1984 ਕਤਲੇਆਮ: ਮਨਮੋਹਨ ਸਿੰਘ ਨੇ ਗੁਜਰਾਲ ਦੇ ਹਵਾਲੇ ਨਾਲ ਨਰਸਿਮ੍ਹਾ ਰਾਓ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਲਗਾਇਆ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਲੀ 'ਚ ਹੋਏ 1984 ਸਿੱਖ ਕਤਲੇਆਮ ਲਈ ਆਈ ਕੇ ਗੁਜਰਾਲ ਦੇ ਹਵਾਲੇ ਨਾਲ ਤਤਕਾਲੀ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਲਗਾਇਆ।

ਡਾ. ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਹਾੜੇ ਦੇ ਮੌਕੇ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ।

ਡਾ. ਮਨਮੋਹਨ ਸਿੰਘ ਨੇ ਕਿਹਾ, "1984 ਕਤਲੇਆਮ ਦੀ ਸ਼ਾਮ ਗੁਜਰਾਲ ਜੀ ਤਤਕਾਲੀ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਦੇ ਕੋਲ ਗਏ। ਉਹਨਾਂ ਰਾਓ ਨੂੰ ਕਿਹਾ ਕਿ ਸਥਿਤੀ ਇੰਨ੍ਹੀ ਗੰਭੀਰ ਹੈ ਕਿ ਸਰਕਾਰ ਨੂੰ ਜਲਦੀ ਸੈਨਾ ਨੂੰ ਬੁਲਾ ਲੈਣਾ ਚਾਹੀਦਾ ਹੈ। ਜੇਕਰ ਗੁਜਰਾਲ ਜੀ ਦੀ ਗੱਲ 'ਤੇ ਅਮਲ ਕੀਤਾ ਹੁੰਦਾ ਤਾਂ ਸ਼ਾਇਦ 1984 ਦੇ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ।"

31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾੰਧੀ ਨੂੰ ਉਹਨਾਂ ਦੇ 4 ਸੁਰੱਖਿਆਂ ਕਰਮੀਆਂ ਨੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਸਿੱਖ ਕਤਲੇਆਮ ਹੋਇਆ ਸੀ।

ਇਹ ਵੀ ਪੜ੍ਹੋ:

'ਮਨਮੋਹਨ ਸਿੰਘ ਦਾ ਇਮਾਨਦਾਰੀ ਵਾਲਾ ਖ਼ੁਲਾਸਾ'

ਮਨਮੋਹਨ ਸਿੰਘ ਦੇ ਬਿਆਨ ਉੱਤੇ ਪ੍ਰਤੀਕਰਮ ਦਿੰਦਿਆਂ ਗੁਜਰਾਲ ਦੇ ਪੁੱਤਰ ਤੇ ਰਾਜਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ, ''ਨਰਸਿਮ੍ਹਾ ਰਾਓ ਜੀ ਸੌ ਸਹੇ ਸਨ, ਉਹਨਾਂ ਨੂੰ ਉਠਾਇਆ ਗਿਆ। ਬੇਨਤੀ ਕੀਤੀ ਕਿ ਫੌਜ ਨੂੰ ਜਲਦ ਤੋਂ ਜਲਦ ਬੁਲਾਓ, ਪਰ ਕੋਈ ਐਕਸ਼ਨ ਨਹੀਂ ਲਿਆ ਗਿਆ। ਕਿਉਂ ਨਹੀਂ ਲਿਆ ਗਿਆ, ਇਸਦਾ ਜਵਾਬ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।''

ਨਰੇਸ਼ ਗੁਜਰਾਲ ਨੇ ਅੱਗੇ ਦੱਸਿਆ, ''ਸ਼ਰੇਆਮ ਉਸ ਵੇਲੇ ਦੇ ਕਾਂਗਰਸ ਦੇ ਵੱਡੇ ਲੀਡਰ ਲੋਕਾਂ ਨੂੰ ਭੜਕਾ ਰਹੇ ਸਨ ਕਿ ਸਿੱਖਾਂ ਨੂੰ ਮਾਰੋ। ਗਲ਼ੇ 'ਚ ਟਾਇਰ ਪਾ ਕੇ ਸਾੜੇ ਜਾ ਰਹੇ ਸਨ। ਕਈ ਬੱਚਿਆਂ ਨੇ, ਕਈ ਔਰਤਾਂ ਨੇ ਆਪਣੇ ਪਿਤਾ, ਆਪਣੇ ਪਤੀਆਂ ਨੂੰ ਅੱਖਾਂ ਸਾਹਮਣੇ ਕਤਲ ਹੁੰਦੇ ਵੇਖਿਆ। ਪੁਲਿਸ ਨੇ ਕੁਝ ਨਹੀਂ ਕੀਤਾ। ਪੁਲਿਸ ਤੈਨਾਤ ਹੀ ਨਹੀਂ ਸੀ।''

ਨਰੇਸ਼ ਗੁਜਰਾਲ ਮੁਤਾਬਕ ਗ੍ਰਹਿ ਮੰਤਰੀ ਨੇ ਆਰਮੀ ਨੂੰ ਬਾਹਰ ਬੁਲਾਉਣ ਤੋਂ ਮਨ੍ਹਾਂ ਕਰ ਦਿੱਤਾ। ਅਫ਼ਸੋਸ ਦੀ ਗੱਲ ਹੈ ਕਿ ਇੰਨੇ ਸਾਲ ਹੋ ਗਏ, ਅੱਜ ਤੱਕ ਜੋ ਲੋਕ ਇਸ ਦੇ ਪਿੱਛੇ ਸੀ, ਉਹਨਾਂ ਦਾ ਖੁਲਾਸਾ ਨਹੀਂ ਹੋਇਆ। ਅੱਜ ਤੱਕ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਲੇਕਿਨ ਮੈਂ ਡਾ. ਮਨਮੋਹਨ ਸਿੰਘ ਨੂੰ ਜ਼ਰੂਰ ਵਧਾਈ ਦਿੰਦਾ ਹਾਂ ਕਿ ਉਹਨਾਂ ਬੜੀ ਇਮਾਨਦਾਰੀ ਨਾਲ ਇਸ ਗੱਲ ਦਾ ਖ਼ੁਲਾਸਾ ਕੀਤਾ।

ਬਿਆਨ 'ਤੇ ਪ੍ਰਤੀਕਿਰਿਆ

ਸੁਪਰੀਮ ਕੋਰਟ ਦੇ ਸੀਨਿਅਰ ਵਕੀਲ ਐਚ ਐਸ ਫੂਲਕਾ ਨੇ ਡਾ. ਮਨਮੋਹਨ ਸਿੰਘ ਦੇ ਇਸ ਖ਼ੁਲਾਸੇ ਦੀ ਹਿਮਾਇਤ ਕਰਦਿਆ ਟਵੀਟ ਕੀਤੇ।

ਉਨ੍ਹਾਂ ਨੇ ਕਿਹਾ, "ਡਾ. ਮਨਮੋਹਨ ਸਿੰਘ ਠੀਕ ਕਹਿ ਰਹੇ ਹਨ। ਜੇਕਰ ਆਈ ਕੇ ਗੁਜਰਾਲ ਦੇ ਕਹਿਣ 'ਤੇ ਆਰਮੀ ਬੁਲਾ ਲਈ ਗਈ ਹੁੰਦੀ ਤਾਂ 1984 ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ।"

"ਬਲਕਿ ਮਿਸਰਾ ਕਮਿਸ਼ਨ ਨੇ ਵੀ ਕਿਹਾ ਸੀ ਕਿ ਜੇਕਰ 1 ਨਵੰਬਰ ਦੀ ਸਵੇਰ ਨੂੰ ਆਰਮੀ ਬੁਲਾ ਲਈ ਗਈ ਹੁੰਦੀ ਤਾਂ 2000 ਜ਼ਿੰਦਗੀਆਂ ਬਚ ਸਕਦੀਆਂ ਸਨ। ਪਰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆਰਮੀ ਬੁਲਾਉਣ ਲਈ ਰਾਜ਼ੀ ਨਹੀਂ ਹੋਏ ਸਨ।"

ਫੂਲਕਾ ਨੇ ਅੱਗੇ ਲਿਖਿਆ, ਨਰਸਿਮ੍ਹਾ ਰਾਓ, ਤਤਕਾਲੀ ਗ੍ਰਹਿ ਮੰਤਰੀ ਸੈਨਾ ਨੂੰ ਬੁਲਾਉਣਾ ਚਾਹੁੰਦੇ ਸਨ, ਪਰ ਬੁਲਾਉਣ ਲਈ ਦਿੱਤੀ ਗਈ। ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਨੇ ਨਾਨਾਵਟੀ ਕਮਿਸ਼ਨ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਹ 1 ਨਵੰਬਰ ਦੀ ਸਵੇਰ ਨੂੰ ਰਾਓ ਨੂੰ ਮਿਲੇ ਤੇ ਸੇਨਾ ਨੂੰ ਬੁਲਾਉਣ ਲਈ ਕਿਹਾ। ਰਾਓ ਨੇ ਫੋਨ ਕੀਤਾ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਇਨਸਾਨ ਨੇ ਸਹਿਮਤੀ ਨਹੀਂ ਜਤਾਈ।

'ਅਕਾਲੀ ਦਲ ਦੇ ਇਲਜ਼ਾਮ ਹੀ ਪੁਖਤਾ ਕੀਤੇ'

ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹ ਕਿ ਉਸ ਵੇਲੇ ਅਕਾਲੀ ਦਲ ਜੋ ਇਲਜ਼ਾਮ ਲਗਾਉਂਦਾ ਸੀ, ਉਸਨੂੰ ਖ਼ੁਦ ਡਾ. ਮਨਮੋਹਨ ਸਿੰਘ ਨੇ ਮੰਨ ਲਿਆ ਹੈ। ਆਈਕੇ ਗੁਜਰਾਲ ਦੀ ਗੱਲ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਮੰਨ ਲੈਂਦੇ ਤਾਂ ਕਤਲੇਆਮ ਟਲ ਸਕਦਾ ਸੀ।

ਉਨ੍ਹਾਂ ਕਿਹਾ, ''ਇਸ ਗੱਲ ਤੋਂ ਜ਼ਾਹਿਰ ਹੈ ਕਿ ਮਨਮੋਹਨ ਸਿੰਘ ਨੇ ਇੱਕ ਤਰੀਕੇ ਨਾਲ ਗਾਂਧੀ ਪਰਿਵਾਰ ਨੂੰ ਮੁਆਫ਼ ਕਰਵਾਉਣ ਦੀ ਗੱਲ ਕੀਤੀ ਹੈ। ਸਾਰੇ ਇਲਜ਼ਾਮ ਨਰਸਿਮ੍ਹਾ ਰਾਓ ਦੇ ਗਲ਼ ਪਾ ਦਿੱਤੇ ਹਨ। ਨਰਸਿਮ੍ਹਾ ਰਾਓ ਦੇ ਹੱਥ 'ਚ ਕੁਝ ਨਹੀਂ ਸੀ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਨ। ਇਸ ਦੇ ਅਸਲੀ ਗੁਨਾਹਗਾਰ ਰਾਜੀਵ ਗਾਂਧੀ ਹਨ। ਮੈਂ ਮਨਮੋਹਨ ਸਿੰਘ ਨੂੰ ਵਧਾਈ ਦਿੰਦਾ ਹਾਂ ਕਿ ਦੇਰ ਆਏ, ਦਰੁਸਤ ਆਏ।''

ਸੋਮ ਪ੍ਰਕਾਸ਼ ਨੇ ਕਿਹਾ, ''1984 ਦੀ ਨਸਲਕੁਸ਼ੀ ਭਾਰਤ ਦੇ ਇਤਿਹਾਸ 'ਚ ਕਾਲਾ ਧੱਬਾ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਕੌਣ ਕਿਸ ਨੂੰ ਮਾਰ ਰਿਹਾ ਸੀ, ਬਿਨਾਂ ਕਸੂਰ ਦੇ ਨਫ਼ਰਤ ਨੂੰ ਹਵਾ ਦਿੱਤੀ ਜਾ ਰਹੀ ਸੀ। 3000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।''

ਸੋਮ ਪ੍ਰਕਾਸ਼ ਨੇ ਅੱਗੇ ਕਿਹਾ, '' ਨਰਸਿਮ੍ਹਾ ਰਾਓ ਨੂੰ ਗੁਜਰਾਲ ਜੀ ਦੀ ਗੱਲ ਮੰਨ ਲੈਣੀ ਚਾਹਿਦੀ ਸੀ। ਇਸ ਲਈ ਕਾਂਗਰਸ ਤੇ ਰਾਜੀਵ ਗਾਂਧੀ ਜ਼ਿੰਮੇਵਾਰ ਹਨ ਜਿੰਨਾਂ ਕਿਹਾ ਸੀ ਕਿ ਰੁਖ਼ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)