ਭਗਤ ਸਿੰਘ ਨੂੰ ਕਿਵੇਂ ਯਾਦ ਕਰਦੀ ਹੈ ਇਹ ਪਾਕਿਸਤਾਨ ਦੀ ਕੁੜੀ

    • ਲੇਖਕ, ਸਹਿਰ ਮਿਰਜ਼ਾ
    • ਰੋਲ, ਲਾਹੌਰ ਤੋਂ ਬੀਬੀਸੀ ਪੰਜਾਬੀ ਲਈ

ਲਾਹੌਰ ਦੇ ਪੌਸ਼ ਇਲਾਕੇ ਸ਼ਾਦਮਾਨ ਦੇ ਵਿੱਚ-ਵਿਚਕਾਰ ਇੱਕ ਛੋਟਾ ਜਿਹਾ ਫੁਹਾਰੇ ਵਾਲਾ ਚੌਂਕ ਹੈ। ਇਹ ਚੌਂਕ ਲਾਹੌਰ ਦੀ ਜਿਲ੍ਹਾ ਜੇਲ੍ਹ ਦੀ ਕੰਧ ਦੇ ਨਾਲ ਲਗਦਾ ਹੈ।

ਇਹ ਉਹੀ ਜੇਲ੍ਹ ਹੈ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੈਦ ਰੱਖਿਆ ਗਿਆ ਤੇ ਫਿਰ ਅਖ਼ੀਰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ।

ਉਸ ਤੋਂ 88 ਸਾਲ ਬਾਅਦ ਅਸੀਂ ਅੱਜ ਫਿਰ, ਆਪਣੀ ਮਿੱਟੀ ਦੇ ਬਹਾਦਰ ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ। ਹਵਾ ਵਿੱਚ ਅਤੀਤ ਦੀਆਂ ਭਿਆਨਕ ਯਾਦਾਂ ਦੀ ਹੁੰਮਸ ਹੈ।

ਜੋਸ਼ੀਲੇ ਨੌਜਵਾਨਾਂ ਤੇ ਬਜ਼ੁਰਗਾਂ ਵਿੱਚ ਘਿਰੇ ਹੋਏ ਮੈਂ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਗੁਆਚ ਜਾਂਦੀ ਹਾਂ। ਪਹਿਲੀ ਵਾਰ ਮੈਂ ਦਸਾਂ ਸਾਲਾਂ ਦੀ ਉਮਰ ਵਿੱਚ ਇੱਥੇ ਪਹੁੰਚੀ ਸੀ।

ਇਹ ਵੀ ਪੜ੍ਹੋ:

ਇਹ ਮੌਕਾ ਸੀ ਜਦੋਂ ਸਾਲ 2003 ਵਿੱਚ ਭਗਤ ਸਿੰਘ ਦੀ ਬਰਸੀ ਮੌਕੇ ਰਿਲੀਜ਼ ਹੋਈ ਫਿਲਮ 'ਲੈਜੇਂਡ ਆਫ਼ ਭਗਤ ਸਿੰਘ' ਦੇਖਣ ਗਏ ਸੀ।

ਇਸ ਵਿੱਚ ਭਗਤ ਸਿੰਘ ਦੀ ਭੂਮਿਕਾ ਅਜੇ ਦੇਵਗਨ ਨੇ ਨਿਭਾਈ ਸੀ। ਮੇਰੇ ਪਰਿਵਾਰ ਦੇ ਕਈ ਮੈਂਬਰ ਖੱਬੇ ਪੱਖੀਆਂ ਨਾਲ ਜੁੜੇ ਰਹੇ ਅਤੇ ਸਾਡੇ ਪਰਿਵਾਰ ਦਾ ਪਾਕਿਸਤਾਨ ਦੀ ਤਾਨਾਸ਼ਾਹੀ ਪ੍ਰਤੀ ਬਗਾਵਤ ਦਾ ਲੰਬਾ ਇਤਿਹਾਸ ਰਿਹਾ ਹੈ।

ਭਗਤ ਸਿੰਘ ਦੇ ਮੁਰੀਦ ਹੋਣ ਨਾਤੇ ਮੇਰੇ ਯਾਦ ਹੈ ਕਿਵੇਂ ਫਿਲਮ ਨੇ ਮੇਰੇ ਪਿਉ, ਚਾਚਿਆਂ ਅਤੇ ਚਚੇਰੇ ਭਰਾਵਾਂ ਨੂੰ ਬੁਰੀ ਤਰ੍ਹਾਂ ਭਾਵੁਕ ਕਰ ਦਿੱਤਾ ਸੀ।

ਮੈਂ ਤੇ ਮੇਰੀ ਛੋਟੀ ਭੈਣ ਦੋਵਾਂ ਨੇ ਦੇਖਿਆ ਕਿ ਕਿਵੇਂ ਬਾਕੀ ਸਾਰੇ ਪਰਿਵਾਰਕ ਮੈਂਬਰ ਹਉਂਕੇ ਲੈ ਰਹੇ ਸਨ ਤੇ ਬਰਤਾਨਵੀ ਰਾਜ ਦੇ ਜ਼ੁਲਮਾਂ ਬਾਰੇ ਦੱਸ ਰਹੇ ਰਹੇ ਸਨ।

ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਕਮਰਾ ਗੂੰਜ ਉੱਠਿਆ ਸੀ।

ਫਿਰ ਮੇਰੇ ਪਿਤਾ ਜੋ ਇੱਕ ਸੀਨੀਅਰ ਪੱਤਰਕਾਰ ਅਤੇ ਲੇਖਕ ਹਨ ਨੇ ਦੱਸਿਆ ਕਿ ਕਿਵੇਂ ਜ਼ੀਆ-ਉਲ-ਹੱਕ ਦੀ ਤਾਨਾਸ਼ਾਹੀ ਦੌਰਾਨ ਉਨ੍ਹਾਂ ਨੇ ਆਪਣੇ ਮਿੱਤਰਾਂ ਨਾਲ ਮਿਲ ਕੇ ਭਗਤ ਸਿੰਘ ਦੀ ਯਾਦ ਮਨਾਈ ਸੀ।

ਉਨ੍ਹਾਂ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਚੈਨੀ ਲੰਚ ਹੋਮ 'ਚ ਇੱਕ ਸਕਿੱਟ ਵੀ ਕੀਤੀ ਸੀ। ਇਹ ਕੈਫੇ ਵੰਡ ਤੋਂ ਵੀ ਪਹਿਲਾਂ ਦਾ ਇੱਥੇ ਮੁਕਾਮ ਹੈ। ਬਾਅਦ ਵਿੱਚ ਪੁਲਿਸ ਨੇ ਕੈਫੇ 'ਤੇ ਛਾਪਾ ਮਾਰ ਕੇ ਮਾਲਕ ਨੂੰ ਸਕਿੱਟ ਦੀ ਆਗਿਆ ਦੇਣ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ।

ਜਿਵੇਂ-ਜਿਵੇਂ ਗੱਲ ਅੱਗੇ ਤੁਰਦੀ ਗਈ ਸਾਨੂੰ ਭਗਤ ਸਿੰਘ ਦੇ ਕਈ ਹੋਰ ਕਿੱਸੇ ਸੁਣਨ ਨੂੰ ਮਿਲੇ ਜਿਨ੍ਹਾਂ ਨੇ ਸਾਡੇ ਬਾਲ ਹਿਰਦਿਆਂ ਵਿੱਚ ਘਰ ਕਰ ਲਿਆ।

ਹਾਲਾਂਕਿ, ਭਗਤ ਸਿੰਘ ਦਾ ਜਨਮ ਫੈਸਲਾਬਾਦ ਦੇ ਬੰਗਾ ਚੱਕ ਪਿੰਡ ਵਿੱਚ ਹੋਇਆ ਪਰ ਉਨ੍ਹਾਂ ਦਾ ਬਚਪਨ ਲਾਹੌਰ ਵਿੱਚ ਹੀ ਬੀਤਿਆ ਤੇ ਜਵਾਨ ਹੋਏ।

ਮੇਰੇ ਯਾਦ ਹੈ ਕਿਵੇਂ ਮੈਂ ਵੀ ਆਪਣੇ ਪਿਉ ਦੀ ਪੈੜ ਨੱਪਦੀ ਭਗਤ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲੀ ਸੀ।

ਅਸੀਂ ਭਗਤ ਸਿੰਘ ਵੱਲੋਂ ਲਾਲਾ ਲਾਜਪਤ ਰਾਏ, ਜਿਨ੍ਹਾਂ ਦੀ ਲਾਹੌਰ ਦੀ ਮਾਲ ਰੋਡ 'ਤੇ ਹੋਏ ਪੁਲਿਸ ਲਾਠੀਚਾਰਜ ਵਿੱਚ ਲੱਗੀਆਂ ਸੱਟਾਂ ਦੀ ਤਾਬ ਨਾ ਝੱਲਦਿਆਂ ਹੋਈ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਣ ਬਾਰੇ ਗੱਲਾਂ ਕਰਦੇ ਕੁਚਰੀ ਰੋਡ ਤੇ ਸਥਿਤ ਐੱਸਐੱਸਪੀ ਦਫ਼ਤਰ ਦੀ ਇਮਾਰਤ ਕੋਲੋਂ ਤੁਰਨਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ:

ਭਗਤ ਸਿੰਘ ਆਪਣੇ ਸਾਥੀਆਂ ਨਾਲ ਸਰਕਾਰੀ ਕਾਲਜ ਦੇ ਨਵੇਂ ਹੋਸਟਲ ਦੀ ਇਮਾਰਤ ਵਿੱਚ ਲੁਕੇ ਹੋਏ ਸਨ।

ਇੱਥੇ ਛੁੱਪ ਕੇ ਉਹ ਪੁਲਿਸ ਸੁਪਰੀਟੈਂਡੈਂਟ ਜੇਮਜ਼ ਸਕੌਟ ਦੀ ਉਡੀਕ ਕਰ ਰਹੇ ਸਨ। ਹਾਲਾਂਕਿ, ਸਕੌਟ ਦੀ ਥਾਵੇਂ ਜੌਹਨ ਸਾਂਡਰਸ, ਸਹਾਇਕ ਸੁਪਰੀਟੈਂਡੈਂਟ ਬਾਹਰ ਆਏ ਸਨ ਤੇ ਸ਼ਹਿ ਲਾਈ ਸਰਦਾਰ ਤੇ ਉਨ੍ਹਾਂ ਦੇ ਸਾਥੀਆਂ ਨੇ ਭੁਲੇਖੇ ਨਾਲ ਉਨ੍ਹਾਂ ਨੂੰ ਹੀ ਗੋਲੀ ਮਾਰ ਦਿੱਤੀ ਸੀ।

ਇੱਥੋਂ ਅਸੀਂ ਅਨਾਰਕਲੀ ਬਾਜ਼ਾਰ ਵੱਲ ਵਧੇ ਸੀ। ਪਿੱਛਾ ਕਰਦੀ ਪੁਲਿਸ ਤੋਂ ਬਚਣ ਲਈ ਭਗਤ ਸਿੰਘ ਵੀ ਇਸੇ ਪਾਸੇ ਆਏ ਸਨ।

ਉਨ੍ਹਾਂ ਦੇ ਸਾਥੀਆਂ ਨੇ ਮੰਗਤਿਆਂ ਦਾ ਭੇਸ ਵਟਾਇਆ ਹੋਇਆ ਸੀ ਤੇ ਨਵੇਂ ਹੋਸਟਲ ਦੀ ਇਮਾਰਤ ਦੇ ਅਖ਼ੀਰ 'ਤੇ ਬੈਠੇ ਸਨ।

ਜਦੋਂ ਪੁਲਿਸ ਨੇ ਉਨ੍ਹਾਂ ਨੂੰ ਭੱਜੇ ਜਾਂਦੇ ਭਗਤ ਸਿੰਘ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਗਲਤ ਰਸਤਾ ਦੱਸ ਕੇ ਹੋਰ ਪਾਸੇ ਤੋਰ ਦਿੱਤਾ ਸੀ।

ਪੁਲਿਸ ਨੂੰ ਚਕਮਾ ਦੇਣ ਵਾਲੇ ਭਗਤ ਸਿੰਘ ਦੇ ਇਹ ਸਾਥੀ ਸਨ—ਖ਼ਵਾਜਾ ਖ਼ੁਰਸ਼ੀਦ ਅਨਵਰ, ਜੋ ਕਿ ਇੱਕ ਮਸ਼ੂਹਰ ਪਾਕਿਸਤਾਨੀ ਸੰਗੀਤਕਾਰ ਸਨ।

ਭਗਤ ਸਿੰਘ ਅਨਾਰਕਲੀ ਬਜ਼ਾਰ ਵਿੱਚ ਨੀਲੇ ਗੁੰਬਦ ਵੱਲ ਜਾ ਰਹੇ ਸਨ ਉੱਥੇ ਹੀ ਪੁਲਿਸ ਸਕੱਤਰੇਤ ਵੱਲ ਚਲੀ ਗਈ ਸੀ।

ਅਗਲੀ ਸਵੇਰ ਕਲਕੱਤਾ ਜਾਣ ਤੋਂ ਪਹਿਲਾਂ ਭਗਤ ਸਿੰਘ ਨੇ ਉਹ ਰਾਤ ਨੀਲੇ ਗੁੰਬਦ ਵਿੱਚ ਹੀ ਕੱਟੀ ਸੀ।

ਭਗਤ ਸਿੰਘ ਦੀ ਮੁਢਲੀ ਪੜ੍ਹਾਈ ਡੀਏਵੀ ਸਕੂਲ ਲਾਹੌਰ ਤੋਂ ਹੋਈ। ਇਸ ਇਮਾਰਤ ਵਿੱਚ ਹੁਣ ਸਿਵਲ ਲਾਈਨਜ਼ ਦਾ ਇਸਲਾਮੀਆ ਕਾਲਜ ਬਣਿਆ ਹੋਇਆ ਹੈ।

ਮੀਆਂ ਮਿਨਹਾਜੁਦੀਨ ਜਿਨ੍ਹਾਂ ਨੇ ਉਸੇ ਸਕੂਲ ਵਿੱਚ ਅੰਗਰੇਜ਼ੀ ਪੜ੍ਹਾਈ ਸੀ, ਮੇਰੇ ਗੁਆਂਢੀ ਸਨ। ਉਨ੍ਹਾਂ ਨੇ ਮੈਨੂੰ ਭਗਤ ਸਿੰਘ ਦੀ ਅਰਥੀ ਦੀ ਅੱਖੀਂ-ਡਿੱਠੀ ਯਾਦ ਵੀ ਸੁਣਾਈ ਸੀ।

ਪੰਜਾਬ ਦੇ ਲੋਕ ਸਰਦਾਰ ਦੇ ਮੁਕੱਦਮੇ 'ਤੇ ਲਗਾਤਾਰ ਨਿਗ੍ਹਾ ਰੱਖ ਰਹੇ ਸਨ। ਜਦੋਂ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 24 ਮਾਰਚ ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ ਗਿਆ ਤਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਧਰਨੇ-ਮੁਜਾਹਰੇ ਹੋਏ ਸੀ।

ਇਸੇ ਹੋ-ਹੱਲੇ ਵਿੱਚ ਬਰਤਾਨਵੀ ਸਰਕਾਰ ਨੇ, ਫਾਂਸੀ ਦੀ ਮਿੱਥੀ ਤਰੀਕ ਬਦਲ ਕੇ 23 ਮਾਰਚ ਦੀ ਸ਼ਾਮ ਸਾਢੇ ਸੱਤ ਵਜੇ ਹੀ ਫਾਂਸੀ ਦੇ ਦਿੱਤੀ।

ਲਾਸ਼ਾਂ ਨੂੰ ਬਾਹਰ ਕੱਢਣ ਲਈ ਜੇਲ੍ਹ ਪ੍ਰਸ਼ਾਸ਼ਨ ਨੇ ਜੇਲ੍ਹ ਦੀ ਪਿਛਲੀ ਕੰਧ ਵਿੱਚ ਪਾੜ ਲਾਇਆ।

ਇੱਥੋਂ ਇਨ੍ਹਾਂ ਲਾਸ਼ਾਂ ਨੂੰ ਗੁਪਤ ਰੂਪ ਵਿੱਚ ਸਸਕਾਰ ਲਈ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਗੰਡਾ ਸਿੰਘ ਵਾਲਾ ਲਿਜਾਇਆ ਗਿਆ।

ਪ੍ਰੋਫੈਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਭਗਤ ਸਿੰਘ ਦੀ ਫਾਂਸੀ ਦਾ ਕਿੰਨਾ ਗੁੱਸਾ ਸੀ। ਉਹ ਲਾਹੌਰ ਦੀ ਮਾਲ ਰੋਡ ਤੋਂ ਸਾਈਕਲ ਚਲਾ ਕੇ ਗੰਡਾ ਸਿੰਘ ਵਾਲਾ ਪਹੁੰਚੇ ਸਨ।

ਉੱਥੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਕਿਵੇਂ ਹਜ਼ਾਰਾਂ ਲੋਕ ਮਿੱਟੀ ਦੇ ਤਿੰਨ ਬਾਹਦਰ ਸਪੂਤਾਂ ਦੀ ਆਖ਼ਰੀ ਝਲਕ ਲੈਣ ਲਈ ਪੱਬਾਂ ਭਾਰ ਸਨ।

ਪਰ ਫਿਰ ਪਤਾ ਲੱਗਿਆ ਕਿ ਲਾਸ਼ਾਂ ਨੂੰ ਸਸਕਾਰ ਲਈ ਰਾਵੀ ਦੇ ਪੱਤਣ 'ਤੇ ਲਿਜਾਇਆ ਗਿਆ। ਪ੍ਰੋਫੈਸਰ ਨੇ ਦੱਸਿਆ ਕਿ ਭਗਤ ਸਿੰਘ ਦੇ ਸਸਕਾਰ ਦੇ ਦਿਨ ਕਿੰਨੀ ਭਿਆਨਕ ਹਨੇਰੀ ਤੇ ਝੱਖੜ ਆਇਆ ਸੀ।

ਉਨ੍ਹਾਂ ਕਿਹਾ ਕਿ ਲਾਹੌਰ ਨੇ ਅਜਿਹਾ ਹਨੇਰੀ ਤੇ ਝੱਖੜ ਪਹਿਲਾਂ ਕਦੇ ਨਹੀਂ ਸੀ ਦੇਖਿਆ। ਅਸਮਾਨ ਪੀਲਾ-ਭੂਕ ਹੋ ਗਿਆ ਸੀ, ਗੁੱਸੇ ਵਿੱਚ ਸ਼ੂਕਦੀ ਹਵਾ ਲੋਕਾਂ ਨੂੰ ਧੱਕੇ ਮਾਰ ਰਹੀ ਸੀ।

ਉਨ੍ਹਾਂ ਦੇ ਦਿਲ ਗ਼ਮਜ਼ਦਾ ਸਨ। ਇਸ ਗੁੱਸੇਖੋਰ ਮੌਸਮ ਵਿੱਚ ਵੀ ਲੋਕ ਡੋਲੇ ਨਹੀਂ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ।

ਜਦੋਂ ਉਹ ਇਹ ਕਿੱਸਾ ਸੁਣਾ ਰਹੇ ਸਨ ਤਾਂ ਮੇਰੇ ਪਿਉ ਦਾ ਗਲਾ ਰੁਆਂਸਿਆ ਗਿਆ ਤੇ ਸਾਡੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।

ਫਿਲਮ ਅਤੇ ਉਸ ਤੋਂ ਬਾਅਦ ਹੋਈ ਚਰਚਾ ਮਗਰੋਂ ਅਸੀਂ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਦਮਾਨ ਚੌਂਕ ਜਾਣ ਦਾ ਫੈਸਲਾ ਲਿਆ।

ਸਾਨੂੰ ਇਸ ਗੱਲ ਦਾ ਗੁਮਾਨ ਵੀ ਨਹੀਂ ਸੀ ਕਿ ਇਸ ਕੋਸ਼ਿਸ਼ ਨੂੰ ਇੰਨੀ ਜਲਦੀ ਇੰਨਾ ਲੋਕ ਅਧਾਰ ਮਿਲ ਜਾਵੇਗਾ ਤੇ ਇਹ ਪੂਰੇ ਲਾਹੌਰ ਦੀ ਲਹਿਰ ਬਣ ਜਾਵੇਗੀ।

ਅਸੀਂ ਲਗਭਗ 20 ਜਣੇ ਸੀ, ਲੋਕ ਸਾਨੂੰ ਉਤਸੁਕਤਾ ਵੱਸ ਖਲੋ ਕੇ ਦੇਖ ਰਹੇ ਸਨ। ਫਿਰ ਕੁਝ ਰਾਹਗੀਰ ਤੇ ਪੁਲਿਸ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ।

ਉਸ ਤੋਂ ਬਾਅਦ ਸਮਾਜ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਇਸ ਲਹਿਰ ਨੂੰ ਭਰਵੀਂ ਹਮਾਇਤ ਹਾਸਲ ਹੋਈ ਹੈ। ਸ਼ਾਦਮਾਨ ਚੌਂਕ ਹੁਣ ਭਗਤ ਸਿੰਘ ਚੌਂਕ ਵਜੋਂ ਪ੍ਰਸਿੱਧ ਹੋ ਗਿਆ ਹੈ।

ਕੁਝ ਸਾਲ ਬਾਅਦ ਲਾਹੌਰ ਦੇ ਕੁਝ ਸਮਾਜਿਕ ਕਾਰਕੁਨਾਂ ਤੇ ਵਕੀਲ, ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਭਗਤ ਸਿੰਘ ਯਾਦਗਾਰੀ ਫਾਊਂਡੇਸ਼ਨ ਕਾਇਮ ਕੀਤੀ।

ਉਨ੍ਹਾਂ ਦੀ ਇੱਕ ਮੰਗ ਸ਼ਾਦਮਾਨ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਣ ਦੀ ਅਤੇ ਉੱਥੇ ਉਨ੍ਹਾਂ ਦਾ ਬੁੱਤ ਲਾਉਣ ਦੀ ਸੀ।

ਸਾਲ 2015 ਵਿੱਚ ਡਿਸਟਰਿਕਟ ਕੋਆਰਡੀਨੇਸ਼ਨ ਔਫਿਸ ਨੇ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਸਹਿਮਤੀ ਦੇ ਦਿੱਤੀ ਪਰ ਤਹਿਰੀਕੀ-ਹੁਰਮਤ-ਏ-ਰਸੂਲ ਅਤੇ ਜਮਾਤ-ਉਦ-ਦਾਵਾ ਦੀਆਂ ਧਮਕੀਆਂ ਕਾਰਨ ਇਸ ਵਿਚਾਰ ਨੂੰ ਠੰਢੇ ਬੋਝੇ ਵਿੱਚ ਪਾਉਣਾ ਪਿਆ।

ਮੁੱਲਿਆਂ ਨੇ ਵੀ ਇਸ ਵਿਸ਼ੇ ਵਿੱਚ ਆਪਣਾ ਵਿਰੋਧ ਜਤਾਇਆ ਸੀ। ਫਿਰ ਵੀ, ਵਿਰੋਧ ਦੇ ਬਾਵਜੂਦ ਖੱਬੇ ਪੱਖੀ ਸਮੂਹਾਂ, ਵਿਦਿਆਰਥੀ ਸੰਗਠਨਾਂ ਅਤੇ ਸਭਿਅਕ ਸਮਾਜ ਹਰ ਸਾਲ ਇਸ ਚੌਂਕ 'ਤੇ ਸਮਾਜਿਕ ਤਬਦੀਲੀ ਦੀ ਉਮੀਦ ਲੈ ਕੇ ਜੁੜਦੇ ਹਨ।

ਭਗਤ ਸਿੰਘ ਸਕੂਲ ਪਾਠਕ੍ਰਮ ਦਾ ਹਿੱਸਾ ਨਹੀਂ ਹੈ ਜੋ ਪਾਕਿਸਤਾਨ ਲਹਿਰ ਦੇ ਆਗੂਆਂ ਬਾਰੇ ਜ਼ਿਆਦਾ ਉਤਸ਼ਾਹਿਤ ਹੈ।

ਫਿਰ ਵੀ, ਭਾਰਤੀਆਂ ਅਤੇ ਪਾਕਿਸਤਾਨੀਆਂ ਦੀ ਖ਼ਾਸ ਕਰਕੇ ਪੰਜਾਬੀਆਂ ਦੀ ਸਾਂਝੀ ਵਿਰਾਸਤ ਵਜੋਂ ਭਗਤ ਸਿੰਘ ਦਾ ਕਿੱਸੇ ਲੋਕ ਧਾਰਾ ਦਾ ਹਿੱਸਾ ਬਣ ਕੇ ਸੀਨਾ-ਬ-ਸੀਨਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)