ਕੀ ਹੋਵੇਗਾ ਜੇ ਐਂਟੀਬਾਇਓਟਿਕ ਖਾ ਰਹੇ ਮਰੀਜ਼ ਸ਼ਰਾਬ ਪੀਣ?

ਲੋਕ ਅਕਸਰ ਇਹ ਪੁੱਛਦੇ ਹਨ ਕਿ ਜੇਕਰ ਐਂਟੀਬਾਇਓਟਿਕ ਦਵਾਈਆਂ ਖਾਂਦੇ ਹੋਈਏ ਤਾਂ ਉਨ੍ਹਾਂ ਨੂੰ ਸ਼ਰਾਬ ਪੀਣੀ ਚਾਹੀਦੀ ਹੈ ਜਾਂ ਨਹੀਂ।

ਕਈ ਗਰਭਵਤੀ ਔਰਤਾਂ, ਜੋ ਆਪਣੇ ਗਰਭਵਤੀ ਹੋਣ ਨੂੰ ਲੁਕਾਉਣਾ ਚਾਹੁੰਦੀਆਂ ਹਨ, ਸ਼ਰਾਬ ਨਾ ਪੀਣ ਦਾ ਬਹਾਨਾ ਇਹੀ ਬਣਾਉਂਦੀਆਂ ਹਨ ਕਿ ਉਹ ਐਂਟੀਬਾਇਓਟਿਕ ਖਾ ਰਹੀਆਂ ਹਨ।

ਇਸ ਤਰ੍ਹਾਂ ਉਹ ਖ਼ੁਦ ਨੂੰ ਸ਼ਰਾਬ ਪੀਣ ਵੱਲੋਂ ਬਚਾਉਂਦੀਆਂ ਹਨ। ਨਾਲ ਹੀ ਆਪਣੇ ਗਰਭਵਤੀ ਹੋਣ ਦੀ ਗੱਲ ਵੀ ਗੁਪਤ ਰੱਖ ਲੈਂਦੀਆਂ ਹਨ।

ਪਰ, ਕੀ ਇਹ ਬਹਾਨੇਬਾਜ਼ੀ ਅਸਲ ਵਿੱਚ ਠੀਕ ਹੈ?

ਕੁਝ ਲੋਕ ਇਹ ਮੰਨਦੇ ਹਨ ਕਿ ਸ਼ਰਾਬ ਪੀਣ ਨਾਲ ਐਂਟੀਬਾਇਓਟਿਕ ਦਵਾਈਆਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ।

ਕੁਝ ਲੋਕ ਇਹ ਵੀ ਮੰਨਦੇ ਹਨ ਕਿ ਐਂਟੀਬਾਇਓਟਿਕ ਖਾਂਦੇ ਹੋਏ ਜੇਕਰ ਸ਼ਰਾਬ ਪੀਤੀ ਜਾਵੇ, ਤਾਂ ਉਸ ਦੇ ਕਈ ਭੈੜੇ ਅਸਰ ਹੁੰਦੇ ਹਨ।

ਲੰਦਨ ਦੀ ਜੇਨੀਟੂਰਨਰੀ ਕਲੀਨਿਕ ਨੇ ਇਸ ਬਾਰੇ 300 ਤੋਂ ਜ਼ਿਆਦਾ ਲੋਕਾਂ ਉੱਤੇ ਸਰਵੇ ਕੀਤਾ।

81 ਫ਼ੀਸਦੀ ਇਹ ਮੰਨਦੇ ਸਨ ਕਿ ਸ਼ਰਾਬ ਪੀਣ ਨਾਲ ਐਂਟੀਬਾਇਓਟਿਕ ਅਸਰ ਨਹੀਂ ਕਰਦੇ।

ਉੱਥੇ ਹੀ 71 ਫ਼ੀਸਦੀ ਇਹ ਮੰਨਦੇ ਸਨ ਕਿ ਐਂਟੀਬਾਇਓਟਿਕ ਖਾਂਦੇ ਹੋਏ ਸ਼ਰਾਬ ਪੀਣ ਉੱਤੇ ਇਸ ਦੇ ਕਈ ਸਾਈਡ ਇਫੇਕਟ ਹੁੰਦੇ ਹਨ।

ਡਾਕਟਰ ਕੀ ਮੰਨਦੇ ਹਨ?

ਅਸਲੀਅਤ ਇਹ ਹੈ ਕਿ ਜ਼ਿਆਦਾਤਰ ਐਂਟੀਬਾਇਓਟਿਕ ਦਵਾਈਆਂ ਨੂੰ ਲੈ ਕੇ ਇਹ ਦੋਵੇਂ ਖ਼ਿਆਲ ਬਿਲਕੁਲ ਗ਼ਲਤ ਹਨ।

ਡਾਕਟਰ ਇਹ ਮੰਨਦੇ ਹਨ ਕਿ ਇਹ ਗ਼ਲਤ ਵਿਚਾਰ ਲੋਕਾਂ ਨੂੰ ਸ਼ਰਾਬ ਪੀਣ ਤੋਂ ਬਚਾ ਲੈਂਦੇ ਹਨ।

ਸਚਾਈ ਇਹ ਹੈ ਕਿ ਜ਼ਿਆਦਾਤਰ ਐਂਟੀਬਾਇਓਟਿਕ 'ਤੇ ਸ਼ਰਾਬ ਦਾ ਕੋਈ ਅਸਰ ਨਹੀਂ ਹੁੰਦਾ।

ਹਾਲਾਂਕਿ ਕੁਝ ਐਂਟੀਬਾਇਓਟਿਕ ਹਨ ਜਿਨ੍ਹਾਂ ਨੂੰ ਖਾਂਦੇ ਹੋਏ ਸ਼ਰਾਬ ਨਾ ਪੀਣਾ ਹੀ ਬਿਹਤਰ ਹੁੰਦਾ ਹੈ।

ਸੇਫਾਲੋਸਪੋਰਿਨ ਸੇਫੋਟੇਟਾਨ ਖਾਣ ਵੇਲੇ ਜੇਕਰ ਤੁਸੀਂ ਸ਼ਰਾਬ ਪੀਂਦੇ ਹੋ, ਤਾਂ ਇਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।

ਇਨ੍ਹਾਂ ਦੋਵਾਂ ਦੇ ਮੇਲ ਨਾਲ ਏਸੀਟਲਡਿਹਾਇਡ ਨਾ ਦਾ ਕੈਮੀਕਲ ਬਣਦਾ ਹੈ।

ਇਸ ਨਾਲ ਚੱਕਰ ਆਉਣਾ, ਉਲਟੀ, ਚਿਹਰੇ ਦੀ ਰੰਗਤ ਵਿਗੜਨੀ, ਸਿਰਦਰਦ, ਸਾਹ ਫੁੱਲਣਾ ਅਤੇ ਛਾਤੀ ਵਿੱਚ ਦਰਦ ਦੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ।

ਇਸ ਤਰ੍ਹਾਂ ਦੇ ਲੱਛਣ ਉਸ ਵੇਲੇ ਵੀ ਹੋ ਸਕਦੇ ਹਨ, ਜਦੋਂ ਤੁਸੀਂ ਡਾਈਸਲਫਿਰਮ ਨਾ ਦੀ ਦਵਾਈ ਲੈਂਦੇ ਹੋਵੋ।

ਇਸ ਦਵਾਈ ਨੂੰ ਸ਼ਰਾਬ ਦੀ ਭੈੜੀ ਆਦਤ ਛਡਾਉਣ ਲਈ ਵਰਤਿਆ ਜਾਂਦਾ ਹੈ।

ਇਸ ਦੇ ਪਿੱਛੇ ਮਕਸਦ ਇਹ ਹੁੰਦਾ ਹੈ ਕਿ ਜੇਕਰ ਕੋਈ ਮਰੀਜ਼ ਸ਼ਰਾਬ ਪੀਵੇ ਤਾਂ ਉਸ ਨੂੰ ਭੈੜਾ ਮਹਿਸੂਸ ਹੋਵੇ।

ਸ਼ਰਾਬ ਤੋਂ ਪਰਹੇਜ਼ ਦੀ ਸਲਾਹ

ਮੇਟਰੋਨਿਡਾਜੋਲ (ਐਂਟੀਬਾਇਓਟਿਕ) ਖਾਣ ਵੇਲੇ ਵੀ ਸ਼ਰਾਬ ਤੋਂ ਬਚਨ ਦੀ ਚਿਤਾਵਨੀ ਦਿੱਤੀ ਜਾਂਦੀ ਹੈ।

ਮੇਟਰੋਨਿਡਾਜੋਲ ਨੂੰ ਦੰਦ ਵਿੱਚ ਇਨਫੈਕਸ਼ਨ, ਪੈਰ ਦੇ ਜ਼ਖ਼ਮ ਅਤੇ ਦੂਜੀਆਂ ਸੱਟਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ।

ਮੇਟਰੋਨਿਡਾਜੋਲ ਖਾਣ ਵੇਲੇ ਸ਼ਰਾਬ ਪੀਣ ਨਾਲ ਸਿਰ ਦਰਦ, ਚੱਕਰ ਆਉਣਾ, ਉਲਟੀ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਹਾਲਾਂਕਿ 2003 ਵਿੱਚ ਫਿਨਲੈਂਡ ਵਿੱਚ ਹੋਏ ਇੱਕ ਅਧਿਐਨ ਤੋਂ ਪਤਾ ਲੱਗਾ ਸੀ ਕਿ ਮੇਟਰੋਨਿਡਾਜੋਲ ਦਾ ਅਜਿਹਾ ਕੋਈ ਖ਼ਾਸ ਭੈੜਾ ਅਸਰ ਨਹੀਂ ਹੁੰਦਾ, ਜੇਕਰ ਉਸ ਨੂੰ ਲੈਣ ਤੋਂ ਬਾਅਦ ਸ਼ਰਾਬ ਪੀ ਲਈ ਜਾਵੇ।

ਕਈ ਹੋਰ ਅਜਿਹੇ ਐਂਟੀਬਾਇਓਟਿਕ ਹਨ, ਜਿਨ੍ਹਾਂ ਖਾਣ ਵੇਲੇ ਸ਼ਰਾਬ ਨਾ ਪੀਣਾ ਬਿਹਤਰ ਹੁੰਦਾ ਹੈ, ਜਿਵੇਂ ਟਿਨਿਡਾਜੋਲ, ਲਾਇਨੇਜੋਲਿਡ ਅਤੇ ਏਰਿਥਰੋਮਾਇਸਿਨ।

ਕਈ ਅਜਿਹੀ ਐਂਟੀਬਾਇਓਟਿਕ ਹਨ, ਜਿਨ੍ਹਾਂ ਨੂੰ ਲੈਣ ਵੇਲੇ ਸ਼ਰਾਬ ਪੀਤੀ ਜਾ ਸਕਦੀ ਹੈ। ਇਹਨਾਂ ਦੀ ਲਿਸਟ ਕਾਫ਼ੀ ਲੰਮੀ ਹੈ।

ਇਨ੍ਹਾਂ ਨੂੰ ਲੈਂਦੇ ਹੋਏ ਸ਼ਰਾਬ ਪੀਣ ਵੱਲੋਂ ਕੋਈ ਭੈੜਾ ਅਸਰ ਤਾਂ ਨਹੀਂ ਹੁੰਦਾ। ਪਰ ਤੁਹਾਨੂੰ ਰੋਗ ਤੋਂ ਛੁਟਕਾਰਾ ਮਿਲਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਆਖ਼ਰ ਇਸ ਦੀ ਵਜ੍ਹਾ ਕੀ ਹੈ?

ਅਸਲ ਵਿੱਚ ਐਂਟੀਬਾਇਓਟਿਕ ਦੀ ਵਰਤੋਂ ਕਈ ਬਿਮਾਰੀਆਂ ਲਈ ਹੁੰਦੀ ਹੈ।

ਕਈ ਐਂਟੀਬਾਇਓਟਿਕ ਤਾਂ ਯੋਨ ਸੰਕਰਮਣ ਤੋਂ ਛੁਟਕਾਰੇ ਲਈ ਵੀ ਵਰਤੇ ਜਾਂਦੇ ਹਨ।

ਡਾਕਟਰ ਅਕਸਰ ਅਜਿਹੇ ਮਰੀਜ਼ਾਂ ਨੂੰ ਸ਼ਰਾਬ ਨਾ ਪੀਣ ਦੀ ਸਲਾਹ ਦਿੰਦੇ ਹਨ।

ਹੁਣ ਇਸ ਵਿਚਾਰ ਨੂੰ ਗ਼ਲਤ ਦੱਸਿਆ ਜਾਵੇਗਾ ਤਾਂ ਸਾਫ਼ ਹੈ ਗਰਭਵਤੀ ਔਰਤਾਂ ਨੂੰ ਆਪਣੀ ਪ੍ਰੇਗਨੇਂਸੀ ਲੁਕਾਉਣ ਲਈ ਨਵੇਂ ਬਹਾਨੇ ਦੀ ਜ਼ਰੂਰਤ ਹੋਵੇਗੀ।

ਨਹੀਂ ਤਾਂ ਜੱਦ ਉਹ ਸ਼ਰਾਬ ਨੂੰ ਨਾ ਕਹੇਂਗੀ, ਤਾਂ ਦੋਸਤ ਪੁੱਛਣਗੇ ਨਹੀਂ ਕਿ ਆਖ਼ਰ ਇਸ ਦੀ ਵਜ੍ਹਾ ਕੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)