ਵਟਸਐਪ ਗਰੁੱਪ 'ਚ 'ਗਲਤੀ' ਨਾਲ ਪੋਸਟਿੰਗ ਨੇ ਲਈ ਜਾਨ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਲਵ ਜੌਹਰ ਦੀ ਮੌਤ ਦਾ ਕਾਰਨ ਸਿਰਫ਼ ਇਹ ਸੀ ਕਿ ਉਸ ਨੇ ਵਟਸਐਪ ਗਰੁੱਪ 'ਤੇ ਗਲਤੀ ਨਾਲ ਇੱਕ ਪਰਿਵਾਰਕ ਤਸਵੀਰ ਪਾ ਦਿੱਤੀ ਸੀ। ਕੁਝ ਦਿਨ ਪਹਿਲਾਂ 3 ਜੂਨ ਨੂੰ 26 ਸਾਲਾ ਲਵ ਜੌਹਰ ਨੂੰ ਕਥਿਤ ਤੌਰ 'ਤੇ ਸੋਨੀਪਤ ਦੇ ਦਿੱਲੀ ਕੈਂਪ ਇਲਾਕੇ ਵਿੱਚ ਕਰੀਬ ਉਸ ਦੇ ਘਰ ਤੋਂ ਇੱਕ ਕਿਲੋਮੀਟਕ ਦੂਰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ।

ਦਰਅਸਲ ਲਵ ਨੇ ਵਟਸਐਪ ਗਰੁੱਪ 'ਤੇ ਗਲਤੀ ਨਾਲ ਇੱਕ ਪਰਿਵਾਰਕ ਤਸਵੀਰ ਪਾ ਦਿੱਤੀ ਸੀ ਅਤੇ ਜਿਸ ਕਾਰਨ ਵਟਸਐਪ ਗਰੁੱਪ ਦੇ ਇੱਕ ਨਾਰਾਜ਼ ਮੈਂਬਰ ਦਿਨੇਸ਼ ਨੇ ਇਤਰਾਜ਼ ਜਤਾਇਆ।

ਜਿਸ ਤੋਂ ਉਸ ਨੇ ਲਵ ਨੂੰ ਮਾਮਲੇ ਦੇ ਹੱਲ ਲਈ ਬਾਹਰ ਸੱਦਿਆ। ਇਸ ਦੌਰਾਨ ਹੋਈ ਹੱਥੋਪਾਈ ਵਿੱਚ ਲਵ ਦੇ ਸਿਰ 'ਤੇ ਕਥਿਤ ਤੌਰ 'ਤੇ ਲੱਕੜ ਦੇ ਡੰਡੇ ਦੇ ਵਾਰ ਨਾਲ ਮੌਤ ਹੋ ਗਈ ਅਤੇ 3 ਰਿਸ਼ਤੇਦਾਰ ਜ਼ਖ਼ਮੀ ਹੋ ਗਏ ਹਨ।

ਲਵ ਦੇ ਭਰਾ ਅਜੇ ਜੋਹਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਮੁਲਜ਼ਮ ਦਿਨੇਸ਼ ਜੋਹਰ, ਉਸ ਦੀ ਪਤਨੀ ਅਤੇ 4 ਹੋਰਾਂ 'ਤੇ ਕਤਲ, ਦੰਗੇ, ਗ਼ੈਰ-ਕਾਨੂੰਨੀ ਤਰੀਕੇ ਨਾਲ ਇਕੱਠੇ ਹੋਣਾ ਅਤੇ ਸੱਟ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ।

'ਮੁਲਜ਼ਮ ਐਮ ਸੀ ਚੋਣਾਂ ਹਾਰਨ ਤੋਂ ਸੀ ਨਾਰਾਜ਼'

ਅਜੇ ਜੌਹਰ ਨੇ ਦੱਸਿਆ ਕਿ ਉਹ ਦਿਨੇਸ਼ ਨੂੰ ਨਹੀਂ ਜਾਣਦੇ ਸਨ। ਉਨ੍ਹਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਸੋਨੀਪਤ 'ਚ ਰਹਿਣ ਵਾਲੇ ਜੋਹਰ ਪਰਿਵਾਰਾਂ ਦੇ ਲੋਕਾਂ ਨੇ ਆਪਣੀਆਂ ਮੰਗਾਂ ਦੇ ਸੰਬੋਧਨ ਲਈ ਇਕੱਠੇ ਹੋ ਵਟਸਐਪ ਗਰੁੱਪ ਸ਼ੁਰੂ ਕੀਤਾ ਸੀ।

ਅਜੇ ਮੁਤਾਬਕ, "ਦਰਅਸਲ ਉਹ ਚੋਣਾਂ ਦੌਰਾਨ ਇਹ ਕਹਿਣਾ ਚਾਹੁੰਦੇ ਸਨ ਕਿ ਉਹ ਸਾਰਿਆਂ ਨੂੰ ਇਕੱਠੇ ਕਰਕੇ ਵਟਸਐਪ ਰਾਹੀਂ ਖ਼ੂਨਦਾਨ ਵਰਗੇ ਸਮਾਜਿਕ ਭਲਾਈ ਦੇ ਕੰਮ ਕਰਨਗੇ।"

ਅਜੇ ਮੁਤਾਬਕ ਕਤਲ ਦੇ ਪਿੱਛੇ ਦਾ ਕਾਰਨ ਉਸ ਦਾ 5 ਸਾਲ ਪਹਿਲਾਂ ਮਿਊਂਸੀਪਲ ਚੋਣਾਂ ਵਿੱਚ 4 ਵੋਟਾਂ ਤੋਂ ਹਾਰਨਾ ਸੀ।

ਅਜੇ ਨੇ ਦੱਸਿਆ, "ਦਰਅਸਲ ਦਿਨੇਸ਼ ਨੇ ਸਾਡੇ ਪਰਿਵਾਰ ਕੋਲੋਂ ਵੋਟਾਂ ਵਿੱਚ ਸਮਰਥਨ ਮੰਗਿਆ ਸੀ ਪਰ ਪਰਿਵਾਰ ਦਾ ਸਾਥ ਨਾ ਮਿਲਣ ਕਾਰਨ ਉਹ ਨਾਰਾਜ਼ ਸੀ। ਆਗਾਮੀ ਚੋਣਾਂ ਵੀ ਆਉਣ ਵਾਲੀਆਂ ਹਨ ਅਤੇ ਇਹ ਜੌਹਰੀ ਪਰਿਵਾਰਾਂ 'ਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ।"

ਅਜੇ ਸੋਨੀਪਤ ਦੀ ਸਥਾਨਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਲਵ ਸੋਨੀਪਤ ਵਿੱਚ ਏਅਰ ਕੰਡੀਸ਼ਨ ਦੀ ਰਿਪੇਅਰਿੰਗ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ।

ਉਸ ਦਿਨ ਕੀ ਹੋਇਆ ਸੀ?

ਲਵ ਦੀ ਵੱਡੀ ਭੈਣ ਕਵਿਤਾ ਦਾ ਕਹਿਣਾ ਹੈ ਕਿ ਉਸ ਰਾਤ ਉਹ ਖਾਣਾ ਖਾ ਰਹੇ ਸਨ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਇੱਕ ਤਸਵੀਰ ਖਿੱਚੀ।

ਉਨ੍ਹਾਂ ਮੁਤਾਬਕ, "ਗਲਤੀ ਨਾਲ ਉਸ ਨੇ ਇਹ ਤਸਵੀਰ 'ਜੌਹਰ ਫੈਮਲੀ' ਵਿੱਚ ਪੋਸਟ ਕਰ ਦਿੱਤੀ ਹੈ ਜਦਕਿ ਇਹ 'ਜੋਹਰ ਫੈਮਲੀ 1' 'ਚ ਕਰਨੀ ਸੀ। ਨਾਰਾਜ ਦਿਨੇਸ਼ ਨੇ ਅਜੇ ਨੂੰ ਮੁੱਦੇ ਦਾ ਹੱਲ ਕਰਨ ਲਈ ਸੱਦਿਆ।"

ਉਨ੍ਹਾਂ ਮੁਤਾਬਕ ਅਜੇ ਆਪਣੇ ਦੋ ਭਰਾਵਾਂ ਲਵ, ਕੁਸ਼ ਅਤੇ 4 ਹੋਰਾਂ ਨਾਲ ਉਥੇ ਪਹੁੰਚਿਆ, "ਦਿਨੇਸ਼ ਨੇ ਪੁੱਛਿਆ ਕਿ ਅਜੇ ਕੌਣ ਹੈ? ਅਜੇ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਲਵ ਨੇ ਅੱਗੇ ਹੋ ਕੇ ਕਿਹਾ ਕਿ ਉਹ ਅਜੇ ਹੈ।"

ਕਵਿਤਾ ਮੁਤਾਬਕ, ''ਮੁਲਜ਼ਮ ਨੇ ਆਪਣੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਸਣੇ ਲਵ, ਅਜੇ ਅਤੇ ਸਾਡੇ ਹੋਰ ਪਰਿਵਾਰ ਦੇ ਲੋਕਾਂ ਉੱਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਲਵ ਦੀ ਸਿਰ ਵਿੱਚ ਸੱਟ ਲੱਗ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ।''

ਅਜੇ ਨੇ ਦੱਸਿਆ, "ਮੈਂ ਗਰੁੱਪ ਦੇ ਕਈ ਮੈਂਬਰਾਂ ਨੂੰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ, ਕਈਆਂ ਨੇ ਆਪਣਾ ਫੋਨ ਹੀ ਬੰਦ ਕਰ ਦਿੱਤਾ ਸੀ ਅਤੇ ਕਈਆਂ ਨੇ ਵਟਸਐਪ ਗਰੁੱਪ ਹੀ ਛੱਡ ਦਿੱਤਾ ਸੀ।"

ਪੁਲਿਸ ਦਾ ਕੀ ਕਹਿਣਾ?

ਕੇਸ ਦਾ ਜਾਂਚ ਕਰ ਰਹੇ ਸਬ ਇੰਸਪੈਕਟਰ ਸ਼੍ਰੀ ਕ੍ਰਿਸ਼ਨ ਦਾ ਕਹਿਣਾ ਹੈ ਕਿ ਦਿਨੇਸ਼, ਉਸ ਦੀ ਪਤਨੀ ਗੀਤਾ, ਉਨ੍ਹਾਂ ਦੇ ਨਾਬਾਲਗ਼ ਪੁੱਤਰ ਸਣੇ 6 ਮੁਲਜ਼ਮ ਪੁਲਿਸ ਕਸਟਡੀ 'ਚ ਹਨ ਅਤੇ ਨਾਬਾਲਗ਼ ਨੂੰ ਕਰਨਾਲ ਦੀ ਬੋਰਸਟੇਲ ਜ਼ੇਲ੍ਹ ਵਿੱਚ ਭੇਜਿਆ ਗਿਆ ਹੈ।

ਇੱਕ ਹੋਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਸੋਨੀਪਤ ਵਿੱਚ ਕਰੀਬ 250 ਜੌਹਰੀ ਪਰਿਵਾਰ ਹਨ ਅਤੇ ਅਜੇ ਤੇ ਦਿਨੇਸ਼ ਦੋਵੇਂ ਹੀ ਭਾਈਚਾਰੇ ਵਿੱਚ ਮੋਹਰੀ ਬਣਨਾ ਚਾਹੁੰਦੇ ਸਨ ਤੇ ਇੱਕ ਦੂਜੇ ਨੂੰ ਬਿਲਕੁੱਲ ਵੀ ਦੇਖਣਾ ਨਹੀਂ ਚਾਹੁੰਦੇ ਸਨ।

ਉਨ੍ਹਾਂ ਮੁਤਾਬਕ ਅਜੇ ਵੱਲੋਂ ਗਲਤੀ ਨਾਲ ਕੀਤੀ ਪਰਿਵਾਰਕ ਤਸਵੀਰ ਦੀ ਪੋਸਟਿੰਗ ਨੇ ਉਨ੍ਹਾਂ ਵਿਚਾਲੇ ਬਹਿਸ ਛੇੜ ਦਿੱਤੀ ਅਤੇ ਇਸ ਦੌਰਾਨ ਉਪਜੀ ਹਿੰਸਾ 'ਚ ਲਵ ਦੀ ਮੌਤ ਹੋ ਗਈ।

'ਮੇਰਾ ਬੇਟਾ ਬੇਕਸੂਰ ਹੈ'

ਦਿਨੇਸ਼ ਦੀ 72 ਸਾਲਾਂ ਮਾਂ ਦਾ ਕਹਿਣਾ ਹੈ ਕਿ ਮੇਰਾ ਪੁੱਤਰ ਬੇਕਸੂਰ ਹੈ ਅਤੇ 3 ਜੂਨ ਦਾ ਦਿਨ ਉਨ੍ਹਾਂ ਲਈ ਕਾਲਾ ਦਿਨ ਬਣ ਕੇ ਆਇਆ ਸੀ।

ਉਨ੍ਹਾਂ ਮੁਤਾਬਕ, "ਮੈਂ ਸੁੱਤੀ ਪਈ ਸੀ ਅਤੇ ਆਲੇ-ਦੁਆਲੇ ਰੌਲਾ ਪੈਣ 'ਤੇ ਮੇਰੀ ਅੱਖ ਖੁੱਲ੍ਹ ਗਈ। ਮੈਨੂੰ ਦੱਸਿਆ ਗਿਆ ਕਿ ਅਜੇ 15-20 ਲੋਕਾਂ ਨਾਲ ਮੇਰੇ ਪੁੱਤਰ ਦਿਨੇਸ਼ ਉੱਤੇ ਹਮਲਾ ਕਰਨ ਆਇਆ ਹੈ।"

ਉਨ੍ਹਾਂ ਦੱਸਿਆ ਆਪਣੇ ਆਪ ਨੂੰ ਬਚਾਉਣ ਲਈ ਮੇਰੇ ਪਰਿਵਾਰ ਨੇ ਡੰਡੇ ਚੁੱਕੇ ਅਤੇ ਇਸ ਦੌਰਾਨ ਇੱਕ ਦੀ ਮੌਤ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)