ਬਾਦਲ ਦੀ ਅਮਿਤ ਸ਼ਾਹ ਦੀ ਨਾਮਜ਼ਦਗੀ ਵੇਲੇ ਮੌਜੂਦਗੀ ਦੇ ਮਾਅਨੇ

ਭਾਜਪਾ ਦੇ ਕੌਮੀ ਪ੍ਰਧਾਨ ਜਦੋਂ ਗੁਜਰਾਤ ਪਹੁੰਚੇ ਤਾਂ ਸੂਬੇ ਦੀ ਭਾਜਪਾ ਸਰਕਾਰ ਦੇ ਕਈ ਮੰਤਰੀ ਅਤੇ ਪਾਰਟੀ ਆਗੂਆਂ ਨੇ ਅਹਿਮਦਾਬਾਦ ਹਵਾਈ ਅੱਡੇ ਤੇ ਉਨ੍ਹਾਂ ਦਾ ਸਵਾਗਤ ਕੀਤਾ।

ਲੋਕ ਸਭਾ ਚੋਣਾਂ ਲਈ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਗੁਜਰਾਤ ਦੀ ਗਾਂਧੀ ਨਗਰ ਤੋਂ ਪਰਚਾ ਭਰਿਆ।

ਉਨ੍ਹਾਂ ਦੇ ਨਾਲ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼ਿਵ ਸੈਨਾ ਮੁਖੀ ਉੱਧਵ ਠਾਕਰੇ, ਲੋਜਪਾ ਦੇ ਮੁਖੀ ਰਾਮਵਿਲਾਸ ਪਾਸਵਾਨ, ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਰਾਜਨਾਥ ਸਿੰਘ ਤੋਂ ਇਲਾਵਾ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ:

ਗੁਜਰਾਤ ਵਿੱਚ 4 ਅਪ੍ਰੈਲ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਦੇ ਹਨ ਤੇ 23 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਐੱਨਡੀਏ ਦੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਸ਼ੁੱਕਰਵਾਰ ਨੂੰ ਗੁਜਰਾਤ ਪਹੁੰਚ ਗਏ ਸਨ।

ਇਹ ਵੀ ਪੜ੍ਹੋ:

ਅਮਿਤ ਸ਼ਾਹ ਦੇ ਇਸ ਪ੍ਰੋਗਰਾਮ ਵਿੱਚ ਸੀਨੀਅਰ ਬਾਦਲ ਦੇ ਸ਼ਾਮਲ ਹੋਣ ਦੇ ਮਾਅਨੇ ਜਾਨਣ ਲਈ ਬੀਬੀਸੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲ ਕੀਤੀ।

ਉਨ੍ਹਾਂ ਦੱਸਿਆ, "ਸਮੇਂ-ਸਮੇਂ ਤੇ ਭਾਜਪਾ 'ਤੇ ਘੱਟਗਿਣਤੀਆਂ ਦੇ ਖ਼ਿਲਾਫ ਹੋਣ ਦਾ ਇਲਜ਼ਾਮ ਲਗਦਾ ਰਹਿੰਦਾ ਹੈ।"

"ਜੇ ਪੰਜ ਵਾਰ ਮੁੱਖ ਮੰਤਰੀ ਰਹੇ ਘੱਟਗਿਣਤੀ ਸਿੱਖ ਮੁੱਖ ਮੰਤਰੀ ਪਰਚਾ ਦਾਖਲ ਕਰਨ ਵੇਲੇ ਉੱਥੇ ਹਾਜ਼ਰ ਰਹਿੰਦੇ ਹਨ ਤਾਂ ਐੱਨਡੀਏ ਵਿੱਚ ਸ਼ਾਹ ਦੀ ਪ੍ਰਵਾਨਗੀ ਦੀ ਪੁਸ਼ਟੀ ਹੋ ਜਾਵੇਗੀ।"

ਇਹ ਵੀ ਪੜ੍ਹੋ:

ਅਮਿਤ ਸ਼ਾਹ ਦਾ ਸਫ਼ਰ

  • 54 ਸਾਲਾ ਅਮਿਤ ਸ਼ਾਹ ਦਾ ਜਨਮ 1964 ਵਿੱਚ ਮੁੰਬਈ ਵਿੱਚ ਹੋਇਆ ਪਰ ਪਰਵਰਿਸ਼ ਗੁਜਰਾਤ ਵਿੱਚ ਹੋਈ।
  • 16 ਸਾਲ ਦੀ ਉਮਰ ਵਿੱਚ ਉਹ ਅਹਿਮਦਾਬਾਦ ਦੇ ਰਾਸ਼ਟਰੀ ਸਵਾਭਿਮਾਨੀ ਸੰਘ ਵੱਲ ਖਿੱਚੇ ਗਏ।
  • 21 ਸਾਲ ਦੀ ਉਮਰ ਵਿੱਚ ਉਹ ਨਾਰਨਪੁਰਾ ਵਾਰਡ ਵਿੱਚ ਪੋਲਿੰਗ ਬੂਥ ਏਜੰਟ ਵਜੋਂ ਕੰਮ ਕੀਤਾ। ਅੱਗੇ ਜਾ ਕੇ ਉਹ ਇੱਥੋਂ ਹੀ ਵਿਧਾਇਕ ਬਣੇ।
  • ਰਾਮ ਜਨਮ ਭੂਮੀ ਦੇ ਅੰਦੋਲਨ ਸਮੇਂ ਅਮਿਤ ਸ਼ਾਹ ਨੇ ਆਪਣੀ ਸੰਗਠਨਾਤਮਿਕ ਸ਼ਕਤੀ ਦਾ ਪ੍ਰਗਟਾਵਾ ਕੀਤਾ।
  • ਸਾਲ 1991 ਜਦੋਂ ਅਡਵਾਨੀ ਗਾਂਧੀ ਨਗਰ ਸੀਟ ਤੋਂ ਮੈਂਬਰ ਪਾਰਲੀਮੈਂਟ ਬਣੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਾਲ ਸਨ ਅਤੇ ਅਮਿਤ ਸ਼ਾਹ ਇੱਕ ਆਮ ਪਾਰਟੀ ਵਰਕਰ ਵਜੋਂ ਖੜ੍ਹੇ ਸਨ।

ਅਡਵਾਨੀ ਦੀ ਥਾਂ ਅਮਿਤ ਸ਼ਾਹ ਦੇ ਆਉਣ ਨਾਲ ਹਿੰਦੁਤਵ ਬ੍ਰਾਂਡ ਨੂੰ ਕੀ ਫਰਕ ਪਿਆ

ਗੁਜਰਾਤ 'ਤੇ ਨਜ਼ਰ ਰੱਖਣ ਵਾਲੇ ਰਿਸਰਚਰ ਸ਼ਾਰਿਕ ਲਾਲੀਵਾਲਾ ਨੇ ਦੱਸਿਆ ਕਿ ਗਾਂਧੀਨਗਰ ਵਿੱਚ ਸੀਟ 'ਤੇ ਉਮੀਦਵਾਰ ਦੀ ਤਬਦੀਲੀ ਸਪਸ਼ਟ ਤੌਰ 'ਤੇ ਹਿੰਦੂਤਵ ਦੇ ਪੁਰਾਣੇ ਬ੍ਰਾਂਡ ਤੋਂ ਹਿੰਦੂਤਵ ਦੇ ਨਵੇਂ ਬ੍ਰਾਂਡ ਦੀ ਤਬਦੀਲੀ ਵੱਲ ਸੰਕੇਤ ਕਰਦੀ ਹੈ।

"ਅਡਵਾਨੀ, ਜੋ ਹਿੰਦੂਤਵ ਦੇ ਪੁਰਾਣੇ ਬ੍ਰਾਂਡ ਦੀ ਨੁਮਾਇੰਦਗੀ ਕਰਦੇ ਸੀ, 'ਆਉਟਡੇਟਿਡ' ਹਨ ਅਤੇ ਉਹਨਾਂ ਦੀ ਜਗ੍ਹਾ ਵਧੇਰੇ ਕੱਟੜਵਾਦੀ ਹਿੰਦੂਤਵੀ ਆਗੂ ਅਮਿਤ ਸ਼ਾਹ ਨੇ ਲੈ ਲਈ ਹੈ।"

ਉਹ ਮੰਨਦੇ ਹਨ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦਾ ਹਿੰਦੂਤਵ, ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਹਿੰਦੂਤਵ ਤੋਂ ਵੱਖਰਾ ਹੈ।

"ਸ਼ਾਹ-ਮੋਦੀ ਨੇ ਹਿੰਦੂਤਵ ਵਿੱਚ ਲਿਪਟੇ ਹੋਏ ਵਿਕਾਸ ਦਾ ਆਈਡੀਆ ਦਿੱਤਾ ਪਰ ਉਹ ਅਸਲ ਵਿਚ ਹਿੰਦੂਤਵ ਦੇ ਪੁਰਾਣੇ ਬ੍ਰਾਂਡ ਨਾਲੋਂ ਕਿਤੇ ਜ਼ਿਆਦਾ ਕੱਟੜਵਾਦੀ ਹਨ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)