ਕਿਸਾਨ ਜਥੇਬੰਦੀਆਂ ਨੇ ਕਾਨੂੰਨੀ ਨੋਟਿਸਾਂ ਦਾ ਜਵਾਬ ਦੇਣ ਬਾਰੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ - ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਅੱਜ ਦੀਆਂ ਅਹਿਮ ਖ਼ਬਰਾਂ ਬਾਰੇ ਦੱਸਾਂਗੇ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਉਹ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾ ਰਹੇ ਹਨ।
ਮੋਰਚੇ ਦਾ ਇਹ ਵੀ ਕਹਿਣਾ ਹੈ ਕਿ ਉਹ ਮਜ਼ਦੂਰਾਂ ਦੇ ਹੱਕਾਂ ਲਈ ਅਵਾਜ਼ ਚੁੱਕਣ ਵਾਲੀ ਨੌਦੀਪ ਕੌਰ ਦੀ ਰਿਹਾਈ ਬਾਰੇ ਵੀ ਕੋਸ਼ਿਸ਼ਾਂ ਕਰ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਨੇ ਕਿਹਾ, "ਨੌਦੀਪ ਦੀ ਦੋ ਮਾਮਲਿਆਂ ਵਿੱਚ ਜ਼ਮਾਨਤ ਹੋ ਚੁੱਕੀ ਹੈ। ਤੀਜੇ ਮਾਮਲੇ ਵਿੱਚ ਉਸ ਦੀ ਜ਼ਮਾਨਤ ਦੀ ਅਰਜ਼ੀ ਨਾਮਨਜ਼ੂਰ ਹੋ ਚੁੱਕੀ ਹੈ। ਉਨ੍ਹਾਂ ਦੇ ਵਕੀਲ ਸਾਡੇ ਸੰਪਰਕ ਵਿੱਚ ਹਨ।"
"ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਨ੍ਹਾਂ ਦੀ ਰਿਹਾਈ ਛੇਤੀ ਹੀ ਕਰਵਾਈ ਜਾਵੇ।"
ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਨੂੰ ਹਦਾਇਤ ਦਿੱਤੀ ਹੈ ਕਿ ਜਿਨ੍ਹਾਂ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਨੋਟਿਸ ਭੇਜੇ ਜਾ ਰਹੇ ਹਨ ਉਹ ਮੋਰਚੇ ਦੀ ਲੀਗਲ ਟੀਮ ਨੂੰ ਸੰਪਰਕ ਕਰਨ।
ਮੋਰਚੇ ਦਾ ਕਹਿਣਾ ਹੈ ਕਿ ਜਿਨ੍ਹਾਂ ਕਿਸਾਨਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਉਸ ਦਾ ਜਵਾਬ ਉਨ੍ਹਾਂ ਦੀ ਲੀਗਲ ਟੀਮ ਵੱਲੋਂ ਦਿੱਤਾ ਜਾਵੇਗਾ।

ਤਸਵੀਰ ਸਰੋਤ, fb.jp dalal
‘ਭਾਜਪਾ ਦੇ ਮੰਤਰੀ ਦੇ ਵਿਵਾਦਿਤ ਬੋਲ’
ਅੰਦੋਲਨ 'ਤੇ ਬੈਠੇ ਕਿਸਾਨਾਂ 'ਤੇ ਟਿੱਪਣੀ ਕਰਦਿਆਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨਾਂ ਨੂੰ ਚੰਦਾਜੀਵੀ ਕਿਹਾ।
ਉਨ੍ਹਾਂ ਕਿਹਾ, "ਮੈਂ ਖੁੱਲ੍ਹ ਕੇ ਕਹਿੰਦਾ ਹਾਂ ਕਿ ਇਹ ਚੰਦਾਜੀਵੀ ਹਨ, ਚੰਦਾਚੋਰ ਹਨ, ਇਹ ਇਨ੍ਹਾਂ ਦਾ ਧੰਦਾ ਹੈ। ਕੋਈ ਜੀਵੇ ਜਾਂ ਕੋਈ ਮਰੇ, ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ।"
ਉਨ੍ਹਾਂ ਅੱਗੇ ਕਿਹਾ, "ਇਨ੍ਹਾਂ ਨੂੰ ਕਿਸਾਨ ਹਿੱਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਨ੍ਹਾਂ ਧਰਨਿਆਂ 'ਚ ਉਹ ਹੀ ਚਿਹਰੇ ਹਨ ਜੋ ਕਾਂਗਰਸ ਦੀ ਰਾਜਨਿਤੀ 'ਚ ਐਕਟਿਵ ਹਨ।"
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅੰਦੋਲਨ ਕਰਨਾ ਗਲਤ ਨਹੀਂ ਹੈ ਪਰ ਇਸ ਨੂੰ ਮੰਨੋਂ ਕਿ ਇਹ ਰਾਜਨੀਤੀ ਦਾ ਅੰਦੋਲਨ ਹੈ।
ਲੰਮੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨ ਅੰਦੋਲਨਕਾਰੀਆਂ ਬਾਰੇ ਉਨ੍ਹਾਂ ਕਿਹਾ, "ਅਸੀਂ ਕਹਿ ਰੱਖਿਆ ਹੈ ਕਿ ਕਿਸਾਨਾਂ ਨੂੰ ਛੇੜਨਾ ਨਹੀਂ ਹੈ। 2 ਅਕਤੂਬਰ ਤੱਕ ਤਾਂ ਉਨ੍ਹਾਂ ਨੇ ਸਮਾਂ ਲੈ ਰੱਖਿਆ। ਅਸੀਂ ਤਾਂ ਕਹਿੰਦੇ ਹਾਂ ਕਿ ਅਗਲੇ 2 ਅਕਤੂਬਰ ਤੱਕ ਹੋਰ ਬੈਠੋ। ਸਾਨੂੰ ਕੋਈ ਦਿੱਕਤ ਨਹੀਂ ਹੈ।"
ਉਨ੍ਹਾਂ ਨੇ ਆਪਣੇ ਬਿਆਨ ਬਾਰੇ ਵਿਵਾਦ ਛਿੜਨ ਤੋਂ ਬਾਅਦ ਮਾਫ਼ੀ ਮੰਗੀ ਅਤੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ - “ਜੇ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ।”
ਇਹ ਵੀ ਪੜ੍ਹੋ:
ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਪ੍ਰਦਰਸ਼ਨਕਾਰੀਆਂ ਬਾਰੇ ਉਨ੍ਹਾਂ ਕਿਹਾ, "ਇਹ ਘਰਾਂ 'ਚ ਹੁੰਦੇ ਤਾਂ ਵੀ ਮਰਦੇ। ਲੱਖ-ਦੋ ਲੱਖ ਲੋਕਾਂ 'ਚ 200 ਲੋਕ 6 ਮਹੀਨਿਆਂ 'ਚ ਨਹੀਂ ਮਰਦੇ ਕੀ? ਕੋਈ ਹਾਰਟ ਅਟੈਕ ਨਾਲ ਮਰ ਰਿਹਾ ਹੈ ਅਤੇ ਕੋਈ ਬੁਖ਼ਾਰ ਨਾਲ। ਕੁਝ ਤਾਂ ਸਵੈ-ਇੱਛਾ ਨਾਲ ਮਰੇ ਹਨ।"
ਤੇ ਫਿਰ ਹੱਸਦਿਆਂ ਕਿਹਾ ਕਿ ਮਰੇ ਹੋਇਆ ਨਾਲ ਮੇਰੀ ਹਾਰਦਿਕ ਸੰਵੇਦਨਾਵਾਂ ਹਨ।
ਉਨ੍ਹਾਂ ਕਿਹਾ ਕਿ ਆਮ ਕਿਸਾਨ ਭੋਲਾ-ਭਾਲਾ ਹੈ। ਕੋਈ ਭਾਵੁਕ ਹੋਕੇ ਗਿਆ ਹੈ ਤੇ ਕੋਈ ਜਾਤੀ ਦੇ ਚੱਕਰ 'ਚ ਗਿਆ।
ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਬਾਰੇ ਲੋਕਸਭਾ 'ਚ ਕੀ ਬੋਲੇ ਅਮਿਤ ਸ਼ਾਹ

ਤਸਵੀਰ ਸਰੋਤ, ANI
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਪੁਨਰਗਠਨ ਸੋਧ ਆਰਡੀਨੇਂਸ 'ਤੇ ਚਰਚਾ ਦੌਰਾਨ ਕਿਹਾ ਕਿ ਧਾਰਾ 370 'ਤੇ 17 ਮਹੀਨਿਆਂ 'ਚ ਵਿਰੋਧੀ ਦਲ ਸਾਡੇ ਕੋਲੋਂ ਹਿਸਾਬ ਮੰਗ ਰਿਹਾ ਹੈ, ਪਰ ਉਹ ਪਹਿਲਾਂ ਦੱਸਣ ਕਿ 70 ਸਾਲਾਂ 'ਚ ਉਨ੍ਹਾਂ ਨੇ ਕੀ ਕੀਤਾ।
ਗ੍ਰਹਿ ਮੰਤਰੀ ਨੇ ਕਿਹਾ, "ਧਾਰਾ 370 ਹਟਣੀ ਚਾਹੀਦੀ ਸੀ। ਅਸੀਂ ਹਰ ਹਿਸਾਬ ਦੇਣ ਨੂੰ ਤਿਆਰ ਹਾਂ। ਪਰ ਦੱਸ ਦੇਇਏ ਕਿ ਕੋਰੋਨਾ ਕਰਕੇ ਸਭ ਕੁਝ ਬੰਦ ਰਿਹਾ ਹੈ। ਸੁਪਰੀਮ ਕੋਰਟ 'ਚ ਹੁਣ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ।"
ਉਨ੍ਹਾਂ ਦੁਹਰਾਇਆ ਕਿ ਸਹੀ ਸਮੇਂ 'ਤੇ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਵਾਪਸ ਮਿਲੇਗਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੂਬੇ ਵਿੱਚ ਗਲਤ ਅਫ਼ਵਾਹਾਂ ਨਾ ਫੈਲਾਈਆਂ ਜਾਣ, ਇਸ ਲਈ ਕੁਝ ਸਮੇਂ ਤੱਕ ਇੰਟਰਨੈੱਟ 'ਤੇ ਰੋਕ ਲਗਾਈ ਸੀ।
ਨਾਲ ਹੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਹੁਣ ਬਦਲ ਰਿਹਾ ਹੈ। ਇੱਥੇ ਪਹਿਲਾਂ ਸਿਰਫ਼ ਤਿੰਨ ਪਰਿਵਾਰਾਂ ਦੇ ਲੋਕ ਰਾਜ ਕਰ ਰਹੇ ਸਨ, ਹੁਣ ਆਮ ਲੋਕ ਇਸ 'ਤੇ ਰਾਜ ਕਰਨਗੇ।
ਰੋਹਤਕ ਦੇ ਕਾਲਜ ਵਿੱਚ ਫਾਈਰਿੰਗ: ਪਹਿਲਵਾਨਾਂ ਸਣੇ 5 ਮੌਤਾਂ, ਜਾਣੋ ਕੀ ਸੀ ਹਮਲੇ ਦੀ ਵਜ੍ਹਾ

ਤਸਵੀਰ ਸਰੋਤ, ANI
ਰੋਹਤਕ ਦੇ ਜਾਟ ਕਾਲਜ ਜੇ ਜਿਮਨੇਜ਼ੀਅਮ ਹਾਲ ਸ਼ੁੱਕਰਵਾਰ ਦੇਰ ਸ਼ਾਮ ਨੂੰ ਹੋਈ ਫਾਇਰਿੰਗ ਦੀ ਘਟਨਾ ਵਿੱਚ ਪੰਜ ਪਹਿਲਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਬੀਬੀਸੀ ਪੰਜਾਬੀ ਦੇ ਸਹਿਯੋਗੀਸਤ ਸਿੰਘ ਮੁਤਾਬਕ ਗੋਲੀ ਰੈਸਲਰਾਂ ਦੇ ਦੂਜੇ ਗਰੁੱਪ ਵੱਲੋਂ ਚਲਾਈ ਗਈ। ਬਾਕਸਰਾਂ ਦੀ ਆਪਸੀ ਲਾਗ-ਡਾਟ ਸੀ।
ਪ੍ਰਾਪਤ ਵੇਰਵਿਆਂ ਮੁਤਾਬਕ ਸੁਖਵਿੰਦਰ ਸਿੰਘ ਧੱਕੇ ਨਾਲ ਕਾਲਜ ਜਿਮਨੇਜ਼ੀਅਮ ਵਿੱਚ ਦਾਖ਼ਲ ਹੋਇਆ ਜਿੱਥੇ ਪਹਿਲਾਂ ਤੋਂ ਕੁਝ ਪਹਿਲਵਾਨ ਪ੍ਰੈਕਟਿਸ ਕਰ ਰਹੇ ਸਨ। ਸੁਖਵਿੰਦਰ ਸਿੰਘ ਨੇ ਅੰਦਰ ਆਉਂਦਿਆਂ ਹੀ ਮੁੱਖ ਕੋਚ ਮਨੋਜ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੋਲੀ ਮਾਰੀ।
ਜਦੋਂ ਮੌਕੇ 'ਤੇ ਮੌਜੂਦ ਹੋਰ ਲੋਕ ਮਨੋਜ ਨੂੰ ਬਚਾਉਣ ਆਏ ਤਾਂ ਸੁਖਵਿੰਦਰ ਸਿੰਘ ਨੇ ਗੋਲੀਆ ਉਨ੍ਹਾਂ ਵੱਲ ਮੋੜ ਦਿੱਤੀਆਂ। ਕਾਰਵਾਈ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਜਿਮਨੇਜ਼ੀਅਮ ਨੂੰ ਬੰਦ ਕਰ ਦਿੱਤਾ ਅਤੇ ਆਪਣੀ ਕਾਰ ਵਿੱਚ ਫਰਾਰ ਹੋ ਗਿਆ। ਸੂਤਰਾਂ ਮੁਤਾਬਕ ਉਸ ਨਾਲ ਛੇ ਜਣੇ ਹੋਰ ਸਨ।

ਤਸਵੀਰ ਸਰੋਤ, ANI
ਮੁਲਜ਼ਮ ਸੁਖਵਿੰਦਰ ਸਿੰਘ ਹਰਿਆਣੇ ਦੇ ਸੋਨੀਪਤ ਜ਼ਿਲ੍ਹੇ ਵਿੱਚ ਬਰੋਦਾ ਪਿੰਡ ਦਾ ਹੈ।
ਰੋਹਤਕ ਦੇ ਐੱਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਐੱਫ਼ਆਈਆਰ ਦਰਜ ਕਰ ਕੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਪੰਜ ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਜਦ ਕਿ ਦੋ ਹੋਰ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਹੈ ਜ਼ਖ਼ਮੀ ਹਨ। ਮੁਢਲੀ ਜਾਂਚ ਮੁਤਾਬਕ ਹਮਲੇ ਦੀ ਵਜ੍ਹਾ ਪੁਰਾਣੀ ਲਾਗਡਾਟ ਦੱਸੀ ਜਾ ਰਹੀ ਹੈ। ਮੁਲਜ਼ਮ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਐੱਫ਼ਾਈਆਰ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿੱਚੋਂ ਇੱਕ (ਕੋਚ) ਨੇ ਇੱਕ ਮਹਿਲਾ ਰੈਸਲਰ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਕਾਲਜ ਵਿੱਚ ਨਾ ਆਉਣ ਲਈ ਕਿਹਾ ਸੀ।
ਕਿਸਾਨਾਂ ਦੇ ਪ੍ਰਦਰਸ਼ਨ ਖ਼ਿਲਾਫ਼ ਪਾਈ ਗਈ ਪਟੀਸ਼ਨ ਸੁਪਰੀਮ ਕੋਰਟ ਨੇ ਕਿਉਂ ਕੀਤਾ ਖਾਰਿਜ
ਸੁਪਰੀਮ ਕੋਰਟ ਨੇ 12 ਸਮਾਜਿਕ ਕਾਰਕੁਨਾਂ ਵਲੋਂ ਪਾਈ ਗਈ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਪ੍ਰਦਰਸ਼ਨ ਕਰਨ ਦਾ ਹੱਕ ਕਿਸੇ ਨੂੰ ਕਿਸੇ ਵੀ ਵਕਤ ਅਤੇ ਕਿਸੇ ਵੀ ਥਾਂ ਨਹੀਂ ਦਿੱਤਾ ਜਾ ਸਕਦਾ ਹੈ।
ਨਾਲ ਹੀ ਅਦਾਲਤ ਨੇ ਓਪਨ ਕੋਰਟ 'ਚ ਇਸ ਮਾਮਲੇ ਨੂੰ ਲਿਸਟ ਕਰਨ ਤੋਂ ਵੀ ਇਨਕਾਰ ਕੀਤਾ ਹੈ।
ਦੱਸ ਦੇਇਏ ਕਿ 12 ਸਮਾਜਿਕ ਕਾਰਕੁਨਾਂ ਵਲੋਂ ਸਰਬਉੱਚ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਕੋਈ ਵੀ ਪ੍ਰਦਰਸ਼ਨ ਕਰਨ ਦਾ ਹੱਕ ਸਿਰਫ਼ ਨਿਸ਼ਚਿਤ ਕੀਤੀ ਗਈ ਥਾਂ 'ਤੇ ਮਿਲਣਾ ਚਾਹੀਦਾ ਹੈ। ਇਹ ਪਟੀਸ਼ਨ ਸੁਪਰੀਮ ਕੋਰਟ ਦੇ ਅਕਤੂਬਰ ਮਹੀਨੇ 'ਚ ਲਏ ਗਏ ਫੈਸਲੇ ਦੀ ਰਿਵੀਊ ਪਟੀਸ਼ਨ ਸੀ।
ਸੁਪਰੀਮ ਕੋਰਟ ਨੇ ਆਪਣੇ ਆਰਡਰ 'ਚ ਕਿਹਾ, "ਪ੍ਰਦਰਸ਼ਨ ਕਰਨ ਦਾ ਹੱਕ ਕਿਸੇ ਵੀ ਵੇਲੇ ਜਾਂ ਕਿਸੇ ਵੀ ਥਾਂ ਨਹੀਂ ਮਿਲ ਸਕਦਾ। ਪਰ ਇੱਕ ਲੰਮੇ ਸੰਘਰਸ਼ ਦਾ ਹੱਕ ਵੀ ਅਸੀਂ ਲੋਕਾਂ ਤੋਂ ਨਹੀਂ ਖੋਹ ਸਕਦੇ।"

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














