ਅਮਰੀਕਾ ਦੇ ਕੈਪੀਟਲ ਹਿਲ ’ਚ ਹੋਈ ਹਿੰਸਾ ਦੌਰਾਨ ਮਾਰੇ ਪੁਲਿਸ ਅਫ਼ਸਰ ਦੇ ਸਨਮਾਨ ’ਚ ਝੁਕੇ ਝੰਡੇ, ਜਾਣੋ ਕਿੱਥੇ ਰਹਿ ਗਈਆਂ ਸੁਰੱਖਿਆ ’ਚ ਖਾਮੀਆਂ

ਤਸਵੀਰ ਸਰੋਤ, EPA
ਅਮਰੀਕਾ ਵਿੱਚ ਹਾਊਸ ਸਪੀਕਰ ਨੈਨਸੀ ਪੈਲੋਸੀ ਨੇ ਪੁਲਿਸ ਅਫ਼ਸਰ ਬਰਾਇਨ ਸਿਕਨਿਕ ਦੇ ਸਨਮਾਨ ਵਿੱਚ ਅੱਧਾ ਝੁਕਾਉਣ ਦਾ ਹੁਕਮ ਜਾਰੀ ਕੀਤਾ ਹੈ।
ਬੁੱਧਵਾਰ ਨੂੰ ਹੋਈ ਹਿੰਸਕ ਘਟਨਾ ਵਿੱਚ ਜ਼ਖਮੀ ਹੋਏ ਪੁਲਿਸ ਅਫਸਰ ਸਿਕਨੀਕ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਵੀਰਵਾਰ ਸ਼ਾਮ ਨੂੰ ਹੋਈ ਸੀ।
ਪੈਲੋਸੀ ਦੇ ਡਿਪਟੀ ਚੀਫ ਆਫ ਸਟਾਫ ਡਿਰਿਊ ਹੈਮਿਲ ਨੇ ਇਸ ਦੀ ਪੁਸ਼ਟੀ ਟਵਿੱਟਰ 'ਤੇ ਕੀਤੀ ਹੈ।
ਇਹ ਵੀ ਪੜ੍ਹੋ:
ਕੈਪੀਟਲ ਹਿਲ ਵਿੱਚ ਟਰੰਪ ਪੱਖੀ ਇੰਨੇ ਸੌਖੇ ਕਿਵੇਂ ਵੜ ਗਏ
ਹਾਲੇ ਅਮਰੀਕਾ ਆਪਣੀ ਕੇਂਦਰੀ ਇਮਾਰਤ ਕੈਪੀਟਲ ਹਿਲ ਵਿੱਚ ਟਰੰਪ ਪੱਖੀਆਂ ਵੱਲੋਂ ਮਚਾਏ ਖਰੂਦ ਦੇ ਸਦਮੇ ਵਿੱਚ ਹੀ ਸੀ ਕਿ ਹੁਣ ਉਨ੍ਹਾਂ ਦੇ ਇਸ ਵਿੱਚ ਸਫ਼ਲ ਹੋ ਜਾਣ ਮਗਰੋਂ ਸੁਰੱਖਿਆ ਖ਼ਾਮੀਆਂ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਪੇਸ਼ ਹੈ ਇਸ ਬਾਰੇ ਬੀਬੀਸੀ ਪੱਤਰਕਾਰ ਕੈਲੀ-ਲੀ ਕੂਪਰ ਦਾ ਵਿਸ਼ਲੇਸ਼ਣ
ਕਈ ਇਸ ਘਟਨਾਕ੍ਰਮ ਨੂੰ ਸਮਝ ਤੋਂ ਬਾਹਰ ਦਸਦੇ ਹਨ ਕਿ ਹਜ਼ਾਰਾਂ ਟਰੰਪ ਪੱਖੀ ਦੇਸ਼ ਦੀ ਸਭ ਤੋਂ ਅਹਿਮ ਇਤਿਹਾਸਕ ਅਤੇ ਸਿਆਸੀ ਇਮਾਰਤ ਵਿੱਚ ਘੁਸਣ ਵਿੱਚ ਉਸ ਸਮੇਂ ਸਫ਼ਲ ਹੋ ਗਏ ਜਦੋਂ ਚੁਣੇ ਹੋਏ ਨੁਮਾਇੰਦੇ ਜੋਅ ਬਾਇਡਨ ਦੀ ਚੋਣਾਂ ਵਿੱਚ ਜਿੱਤ ਨੂੰ ਪ੍ਰਮਾਣਿਤ ਕਰਨ ਲਈ ਸੰਸਦ ਦੀ ਮੀਟਿੰਗ ਚੱਲ ਰਹੀ ਸੀ।
ਤਸਵੀਰਾਂ ਅਤੇ ਫੁਟੇਜ ਹਜੂਮ ਵੱਲੋਂ ਇਮਾਰਤ ਅੰਦਰ ਮਚਾਏ ਖੂਰਦ ਦੀ ਗਵਾਹੀ ਭਰਦੀਆਂ ਹਨ। ਕਈ ਟਰੰਪ ਪੱਖੀ ਤਸਵੀਰਾਂ ਲੈ ਰਹੇ ਸਨ ਅਤੇ ਆਪਣੀਆਂ ਸਰਗਰਮੀਆਂ ਨੂੰ ਲਾਈਵ ਦਿਖਾ ਰਹੇ ਸਨ। ਜਦਕਿ ਹੋਰ ਅਮਰੀਕੀ ਲੋਕਤੰਤਰ ਦੇ ਚਿੰਨ੍ਹਾਂ ਨੂੰ ਤਬਾਹ ਕਰਨ ਅਤੇ ਲੁੱਟਣ ਵਿੱਚ ਮਸਰੂਫ਼ ਸਨ।
ਇਹ ਸਾਰਾ ਹੰਗਾਮਾ ਦੁਨੀਆਂ ਦੇ ਕਈ ਟੀਵੀ ਚੈਨਲਾਂ ਉੱਪਰ ਲਾਈਵ ਦਿਖਾਇਆ ਗਿਆ। ਇਸ ਦੇ ਨਾਲ ਹੀ ਸ਼ੁਰੂ ਹੋਈ ਕੈਪੀਟਲ ਪੁਲਿਸ ਦੀ ਮੁਸਤੈਦੀ ਅਤੇ ਤਿਆਰੀ ਬਾਰੇ ਬਹਿਸ। ਕੈਪੀਟਲ ਪੁਲਿਸ ਵਿੱਚ 2000 ਕਰਮਚਾਰੀ ਹਨ ਜਿਨ੍ਹਾਂ ਦਾ ਜ਼ਿੰਮਾ ਇਸ ਇਮਾਰਤ ਅਤੇ ਇਸ ਦੇ ਮੈਦਾਨਾਂ ਦੀ ਸੁਰੱਖਿਆ ਕਰਨਾ ਹੈ।
ਜਦੋਂ ਹਜੂਮ ਦਾਖ਼ਲ ਹੋਇਆ ਤਾਂ ਕੁਝ ਸਾਂਸਦਾਂ ਨੂੰ ਕੁਰਸੀਆਂ ਥੱਲੇ ਲੁਕਣਾ ਪਿਆ ਅਤੇ ਅੱਥਰੂ ਗੈਸ ਤੋਂ ਬਚਾਅ ਕਰਨ ਲਈ ਗੈਸ ਮਾਸਕ ਪਾਉਣੇ ਪਏ। ਦੰਗਾਈਆਂ ਨੂੰ ਖਦੇੜ ਕੇ ਇਮਾਰਤ ਨੂੰ ਸੁਰੱਖਿਅਤ ਐਲਾਨਣ ਵਿੱਚ ਕਈ ਘੰਟਿਆਂ ਦਾ ਸਮਾਂ ਲੱਗ ਗਿਆ।
ਅਫ਼ਰਾ-ਤਫ਼ਰੀ ਦੀ ਗੰਭੀਰਤਾ ਅਤੇ ਪੱਧਰ ਦੇ ਬਾਵਜੂਦ ਬੁੱਧਵਾਰ ਦੀ ਰਾਤ ਤੱਕ ਬਹੁਤ ਘੱਟ ਗਿਰਫ਼ਤਾਰੀਆਂ ਕੀਤੀਆਂ ਗਈਆਂ।
ਸੁਰੱਖਿਆ ਵਿੱਚ ਕੀ ਕਥਿਤ ਕਮੀਆਂ ਰਹੀਆਂ?

ਤਸਵੀਰ ਸਰੋਤ, AFP
ਆਲੋਚਨਾ ਦਾ ਕੇਂਦਰ ਤਾਂ ਕੈਪੀਟਲ ਪੁਲਿਸ ਦੀ ਢਿੱਲੀ ਤਿਆਰ ਬਣੀ ਹੋਈ ਹੈ। ਸੋਸ਼ਲ ਮੀਡੀਆ ਉੱਪਰ ਫੈਲੀਆਂ ਵੀਡੀਓਜ਼ ਦਿਖਾਉਂਦੀਆਂ ਹਨ ਕਿ ਕਿਵੇਂ ਹਜੂਮ ਨੇ ਸੌਖਿਆਂ ਹੀ ਪੁਲਿਸ ਦੀ ਕਤਾਰ ਵਿੱਚ ਸੰਨ੍ਹ ਲਾ ਦਿੱਤਾ।
ਕੁਝ ਨੇ ਤਾਂ ਸੰਜੋਆਂ ਪਾਈਆਂ ਹੋਈਆਂ ਸਨ, ਹਥਿਆਰ ਲਹਿਰਾ ਰਹੇ ਸਨ ਅਤੇ ਉਨ੍ਹਾਂ ਕੋਲ ਰਸਾਇਣਕ ਸਪਰੇਆਂ ਵੀ ਸਨ।
ਘੰਟਿਆਂ ਤੱਕ ਚੱਲੀ ਹਿੰਸਾ ਤੋਂ ਬਾਅਦ ਵੀਡੀਓ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੰਗਾਈਆਂ ਨੂੰ ਬਿਨਾਂ ਗਿਰਫ਼ਤਾਰੀ ਦੇ ਇਮਾਰਤ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:-
ਉਨ੍ਹਾਂ ਦੀ ਪੌੜੀਆਂ ਉਤਰਨ ਵਿੱਚ ਮਦਦ ਕੀਤੀ ਜਾ ਰਹੀ ਹੈ ਅਤੇ ਨਿਕਲਣ ਦੇਣ ਲਈ ਦਰਵਾਜ਼ੇ ਖੋਲ੍ਹ ਕੇ ਰੱਖੇ ਗਏ ਦੇਖੇ ਜਾ ਸਕਦੇ ਹਨ। ਇੱਕ ਹੋਰ ਵਾਇਰਲ ਫ਼ੋਟੋ ਵਿੱਚ ਇੱਕ ਪੁਲਿਸ ਵਾਲਾ ਇੱਕ ਵਿਅਕਤੀ ਨਾਲ ਸੈਲਫ਼ੀ ਖਿਚਾ ਰਿਹਾ ਹੈ।
ਇੱਕ ਸੱਜੇ ਪੱਖੀ ਸਮੂਹ ਪਰਾਊਡ ਬੌਇਜ਼ ਦੇ ਮੈਂਬਰ ਨਿਕ ਊਚਸ ਨੇ ਇਮਾਰਤ ਦੇ ਅੰਦਰੋਂ ਆਪਣੀ ਇੱਕ ਸੈਲਫ਼ੀ ਟਵੀਟ ਕੀਤੀ।
ਉਨ੍ਹਾਂ ਨੇ ਬਾਅਦ ਵਿੱਚ ਸੀਐੱਨਐੱਨ ਨੂੰ ਦੱਸਿਆ, "ਅੰਦਰ ਹਜ਼ਾਰਾਂ ਲੋਕ ਸਨ- ਉਨ੍ਹਾਂ ਦਾ ਸਥਿਤੀ ਉੱਪਰ ਕੋਈ ਕੰਟਰੋਲ ਨਹੀਂ ਸੀ। ਮੈਨੂੰ ਨਾ ਰੋਕਿਆ ਗਿਆ ਤੇ ਨਾ ਕੁਝ ਪੁੱਛਿਆ ਗਿਆ।"
ਇੱਕ ਤਸਵੀਰ ਵਿੱਚ ਇੱਕ ਦੰਗਾਈ ਨੂੰ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਦੇ ਦਫ਼ਤਰ ਵਿੱਚ ਮੇਜ਼ ਉੱਪਰ ਲੱਤਾਂ ਰੱਖ ਕੇ ਬੈਠਿਆਂ ਦੇਖਿਆ ਜਾ ਸਕਦਾ ਹੈ। ਉਸ ਨੇ ਦਫ਼ਤਰ ਵਿੱਚੋਂ ਚੋਰੀ ਕੀਤਾ ਇੱਕ ਪੱਤਰ ਵੀ ਖੁੱਲੇਆਮ ਬਾਹਰ ਦਿਖਾਇਆ।
ਇੱਕ ਵਿਅਕਤੀ ਨੇ ਕਨਫੈਡਰੇਟ ਝੰਡਾ ਮੋਢੇ ਉੱਪਰ ਚੁੱਕ ਕੇ ਪਰੇਡ ਕੀਤੀ ਤਾਂ ਇੱਕ ਹੋਰ ਜਾਣੇ-ਪਛਾਣੇ ਸਾਜਿਸ਼ੀ ਸਿਧਾਂਤਕਾਰ ਸਿਰ 'ਤੇ ਸਿੰਗ, ਫ਼ਰ ਪਾ ਕੇ ਅਤੇ ਮੂੰਹ ਰੰਗ ਕੇ ਘੁੰਮ ਰਿਹਾ ਸੀ। ਉਸ ਨੂੰ ਵੀ ਉਪ ਰਾਸ਼ਟਰਪਤੀ ਮਾਈਕ ਪੈਨਸ ਦੀ ਕੁਰਸੀ ਉੱਪਰ ਬੈਠਿਆਂ ਦੇਖਿਆ ਗਿਆ।

ਤਸਵੀਰ ਸਰੋਤ, Getty Images
ਬਹੁਤ ਸਾਰੇ ਲੋਕ ਤਾਂ ਇੰਨੇ ਬੇਖ਼ੌਫ਼ ਸਨ ਕਿ ਉਨ੍ਹਾਂ ਨੇ ਆਪਣੇ ਚਿਹਰੇ ਢਕਣੇ ਵੀ ਜ਼ਰੂਰੀ ਨਹੀਂ ਸਮਝੇ।
ਸਿਆਸਤਦਾਨਾਂ ਨੇ ਪੁਲਿਸ ਬਾਰੇ ਕੀ ਕਿਹਾ?
ਹੁਣ ਕਈ ਸਾਂਸਦਾਂ ਨੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਨੂੰ ਬਾਹਰ ਦਾ ਰਾਹ ਦਿਖਾਉਣ ਲਈ ਦਬਾਅ ਪਾਇਆ ਹੈ।
ਚੱਕ ਸ਼ੂਮਰ ਨੇ ਕਿਹਾ ਕਿ ਸੈਨੇਟ ਡੈਮੇਕ੍ਰੇਟ ਲੀਡਰ ਬਣਨ ਤੋਂ ਬਾਅਦ ਉਹ ਸੈਨੇਟ ਸਾਰਜੈਂਟ ਐਟ ਆਰਮਜ਼ ਮਾਈਕ ਸਟੈਂਗਰ ਨੂੰ ਹਟਾਉਣਗੇ।

ਤਸਵੀਰ ਸਰੋਤ, Getty Images
ਇਸੇ ਤਰ੍ਹਾਂ ਹਾਊਸ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਹਾਊਸ ਸਾਰਜੈਂਟ ਐਟ ਆਰਮਜ਼ ਪੌਲ ਇਰਵਿੰਗ ਦੀ ਨੌਕਰੀ ਜਾਵੇਗੀ।
ਜਦੋਂ ਇਸ ਸਾਰੀ ਗਹਿਮਾ ਗਹਿਮੀ ਚੱਲ ਰਹੀ ਸੀ ਤਾਂ ਇਸ ਗੱਲ ਬਾਰੇ ਵੀ ਭੰਭਲਭੂਸਾ ਸੀ ਕਿ ਹੋਰ ਸੁਰੱਖਿਆ ਦਸਤਿਆਂ ਨੂੰ ਕਦੋਂ ਅਤੇ ਕੀ ਮਦਦ ਲਈ ਸੱਦਿਆ ਜਾਵੇ।
ਅਮਰੀਕਾ ਦੇ ਕਈ ਖ਼ਬਰ ਅਦਾਰਿਆਂ ਨੇ ਸੀਨੀਅਰ ਸੂਤਰਾਂ ਦੇ ਹਵਾਲੇ ਨਾਲ ਸੁਝਾਇਆ ਕਿ ਰਾਸ਼ਟਰਪਤੀ ਟਰੰਪ ਦੇ ਕਥਿਤ ਜੱਕੋ-ਤੱਕੋ ਕਰਨ ਤੋਂ ਬਾਅਦ ਉਪ ਰਾਸ਼ਟਰਪਤੀ ਮਾਈਕ ਪੈਨਸ ਨੇ ਡੀਸੀ ਨੈਸ਼ਨਲ ਗਾਰਡ ਨੂੰ ਸੱਦਣ ਦੀ ਪ੍ਰਵਾਨਗੀ ਦੇਣੀ ਸੀ
ਜੇ ਇਹ ਸੱਚ ਹੈ ਤਾਂ ਇਹ ਬਲੈਕ ਲਾਈਵਜ਼ ਮੈਟਰ ਦੇ ਮੁਜ਼ਾਹਰਾਕਾਰੀਆਂ ਉੱਪਰ ਵਰਤੀ ਗਈ ਤਾਕਤ ਦੇ ਉਸ ਮਿਸਾਲ ਦੇ ਬਿਲਕੁਲ ਉਲਟ ਹੈ।
ਉਸ ਸਮੇਂ ਇਨ੍ਹਾਂ ਖਰੂਦੀਆਂ ਦੇ ਬਿਲਕੁਲ ਉਲਟ ਪ੍ਰਦਰਸ਼ਨਕਾਰੀਆਂ ਉੱਪਰ ਅੱਥਰੂ ਗੈਸ ਵਰਤੀ ਗਈ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ।
ਬੀਬੀਸੀ ਦੇ ਸੁਰੱਖਿਆ ਪੱਤਰਕਾਰ ਗੌਰਡਨ ਕੋਰੇਰਾ ਮੁਤਾਬਕ ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਕਿਵੇਂ ਸੁਰੱਖਿਆ ਨਾਲ ਜੁੜੇ ਫ਼ੈਸਲਿਆਂ ਦਾ ਸਿਆਸੀਕਰਨ ਹੋ ਚੁੱਕਿਆ ਹੈ।
ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਇਸ ਘਟਨਾਕ੍ਰਮ ਕਾਰਨ ਅਸੀਂ ਦੇਸ਼ ਵਿੱਚ ਜਸਟਿਸ ਸਿਸਟਮ ਦੇ ਹੋ ਚਿਹਰੇ ਦੇਖੇ ਹਨ।

ਤਸਵੀਰ ਸਰੋਤ, Getty Images
"ਇੱਕ ਜਿਸ ਨੇ ਕੱਲ ਕੱਟੜਪੰਥੀਆਂ ਨੂੰ ਅਮਰੀਕਾ ਦੀ ਕੈਪੀਟਲ ਵਿੱਚ ਵੜਨ ਦਿੱਤਾ ਅਤੇ ਦੂਜਾ ਜਿਸ ਨੇ ਪਿਛਲੀਆਂ ਗਰਮੀਆਂ ਵਿੱਚ ਸ਼ਾਂਤ ਮਈ ਮੁਜ਼ਾਹਰਾਕਾਰੀਆਂ ਉੱਪਰ ਅੱਥਰੂ ਗੈਸ ਛੱਡੀ ਸੀ। ਇਸ ਨੂੰ ਕਤਈ ਪ੍ਰਵਾਨ ਨਹੀਂ ਕੀਤਾ ਜਾ ਸਕਦਾ।"
ਬ੍ਰਿਟਿਸ਼ ਸਰਕਾਰ ਦੇ ਸਲਾਹਕਾਰ ਅਤੇ ਹਜੂਮ ਉੱਪਰ ਪੁਲਿਸ ਕਾਰਵਾਈ ਦੇ ਮਾਹਰ ਕਲਿਫ਼ਰਡ ਸਕੌਟ ਨੇ ਕਿਹਾ ਕਿ ਬੁੱਧਵਾਰ ਨੂੰ ਵਾਸ਼ਿੰਗਟਨ ਵਿੱਚ ਦੇਖੀਆਂ ਗਈਆਂ ਇਨ੍ਹਾਂ "ਅਹਿਮ ਅਤੇ ਨਮੋਸ਼ੀ ਵਾਲੀਆਂ ਪੁਲਿਸ ਨਾਕਾਮੀਆਂ" ਬਾਰੇ ਸਵਾਲ ਚੁੱਕੇ ਜਾਣਗੇ।
ਫ਼ਿਲਹਾਲ ਪ੍ਰੋਫ਼ੈਸਰ ਸਕੌਟ ਸਿਆਟਲ ਵਿੱਚ ਬਲੈਕ ਲਾਈਵਜ਼ ਮੈਟਰ ਮੁਜ਼ਾਹਰਿਆਂ ਦੌਰਾਨ ਪੁਲਿਸ ਦੀ ਭੂਮਿਕਾ ਦਾ ਵਿਸ਼ਲੇਸ਼ਣ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਭ ਵਿੱਚ ਟਰੰਪ ਪੱਖੀਆਂ ਵੱਲੋਂ ਕਿਸੇ ਵੀ ਸੰਭਾਵਿਤ ਹਮਲੇ ਪ੍ਰਤੀ ਬੇਤਿਆਰੀ ਨਜ਼ਰ ਆਉਂਦੀ ਹੈ।
"ਇਹ ਪੇਸ਼ੇਨਗੋਈ ਕਰ ਸਕਣ ਵਿੱਚ ਨਾਕਾਮੀ ਸੀ ਜਿਸ ਕਾਰਨ ਉਹ ਦਗੋਂ ਇਹ ਵਾਪਰਿਆ ਉਹ ਤਿਆਰ ਨਹੀਂ ਸਨ।"
"ਇਹ ਪ੍ਰਕਿਰਿਆ ਦੀ ਗੁੰਝਲਤਾਈ ਬਾਰੇ ਹੀ ਨਹੀਂ ਹੈ ਸਗੋਂਰਿਸਕ ਅਸੈਸਮੈਂਟ ਦਾ ਵੀ ਮਾੜਾ ਪੱਧਰ ਦਰਸਾਉਂਦਾ ਹੈ ਕਿ ਕੀ ਹੋਰ ਸਾਧਨ ਲੋੜੀਂਦੇ ਹੋਣਗੇ।"
ਪੁਲਿਸ ਦਾ ਕੀ ਕਹਿਣਾ ਹੈ?

ਤਸਵੀਰ ਸਰੋਤ, EPA
ਵੀਰਵਾਰ ਨੂੰ ਕੈਪੀਟਲ ਪੁਲਿਸ ਦੇ ਮੁਖੀ ਸਟੀਵਨ ਸੂੰਡ ਨੇ ਪੁਸ਼ਟੀ ਕੀਤੀ ਕਿ ਹਿੰਸਾ ਵਿੱਚ 50 ਤੋਂ ਵਧੇਰੇ ਪੁਲਿਸ ਵਾਲੇ ਜ਼ਖ਼ਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਦੀ ਭੀੜ ਨਾਲ ਸਾਹਮਣਾ ਹੋਣ 'ਤੇ ਬਹਾਦਰੀ ਨਾਲ ਸਾਹਮਣਾ ਕੀਤਾ।
"ਅਮਰੀਕੀ ਕੈਪੀਟਲ ਉੱਪਰ ਹਿੰਸਕ ਹਮਲੇ ਵਰਗਾ ਆਪਣੀ ਤੀਹ ਸਾਲ ਦੀ ਨੌਕਰੀ ਦੌਰਾਨ ਇੱਥੇ ਵਾਸ਼ਿੰਗਟਨ ਡੀਸੀ ਵਿੱਚ ਮੈਂ ਹੋਰ ਕੁਝ ਨਹੀਂ ਦੇਖਿਆ।"
ਆਪਣੇ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕੈਪੀਟਲ ਪੁਲਿਸ ਆਪਣੇ ਸੁਰੱਖਿਆ ਵਿਉਂਤਬੰਦੀ ਅਤੇ ਪ੍ਰਕਿਰਿਆਵਾਂ ਸਮੇਤ ਘਟਨਾਕ੍ਰਮ ਦਾ ਡੂੰਘਾ ਰਿਵੀਊ ਕਰ ਰਹੀ ਹੈ।
ਹਿੰਸਾ ਬਾਰੇ ਪਹਿਲਾਂ ਤੋਂ ਪਤਾ ਸੀ?
ਚੋਣ ਨਤੀਜਿਆਂ ਨੂੰ ਪ੍ਰਮਾਣਿਤ ਕੀਤੇ ਜਾਣ ਮੌਕੇ ਟਰੰਪ ਪੱਖੀਆਂ ਦਾ ਇਕੱਠੇ ਹੋਣਾ ਅਣਚਿਤਵਿਆ ਨਹੀਂ ਸੀ। ਮੁਜ਼ਾਹਰੇ ਦੀ ਵਿਉਂਤ ਪਹਿਲਾਂ ਤੋਂ ਬਣੀ ਹੋਈ ਸੀ। ਜਿਸ ਦੇ ਪਿਛੋਕੜ ਵਿੱਚ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਕੁਝ ਰਿਪਬਲਿਕਨ ਸਾਥੀਆਂ ਵੱਲੋਂ ਚੋਣ ਗੜਬੜੀਆਂ ਬਾਰੇ ਫੈਲਾਈਆਂ ਜਾ ਰਹੀਆਂ ਗੱਲਾਂ ਸਨ। ਉਹ ਕਹਿ ਰਹੇ ਸਨ ਕਿ ਨਤੀਜਿਆਂ ਨੂੰ ਲਾਂਭੇ ਰੱਖਿਆ ਜਾਵੇ।
ਪ੍ਰੋਫ਼ੈਸਰ ਸਕੌਟ ਜੋ ਕਿ ਹਜੂਮੀ ਮਨੋਵਿਗਿਆਨ ਉੱਪਰ ਆਪਣੇ ਖੋਜ ਕਾਰਜ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਦਿਲਚਸਪ ਗੱਲ ਇਹ ਸੀ ਦੰਗਾਈਆਂ ਵਿੱਚ ਖ਼ੁਸ਼ੀ ਦਾ ਭਾਵ ਸੀ ਜਦ ਕਿ ਉਹ ਖੁੱਲ੍ਹੇਆਮ ਜੁਰਮ ਕਰ ਰਹੇ ਸਨ।
ਹਜੂਮ ਨੂੰ ਸਪਸ਼ਟ ਸੀ ਕਿ ਉਹ ਜੋ ਕਰ ਰਹੇ ਸਨ, ਸਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਧਾਰਨਾ ਸੀ ਕਿ ਉਨ੍ਹਾਂ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੇ ਕਮਾਂਡਰ ਇਨ ਚੀਫ਼ ਹੁੰਦਿਆਂ ਉਨ੍ਹਾਂ ਨੂੰ ਜਾ ਕੇ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ।"
"ਅਤੇ ਇਹ ਸਮਝ ਕੇ ਕੈਪੀਟਲ ਹਿਲ ਉੱਪਰ ਵੀ ਭਰਿਸ਼ਟਾਚਾਰ ਨੇ ਗਲਬਾਪਾ ਲਿਆ ਗਿਆ ਸੀ।"
ਕਈ ਦਿਨਾਂ (ਜਾਂ ਹਫ਼ਤਿਆਂ ਅਤੇ ਮਹੀਨਿਆਂ) ਤੋਂ ਟਰੰਪ ਪੱਖੀਆਂ ਦੇ ਰੱਦੋਅਮਲ ਉੱਪਰ ਨਿਗ੍ਹਾ ਰੱਖਣ ਵਾਲੇ ਲੋਕ ਇਸ ਦੇ ਸੰਕੇਤ ਦੇ ਰਹੇ ਸਨ ਕਿ ਕੈਪੀਟਲ ਹਿਲ ਉੱਪਰ ਚੋਣ ਨਤੀਜਿਆਂ ਨੂੰ ਲੈ ਕੇ ਹਿੰਸਾ ਹੋ ਸਕਦੀ ਹੈ।
ਕੁਝ ਟਰੰਪ ਪੱਖੀ 6 ਜਨਵਰੀ 2012 ਦੇ ਨੇੜੇ ਸਿਵਲ ਵਾਰ ਲਿਖੀਆਂ ਟੀ-ਸ਼ਰਟਾਂ ਪਾ ਕੇ ਘੁੰਮਦੇ ਦੇਖੇ ਗਏ ਸਨ।

ਤਸਵੀਰ ਸਰੋਤ, Getty Images
ਕੀ ਦੰਗਾਈਆਂ ਉੱਪਰ ਕਾਨੂੰਨੀ ਕਾਰਵਾਈ ਹੋਵੇਗੀ?
ਉੱਪ ਰਾਸ਼ਟਰਪਤੀ ਮਾਈਕ ਪੈਨਸ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਹੈ।
ਇਸ ਸਥਿਤੀ ਵਿੱਚ ਦੇਖਿਆ ਜਾਵੇ ਤਾਂ ਹਜੂਮ ਵਿੱਚ ਸ਼ਾਮਲ ਲੋਕਾਂ ਦੇ ਸੰਕੀ ਵਿਹਾਰ ਅਤੇ ਉਪਲਭਦ ਤਸਵੀਰਾਂ ਅਤੇ ਫੁਟੇਜ ਕਾਰਨ ਸਬੂਤਾਂ ਦੀ ਤਾਂ ਕੋਈ ਕਮੀ ਨਹੀਂ ਹੋਵੇਗੀ।
ਫੇਸਬੁੱਕ ਨੇ ਹਾਲਾਂ ਕਿ ਹਿੰਸਾ ਭਰਕਾਉਣ ਵਾਲੀਆਂ ਵੀਡੀਓਜ਼ ਨੂੰ ਹਟਾ ਦਿੱਤਾ ਹੈ ਪਰ ਕੁਝ ਓਪਨ-ਸੋਰਸ ਇਨਵੈਸਟੀਗੇਟਰਾਂ ਨੇ ਪੁਲਿਸ ਨੂੰ ਆਰਕਾਈਵਡ ਫੁਟੇਜ ਮੁਹਈਆ ਕਰਨ ਲਈ ਪਹੁੰਚ ਕੀਤੀ ਹੈ ਤਾਂ ਜੋ ਲੋਕਾਂ ਦੀ ਪਛਾਣ ਹੋ ਸਕੇ। ਹਾਲਾਂ ਕਿ ਵਾਇਰਲ ਵੀਡੀਓ ਵਿੱਚ ਜੋ ਲੋਕ ਦੇਖੇ ਜਾ ਸਕਦੇ ਹਨ ਉਨ੍ਹਾਂ ਵਿੱਚੋਂ ਕੁਝ ਜਾਣੇ-ਪਛਾਣੇ ਸੱਜੇ ਪੱਖੀ ਚਿਹਰੇ ਹਨ। ਕੁਝ ਦਾ ਸੰਬੰਧ QAnon ਅਤੇ ਹੋਰ ਸੰਬੰਧਿਤ ਸਾਜਿਸ਼ੀ ਸਿਧਾਂਤਕਾਰ ਸਮੂਹਾਂ ਨਾਲ ਹੈ।
ਕੈਪੀਟਲ ਪੁਲਿਸ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਲੋਕਾਂ ਦੀ ਸ਼ਨਾਖ਼ਤ ਕਰਨ ਲਈ ਸਰਵੀਲੈਂਸ ਸਮੱਗਰੀ ਨੂੰ ਵਾਚ ਰਹੇ ਹਨ ਤਾਂ ਜੋ ਸ਼ਾਮਲ ਲੋਕਾਂ ਉਪਰ ਕਰਿਮੀਨਲ ਚਾਰਜ਼ ਬਣਾਏ ਜਾ ਸਕਣ।
ਕਾਨੂੰਨੀ ਮਾਹਰਾਂ ਮੁਤਾਬਕ ਕੁਝ ਲੋਕਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਉੱਪਰ ਬਹੁਤ ਘੱਟ ਲੱਗਣ ਵਾਲੇ ਦੇਸ਼ਧ੍ਰੋਹ ਅਤੇ ਸਾਜਿਸ਼ ਦੇ ਇਲਜ਼ਾਮ ਲੱਗ ਸਕਦੇ ਹਨ। ਇਸ ਲਈ ਫੈਡਰਲ ਕਾਨੂੰਨਾਂ ਤਹਿਤ ਵੀਹ ਸਾਲੀ ਹੋ ਸਕਦੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















