ਕਿੰਨੀਆਂ ਸਿਗਰਟਾਂ ਦੇ ਬਰਾਬਰ ਹੈ ਇੱਕ ਬੋਤਲ ਸ਼ਰਾਬ

ਇੱਕ ਅਧਿਅਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਹਫ਼ਤੇ ਵਿੱਚ 750 ਮਿਲੀਲੀਟਰ ਸ਼ਰਾਬ ਪੀਣ ਨਾਲ ਕੈਂਸਰ ਦਾ ਖ਼ਤਰਾ ਓਨਾਂ ਹੀ ਵਧਦਾ ਹੈ, ਜਿੰਨਾਂ ਕਿ ਇੱਕ ਹਫ਼ਤੇ 'ਚ ਔਰਤਾਂ ਦੇ 10 ਸਿਗਰਟ ਅਤੇ ਪੁਰਸ਼ਾਂ ਦੇ 5 ਸਿਗਰਟ ਪੀਣ ਨਾਲ।

ਬ੍ਰਿਟੇਨ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਇਹ ਘੱਟ ਪੀਣ ਵਾਲੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਚੰਗਾ ਤਰੀਕਾ ਹੈ।

ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਵਧੇਰੇ ਸ਼ਰਾਬ ਪੀਣ ਵਾਲਿਆਂ ਲਈ ਸ਼ਰਾਬ ਦੇ ਮੁਕਾਬਲੇ ਸਿਗਰਟ ਪੀਣਾ ਵਧੇਰੇ ਖ਼ਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਕੈਂਸਰ ਦਾ ਖ਼ਤਰਾ ਵਧੇਰੇ ਹੁੰਦਾ ਹੈ।

ਇਨ੍ਹਾਂ ਜੋਖ਼ਮਾਂ ਨੂੰ ਘੱਟ ਕਰਨ ਦਾ ਇਕੋ-ਇੱਕ ਤਰੀਕਾ ਸਿਗਰਟ ਨੂੰ ਪੂਰੀ ਤਰ੍ਹਾਂ ਛੱਡਣਾ ਹੈ।

ਸਰਕਾਰੀ ਦਿਸ਼ਾ ਨਿਰਦੇਸ਼ ਤਹਿਤ ਇੱਕ ਔਰਤ ਅਤੇ ਪੁਰਸ਼ ਨੂੰ ਇੱਕ ਹਫ਼ਤੇ 'ਚ 14 ਯੂਨਿਟ ਤੋਂ ਵੱਧ ਸ਼ਰਾਬ ਨਹੀਂ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਬੀਅਰ ਦੀ 6 ਪਾਇੰਟ ਅਤੇ 6 ਗਲਾਸ ਵਾਇਨ ਦੇ ਬਰਾਬਰ ਹੈ।

ਅਧਿਅਨ 'ਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੁਹਾਡੀ ਸਿਹਤ ਖ਼ਤਰੇ ਵਿੱਚ ਹੁੰਦੀ ਹੈ ਤਾਂ ਪੀਣ ਦੀ ਕੋਈ ਸੁਰੱਖਿਅਤ ਮਾਤਰਾ ਨਹੀਂ ਹੁੰਦੀ।

ਇਸ ਅਧਿਅਨ ਮੁਤਾਬਕ ਘੱਟ ਪੀਣ ਵਾਲੇ ਵੀ ਕੈਂਸਰ ਦੇ ਖ਼ਤਰੇ ਤੋਂ ਬਾਹਰ ਨਹੀਂ ਹੁੰਦੇ ਹਨ।

ਇਹ ਵੀ ਪੜ੍ਹੋ-

ਬੀਐਮਸੀ ਪਬਲਿਕ ਹੈਲਥ ਦੇ ਲੇਖ 'ਚ ਖੋਜਕਾਰਾਂ ਨੇ ਕਿਹਾ ਹੈ ਕਿ ਜੇਕਰ ਸਿਗਰਟ ਨਹੀਂ ਪੀਣ ਵਾਲੇ ਇੱਕ ਹਜ਼ਾਰ ਪੁਰਸ਼ ਅਤੇ ਇੱਕ ਹਜ਼ਾਰ ਔਰਤਾਂ ਹਫ਼ਤੇ ਵਿੱਚ ਇੱਕ ਬੋਤਲ ਸ਼ਰਾਬ ਪੀਂਦੇ ਹਨ ਤਾਂ ਕਰੀਬ 10 ਪੁਰਸ਼ਾਂ ਅਤੇ 14 ਔਰਤਾਂ ਨੂੰ ਜੀਵਨਕਾਲ 'ਚ ਕੈਂਸਰ ਦਾ ਖ਼ਤਰਾ ਵਧਦਾ ਹੈ।

ਸ਼ਰਾਬ ਪੀਣ ਕਾਰਨ ਔਰਤਾਂ 'ਚ ਛਾਤੀ ਦੇ ਅਤੇ ਪੁਰਸ਼ਾਂ 'ਚ ਪੇਟ ਤੇ ਲੀਵਰ ਦੇ ਕੈਂਸਰ ਦਾ ਖ਼ਤਰਾ ਵਧਦਾ ਹੈ।

ਖੋਜਕਾਰਾਂ ਦੀ ਟੀਮ ਨੇ ਕੈਂਸਰ ਰਿਸਰਚ ਯੂਕੇ ਦੇ ਕੈਂਸਰ ਦੇ ਖ਼ਤਰਿਆਂ 'ਤੇ ਆਧਾਰਿਤ ਡਾਟਾ ਦਾ ਇਸਤੇਮਾਲ ਕੀਤਾ ਹੈ।

ਇਸ ਦੇ ਨਾਲ ਹੀ ਟੀਮ ਨੇ ਤੰਬਾਕੂ ਅਤੇ ਸ਼ਰਾਬ ਨਾਲ ਹੋਣ ਵਾਲੇ ਕੈਂਸਰ ਦੇ ਮਰੀਜ਼ਾਂ ਦੇ ਡਾਟਾ ਦਾ ਵੀ ਅਧਿਅਨ ਕੀਤਾ ਹੈ।

ਛਾਤੀ ਦੇ ਕੈਂਸਰ 'ਚ ਖੋਜ ਕਰਨ ਵਾਲੇ ਡਾ. ਮਿਨੌਕ ਸ਼ੋਮੇਕਰ ਨੇ ਕਿਹਾ ਕਿ ਅਧਿਅਨ "ਦਿਲਚਸਪ ਗੱਲਾਂ" ਨੂੰ ਸਾਹਮਣੇ ਲਿਆਉਂਦਾ ਹੈ ਪਰ ਤਸਵੀਰ ਬਹੁਤੀ ਸਪੱਸ਼ਟ ਨਹੀਂ ਹੈ।

ਇਹ ਵੀ ਪੜ੍ਹੋ-

ਦਿ ਇੰਸਚੀਟਿਊਟ ਆਫ ਕੈਂਸਰ ਰਿਸਰਚ ਦੇ ਵਿਗਿਆਨੀ ਡਾ. ਸ਼ੋਮੇਕਾਰ ਨੇ ਕਿਹਾ, "ਕੈਂਸਰ ਦੇ ਖ਼ਤਰਿਆਂ ਦੀ ਤਸਵੀਰ ਬਹੁਤ ਜਟਿਲ ਅਤੇ ਬਰੀਕ ਹੈ, ਇਸ ਲਈ ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਨਵਾਂ ਅਧਿਅਨ ਕਈ ਮਾਨਤਾਵਾਂ ਦੇ ਆਧਾਰ 'ਤੇ ਹੈ।"

ਉਦਾਹਰਣ ਲਈ ਸ਼ਰਾਬ ਅਤੇ ਸਿਗਰਟ ਪੀਣ ਦੇ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਨਾਲ ਰੋਕਣਾ ਮੁਸ਼ਕਿਲ ਹੈ।

ਅਧਿਅਨ ਸਿਰਫ਼ ਕੈਂਸਰ ਬਾਰੇ ਗੱਲ ਕਰਦਾ ਹੈ, ਦੂਜੀਆਂ ਬਿਮਾਰੀਆਂ 'ਤੇ ਨਹੀਂ। ਸਿਗਰਟ ਪੀਣ ਵਾਲਿਆਂ ਵਿੱਚ ਦਿਲ ਅਤੇ ਫੇਫੜਿਆਂ ਦੇ ਰੋਗ ਵਧੇਰੇ ਹੁੰਦੇ ਹੈ।

ਅਧਿਅਨ ਵਿੱਚ 2004 ਦੇ ਡਾਟਾ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਕੈਂਸਰ ਦੇ ਹੋਰ ਕਾਰਨਾਂ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਹੈ।

ਉਮਰ, ਪਰਿਵਾਰ ਦੇ ਜੀਨ, ਖਾਣ-ਪੀਣਾ ਅਤੇ ਜੀਵਨ ਸ਼ੈਲੀ ਵੀ ਕੈਂਸਰ ਦੇ ਕਾਰਨ ਹੋ ਸਕਦੇ ਹਨ।

ਸਿਗਰਟ ਪੀਣਾ ਵਧੇਰੇ ਖ਼ਤਰਨਾਕ ਹੈ

ਨਾਟਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਨ ਬ੍ਰਿਟੇਨ ਕਹਿੰਦੇ ਹਨ, "ਮੈਨੂੰ ਨਹੀਂ ਲਗਦਾ ਹੈ ਕਿ ਲੋਕ ਖ਼ਤਰਿਆਂ ਦੀ ਤੁਲਨਾ ਕਰਕੇ ਸਿਗਰਟ ਅਤੇ ਸ਼ਰਾਬ ਦੀ ਚੋਣ ਕਰਦੇ ਹਨ।"

ਪ੍ਰੋਫੈਸਰ ਬ੍ਰਿਟੇਨ ਯੂਕੇ ਸੈਂਟਰ ਫਾਰ ਟੋਬੈਕੋ ਐਂਡ ਅਲਕੋਹਲ ਸਟੱਡੀਜ਼ ਦੇ ਨਿਰਦੇਸ਼ਕ ਹਨ।

ਉਹ ਕਹਿੰਦੇ ਹਨ, "ਇਹ ਅਧਿਅਨ ਦੱਸਦਾ ਹੈ ਕਿ ਸ਼ਰਾਬ ਦੇ ਮੁਕਾਬਲੇ ਸਿਗਰਟ ਪੀਣਾ ਕੈਂਸਰ ਲਈ ਵਧੇਰੇ ਖ਼ਤਰਨਾਕ ਹੈ। ਹੋਰ ਬਿਮਾਰੀਆਂ ਦੀ ਗੱਲ ਕਰੀਏ ਤਾਂ ਸਿਗਰਟ ਸ਼ਰਾਬ ਤੋਂ ਕਿਤੇ ਵੱਧ ਖ਼ਤਰਨਾਕ ਹੈ।"

"ਜੇਕਰ ਸਿਗਰਟ ਪੀਣ ਵਾਲੇ ਆਪਣੇ ਸਿਹਤ ਪ੍ਰਤੀ ਚਿੰਤਤ ਹਨ ਤਾਂ ਉਨ੍ਹਾਂ ਲਈ ਸਭ ਤੋਂ ਵਧੀਆ ਇਹ ਹੋਵੇਗਾ ਕਿ ਉਹ ਸਿਗਰਟ ਪੀਣਾ ਛੱਡ ਦੇਣ।"

ਪ੍ਰੋਫੈਸਰ ਬ੍ਰਿਟੇਨ ਕਹਿੰਦੇ ਹਨ ਕਿ ਜੋ ਲੋਕ ਸ਼ਰਾਬ ਪੀਂਦੇ ਹਨ ਉਨ੍ਹਾਂ ਨੂੰ ਸਲਾਹ ਮੁਤਾਬਕ 14 ਯੂਨਿਟ ਤੋਂ ਵੱਧ ਨਹੀਂ ਪੀਣਾ ਚਾਹੀਦੀ ਹੈ।

ਉੱਥੇ ਹੀ ਡਾ. ਬੌਬ ਪੈਟਨ ਦਾ ਕਹਿਣਾ ਹੈ ਕਿ ਇਹ ਅਧਿਅਨ ਲੋਕਾਂ ਦੀ ਸੋਚ ਬਦਲੇਗਾ। ਡਾ. ਪੈਟਨ ਸਰੇ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ 'ਚ ਪ੍ਰੋਫੈਸਰ ਹਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)