'ਸੂਪਰਵੂਮੈਨ' ਲਿਲੀ ਸਿੰਘ ਨੇ ਦੱਸਿਆ- 'ਚੋਲੀ ਕੇ ਪੀਛੇ ਕਿਆ ਹੈ'

'ਚੋਲੀ ਕੇ ਪੀਛੇ ਕਿਆ ਹੈ'

'ਹਰ ਰੈਪਰ ਉਸ ਦੀ 'ਬਾਡੀ' ਬਾਰੇ ਗੱਲ ਕਰਨਾ ਚਾਹੁੰਦਾ ਹੈ'

'ਹਰ ਫਿਲਮ ਦਾ ਪਲਾਟ ਉਸ ਦੇ ਵਿਆਹ ਬਾਰੇ ਹੁੰਦਾ ਹੈ'

'ਮੈਨੂੰ 'ਹੌਟ' ਕਹਿਣ ਤੋਂ ਪਹਿਲਾਂ 'ਸਮਾਰਟ' ਕਹੋ'

'ਮੈਂ ਇੱਕ ਔਰਤ ਹਾਂ ਜਿਸ ਦੀ ਆਪਣੀ ਕਹਾਣੀ ਹੈ ਅਤੇ ਤੁਹਾਨੂੰ ਇਸ ਨੂੰ ਜਾਨਣਾ ਚਾਹੀਦਾ ਹੈ'

ਇਹ ਸੂਪਰਵੂਮੈਨ ਦੇ ਨਾਂ ਨਾਲ ਮਸ਼ਹੂਰ ਲਿਲੀ ਸਿੰਘ ਦੇ ਨਵੇਂ 'ਮਿਊਜ਼ਿਕ ਵੀਡੀਓ' ਦੇ ਬੋਲ ਹਨ। ਵੀਡੀਓ ਦਾ ਨਾਂ ਹੈ- If Bollywood Songs Were Rap (ਜੇਕਰ ਬਾਲੀਵੁਡ ਗਾਣੇ ਰੈਪ ਹੁੰਦੇ)।

ਇਸ ਵੀਡੀਓ ਨੂੰ ਉਨ੍ਹਾਂ ਨੇ ਰੈਪ ਵਜੋਂ ਹੀ ਪੇਸ਼ ਕੀਤਾ ਹੈ। ਇਸ ਦੀਆਂ ਜ਼ਿਆਦਾਤਰ ਲਾਈਨਾਂ ਅੰਗਰੇਜ਼ੀ ਵਿਚ ਹਨ, ਉੱਪਰ ਲਿਖੇ ਗਏ ਬੋਲ ਉਨ੍ਹਾਂ ਦਾ ਪੰਜਾਬੀ ਤਰਜਮਾ ਹਨ।

ਇਹ ਵੀ ਪੜ੍ਹੋ-

ਲਿਲੀ ਸਿੰਘ ਦਾ ਨਵਾਂ ਰੈਪ ਬਾਲੀਵੁਡ ਦੇ ਗਾਣਿਆਂ ਦੀ ਧੁਨ ਅਤੇ ਬੋਲ ਰਾਹੀਂ ਔਰਤਾਂ ਨਾਲ ਹੋਣ ਵਾਲੇ ਭੇਦਭਾਵ, ਮਾਨਸਿਕ ਸਿਹਤ, ਜਿਨਸੀ ਇੱਛਾਵਾਂ ਅਤੇ ਸੈਕਸੂਐਲਿਟੀ ਸਮੇਤ ਕਈ ਵਿਸ਼ਿਆਂ ਬਾਰੇ ਗੱਲ ਕਰਦਾ ਹੈ।

ਭਾਵੇਂ ਗਾਣਿਆਂ ਅਤੇ ਆਈਟਮ ਸੌਂਗਜ਼ ਵਿਚ ਹੀਰੋਇਨ ਦੇ ਸਰੀਰ 'ਤੇ ਧਿਆਨ ਕੇਂਦਰਿਤ ਕੀਤੇ ਜਾਣਾ ਹੋਵੇ ਜਾਂ ਫਿਰ ਰਿਸ਼ਤੇ ਵਿਚ ਉਸ ਦੀ ਸਹਿਮਤੀ (ਕਨਸੈਂਟ) ਦੇ ਮਹੱਤਵ ਨੂੰ ਨਾ ਸਮਝਣਾ ਹੋਵੋ।

ਲਿਲੀ ਇਸ ਰੈਪ ਵਿਚ ਬਹੁਤ ਹੀ ਬੇਬਾਕੀ ਨਾਲ ਦੱਸ ਰਹੀ ਹੈ ਕਿ ਇੱਕ ਔਰਤ ਦੀ ਚੋਲੀ ਜਾਂ ਬ੍ਰਾਅ ਵਿਚ ਲੁਕੀ ਛਾਤੀ ਨੂੰ 'ਕਨਸੈਂਟ' ਯਾਨਿ ਕਿ ਸਹਿਮਤੀ ਦੀ ਜ਼ਰੂਰਤ ਹੁੰਦੀ ਹੈ।

ਇੱਕ ਔਰਤ ਨੂੰ ਸਿਰਫ਼ ਉਸ ਦੇ ਚਿਹਰੇ ਅਤੇ ਸਰੀਰਕ ਬਣਾਵਟ ਦੇ ਆਧਾਰ 'ਤੇ ਤੋਲਿਆ ਜਾਂਦਾ ਹੈ, ਉਸ ਦੇ ਦਿਮਾਗ਼ ਅਤੇ ਬੁੱਧੀ ਦੇ ਆਧਾਰ 'ਤੇ ਨਹੀਂ। ਅਜਿਹੀਆਂ ਕਈ ਸੋਚਾਂ ਅਤੇ ਲੋਕਾਂ ਦੇ ਰੁਝਾਨਾਂ ਨੂੰ ਸੱਟ ਮਾਰਦਾ ਹੈ ਲਿਲੀ ਸਿੰਘ ਦਾ ਇਹ ਰੈਪ।

ਮਾਨਸਿਕ ਸਿਹਤ 'ਤੇ ਕੀਤੀ ਗਈ ਗੱਲ

'ਸੁਣੋ!

ਜੇਕਰ ਤੁਸੀਂ ਉਦਾਸ ਹੋ

ਤਾਂ ਕਿਸੀ ਤੋਂ ਮਦਦ ਮੰਗੋ

ਆਪਣਾ ਧਿਆਨ ਰੱਖੋ

ਕਿਉਂਕਿ ਮਾਨਸਿਕ ਸਿਹਤ ਤੋਂ ਬਿਨ੍ਹਾਂ ਦੁਨੀਆਂ ਵਿਚ ਕੁਝ ਨਹੀਂ ਰੱਖਿਆ

ਜੇਕਰ ਤੁਸੀਂ ਬਾਥਰੂਮ ਵਿਚ ਸ਼ਾਵਰ ਲੈਂਦੇ ਹੋਏ ਰੋਂਦੇ ਓ

ਤਾਂ ਮੈਨੂੰ ਕਹੋ

ਮੈਂ ਕਹਿੰਦੀ ਹਾਂ- ਸਭ ਠੀਕ ਹੋ ਜਾਵੇਗਾ

ਕਿਉਂਕਿ ਆਲ ਇਜ਼ ਵੈਲ!'

ਹੁਣ ਵੀਡੀਓ ਦੇ ਇਸ ਹਿੱਸੇ ਵਿਚ ਰੈਪ ਰਾਹੀਂ ਲਿਲੀ 'ਮੈਂਟਲ ਹੈਲਥ' ਯਾਨਿ ਕਿ ਮਾਨਸਿਕ ਸਿਹਤ ਦੀ ਗੱਲ ਕਰ ਰਹੀ ਹੈ।

ਉਹ ਡਿਪਰੈਸ਼ਨ ਦੀ ਗੱਲ ਕਰ ਰਹੀ ਹੈ, ਐਂਗਜ਼ਾਇਟੀ ਦੀ ਗੱਲ ਕਰ ਰਹੀ ਹੈ ਅਤੇ ਹਰ ਮਾਨਸਿਕ ਪ੍ਰੇਸ਼ਾਨੀ ਬਾਰੇ ਗੱਲ ਕਰ ਰਹੀ ਹੈ।

ਲਿਲੀ ਆਪਣੇ ਰੈਪ ਵਿਚ ਕਹਿ ਰਹੀ ਹੈ ਕਿ ਜੇਕਰ ਤੁਸੀਂ ਲੰਬੇ ਸਮੇਂ ਤੋਂ ਉਦਾਸ ਹੋ ਅਤੇ ਇਕੱਲਿਆਂ ਰੋਂਦੇ ਹੋ ਤਾਂ ਕਿਸੀ ਨਾਲ ਇਸ ਬਾਰੇ ਗੱਲ ਕਰੋ।

ਉਹ ਮਾਨਸਿਕ ਸਿਹਤ ਨਾਲ ਜੁੜੇ ਪੱਖਪਾਤਾਂ ਅਤੇ ਗਲਤਫ਼ਹਿਮੀਆਂ ਨੂੰ ਖ਼ਤਮ ਕਰਨ ਨੂੰ ਕਹਿ ਰਹੀ ਹੈ।

ਸੈਕਸੂਐਲਿਟੀ ਦੀ ਵੀ ਕੀਤੀ ਗਈ ਗੱਲ

'ਇੱਥੇ ਬਹੁਤ ਲੋਕ ਹਨ ਪਰ ਮੈਨੂੰ ਸਿਰਫ਼ ਤੁਸੀਂ ਨਜ਼ਰ ਆਉਂਦੇ ਹੋ

ਮੈਂ ਇੱਕ-ਦੋ ਨੂੰ ਡੇਟ ਕੀਤਾ ਹੈ

ਪਰ ਤੁਹਾਡੇ ਵਿਚ ਕੁਝ ਨਵਾਂ ਹੈ

ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਪ੍ਰੋਪੋਜ਼ ਕਰੋ

ਅਤੇ ਮੈਂ 'ਹਾਂ' ਕਹਾਂ

ਪਰ ਉਦੋਂ ਹੀ

ਇਕ 'ਕਵੀਨ' ਮੈਨੂੰ ਅੱਖਾਂ ਨਾਲ ਇਸ਼ਾਰਾ ਕਰਦੀ ਹੈ

ਕਿੰਨੀ ਸੋਹਣੀ ਹੈ ਉਹ

ਉਸ ਦੇ ਵਾਲਾਂ ਨੂੰ ਦੇਖੋ ਜ਼ਰਾ

ਮੈਂ ਬਿਨ੍ਹਾਂ ਪਲਕਾਂ ਝਪਕੇ ਉਸ ਨੂੰ ਦੇਖ ਰਹੀ ਹਾਂ…'

ਰੈਪ ਦੇ ਅਖ਼ੀਰ ਵਿਚ ਲਿਲੀ ਐਲਜੀਬੀਟੀ (ਲੈਸਬੀਅਨ, ਗੇਅ, ਬਾਇਸੈਕਸੂਅਲ, ਟ੍ਰਾਂਸਜੈਂਡਰ) ਭਾਈਚਾਰੇ ਦੀ ਆਵਾਜ਼ ਬਣੀ।

ਉਸ ਨੇ ਖ਼ੁਦ ਨੂੰ ਬਾਇਸੈਕਸੂਅਲ ਕੁੜੀ ਦੇ ਰੂਪ ਵਿਚ ਦਿਖਾਇਆ ਹੈ, ਜਿਸ ਨੂੰ ਪਹਿਲਾਂ ਇੱਕ ਮੁੰਡਾ ਪਸੰਦ ਆਉਂਦਾ ਹੈ ਅਤੇ ਇਸ ਤੋਂ ਠੀਕ ਬਾਅਦ ਹੀ ਉਹ ਇੱਕ ਕੁੜੀ ਵੱਲ ਵੀ ਖਿੱਚ ਮਹਿਸੂਸ ਕਰਦੀ ਹੈ।

ਲਿਲੀ ਦੇ ਇਸ ਵੀਡੀਓ ਨੂੰ 48 ਘੰਟੇ ਤੋਂ ਵੀ ਘੱਟ ਸਮੇਂ ਵਿਚ 14 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲੇ। ਇਸ ਤੋਂ ਇਲਾਵਾ ਆਮ ਅਤੇ ਖ਼ਾਸ ਲੋਕ, ਦੋਵਾਂ ਵਿਚ ਹੀ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਔਰਤ ਵਿਰੋਧੀ ਗਾਣੇ, ਮਾਨਸਿਕ ਸਿਹਤ ਅਤੇ ਸੈਕਸੂਐਲਿਟੀ ਵਰਗੇ ਵਿਸ਼ਿਆਂ 'ਤੇ ਗੱਲ ਕਰਨ ਲਈ ਲਿਲੀ ਦੀ ਬਹੁਤ ਤਾਰੀਫ਼ ਹੋ ਰਹੀ ਹੈ।

ਯੂਟਿਊਬ 'ਤੇ ਸੋਹਿਨੀ ਮੁਖਰਜੀ ਨਾਂ ਦੀ ਇੱਕ ਯੂਜ਼ਰ ਨੇ ਲਿਖਿਆ ਹੈ, "ਮੈਂ ਉਹ ਹਾਲਾਤ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਜਦੋਂ ਮੈਨੂੰ ਇੱਕ ਹੌਟ ਮੁੰਡੇ ਅਤੇ ਇੱਕ ਹੌਟ ਕੁੜੀ ਇਕੱਠੇ ਦਿਖਾਈ ਦਿੰਦੇ ਹਨ ਅਤੇ ਮੈਂ ਫ਼ੈਸਲਾ ਨਹੀਂ ਕਰ ਪਾਉਂਦੀ ਕਿ ਕਿਸ ਵੱਲ ਦੇਖਾਂ।"

ਇਹ ਰੈਪ ਅਹਿਮ ਕਿਉਂ ਹੈ?

ਫ਼ਿਲਮਾਂ ਅਤੇ ਪੌਪ ਕਲਚਰ ਵਿਚ ਔਰਤ ਵਿਰੋਧੀ ਰਵੱਈਏ ਖ਼ਿਲਾਫ਼ ਤਾਂ ਪਹਿਲਾਂ ਤੋਂ ਹੀ ਆਵਾਜ਼ ਉੱਠ ਰਹੀ ਹੈ ਪਰ ਮਾਨਸਿਕ ਸਿਹਤ ਅਤੇ ਸੈਕਸੂਐਲਿਟੀ ਅਜਿਹੇ ਮੁੱਦੇ ਹਨ ਜਿੰਨਾਂ 'ਤੇ ਅਜੇ ਵੀ ਚਰਚਾ ਦੀ ਲੋੜ ਹੈ।

ਵਰਲਡ ਹੈਲਥ ਆਰਗਨਾਈਜ਼ੇਸ਼ਨ ਦੀ ਇੱਕ ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿਚ ਹਰ ਚਾਰ ਵਿਚੋਂ ਇੱਕ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੈ।

ਸਾਲ 2016 ਦੌਰਾਨ ਭਾਰਤ ਵਿਚ 2,30,314 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਇਸ ਤੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਖੁਦਕੁਸ਼ੀ ਕਰਨ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ 14-39 ਸਾਲ ਦੇ ਲੋਕਾਂ ਦੀ ਸੀ।

ਜੇਕਰ ਗੱਲ ਜੈਂਡਰ ਅਤੇ ਸੈਕਸੂਐਲਿਟੀ ਦੀ ਕੀਤੀ ਜਾਵੇ ਤਾਂ ਇਸ ਬਾਰੇ ਉਸ ਤਰ੍ਹਾਂ ਗੱਲ ਨਹੀਂ ਹੁੰਦੀ ਹੈ, ਜਿਵੇਂ ਹੋਣੀ ਚਾਹੀਦੀ ਹੈ।

ਐਲਜੀਬੀਟੀ ਭਾਈਚਾਰੇ ਦੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ 2018 ਵਿਚ ਭਾਰਤ ਦੀ ਸਰਬ ਉੱਚ ਅਦਾਲਤ ਨੇ ਆਈਪੀਸੀ ਦੇ ਸੈਕਸ਼ਨ 377 ਵਿੱਚ ਬਦਲਾਅ ਕੀਤੇ, ਜਿਸ ਵਿਚ ਪਹਿਲਾਂ ਦੋ ਬਾਲਗ ਸਮਲਿੰਗੀ ਲੋਕਾਂ ਵਿਚਾਲੇ ਸਬੰਧਾਂ ਨੂੰ ਅਪਰਾਧ ਦੱਸਿਆ ਗਿਆ ਸੀ।

ਹੁਣ ਭਾਰਤ ਵਿਚ ਸਮਲਿੰਗੀ ਸੰਬੰਧ ਜੁਰਮ ਤਾਂ ਨਹੀਂ ਪਰ ਸਮਲਿੰਗੀਆਂ ਨੂੰ ਵਿਆਹ ਕਰਨ, ਬੱਚਾ ਗੋਦ ਲੈਣ ਅਤੇ ਘਰ ਵਸਾਉਣ ਵਾਲੇ ਸਾਰੇ ਅਧਿਕਾਰ ਅਜੇ ਵੀ ਹਾਸਲ ਨਹੀਂ ਹੋਏ ਹਨ। ਸਮਾਜ ਵਿਚ ਉਨ੍ਹਾਂ ਨੂੰ ਨਾਂ ਦੇ ਬਰਾਬਰ ਹੀ ਸਵੀਕਾਰ ਕੀਤਾ ਜਾਂਦਾ ਹੈ।

ਐਲਜੀਬੀਟੀ ਭਾਈਚਾਰੇ ਵਿਚ ਵੀ ਬਾਇਸੈਕਸੂਅਲ (ਔਰਤ ਅਤੇ ਆਦਮੀ ਦੋਵਾਂ ਵੱਲ ਆਕਰਸ਼ਿਤ ਹੋਣਾ) ਲੋਕਾਂ ਨੂੰ ਕਾਫ਼ੀ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਰੈਪ ਵਿਚ ਲਿਲੀ ਦੇ ਖ਼ੁਦ ਨੂੰ ਬਾਇਸੈਕਸੂਅਲ ਕੁੜੀ ਦੇ ਤੌਰ 'ਤੇ ਪੇਸ਼ ਕੀਤੇ ਜਾਣ ਦੀ ਬਹੁਤ ਤਾਰੀਫ਼ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਦਿਲਚਸਪ ਗੱਲ ਇਹ ਹੈ ਕਿ ਮਿਊਜ਼ਿਕ ਵੀਡੀਓ ਵਿਚ ਵੱਖ-ਵੱਖ ਔਰਤਾਂ ਦਿਖਾਈਆਂ ਗਈਆਂ ਹਨ।

ਹਿਜਾਬ ਪਹਿਨੀ ਹੋਈ ਔਰਤ, ਵਨ ਪੀਸ ਪਹਿਨੀ ਹੋਈ ਔਰਤ ਅਤੇ ਬਲੇਜ਼ਰ ਪਹਿਨੀ ਹੋਈ ਔਰਤ ਮਿਊਜ਼ਿਕ ਵੀਡੀਓ ਵਿਚ ਇੱਕ ਲੜਕੀ ਨੂੰ ਕੋਚ ਵਜੋਂ 'ਤੇ ਦਿਖਾਇਆ ਗਿਆ ਹੈ, ਜੋ ਕਿ ਔਰਤਾਂ ਨਾਲ ਜੁੜੀ ਰੂੜੀਵਾਦੀ ਸੋਚ ਨੂੰ ਤੋੜਨ ਦੀ ਕੋਸ਼ਿਸ਼ ਹੈ।

ਕੌਣ ਹੈ ਲਿਲੀ ਸਿੰਘ?

ਲਿਲੀ ਸਿੰਘ ਭਾਰਤੀ ਮੂਲ ਦੀ ਕੈਨੇਡੀਅਨ ਨਾਗਰਿਕ ਹੈ। ਉਹ ਮਸ਼ਹੂਰ ਯੂਟਿਊਬਰ, ਟੀਵੀ ਹੋਸਟ ਅਤੇ ਕਾਮੇਡੀਅਨ ਹੈ।

ਸਾਲ 2017 ਵਿਚ ਮਸ਼ਹੂਰ ਬਿਜ਼ਨਸ ਮੈਗਜ਼ੀਨ 'ਫ਼ੋਰਬਜ਼' ਵਿਚ ਉਸ ਨੂੰ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਯੂਟਿਊਬਰ ਦੱਸਿਆ ਗਿਆ ਸੀ।

ਲਿਲੀ ਨੇ ਯੂਟਿਊਬ ਚੈਨਲ 'ਤੇ ਆਪਣਾ ਨਾਂ 'ਸੂਪਰਵੂਮੈਨ' ਰੱਖਿਆ ਹੈ ਅਤੇ ਇਸ ਨਾਂ ਨਾਲ ਉਹ ਕਾਫ਼ੀ ਪ੍ਰਸਿੱਧ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)