਾਰ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਭਰਪੂਰ ਸਹਿਯੋਗ ਦਿੰਦੀ ਹੈ। ਬੱਚਿਆਂ ਲਈ ਸਰਕਾਰੀ ਡੇ-ਕੇਅਰ ਸੈਂਟਰ ਹਨ। ਦੇਸ ਵਿੱਚ ਔਰਤਾਂ ਦਾ ਵੀ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ ਤੇ ਇਸ ਮਾਮਲੇ ਵਿੱਚ ਡੈਨਮਾਰਕ ਦਾ ਅਤੀਤ ਵੀ ਬਹੁਤ ਵਧੀਆ ਰਿਹਾ ਹੈ।
ਫਿਨਲੈਂਡ, ਔਰਤਾਂ ਨੂੰ ਵੋਟ ਦਾ ਹੱਕ ਦੇਣ ਵਾਲਾ ਦੁਨੀਆਂ ਦਾ ਦੂਸਰਾ ਦੇਸ ਸੀ ਅਤੇ ਉਨ੍ਹਾਂ ਨੂੰ ਪੂਰਣ ਸਿਆਸੀ ਅਧਿਕਾਰ ਦੇਣ ਵਾਲਾ ਪਹਿਲਾ।
ਫਿਨਲੈਂਡ ਵਿੱਚ 41.5 ਫੀਸਦੀ ਸੰਸਦ ਮੈਂਬਰ ਔਰਤਾਂ ਹਨ। ਅਮਰੀਕਾ ਦੀ 116ਵੀਂ ਕਾਂਗਰਸ ਵਿੱਚ ਇਹ ਅੰਕੜਾ 24 ਫੀਸਦੀ ਹੈ।
'ਹੂਗੇ'
"ਹੂਗੇ" ਇੱਕ ਡੈਨਿਸ਼ ਧਾਰਨਾ ਹੈ। ਇਸ ਦਾ ਅਰਥ ਹੈ ਨਿੱਘ। ਇਸ ਨਿੱਘ ਵਿੱਚ ਸੰਤੁਸ਼ਟੀ ਅਤੇ ਸਮਾਜਿਕ ਭਰਪੂਰਤਾ ਦੇ ਸਾਰੇ ਅਨੁਭਵ ਤੇ ਪਲ ਸ਼ਾਮਲ ਹੁੰਦੇ ਹਨ।
ਇਸ ਵਿੱਚ ਕਿਸੇ ਵਿਅਕਤੀ ਲਈ ਕਿਸੇ ਅਨੁਭਵ ਦੀ ਕਦਰ ਉਸ ਦੀ ਪਦਾਰਥਕ ਕੀਮਤ ਤੋਂ ਵਧੇਰੇ ਅਹਿਮੀਅਤ ਰੱਖਦੀ ਹੈ।
ਮਿਸਾਲ ਵਜੋਂ ਕਿਸੇ ਵਿਅਕਤੀ ਲਈ ਧੂਣੀ ਬਾਲ ਨੇੜੇ ਸ਼ਾਲ ਦੀ ਬੁੱਕਲ ਮਾਰ ਕੇ ਆਪਣੇ ਕੁੱਤੇ ਨਾਲ ਬੈਠਣਾ ਇੱਕ ਅਜਿਹਾ ਅਨੁਭਵ ਹੋ ਸਕਦਾ ਹੈ ਜਿਸ ਦੀ ਉਸ ਨੂੰ ਬਹੁਤ ਜ਼ਿਆਦਾ ਤਾਂਘ ਹੋਵੇ ਤੇ ਅਜਿਹਾ ਕਰਨਾ ਉਸ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਦਿੰਦਾ ਹੋਵੇ। ਉਸ ਲਈ ਇਹੀ ਪਲ, ਉਸ ਦਾ "ਹੂਗੇ" ਹੈ।
ਸਵੀਡਨ, ਨਾਰਵੇ ਅਤੇ ਫਿਨਲੈਂਡ ਸਾਰਿਆਂ ਦੀਆਂ "ਹੂਗੇ" ਦੀਆਂ ਆਪੋ-ਆਪਣੀਆਂ ਧਾਰਨਾਵਾਂ ਹਨ।
ਫਿਨਲੈਂਡ ਵਾਸੀਆਂ ਨੂੰ ਫੀਨਿਸ਼ ਕਿਹਾ ਜਾਂਦਾ ਹੈ, ਵਿੱਚ "ਸੌਂਸ" ਦੀ ਹਾਜ਼ਾਰਾਂ ਸਾਲ ਪੁਰਾਣੀ ਇੱਕ ਰੀਤੀ ਹੈ। ਜਿਸ ਰਾਹੀਂ ਸਖ਼ਤ ਰੀਤੀ-ਰਿਵਾਜਾਂ ਦਾ ਨਿਭਾਅ ਕਰਦੇ ਹੋਏ ਲੋਕ ਆਪਸੀ ਰਿਸ਼ਤਿਆਂ ਦਾ ਨਿੱਘ ਵਧਾਉਂਦੇ ਹਨ।
ਇਸੇ ਤਰ੍ਹਾਂ ਸਵੀਡਨ ਵਾਸੀ ਇੱਕ ਦੂਸਰੇ ਨਾਲ ਮਿਲਣ-ਗਿਲਣ ਲਈ ਇੱਕ ਘੰਟਾ ਵੱਖਰਾ ਕੱਢਦੇ ਹਨ। ਅਜਿਹਾ ਕਰਨਾ ਉਨ੍ਹਾਂ ਦੀ ਸਭਿਆਚਾਰਕ ਜ਼ਰੂਰਤ ਹੈ। ਇਸ ਘੰਟੇ ਨੂ ਸਥਾਨਕ ਲੋਕ “ਫੀਕਾ” ਕਹਿੰਦੇ ਹਨ ਜਿਸ ਦਾ ਭਾਵ ਹੈ ਕੌਫ਼ੀ।
ਖ਼ੁਸ਼ਹਾਲੀ ਦੇ ਨੁਕਤੇ
ਕੁਝ ਫੀਨਿਸ਼ ਲੋਕਾਂ ਦਾ ਵਿਸ਼ਵਾਸ ਹੈ ਕਿ ਕਿਸੇ ਦੇਸ ਦੀ ਖ਼ੁਸ਼ਹਾਲੀ ਨੂੰ ਮਾਪਣ ਲਈ ਵਰਤੇ ਜਾਂਦੇ ਨੁਕਤੇ ਉੱਥੋਂ ਦੇ ਜੀਵਨ ਪੱਧਰ ਨੂੰ ਨਾ ਕਿ ਉੱਥੋਂ ਦੇ ਲੋਕਾਂ ਦੀ ਖ਼ੁਸ਼ਹਾਲੀ ਨੂੰ ਮਾਪਦੇ ਹਨ।
ਉਨ੍ਹਾਂ ਦਾ ਤਰਕ ਹੈ ਕਿ ਇਹ ਨੁਕਤੇ ਖ਼ੁਸ਼ੀ (ਪ੍ਰਸੰਨਤਾ) ਦੇ ਭਾਵੁਕ ਪਹਿਲੂ ਨੂੰ ਅਣਗੌਲਿਆਂ ਕਰ ਦਿੰਦੇ ਹਨ, ਜੋ ਕਿ ਹਰ ਵਿਅਕਤੀ ਲਈ ਵੱਖਰਾ ਹੁੰਦਾ ਹੈ।
ਪਿਛਲੇ ਸਾਲ ਨੌਰਡਿਕ ਕਾਊਂਸਲ ਦੇ ਮੰਤਰੀਆਂ ਦੀ ਇੱਕ ਕਾਊਂਸਲ ਅਤੇ ਕੋਪਨਹੈਗਨ ਦੇ ਹੈਪੀਨੈਸ ਰਿਸਰਚ ਇੰਸਟੀਚਿਊਟ ਦੀ ਇੱਕ ਸਾਂਝੀ ਰਿਪੋਰਟ ਵਿੱਚ ਇੱਕ ਵੱਖਰਾ ਸਵਾਲ ਉੱਠਾਇਆ ਗਿਆ।
ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਨੌਰਡਿਕ ਦੇਸਾਂ ਦਾ ਖ਼ੁਸ਼ਹਾਲੀ ਦੇ ਯੂਟੋਪੀਏ ਹੋਣ ਦੀ ਧਾਰਨਾ ਕਾਰਨ, ਇਨ੍ਹਾਂ ਦੇਸਾਂ ਦੀ ਵਸੋਂ ਦੇ ਕੁਝ ਹਿੱਸਿਆਂ, ਖ਼ਾਸ ਕਰ ਨੌਜਵਾਨਾਂ ਦੀਆਂ, ਸਮੱਸਿਆਵਾਂ ਲੁਕੀਆਂ ਰਹਿ ਜਾਂਦੀਆਂ ਹਨ।
ਰਿਪੋਰਟ ਲਈ ਸਾਲ 2012 ਤੋਂ 2016 ਤੱਕ 5 ਸਾਲ ਡਾਟਾ ਇਕੱਠਾ ਕੀਤਾ ਗਿਆ। ਤਾਂ ਜੋਂ ਇਨ੍ਹਾਂ “ਖ਼ੁਸ਼ਹਾਲੀ ਦੀਆਂ ਮਹਾਂਸ਼ਕਤੀਆਂ” ਦੇ ਨਾਗਰਿਕਾਂ ਦੀ ਅਸਲ ਖ਼ੁਸ਼ਹਾਲੀ ਦਾ ਖਾਕਾ ਖਿੱਚਿਆ ਜਾ ਸਕੇ।
ਸਰਵੇ ਤੋਂ ਸਾਹਮਣੇ ਆਇਆ ਕਿ 12.3 ਫੀਸਦੀ ਲੋਕਾਂ ਦਾ ਵਿਚਾਰ ਸੀ ਕਿ ਉਹ ਜ਼ਿੰਦਗੀ ਨਾਲ ਜੂਝ ਰਹੇ ਹਨ। ਨੌਜਵਾਨਾਂ ਲਈ ਇਹੀ ਆਂਕੜਾ 13.3 ਫੀਸਦੀ ਸੀ।
ਮਾਨਸਿਕ ਸਿਹਤ ਦਾ ਨੁਕਤਾ
ਰਿਸਰਚਰਾਂ ਨੇ ਦੇਖਿਆ ਕਿ ਮਾਨਸਿਕ ਸਿਹਤ ‘ਸਬਜੈਕਟਿਵ ਵੈਲ-ਬੀਂਗ’ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਸੀ।
ਰਿਪੋਰਟ ਦੀ ਇੱਕ ਲੇਖਿਕਾ, ਮਿਸ਼ੇਲ ਬ੍ਰਿਕਜਰ ਨੇ ਦੱਸਿਆ, "ਬਹੁਤ ਜ਼ਿਆਦਾ ਨੌਜਵਾਨ ਇਕੱਲੇਪਣ ਦੇ ਸ਼ਿਕਾਰ ਹੋ ਰਹੇ ਹਨ ਤੇ ਮਾਨਿਸਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮਾਨਸਿਕ ਸਿਹਤ ਅਤੇ ਇਕਲਾਪੇ ਦੀ ਇਹ ਸਮੱਸਿਆ ਸਾਰੇ ਨੈਰਡਿਕ ਦੇਸਾਂ ਵਿੱਚ ਫੈਲ ਰਹੀ ਹੈ।"
ਡੈਨਮਾਰਕ ਵਿੱਚ 16 ਤੋਂ 24 ਸਾਲ ਦੇ 18.3 ਫੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਨਿਸਕ ਸਿਹਤ ਵਿਗੜੀ ਹੈ। ਇਸੇ ਉਮਰ ਵਰਗ ਦੀਆਂ ਔਰਤਾਂ ਲਈ ਇਹ ਆਂਕੜਾ 23.8 ਫੀਸਦੀ ਸੀ।
ਫਿਨਲੈਂਡ ਜੋ ਕਿ ਲਗਤਾਰ ਦੂਸਰੇ ਸਾਲ ਦੁਨੀਆਂ ਦਾ ਸਭ ਤੋਂ ਖ਼ੁਸ਼ਹਾਲ ਦੇਸ ਬਣਿਆ ਹੈ, ਬਾਰੇ ਰਿਪੋਰਟ ਵਿੱਚ ਕਿਹਾ ਗਿਆ ਕਿ ਇੱਥੇ 16 ਤੋਂ 24 ਉਮਰ ਵਰਗ ਦੇ ਲੋਕਾਂ ਦੀਆਂ ਕੁਲ ਮੌਤਾਂ ਵਿੱਚੋਂ ਇੱਕ ਤਿਹਾਈ ਖ਼ੁਦਕੁਸ਼ੀਆਂ ਹੁੰਦੀਆਂ ਹਨ।
ਤਾਂ ਕੀ ਹਾਲਾਤ ਸੱਚ-ਮੁੱਚ ਇੰਨੇ ਬੁਰੇ ਹਨ?
ਇਹ ਅੰਕੜੇ ਭਾਵੇਂ ਬਹੁਤ ਡਰਾਉਣੇ ਲਗਦੇ ਹੋਣ ਪਰ ਰੂਸ ਅਤੇ ਫਰਾਂਸ ਵਰਗੇ ਦੇਸਾਂ ਨਾਲੋਂ ਬਹੁਤ ਨੀਵੇਂ ਹਨ।
ਜਿੱਥੇ ਨੌਰਡਿਕ ਦੇਸਾਂ ਵਿੱਚ 3.9 ਫੀਸਦੀ ਲੋਕ ਦੁੱਖ ਝੱਲ ਰਹੇ ਸਨ ਪਰ ਰੂਸ ਲਈ 26.9 ਫੀਸਦੀ ਅਤੇ ਫਰਾਂਸ ਲਈ ਇਹ ਆਂਕੜਾ 17 ਫੀਸਦੀ ਸੀ।
ਇਸ ਪ੍ਰਕਾਰ, ਕੁਲ ਮਿਲਾ ਕੇ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਵਿੱਚ ਹਾਲਾਤ, ਭਾਵੇਂ ਇਹ ਕਿਸੇ ਦੀ ਕਲਪਨਾ ਜਿੰਨੇ ਵਧੀਆ ਨਾ ਵੀ ਹੋਣ ਪਰ ਦੁਨੀਆਂ ਦੇ ਦੂਸਰੇ ਦੇਸਾਂ ਨਾਲੋਂ ਤੋਂ ਬਹੁਤ ਵਧੀਆ ਹੀ ਕਹੇ ਜਾ ਸਕਦੇ ਹਨ।
ਇਹ ਵੀ ਪੜ੍ਹੋ: