ਡੌਨਲਡ ਟਰੰਪ: ਮਹਾਂਦੋਸ਼ ਦੀ ਸੁਣਵਾਈ ਤਾਂ ਹੋ ਗਈ ਤੇ ਟਰੰਪ ਬਰੀ ਵੀ ਹੋ ਗਏ- ਹੁਣ ਅੱਗੇ ਕੀ

ਤਸਵੀਰ ਸਰੋਤ, Getty Images
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਸੀਨੇਟ ਨੇ ਛੇ ਜਨਵਰੀ ਨੂੰ ਕੈਪੀਟਲ ਹਿਲ ਬਿਲਡਿੰਗ ਵਿੱਚ ਹੋਈ ਹਿੰਸਾ ਨੂੰ ਭੜਕਾਉਣ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।
ਸੀਨੇਟ ਨੇ ਸ਼ਨੀਵਾਰ ਨੂੰ ਪੰਜਵੇਂ ਦਿਨ ਇਸ ਮਾਮਲੇ ਦੀ ਸੁਣਵਾਈ ਕਰਨ ਮਗਰੋਂ ਵੋਟਿੰਗ ਨਾਲ ਇਹ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ:
ਵੋਟਿੰਗ ਦੌਰਾਨ ਸੀਨੇਟ ਦੇ 57 ਮੈਂਬਰਾਂ ਨੇ ਉਨ੍ਹਾਂ ਦੇ ਵਿਰੁੱਧ ਅਤੇ 43 ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਕੀਤਾ। ਅਜਿਹੇ ਵਿੱਚ ਟਰੰਪ ਨੂੰ ਮੁਲਜ਼ਮ ਕਰਾਰ ਦੇਣ ਲਈ ਜ਼ਰੂਰੀ ਇੱਕ ਤਿਹਾਈ ਵੋਟਾਂ ਪੂਰੀਆਂ ਨਹੀਂ ਹੋ ਸਕੀਆਂ।
ਸ਼ਨੀਵਾਰ ਨੂੰ ਡੈਮੋਕ੍ਰੇਟਸ ਵੱਲੋਂ ਆਪਣਾ ਪੱਖ ਰੱਖੇ ਜਾਣ ਤੋਂ ਬਾਅਦ ਟਰੰਪ ਦੇ ਬਚਾਅ ਵਿੱਚ ਦਲੀਲ ਸੁਣਨ ਲਈ ਦੋ ਘੰਟਿਆਂ ਦਾ ਸਮਾਂ ਤੈਅ ਕੀਤਾ ਗਿਆ ਜਿਸ ਤੋਂ ਬਾਅਦ ਇਸ ਬਾਰੇ ਵੋਟਿੰਗ ਹੋਈ।

ਤਸਵੀਰ ਸਰੋਤ, U.S. SENATE TV/HANDOUT VIA REUTERS
ਟਰੰਪ ਦੇ ਵਕੀਲ ਮਾਈਕਲ ਵਾਨ ਡੇਰ ਵੀਨ ਨੇ ਉਨ੍ਹਾਂ ਦੇ ਬਚਾਅ ਵਿੱਚ ਕਿਹਾ ਕਿ ਕਾਂਗਰਸ ਉੱਪਰ ਹਮਲਾ ਯੋਜਨਾਬੱਧ ਸੀ ਅਥੇ ਇਸ ਲਈ ਪਹਿਲਾਂ ਤੋਂ ਵਿਉਂਤ ਬਣਾਈ ਗਈ ਸੀ। ਇਸ ਘਟਨਾ ਨੂੰ ਟਰੰਪ ਦੇ ਭਾਸ਼ਣ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।
ਉਨ੍ਹਾਂ ਨੇ ਆਪਣੀ ਆਖ਼ਰੀ ਦਲੀਲ ਵਿੱਚ ਕਿਹਾ ਕਿ ਸਰਕਾਰੀ ਪੱਖ ਜੋ ਮਾਮਲਾ ਲੈ ਕੇ ਆਇਆ ਹੈ ਉਸ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੀਨੇਟ ਨੂੰ ਮੌਜੂਦਾ ਸਮੇਂ ਵਿੱਚ ਕੌਮੀ ਹਿੱਤਾਂ ਨਾਲ ਜੁੜੇ ਗੰਭੀਰ ਮੁੱਦਿਆਂ ਉੱਪਰ ਧਿਆਨ ਦੇਣਾ ਚਾਹੀਦਾ ਹੈ ਅਤੇ ਸੁਣਵਾਈ ਨੂੰ ਛੇਤੀ ਖ਼ਤਮ ਕਰਨਾ ਚਾਹੀਦਾ ਹੈ।
ਸੀਨੇਟ ਦਾ ਫ਼ੈਸਲਾ ਆਉਣ ਤੋਂ ਬਾਅਦ ਟਰੰਪ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ,''ਦੇਸ਼ ਦੇ ਇਤਿਹਾਸ ਵਿੱਚ ਕਿਸੇ ਇੱਕ ਸ਼ਖ਼ਸ ਨੂੰ ਫਸਾਉਣ ਦੀ ਕੋਸ਼ਿਸ਼ ਦਾ ਇਹ ਇੱਕ ਹੋਰ ਦੌਰ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸੀਨਟ ਵਿੱਚ ਕੀ-ਕੀ ਹੋਇਆ?
- ਟਰੰਪ ਉੱਪਰ ਇਲਜ਼ਾਮ ਸਾਬਤ ਕਰਨ ਲਈ ਸੀਨੇਟ ਕੋਲ ਦਸ ਵੋਟਾਂ ਘੱਟ ਸਨ। ਰਿਪਬਲੀਕਨ ਪਾਰਟੀ ਦੇ ਸੱਤ ਮੈਂਬਰਾਂ ਨੇ ਡੈਮੋਕ੍ਰੇਟਿਕ ਪਾਰਟੀ ਦਾ ਸਾਥ ਦਿੱਤਾ ਅਤੇ ਟਰੰਪ ਦੇ ਖ਼ਿਲਾਫ਼ ਵੋਟ ਦਿੱਤਾ।
- ਇਲਜ਼ਾਮਾਂ ਤੋਂ ਬਰੀ ਹੋਣ ਮਗਰੋਂ ਟਰੰਪ ਨੇ ਅਧਿਕਾਰਿਤ ਤੌਰ 'ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ "ਅਮਰੀਕਾ ਨੂੰ ਮਹਾਨ ਬਣਾਉਣ ਦੀਆਂ ਕੋਸ਼ਿਸ਼ਾਂ' ਜਾਰੀ ਰੱਖਣਗੇ।
- ਰਿਪਬਿਲੀਕਨ ਪਾਰਟੀ ਦੇ ਆਗੂ ਮਿਚ ਮੈਕਸਿਮਲਨ ਨੇ ਟਰੰਪ ਦੇ ਪੱਖ ਵਿੱਚ ਵੋਟ ਪਾਈ। ਪਰ ਵੋਟਿੰਗ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਟਰੰਪ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਹਿੰਸਾ ਲਈ ਭੀੜ ਨੂੰ ਉਕਸਾਉਣ ਲਈ ਟਰੰਪ ਜ਼ਿੰਮੇਵਾਰ ਹਨ ਅਤੇ ਇਸ ਬਾਰੇ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
- ਸੁਣਵਾਈ ਦੇ ਦੌਰਾਨ ਗਵਾਹਾਂ ਦੀ ਪੇਸ਼ੀ ਬਾਰੇ ਚਰਚਾ ਹੋਈ ਜਿਸ ਤੋਂ ਬਾਅਦ ਸੀਨੇਟ ਵਿੱਚ ਇਸ ਬਾਰੇ ਸਵਾਲ ਚੁੱਕੇ ਗਏ ਕਿ ਇਹ ਟਰਾਇਲ ਕਿੰਨਾ ਲੰਬਾ ਚੱਲਣ ਵਾਲਾ ਹੈ। ਬਾਅਦ ਵਿੱਚ ਸੀਨੇਟ ਨੇ ਫ਼ੈਸਲਾ ਕੀਤਾ ਕਿ ਲਿਖਤੀ ਬਿਆਨਾਂ ਨੂੰ ਸ਼ਾਮਲ ਕੀਤਾ ਜਾਵੇਗਾ।
- ਦੋਵਾਂ ਪੱਖਾਂ ਦੇ ਵਕੀਲ ਇਸ ਬਾਰੇ ਸਹਿਮਤ ਨਜ਼ਰ ਆਏ ਕਿ ਕਾਂਗਰਸ ਨੇਤਾ ਮੈਕਾਰਥੀ ਅਤੇ ਟਰੰਪ ਦੀ ਫ਼ੋਨ ਉੱਪਰ ਹੋਈ ਬਹਿਸ ਨੂੰ ਇਸ ਮਾਮਲੇ ਵਿੱਚ ਦਰਜ ਕਰਨਗੇ।
- ਆਖ਼ਰੀ ਦਲੀਲ ਵਿੱਚ ਟਰੰਪ ਦੇ ਵਕੀਲ ਨੇ ਕਿਹਾ ਕਿ ਟਰੰਪ ਖ਼ਿਲਾਫ਼ ਲਿਆਂਦਾ ਗਿਆ ਮਹਾਂਦੋਸ਼ ਮਤਾ ਗੈਰ-ਸੰਵਿਧਾਨਕ ਹੈ।
- ਸੀਨੇਟ ਵਿੱਚ ਡੈਮੋਕ੍ਰੇਟ ਨੇਤਾ ਜਿਮ ਰਸਕਿਨ ਨੇ ਰਿਪਬਲੀਕਨ ਪਾਰਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਟਰੰਪ ਦੀ ਇੱਛਾ ਮੁਤਾਬਕ ਕੰਮ ਨਾ ਕਰਨ।

ਮਹਾਂਦੋਸ਼ ਦੀ ਸੁਣਵਾਈ ਦੇ ਟਰੰਪ, ਬਾਇਡਨ ਅਤੇ ਅਮਰੀਕਾ ਲਈ ਮਾਅਨੇ
ਐਂਥਨੀ ਜ਼ਰਚਰ (ਬੀਬੀਸੀ ਪੱਤਰਕਾਰ) ਦਾ ਵਿਸ਼ਲੇਸ਼ਣ
ਡੌਨਲਡ ਟਰੰਪ 'ਤੇ ਕੈਪੀਟਲ ਬਿਲਡਿੰਗ ਹਿੰਸਾ ਮਾਮਲੇ 'ਚ ਲੱਗੇ ਇਲਜ਼ਾਮਾਂ 'ਤੇ ਹੋ ਰਹੀ ਸੁਣਵਾਈ 'ਚ ਸੀਨੇਟ ਨੇ ਪੰਜਵੇਂ ਦਿਨ ਵੋਟਿੰਗ ਨਾਲ ਫ਼ੈਸਲਾ ਸੁਣਾ ਦਿੱਤਾ ਹੈ ਅਤੇ ਕਿਆਸਾਂ ਮੁਤਾਬਕ ਉਨ੍ਹਾਂ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਹੈ।
ਹੁਣ ਤੱਕ ਅਮਰੀਕਾ ਦੇ ਇਤਿਹਾਸ ਵਿੱਚ ਚਾਰ ਰਾਸ਼ਟਰਪਤੀਆਂ ਉੱਪਰ ਮਹਾਂਦੋਸ਼ ਲੱਗੇ ਹਨ ਅਤੇ ਇਹ ਸਭ ਤੋਂ ਛੋਟੀ ਸੁਣਵਾਈ ਸੀ।
ਭਾਵੇਂ ਕਿ ਇਸ ਦਾ ਸਮਾਂ ਬਹੁਤ ਘੱਟ ਰਿਹਾ ਪਰ ਫਿਰ ਵੀ ਇਸ ਨੇ ਇੱਕ ਮਿਸਾਲ ਰੱਖੀ ਕਿ ਇੱਕ ਸਾਬਕਾ ਰਾਸ਼ਟਰਪਤੀ 'ਤੇ ਮਾਮਲਾ ਚਲਾਇਆ ਗਿਆ। ਵਕਾਰਾਂ ਨੂੰ ਵੀ ਠੇਸ ਪਹੁੰਚੀ ਅਤੇ ਆਉਣ ਵਾਲੀਆਂ ਸਿਆਸੀ ਲੜਾਈਆਂ ਲਈ ਇਕ ਮੁਸ਼ਕਲਾਂ ਭਰੀ ਸਟੇਜ ਸੈਟ ਕੀਤੀ ਗਈ।
ਆਓ ਇਸ ਘਟਨਾਕ੍ਰਮ ਨਾਲ ਜੁੜੀਆਂ ਕੁਝ ਪ੍ਰਮੁੱਖ ਹਸਤੀਆਂ ਬਾਰੇ ਅਤੇ ਉਨ੍ਹਾਂ ਦੀ ਭੂਮਿਕਾ ਬਾਰੇ ਅਤੇ ਨਤੀਜਿਆਂ ਬਾਰੇ ਜਾਣਦੇ ਹਾਂ।
ਡੌਨਲਡ ਟਰੰਪ
ਟਰੰਪ ਲਈ ਸੁਣਵਾਈ ਭਾਵੇਂ ਨਵੀਂ ਸੀ ਪਰ ਨਤੀਜਾ ਪੁਰਾਣਾ।
ਟਰੰਪ ਇੱਕ ਵਾਰ ਫਿਰ ਸੀਨੇਟ ਵੱਲੋਂ ਲਗਾਏ ਇਲਜ਼ਾਮਾਂ ਤੋਂ ਬਰੀ ਹੋ ਗਏ ਕਿਉਂਕਿ ਉਸ ਦੇ ਰਿਪਬਲੀਕਨ ਸਾਥੀ ਕੁਲ ਮਿਲਾ ਕੇ ਉਨ੍ਹਾਂ ਦੇ ਨਾਲ ਬਣੇ ਰਹੇ। ਅਖ਼ੀਰ ਵਿੱਚ ਉਨ੍ਹਾਂ ਦੇ ਪੱਖ ਵਿੱਚ 57 ਅਤੇ ਵਿਰੋਧ ਵਿੱਚ 47 ਵੋਟਾਂ ਪਈਆਂ।
ਉਹ ਹਾਲੇ ਵੀ ਸਾਲ 2024 ਵਿੱਚ ਹੋਣ ਜਾਰੀਆਂ ਰਾਸ਼ਟਰਪਤੀ ਚੋਣਾਂ ਲੜ ਸਕਦੇ ਹਨ। ਲੜਨਾ ਨਾ ਲੜਨਾ ਉਨ੍ਹਾਂ ਦੀ ਮਰਜ਼ੀ ਹੈ। ਸੰਕੇਤਾਂ ਮੁਤਾਬਕ ਹਮਾਇਤੀਆਂ ਵਿੱਚ ਉਨ੍ਹਾਂ ਦਾ ਅਧਾਰ ਜਿਉਂ ਦਾ ਤਿਉਂ ਬਰਕਰਾਰ ਹੈ।
ਹਾਲਾਂਕਿ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਜਿਹੜੇ ਵੀ ਰਿਪਬਲੀਕਨ ਉਨ੍ਹਾਂ ਦੇ ਖ਼ਿਲਾਫ਼ ਭੁਗਤੇ ਉਨ੍ਹਾਂ ਨੂੰ ਜ਼ਰੂਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਕ ਪ੍ਰੈਸ ਬਿਆਨ ਵਿੱਚ ਸਾਬਕਾ ਰਾਸ਼ਟਰਪਤੀ ਨੇ ਇਲਜ਼ਾਮਾਂ ਤੋਂ ਬਰੀ ਹੋਣ ਦਾ ਜਸ਼ਨ ਮਨਾਇਆ ਅਤੇ ਕਿਹਾ ਕਿ ਡੈਮੋਕਰੇਟਾਂ
ਦੀ ਨਿਖੇਧੀ ਕੀਤੀ ਅਕੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਲਹਿਰ ਅਜੇ ਸ਼ੁਰੂ ਹੀ ਹੋਈ ਸੀ।
ਇਸ ਸੁਣਵਾਈ ਦੇ ਸਭ ਤੋਂ ਯਾਦਗਾਰੀ ਪਲ ਕੈਪੀਟਲ ਹਿੰਸਾ ਦੌਰਾਨ ਟਰੰਪ ਦੇ ਹਮਾਇਤੀਆਂ ਦੀਆਂ ਮੇਕ ਅਮਰੀਕਾ ਗਰੇਟ ਅਗੇਨ ਦੇ ਮਾਸਕ ਪਾਏ ਹੋਏ ਹਨ ਅਤੇ ਟਰੰਪ ਦੇ ਝੰਡੇ ਲਹਿਰਾਉਂਦਿਆਂ ਦੀਆਂ ਅਤੇ ਬਿਲਡੰਗ ਵਿੱਚ ਹੁੜਦੰਗ ਮਚਾਉਂਦਿਆਂ ਦੀਆਂ ਵੀਡੀਓਜ਼ ਹਨ।
ਉਹ ਸਾਰੀਆਂ ਤਸਵੀਰਾਂ ਹਮੇਸ਼ਾਂ ਲਈ ਟਰੰਪ ਬ੍ਰਾਂਡ ਨਾਲ ਜੁੜੀਆਂ ਰਹਿਣਗੀਆਂ। ਹੋਣ ਵਾਲੀ ਹਰ ਰੈਲੀ ਉਨ੍ਹਾਂ ਦੰਗਿਆਂ ਦੀ ਯਾਦ ਗੂੰਜੇਗੀ। ਟਰੰਪ ਨੂੰ ਇਸ ਦਾ ਖਮਿਆਜ਼ਾ ਭਾਵੇਂ ਨਾ ਭੁਗਤਣਾ ਪਵੇ ਪਰ ਆਜ਼ਾਦ ਵੋਟਰ ਇਸ ਘਟਨਾ ਨੂੰ ਸ਼ਾਇਦ ਨਾ ਹੀ ਭੁੱਲ ਸਕਣ।
ਸੀਨੇਟ ਵਿਚਲੇ ਰਿਪਬਲੀਕਨ
ਇੱਕ ਸਾਲ ਪਹਿਲਾਂ, ਸਿਰਫ ਇੱਕ ਰਿਪਬਲੀਕਨ ਸੀਨੇਟਰ ਮਿਤ ਰੋਮਨੀ ਨੇ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਆਪਣੀ ਵੋਟ ਦਿੱਤੀ ਸੀ। ਇਸ ਵਾਰ ਉਨ੍ਹਾਂ ਨਾਲ 6 ਹੋਰ ਸੀਨੇਟਰਾਂ ਨੇ ਟਰੰਪ ਦੇ ਖ਼ਿਲਾਫ਼ ਵੋਟ ਦਿੱਤੀ।
ਹਾਲਾਂਕਿ ਇਹ ਕੋਈ ਇਤਫ਼ਾਕ ਨਹੀਂ ਹੈ ਕਿ ਜਿੰਨ੍ਹਾਂ ਨੇ ਟਰੰਪ ਦੇ ਵਿਰੁੱਧ ਵੋਟ ਪਾਈ ਉਨ੍ਹਾਂ 'ਚੋਂ ਤਿੰਨ ਸੀਨੇਟਰ- ਸੁਸਾਨ ਕੋਲਿਨਜ਼, ਬੇਨਸਾਸੇ ਅਤੇ ਬਿਲ ਕੈਸੀ ਮੁੜ ਚੁਣੇ ਗਏ ਹਨ ਅਤੇ 6 ਸਾਲਾਂ ਤੱਕ ਉਨ੍ਹਾਂ ਨੂੰ ਵੋਟਰਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਦੋ ਸੀਨੇਟਰ- ਪਾਟ ਟੋਮੀ ਅਤੇ ਰਿਚਰਡ ਬੁਰ ਸੇਵਾਮੁਕਤ ਹੋ ਰਹੇ ਹਨ।
ਇਹ ਸਭ ਚੈਬਂਰ 'ਚ ਕਈ ਰਿਪਬਲੀਕਨ ਸੀਨੇਟਰਾਂ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ। ਦੋਸ਼ੀ ਠਹਿਰਾਉਣ ਦੇ ਹੱਕ 'ਚ ਵੋਟ ਪਾਉਣਾ ਵੋਟਰਾਂ ਦੇ ਗੁੱਸੇ ਨੂੰ ਤੂਲ ਦੇ ਸਕਦਾ ਹੈ ਅਤੇ ਉਨ੍ਹਾਂ 'ਚੋਂ ਕਈਆਂ ਨੇ ਇਸ ਨੂੰ ਟਰੰਪ ਦੇ ਨਾਲ ਹੋ ਰਹੇ ਧੋਖੇ ਵੱਜੋਂ ਵੇਖਿਆ ਹੋਵੇਗਾ।

ਤਸਵੀਰ ਸਰੋਤ, Getty Images
ਇਹ ਸਥਿਤੀ ਰਿਪਬਲੀਕਨ ਸੀਨੇਟਰਾਂ ਦੀ ਸ਼ਸ਼ੋਪੰਜ ਨੂੰ ਉਜਾਗਰ ਕਰਦੀ ਹੈ।
ਜਿਹੜੇ ਰਿਪਬਲੀਕਨ ਸੀਨੇਟਰ ਰਿਪਬਲੀਕਨ ਪਾਰਟੀ ਦੇ ਗੜ੍ਹ ਸੂਬਿਆਂ ਤੋਂ ਜਿੱਤ ਕੇ ਆਏ ਹਨ ਸ਼ਾਇਦ ਉਨ੍ਹਾਂ ਦੇ ਸਾਹਮਣੇ ਆਪਣੀ ਹੀ ਕਿਸੇ ਪਾਰਟੀ ਦੇ ਕਿਸੇ ਦੂਜੇ ਵਿਅਕਤੀ ਦੀ ਚੁਣੌਤੀ ਹੋਵੇਗੀ। ਜਿਸ ਤੋਂ ਉਨ੍ਹਾਂ ਨੂੰ ਡਰ ਲਗਦਾ ਹੋਵੇਗਾ।
ਉਹ ਸੂਬੇ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿੱਚ ਪਾਲਾ ਬਦਲ ਲਿਆ ਹੈ ਜਿਵੇਂ ਫਲੋਰਿਡਾ, ਵਿਸਕਾਂਸਨ ਅਤੇ ਲੋਵਾ ਵਿੱਚ ਉਨ੍ਹਾਂ ਨੂੰ ਡਰ ਹੋਵੇਗਾ ਕਿ ਕਿਤੇ ਅਗੀਆਂ ਚੋਣਾਂ ਵਿੱਚ ਉਹ ਡੈਮੋਕ੍ਰੇਟਿਕ ਵਿਰੋਧੀ ਤੋਂ ਹਾਰ ਨਾ ਜਾਣ, ਉਹ ਉਨ੍ਹਾ ਦੀ ਵੋਟ ਨਾਲ ਖਿੱਚ ਲਵੇ।
ਭਵਿੱਖ ਵਿੱਚ ਬਹੁਤ ਕੁਝ ਟਰੰਪ ਦੇ ਫ਼ੈਸਲੇ ਉੱਪਰ ਵੀ ਨਿਰਭਰ ਕਰੇਗਾ। ਉਹ ਸਿਆਸਤ ਵਿੱਚ ਵਾਪਸੀ ਕਰਨਗੇ ਜਾਂ ਕਲੱਬਾਂ ਅਤੇ ਗੌਲਫ਼ ਕਲੱਬਾਂ ਦੀ ਜ਼ਿੰਦਗੀ ਵਿੱਚ ਵਾਪਸ ਚਲੇ ਜਾਣਗੇ। ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਿਸ ਸਥਿਤੀ ਦੀ ਸਭ ਤੋਂ ਵੱਧ ਸੰਭਾਵਨਾ ਮੌਜੁਦ ਹੈ।
ਮਿਚ ਮੈਕਕੋਨਲ
ਜੇਕਰ ਹਰ ਰਿਪਬਲੀਕਨ ਨੂੰ ਆਪਣੀ ਵੋਟ ਪਾਉਣ ਤੋਂ ਪਹਿਲਾਂ ਆਪਣੇ ਸਿਆਸੀ ਉਤਰਾਅ-ਚੜਾਅ ਦਾ ਹਿਸਾਬ ਰੱਖਣਾ ਪੈਂਦਾ ਹੈ ਅਤੇ ਆਪਣੇ ਹੀ ਜ਼ੋਖਮ 'ਤੇ ਉਹ ਅਜਿਹਾ ਕਰਦਾ ਹੈ, ਜੇਕਰ ਉਸ ਨੂੰ ਪਤਾ ਹੈ ਕਿ ਉਸ ਦੇ ਇਸ ਫ਼ੈਸਲੇ 'ਤੇ ਹੀ ਪਾਰਟੀ ਆਮ ਚੋਣਾਂ 'ਚ ਉਸ ਨੂੰ ਟਿਕਟ ਦੇਵੇਗੀ ਜਾਂ ਨਹੀਂ?
ਇਨ੍ਹਾਂ ਸਾਰੇ ਸਵਾਲਾਂ ਦੇ ਵਿਚਕਾਰ ਇੱਕ ਸੀਨੇਟਰ ਸੀ ਜਿਸ ਦੇ ਡਰਾਮੇ ਨੇ ਸਭ ਤੋਂ ਵਧੇਰੇ ਧਿਆਨ ਖਿੱਚਿਆ ਕੈਂਟਕੀ ਦੇ ਮਿਚ ਮੈਕਕੋਨਲ।
ਉਹ 6 ਜਨਵਰੀ ਨੂੰ ਵਾਪਰੀ ਘਟਨਾ ਤੋਂ ਬਾਅਦ ਹੀ ਟਰੰਪ ਦੀ ਅਲੋਚਨਾ ਕਰ ਰਹੇ ਸਨ ਅਤੇ ਮਹਾਂਦੋਸ਼ ਸੁਣਾਵਈ ਦੌਰਾਨ ਵੀ ਸਭਨਾਂ ਨੂੰ ਸ਼ੱਕ ਸੀ ਕਿ ਉਹ ਕੀ ਫ਼ੈਸਲਾ ਲੈਣਗੇ।
ਸ਼ਨੀਵਾਰ ਸਵੇਰ ਨੂੰ ਉਨ੍ਹਾਂ ਨੇ ਆਪਣੇ ਸਾਥੀ ਸੀਨੇਟਰਾਂ ਨੂੰ ਸੂਚਿਤ ਕੀਤਾ ਕਿ ਉਹ ਤਾਂ ਟਰੰਪ ਦੇ ਹੱਕ 'ਚ ਵੋਟ ਦੇਣਗੇ।
ਹਾਲਾਂਕਿ ਸੀਨੇਟ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਕੈਪੀਟਲ ਹਿੱਲ ਹਿੰਸਾ ਲਈ ਟਰੰਪ ਭੀੜ੍ਹ ਨੂੰ ਉਕਸਾਉਣ ਲਈ ਜ਼ਿੰਮੇਵਾਰ ਹਨ ਅਤੇ ਇਸ ਬਾਰੇ ਅਦਾਲਤ 'ਚ ਮੁੱਕਦਮਾ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਖੁੱਲ੍ਹ ਕੇ ਟਰੰਪ ਦੇ ਵਤੀਰੇ ਦੀ ਨਿਖੇਧੀ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਟਰੰਪ ਦੇ ਹੱਕ 'ਚ ਵੋਟ ਇਸ ਲਈ ਦਿੱਤੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਬਕਾ ਰਾਸ਼ਟਰਪਤੀ 'ਤੇ ਮਹਾਂਦੋਸ਼ ਮੁਕੱਦਮਾ ਨਹੀਂ ਚਲਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਿ ਬਤੌਰ ਇਕ ਨਾਗਰਿਕ ਉਨ੍ਹਾਂ ਦੇ ਅਹੁਦੇ ਦੀ ਪਰਵਾਹ ਕੀਤੇ ਬਿਨ੍ਹਾਂ ਕਾਂਗਰਸ ਉਨ੍ਹਾਂ ਨੂੰ ਕਿਸੇ ਵੀ ਜਨਤਕ ਅਹੁਦੇ ਲਈ ਅਯੋਗ ਠਹਿਰਾ ਸਕਦੀ ਹੈ।
ਉਨ੍ਹਾਂ ਦੀ ਕਾਰਵਾਈ ਅਤੇ ਬਿਆਨ ਦੀ ਪੜਚੋਲ ਤਾਂ ਵਿਸ਼ਲੇਸ਼ਕ ਕਰਨਗੇ। ਹੁਣ ਉਸ ਦੇ ਸਾਥੀ ਰਿਪਬਲੀਕਨ ਉਸ ਵੱਲੋਂ ਦਿੱਤੀ ਵੋਟ ਤੋਂ ਸੰਤੁਸ਼ਟ ਹਨ।

ਤਸਵੀਰ ਸਰੋਤ, EPA
ਹਾਊਸ ਵਿਚਲੇ ਡੈਮੋਕਰੇਟਸ
ਅਕਸਰ ਜ਼ਿਆਦਾਤਰ ਸਾਂਸਦਾਂ ਨੂੰ ਉਹ ਖਿੱਚ ਨਹੀਂ ਜੋ ਇਸ ਵਾਰ ਮਹਾਂਦੋਸ਼ ਦੀ ਇੰਤਜ਼ਾਮੀਆ ਕਮੇਟੀ ਵਿੱਚ ਲੱਗੇ ਸੀਨੇਟਰਾਂ ਨੂੰ ਮਿਲੀ। ਕੁਝ ਕੁ ਉਮੀਦ ਰੱਖਦੇ ਹਨ ਕਿ ਸ਼ਾਇਦ ਉਹ ਸਪੀਕਰ ਬਣ ਜਾਣਗੇ।
ਪੰਜ ਦਿਨਾਂ ਤੱਕ ਚੱਲੀ ਇਸ ਸੁਣਵਾਈ 'ਚ 9 ਮੈਂਬਰੀ ਟੀਮ ਨੇ ਸਮੁੱਚੇ ਮੁਕੱਦਮੇ ਦੀ ਪੇਸ਼ਕਾਰੀ ਦਿੱਤੀ, ਜਿਸ 'ਚ 6 ਜਨਵਰੀ ਨੂੰ ਹੋਏ ਦੰਗਿਆਂ ਦੀ ਵੀਡੀਓ ਵੀ ਪੇਸ਼ ਕੀਤੀਆਂ ਗਈਆਂ ।
ਇਸ ਦੇ ਨਾਲ ਹੀ ਕੈਪੀਟਲ ਹਿੱਲ ਦੇ ਨਕਸ਼ੇ ਨਾਲ ਇਹ ਵੀ ਦਰਸਾਇਆ ਕਿ ਭੀੜ੍ਹ ਉਪ ਰਾਸ਼ਟਰਪਤੀ ਮਾਈਕ ਪੋਂਪਿਓ ਸਮੇਤ ਹੋਰ ਅਮਰੀਕਾ ਦੇ ਸਿਆਸੀ ਆਗੂਆਂ ਦੇ ਨਜ਼ਦੀਕ ਪਹੁੰਚੀ ਸੀ।
ਟੀਮ ਦੀ ਅਗਵਾਈ ਕਰ ਰਹੇ ਜੈਮੀ ਰਸਕਿਨ ਨੂੰ ਸ਼ਾਇਦ ਉਨ੍ਹਾਂ ਦੀ ਭਾਵਨਾਤਮਕ ਭਾਸ਼ਣ ਲਈ ਸਭ ਤੋਂ ਵੱਧ ਯਾਦ ਰੱਖਿਆ ਜਾਵੇਗਾ। ਜਦੋਂ ਉਨ੍ਹਾਂ ਨੇ ਕੈਪੀਟਲ ਹਿੱਲ 'ਤੇ ਭੀੜ੍ਹ ਦੇ ਕਬਜ਼ੇ ਤੋਂ ਸੁਰੱਖਿਅਤ ਬਾਹਰ ਆਉਣ ਤੋਂ ਬਾਅਦ ਆਪਣੀ 24 ਸਾਲਾ ਧੀ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਤਾਂ ਉਨ੍ਹਾਂ ਦਾ ਗਲਾ ਭਰ ਆਇਆ ਸੀ।
ਉਹ ਅਮਰੀਕੀ ਯੂਨੀਵਰਸਿਟੀ 'ਚ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਹਨ ਅਤੇ ਉਨ੍ਹਾਂ ਦਾ ਇਹ ਤਜ਼ਰਬਾ ਸੁਣਵਾਈ ਦੌਰਾਨ ਵੇਖਣ ਨੂੰ ਵੀ ਮਿਲਿਆ।
ਦੂਜੀ ਮਿਆਦ ਲਈ ਕਾਰਜਕਾਲ 'ਚ ਆਏ ਜੋਅ ਨੇਗੂਸੇ ਨੂੰ ਡੈਮੋਕਰੇਟਿਕ ਪਾਰਟੀ ਦੀ ਰਾਜਨੀਤੀ ਦਾ ਉਭਰਦਾ ਤਾਰਾ ਮੰਨਿਆ ਜਾਂਦਾ ਹੈ। ਕੈਮਰਿਆਂ ਅੱਗੇ ਆਪਣੀ ਗੱਲ ਰੱਖਣ ਲਈ ਉਨ੍ਹਾਂ ਨੂੰ ਬਹੁਤ ਘੱਟ ਸਮਾਂ ਮਿਲਿਆ।
ਦੂਜਾ ਪ੍ਰਮੁੱਖ ਚਿਹਰਾ ਸਨ ਯੂਐਸ ਵਰਜਿਨ ਇਜ਼ਲੈਂਡਸ ਦੀ ਸਟੇਸੀ ਪਲਾਸਕੇਟ, ਜੋ ਕਿ ਅਮਰੀਕਾ ਪ੍ਰਦੇਸ਼ ਦੀ ਨਾਨ-ਵੋਟਿੰਗ ਪ੍ਰਤੀਨਿਧੀ ਹੈ ਅਤੇ ਉਨ੍ਹਾਂ ਦਾ ਕਾਂਗਰਸ 'ਚ ਪ੍ਰਭਾਵ ਵੀ ਘੱਟ ਹੈ, ਪਰ ਫਿਰ ਵੀ ਟੀਮ 'ਚ ਕੁੱਝ ਵਧੀਆ ਕਰਦੀ ਵਿਖਾਈ।
ਜੋਅ ਬਾਇਡਨ

ਤਸਵੀਰ ਸਰੋਤ, Getty Images
ਮੌਜੂਦਾ ਰਾਸ਼ਟਰਪਤੀ ਬਾਇਡਨ ਦੀ ਇੱਕ ਜ਼ਿੰਮੇਵਾਰੀ ਇਹ ਵੀ ਸੀ ਕਿ ਉਹ ਇਹ ਸਾਰੇ ਕਾਸੇ ਤੋਂ ਦੂਰੀ ਬਣਾ ਕੇ ਰੱਖਣ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਕ ਬਾਇਡਨ ਨੇ ਇਸ ਸੁਣਵਾਈ ਦੀ ਕਾਰਵਾਈ ਵਿੱਚ ਬਹੁਤੀ ਦਿਲਚਸਪੀ ਨਹੀਂ ਲਈ।
ਉਹ ਇਸ ਪੂਰੀ ਸੁਣਵਾਈ ਦੌਰਾਨ ਕੋਰੋਨਾਵਾਇਰਸ ਮਹਾਮਾਰੀ ਨਾਲ ਸਬੰਧਤ ਸਮਾਗਮਾਂ 'ਚ ਹੀ ਰੁੱਝੇ ਰਹੇ।ਬਾਇਡਨ ਨੇ ਸਿਰਫ ਕੈਪੀਟਲ ਹਿੱਲ ਹਿੰਸਾ ਨਾਲ ਸਬੰਧਤ ਨਵੀਆਂ ਵੀਡੀਓਜ਼ 'ਤੇ ਟਿੱਪਣੀ ਕੀਤੀ।
ਬਾਇਡਨ ਪ੍ਰਸ਼ਾਸਨ ਦੇ ਮੁਤਾਬਕ ਉਨ੍ਹਾਂ ਦੇ ਲੰਮੇ ਸਮੇਂ ਦੀ ਰਾਜਨੀਤਿਕ ਮਜ਼ਬੂਤੀ, ਮਹਾਮਾਰੀ, ਆਰਥਿਕਤਾ ਅਤੇ ਅਮਰੀਕੀ ਲੋਕਾਂ ਦੀਆਂ ਹੋਰ ਚਿੰਤਾਵਾਂ ਨਾਲ ਸਹੀ ਢੰਗ ਨਾਲ ਨਜਿੱਠਣ ਦੀ ਸਫਲਤਾ 'ਤੇ ਨਿਰਭਰ ਕਰਦੀ ਹੈ ਨਾ ਕਿ ਟਰੰਪ 'ਤੇ ਲੱਗੇ ਮਹਾਂਦੋਸ਼ ਦੇ ਮੁਕੱਦਮੇ ਦੇ ਨਤੀਜੇ ਉੱਪਰ।

ਤਸਵੀਰ ਸਰੋਤ, EPA
ਡੌਨਲਡ ਟਰੰਪ ਦੇ ਵਕੀਲ
ਬਰੂਸ ਕਾਸਟਰ ਜੋ ਟਰੰਪ ਦੇ ਮੁਖ ਵਕੀਲ ਹਨ ਸ਼ਾਇਦ ਕਹਿਣਗੇ ਕਿ ਕੋਈ ਮਸ਼ਹੂਰੀ ਬੁਰੀ ਮਸ਼ਹੂਰੀ ਨਹੀਂ ਹੁੰਦੀ। ਉਨ੍ਹਾਂ ਨੇ ਆਪਣੀ ਜ਼ਿਰ੍ਹਾ ਇੱਕ ਲੰਬੇ ਭਾਸ਼ਣ ਨਾਲ ਕੀਤੀ ਜਿਸ ਦਾ ਅਸਰ ਇਹ ਹੋਇਆ ਕਿ ਇੱਕ ਰਿਪਬਲੀਕਨ ਸੀਨੇਟਰ ਬਿਲ ਕੈਸੀਡੀ ਡੈਮੋਕ੍ਰੇਟ ਵੱਲ ਖਿਸਕ ਗਏ।
ਉਸ ਤੋਂ ਬਾਅਦ ਰਿਪੋਰਟਾਂ ਹਨ ਕਿ ਟਰੰਪ ਵੀ ਕੁਝ ਅਸਹਿਜ ਹੋ ਗਏ ਸਨ। ਇਸ ਤੋਂ ਬਾਅਦ ਬਰੂਸ ਦੀ ਥਾਂ ਫਿਲੇਡੈਲਫੀਆ ਤੋਂ ਵਕੀਲ ਮਾਈਕਲ ਵਾਨ ਵੀਨ ਅੱਗੇ ਆ ਗਏ ਅਤੇ ਬਰੂਸ ਪਿਛੋਕੜ ਵਿੱਚ ਚਲੇ ਗਏ।
ਉਸ ਤੋਂ ਬਾਅਦ ਵੀਨ ਨੇ ਇਕੱਲਿਆਂ ਹੀ ਪੈਰਵਾਈ ਕੀਤੀ ਅਤੇ ਕੇਸ ਨੂੰ ਉੱਥੇ ਲੈ ਕੇ ਗਏ ਜਿੱਥੇ ਕਿ ਕੇਸ ਅਖ਼ੀਰ ਵਿੱਚ ਪਹੁੰਚਿਆ।
ਉਹ ਸੀਨੇਟ ਨੂੰ ਮਨਾਉਣ ਵਿੱਚ ਸਫ਼ਲ ਰਹੇ ਕਿ ਸੁਣਵਾਈ ਲੰਬੀ ਖਿੱਚਣ ਦੀ ਥਾਂ ਤੇਜ਼ ਸੁਣਵਾਈ ਹੋਣੀ ਚਾਹੀਦੀ ਹੈ।
ਦੇਖਿਆ ਜਾਵੇ ਤਾਂ ਵਕੀਲਾਂ ਦਾ ਮੁਲਾਂਕਣ ਉਨ੍ਹਾਂ ਦੀਆਂ ਹਾਰਾਂ ਜਾਂ ਜਿੱਤਾਂ ਦੀ ਬੁਨਿਆਦ 'ਤੇ ਹੀ ਕੀਤਾ ਜਾਂਦਾ ਹੈ। ਉਸ ਲਿਹਾਜ਼ ਨਾਲ ਕਿਹਾ ਜਾ ਸਕਦਾ ਹੈ ਕਿ ਵੀਨ, ਕੈਸਟਰ ਅਤੇ ਵਕੀਲ ਡੇਵਿਡ ਸ਼ੋਹਨ ਨੇ ਆਪਣੇ ਕਲਾਈਂਟ ਨੂੰ ਸ਼ਿਕੰਜੇ ਵਿੱਚ ਛੁੜਾ ਲਿਆ ਹੈ।
ਅਖੀਰ 'ਚ ਕਹਿ ਸਕਦੇ ਹਾਂ ਕਿ ਇਸ ਸੁਣਵਾਈ ਨੇ ਉਸ ਦੇ ਵਿਧਾਨਕ ਏਜੰਡੇ 'ਤੇ ਕੁੱਝ ਵਿਹਾਰਕ ਪ੍ਰਭਾਵ ਜ਼ਰੂਰ ਛੱਡਿਆ ਹੈ।
ਸੀਨੇਟ ਨੇ ਸਿਰਫ ਤਿੰਨ ਦਿਨਾਂ ਲਈ ਆਪਣਾ ਕੰਮਕਾਜ ਪ੍ਰਭਾਵਿਤ ਕੀਤਾ।
ਸਦਨ ਲਈ ਇਹ ਹਫ਼ਤਾ ਬਹੁਤ ਹੀ ਖਾਸ ਅਤੇ ਰੁਝੇਵਿਆਂ ਭਰਪੂਰ ਰਿਹਾ। ਹੁਣ ਇਸ ਸੁਣਵਾਈ ਦੀ ਸਮਾਪਤੀ ਤੋਂ ਬਾਅਦ ਸੀਨੇਟ ਮੁੜ ਸ਼ੁਰੂ ਹੋਵੇਗੀ ਅਤੇ ਬਾਇਡਨ ਦੀਆਂ ਪ੍ਰਸ਼ਾਸਨਿਕ ਨਿਯੁਕਤੀਆਂ ਦੀ ਕਾਰਵਾਈ ਨੂੰ ਮੁਕੰਮਲ ਕੀਤਾ ਜਵੇਗਾ।
ਇੰਨ੍ਹਾਂ ਨਿਯੁਕਤੀਆਂ 'ਚ ਅਟਾਰਨੀ ਜਨਰਲ ਲਈ ਨਾਮਜ਼ਦ ਮੈਰੀਕ ਗਾਰਲੈਂਡ ਵੀ ਸ਼ਾਮਲ ਹਨ।ਸੀਨੇਟ ਦੀ ਕਾਰਵਾਈ ਹੁਣ ਇੱਕ ਹਫ਼ਤੇ ਦੀ ਛੁੱਟੀ ਤੋਂ ਬਾਅਧ ਸ਼ੁਰੂ ਹੋਵੇਗੀ।
ਇਹ ਸਭ ਬਾਇਡਨ ਅਤੇ ਉਨ੍ਹਾਂ ਦੀ ਟੀਮ ਲਈ ਖੁਸ਼ੀ ਵਾਲਾ ਪਲ ਹੈ।
ਇਸ ਸਾਰੇ ਨਾਲ ਬਾਇਡਨ ਖੇਮੇ ਨੂੰ ਕੁਝ ਰਾਹਤ ਮਿਲੇਗੀ। ਹਾਲਾਂਕਿ ਜੇ ਬਾਇਡਨ ਖੇਮਾ ਫ਼ੈਸਲਾ ਕਰਦਾ ਹੈ ਤਾਂ ਫਿਰ ਵੀ ਟਰੰਪ ਖ਼ਿਲਾਫ਼ ਬਿਨਾਂ ਗਵਾਹੀ ਦੇ ਸੁਣਵਾਈ ਕਰਵਾਉਣ ਦੀ ਉਨ੍ਹਾਂ ਨੂੰ ਕੀਮਤ ਤਾਰਨੀ ਪੈ ਸਕਦੀ ਹੈ। ਉਹ ਟਰੰਪ ਨੂੰ ਪੂਰੀ ਤਰ੍ਹਾਂ ਜਵਾਹਦੇਹ ਨਹੀਂ ਬਣਾ ਸਕੇ।
ਆਉਣ ਵਾਲੇ ਸਮੇਂ ਵਿੱਚ ਬਾਇਡਨ ਨੂੰ ਡੇਮੋਕ੍ਰੇਟ ਪਾਰਟੀ ਨੂੰ ਇਕਜੁੱਟ ਕਰਨ ਵਿੱਚ ਲਗਾਉਣਾ ਪਵੇਗਾ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















