You’re viewing a text-only version of this website that uses less data. View the main version of the website including all images and videos.
ਫੂਡ ਅਤੇ ਡਰੱਗ ਅਫ਼ਸਰ ਨੇਹਾ ਦੇ ਕਤਲ ਨੂੰ 'ਡਰੱਗਸ ਮਾਫੀਆ' ਦੇ ਐਂਗਲ ਤੋਂ ਦੇਖਿਆ ਜਾ ਰਿਹਾ - ਮੋਹਾਲੀ ਐੱਸਐੱਸਪੀ
- ਲੇਖਕ, ਰਵੀ ਸ਼ਰਮਾ
- ਰੋਲ, ਬੀਬੀਸੀ ਪੰਜਾਬੀ ਲਈ
ਨੇਹਾ ਸ਼ੋਰੀ ਦੇ ਪਿਤਾ ਕੈਪਟਨ ਕੈਲਾਸ਼ ਕੁਮਾਰ ਸ਼ੋਰੀ (ਰਿਟਾ.) ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਕੋਈ ਦਵਾਈ ਦੀ ਦੁਕਾਨ ਚਲਾਉਣ ਦਾ ਲਾਈਸੈਂਸ ਰੱਦ ਕਰ ਦੇਣ ਦੀ ਖੁੰਦਕ ਵਿੱਚ ਆ ਕੇ ਇੱਕ ਕੈਮਿਸਟ ਜੋਨਲ ਡਰੱਗ ਅਫ਼ਸਰ ਦਾ ਦਿਨ ਦਿਹਾੜੇ ਕਤਲ ਕਰ ਸਕਦਾ ਹੈ।
ਉਹ ਵਾਰਦਾਤ ਦੇ ਪਿੱਛੇ ਪੂਰੇ ਸੂਬੇ ਵਿੱਚ ਸਰਗਰਮ ਡਰੱਗ ਮਾਫੀਏ ਦਾ ਹੱਥ ਮੰਨਦੇ ਹਨ।
ਪੰਚਕੂਲਾ ਦੇ ਸੈਕਟਰ 6 ਦੇ ਇਸ ਇਲਾਕੇ ਵਿੱਚ ਦੁੱਖ ਅਤੇ ਹੈਰਾਨਗੀ ਦਾ ਮਾਹੌਲ ਹੈ। ਨੇਹਾ ਸ਼ੋਰੀ ਇਸੇ ਇਲਾਕੇ ਦੀ ਜੰਮਪਲ ਸੀ।
ਦਰਅਸਲ 29 ਮਾਰਚ ਨੂੰ ਮੋਹਾਲੀ ਦੀ ਜ਼ੋਨਲ ਫੂਡ ਅਤੇ ਡਰੱਗ ਅਫ਼ਸਰ ਨੇਹਾ ਨੂੰ ਖਰੜ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਗੋਲੀ ਮਾਰਨ ਵਾਲੇ ਬਲਵਿੰਦਰ ਸਿੰਘ ਨੇ ਘਟਨਾ ਮਗਰੋਂ ਆਪ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ-
ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੀ ਭੀੜ ਵਿੱਚ ਨੇਹਾ ਦੀ ਦੋ ਵਰ੍ਹੇ ਦੀ ਧੀ ਮਾਂ ਨੂੰ ਲੱਭ ਰਹੀ ਸੀ।
ਨੇਹਾ ਦੀ ਚਾਚੀ ਸ਼ਸ਼ੀ ਸ਼ੋਰੀ ਉਸ ਦਾ ਧਿਆਨ ਵਟਾਉਣ ਲਈ ਉਸ ਨੂੰ ਗੋਦੀ ਚੁੱਕੀ ਫਿਰ ਰਹੇ ਸਨ।
ਨੇਹਾ ਨੇ ਕੀਤੀ ਸੀ ਮੁਲਜ਼ਮ ਦੀ ਦੁਕਾਨ 'ਤੇ ਰੇਡ
ਨੇਹਾ ਸ਼ੋਰੀ ਦੀ ਛਵੀ ਇੱਕ ਇਮਾਨਦਾਰ ਅਫ਼ਸਰ ਦੀ ਸੀ।
ਪੰਜਾਬ ਯੂਨੀਵਰਸਿਟੀ 'ਚੋਂ ਬੀਫ਼ਾਰਮਾ ਅਤੇ ਮੋਹਾਲੀ ਦੇ ਨਾਈਪਰ (ਨੈਸ਼ਨਲ ਇੰਸਟੀਟਿਉਟ ਫ਼ਾਰ ਫ਼ਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ) ਤੋਂ ਫਾਰਮੇਸੀ ਵਿੱਚ ਮਾਸਟਰ ਡਿਗਰੀ ਲੈਣ ਵਾਲੀ ਨੇਹਾ ਸ਼ੋਰੀ ਮੋਹਾਲੀ ਅਤੇ ਰੋਪੜ ਜ਼ਿਲ੍ਹੇ ਦੀ ਜੋਨਲ ਡਰੱਗ ਲਾਈਸੈਂਸ ਅਫ਼ਸਰ ਸਨ।
ਚੰਡੀਗੜ੍ਹ ਨੇੜਲੇ ਪੰਚਕੂਲਾ ਦੀ ਰਹਿਣ ਵਾਲੀ ਨੇਹਾ ਦੇ ਪਤੀ ਵਰੁਨ ਮੋਂਗਾ ਇੱਕ ਬੈਂਕ ਅਫ਼ਸਰ ਹਨ।
10 ਸਾਲ ਪਹਿਲਾਂ ਨੇਹਾ ਨੇ ਮੁਲਜ਼ਮ ਦੀ ਦੁਕਾਨ 'ਤੇ ਰੇਡ ਕੀਤੀ ਸੀ।
ਨੇਹਾ ਸ਼ੋਰੀ ਨੇ ਜੋਨਲ ਡਰੱਗ ਅਤੇ ਫ਼ੂਡ ਅਫ਼ਸਰ ਵੱਜੋਂ ਅੱਜ ਤੋਂ ਕਰੀਬ ਦੱਸ ਸਾਲ ਪਹਿਲਾਂ ਮੋਹਾਲੀ ਜਿਲ੍ਹੇ ਦੇ ਕਸਬੇ ਮੋਰਿੰਡਾ ਵਿੱਚ ਦਵਾਈਆਂ ਦੀ ਇੱਕ ਦੁਕਾਨ 'ਤੇ ਛਾਪਾ ਮਾਰਿਆ ਸੀ। ਇਸ ਦੁਕਾਨ ਦਾ ਮਾਲਕ ਬਲਵਿੰਦਰ ਸਿੰਘ ਸੀ।
ਛਾਪੇ ਦੌਰਾਨ ਬਲਵਿੰਦਰ ਦੀ ਦੁਕਾਨ 'ਚੋਂ ਅਜਿਹੀਆਂ ਦਵਾਈਆਂ, ਕੈਪਸੂਲ ਅਤੇ ਸਿਰਪ ਬਰਾਮਦ ਹੋਏ ਜੋ ਡਰੱਗ ਵਿਭਾਗ ਵੱਲੋਂ ਪਾਬੰਦੀਸ਼ੁਦਾ ਸਨ।
ਇਹ ਵੀ ਪੜ੍ਹੋ-
ਇਸ ਮਗਰੋਂ ਦੁਕਾਨ ਦਾ 'ਡਰੱਗ ਲਾਈਸੈਂਸ' ਰੱਦ ਕਰਕੇ ਉਨ੍ਹਾਂ ਖਿਲਾਫ਼ ਕੇਸ ਵੀ ਦਰਜ ਕੀਤਾ ਗਿਆ।
ਪੁਲਿਸ ਕੀ ਕਹਿੰਦੀ ਹੈ?
ਪੁਲਿਸ ਵੀ ਇਸ ਨੂੰ ਖੁੰਦਕ ਵਿੱਚ ਆ ਕੇ ਕੀਤਾ ਗਿਆ ਕਤਲ ਨਹੀਂ ਮੰਨ ਰਹੀ ਸਗੋਂ ਹੋਰ ਬਿੰਦੂਆਂ 'ਤੇ ਜਾਂਚ ਕਰ ਰਹੀ ਹੈ।
ਮੋਹਾਲੀ ਦੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਕਿਹਾ, "ਇਸ ਕਤਲ ਨੂੰ ਡਰੱਗ ਮਾਫੀਆ ਦੇ ਐਂਗਲ ਨਾਲ ਜੋੜ ਕੇ ਵੀ ਦੇਖ ਰਹੇ ਹਾਂ। ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਨੇਹਾ ਦਾ ਕਤਲ ਕਰਨ ਤੋਂ ਪਹਿਲਾਂ ਬਲਵਿੰਦਰ ਸਿੰਘ ਨੇ ਜਿਨ੍ਹਾਂ ਲੋਕਾਂ ਨਾਲ ਮੋਬਾਈਲ 'ਤੇ ਗੱਲ ਕੀਤੀ ਉਹ ਕੌਣ ਹਨ।"
ਸ਼ਨਿੱਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ 'ਤੇ ਟਵੀਟ ਕਰਦਿਆਂ ਕਿਹਾ, "ਐਫ਼ਡੀਏ ਦੀ ਬਹਾਦਰ ਅਫ਼ਸਰ ਨੇਹਾ ਸ਼ੋਰੀ ਦੇ ਕਤਲ ਨੇ ਸਾਡੇ ਸਾਰਿਆਂ ਨੂੰ ਵੱਡਾ ਸਦਮਾ ਦਿੱਤਾ ਹੈ।"
"ਮੈਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਮਾਮਲੇ ਦੀ ਗਹਿਰਾਈ ਤੱਕ ਪਹੁੰਚ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾ ਸਕੇ।"
ਪੰਜਾਬ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਹੈ।
ਮੋਹਾਲੀ ਦੇ ਨਾਲ ਲੱਗਦੇ ਚੰਡੀਗੜ੍ਹ ਵਿੱਚ ਦਵਾਈਆਂ ਪ੍ਰਤੀ ਸਖ਼ਤੀ ਦੀ ਹਾਲਤ ਇਹ ਹੈ ਕਿ ਨੀਂਦ ਦੀ ਗੋਲੀ ਵੀ ਡਾਕਟਰ ਦੀ ਪਰਚੀ ਬਗ਼ੈਰ ਮਿਲਣੀ ਔਖੀ ਹੈ।
ਇਸ ਝਮੇਲੇ ਤੋਂ ਦੂਰ ਰਹਿਣ ਕਰਕੇ ਚੰਡੀਗੜ੍ਹ ਦੇ ਵਧੇਰੇ ਕੈਮਿਸਟਾਂ ਨੇ ਨਸ਼ੇ ਲਈ ਬਦਨਾਮ ਹੋ ਚੁੱਕੀਆਂ ਦਵਾਈਆਂ ਰੱਖਣੀਆਂ ਹੀ ਛੱਡ ਦਿੱਤੀਆਂ ਹਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: