US Election Result : ਕਸ਼ਮੀਰ ਤੇ CAA 'ਤੇ ਮੋਦੀ ਆਲੋਚਕ ਬਾਇਡਨ ਦੀ ਜਿੱਤ ਦਾ ਭਾਰਤ ਸਣੇ ਦੁਨੀਆਂ 'ਤੇ ਕੀ ਅਸਰ ਰਹੇਗਾ

ਅਮਰੀਕਾ

ਤਸਵੀਰ ਸਰੋਤ, Getty Images

ਆਖ਼ਰਕਾਰ ਜਿਵੇਂ ਬੀਬੀਸੀ ਦੇ ਕਿਆਸਾਂ ਮੁਤਾਬਕ ਕੁਝ ਦਿਨਾਂ ਦੀ ਉਘੜਧੁੰਮੀ ਤੋਂ ਬਾਅਦ ਜੋਅ ਬਾਇਡਨ ਆਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਜਿੱਤ ਹੀ ਗਏ।

ਡੋਨਲਡ ਟਰੰਪ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਅਮਰੀਕਾ ਦੇ ਦੁਨੀਆਂ ਨਾਲ ਰਿਸ਼ਤਿਆਂ ਵਿੱਚ ਵੱਡੀ ਤਬਦੀਲੀ ਆਈ ਹੈ।

ਬੀਜ਼ਿੰਗ ਤੋਂ ਬਰਲਿਨ ਤੱਕ ਬਾਇਡਨ ਦੀ ਜਿੱਤ ਨੂੰ ਕਿਵੇਂ ਵੇਖਿਆ ਜਾ ਰਿਹਾ ਹੈ ਅਤ ਵੱਖ ਵੱਖ ਦੇਸਾਂ ਦੇ ਅਮਰੀਕਾ ਨਾਲ ਸੰਬੰਧਾਂ 'ਤੇ ਅਸਰ ਬਾਰੇ ਵੀ ਦੁਨੀਆਂ ਦੇ ਹਰ ਕੋਨੇ ਤੋਂ ਬੀਬੀਸੀ ਦੇ ਪੱਤਰਕਾਰਾਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ:

ਗ੍ਰਾਫਿਕਸ

ਦਿੱਲੀ ਤੋਂ ਰਾਜਿਨੀ ਵੈਦਿਆਨਾਥਨ ਲਿਖਦੇ ਹਨ, ਕਮਲਾ ਹੈਰਿਸ ਦੇ ਭਾਰਤੀ ਮੂਲ ਦੀ ਹੋਣਾ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ, ਪਰ ਸ਼ਾਇਦ ਨਰਿੰਦਰ ਮੋਦੀ ਨੂੰ ਬਾਇਡਨ ਵੱਲੋਂ ਟਰੰਪ ਦੇ ਮੁਕਾਬਲੇ ਕੁਝ ਠੰਡਾ ਹੁੰਗਾਰਾ ਮਿਲੇ।

ਭਾਰਤ ਅਮਰੀਕਾ ਦਾ ਲੰਬੇ ਸਮੇਂ ਤੋਂ ਮਹੱਤਵਪੂਰਨ ਸਹਿਯੋਗੀ ਰਿਹਾ ਹੈ ਅਤੇ ਬਾਇਡਨ ਦੇ ਰਾਸ਼ਟਰਪਤੀ ਬਣਨ ਨਾਲ ਸਾਥ ਦੇ ਇਸ ਸਫਰ ਦੀ ਦਿਸ਼ਾ ਤਕਰੀਬਨ ਉਹੀ ਰਹੇਗੀ।

ਚੀਨ ਦੇ ਉਭਾਰ ਨੂੰ ਰੋਕਣ ਅਤੇ ਆਲਮੀ ਦਹਿਸ਼ਤਗਰਦੀ ਵਿਰੁੱਧ ਲੜਾਈ ਵਿੱਚ ਦੱਖਣੀ ਏਸ਼ੀਆਂ ਦਾ ਵੱਧ ਵਸੋਂ ਵਾਲਾ ਦੇਸ ਭਾਰਤ, ਅਮਰੀਕਾ ਦੀ ਇੰਡੋ-ਪੈਸੀਫ਼ਿਕ ਨੀਤੀ ਵਿੱਚ ਇੱਕ ਅਹਿਮ ਸਾਥੀ ਵਜੋਂ ਭੂਮਿਕਾ ਨਿਭਾਏਗਾ।

ਇਹ ਦਰਸਾਉਂਦਾ ਹੈ ਕਿ ਬਾਇਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਨਿੱਜੀ ਤਾਲਮੇਲ ਅਗਲੇ ਮਹਾਜ ਲਈ ਕੁਝ ਜਟਿਲ ਹੋ ਸਕਦਾ ਹੈ। ਟਰੰਪ ਨੇ ਮੋਦੀ ਦੀਆਂ ਵਿਵਾਦਿਤ ਨੀਤੀਆਂ ਦੀ ਅਲੋਚਨਾ ਨਹੀਂ ਕੀਤੀ, ਜਿਵੇਂ ਕਿ ਦੇਸ ਦੇ ਮੁਸਲਮਾਨਾਂ ਨਾਲ ਭੇਦਭਾਵ ਵਾਲੇ ਰਵੱਈਏ ਸੰਬੰਧੀ।

ਬਾਇਡਨ ਬੋਲਚਾਲ ਵਿੱਚ ਕਾਫ਼ੀ ਤਿੱਖੇ ਹਨ। ਉਨ੍ਹਾਂ ਦੀ ਪ੍ਰਚਾਰ ਵੈਬਸਾਈਟ ਵਿੱਚ ਕਸ਼ਮੀਰ ਵਿੱਚ ਹਰ ਇੱਕ ਦੇ ਅਧਿਕਾਰਾਂ ਦੀ ਮੁੜ-ਬਹਾਲੀ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਨੇ ਕੌਮੀ ਨਾਗਰਿਕਤਾ ਰਜ਼ਿਸਟਰ (ਐਨਸੀਆਰ) ਅਤੇ ਨਾਗਰਿਕਤਾ ਸੋਧ ਐਕਟ (ਸੀਏਏ) ਜਿੰਨਾਂ ਦੋ ਕਾਨੂੰਨਾਂ ਕਰਕੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਸ਼ਰਨ ਹੋਏ ਦੀ ਵੀ ਸਖ਼ਤ ਅਲੋਚਨਾਂ ਕੀਤੀ।

ਭਾਰਤੀ ਪਿਛੋਕੜ ਵਾਲੀ ਕਮਲਾ ਹੈਰਿਸ, ਜੋ ਅਮਰੀਕਾ ਦੇ ਉੱਪ-ਰਾਸ਼ਟਰਪਤੀ ਬਣਨ ਜਾ ਰਹੇ ਹਨ ਵੀ ਸਰਕਾਰ ਦੀਆਂ ਕੁਝ ਹਿੰਦੂ ਰਾਸ਼ਟਰਵਾਦੀ ਨੀਤੀਆਂ ਵਿਰੁੱਧ ਬੋਲ ਚੁੱਕੇ ਹਨ। ਪਰ ਉਸਦੇ ਭਾਰਤੀ ਮੂਲ ਦਾ ਹੋਣ ਕਰਕੇ ਦੇਸ ਦੇ ਕਈ ਹਿੱਸਿਆਂ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਚੇਨੱਈ ਸ਼ਹਿਰ ਵਿੱਚ ਜੰਮੀ ਪਲੀ ਭਾਰਤੀ ਮਾਂ ਦੀ ਧੀ ਜਲਦ ਹੀ ਵਾਈਟ ਹਾਊਸ ਵਿੱਚ ਸੈਕਿੰਡ-ਇਨ-ਕਮਾਂਡ ਹੋਵੇਗੀ ,ਇਹ ਦੇਸ ਲਈ ਮਾਣ ਵਾਲੀ ਗੱਲ ਹੈ।

ਗ੍ਰਾਫਿਕਸ

ਬਿਜ਼ਿੰਗ ਤੋਂ ਜੌਨ ਸੁਡਵਰਥ ਲਿਖਦੇ ਹਨ, ਜੋ ਬਾਇਡਨ ਦੀ ਜਿੱਤ ਚੀਨੀ ਵਿਵਸਥਾ ਲਈ ਨਵੀਆਂ ਚਣੌਤੀਆਂ ਲੈ ਕੇ ਆਵੇਗੀ।

ਸ਼ਾਇਦ ਤੁਸੀਂ ਸੋਚਦੇ ਹੋਵੋਂ ਕਿ ਚੀਨ ਡੋਨਲਡ ਟਰੰਪ ਦੀ ਹਾਰ ਤੋਂ ਖ਼ੁਸ਼ ਹੋਇਆ ਹੋਵੇਗਾ। ਜਿਸ ਨੇ ਚੀਨ ਨਾਲ ਵਪਾਰਕ ਜੰਗ ਛੇੜੀ, ਜ਼ੁਰਮਾਨੇ ਅਤੇ ਪਾਬੰਦੀਆਂ ਲਾਈਆਂ ਅਤੇ ਵਾਰ ਵਾਰ ਚੀਨ ਨੂੰ ਕੋਰੋਨਾ ਮਹਾਂਮਾਰੀ ਲਈ ਜ਼ਿੰਮੇਵਾਰ ਠਹਿਰਾਇਆ।

ਪਰ ਮਾਹਰ ਹਨ ਕਿ ਚਾਈਨਾਂ ਦੀ ਲੀਡਰਸ਼ਿਪ ਸ਼ਾਇਦ ਅੰਦਰੋਂ ਕੁਝ ਨਿਰਾਸ਼ ਮਹਿਸੂਸ ਕਰਦੀ ਹੋਵੇ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਟਰੰਪ ਨਾਲ ਕੋਈ ਖ਼ਾਸ ਲਗਾਵ ਸੀ ਪਰ ਕਿਉਂਕਿ ਉਸਦੇ ਵ੍ਹਾਈਟ ਹਾਊਸ ਵਿੱਚ ਚਾਰ ਹੋਰ ਸਾਲ ਕਿਸੇ ਵੱਡੇ ਇਨਾਮ ਦੀਆਂ ਸੰਭਾਵਨਾਵਾਂ ਨੂੰ ਪਰ੍ਹੇ ਧੱਕ ਸਕਦੇ ਸਨ।

ਘਰ ਵਿੱਚ ਵਿਵਾਦਵਾਦੀ ਅਤੇ ਵਿਦੇਸ਼ਾਂ ਵਿੱਚ ਇਕੱਲਤਾਵਾਦੀ ਟਰੰਪ ਨੂੰ ਬੀਜਿੰਗ, ਅਮਰੀਕਾ ਦੀ ਤਾਕਤ ਵਿੱਚ ਗਿਰਾਵਟ ਦੀ ਕੀਤੀ ਗਈ ਲੰਬੀ ਉਡੀਕ ਅਤੇ ਆਸ ਦੇ ਰੂਪ ਵਜੋਂ ਦੇਖਦਾ ਸੀ।

ਦੇਸ ਦੀ ਕਮਿਊਨਿਸਟ ਪਾਰਟੀ ਦੇ ਕੰਟਰੋਲ ਅਧੀਨ ਚਲਦੇ ਟੈਲੀਵੀਜ਼ਨ ਨਿਊਜ਼ ਬੁਲੇਟਿਨਾਂ ਰਾਹੀਂ ਦੇਸ ਵਿੱਚ ਜ਼ੋਰਦਾਰ ਤਰੀਕੇ ਨਾਲ ਸੁਨੇਹਾ ਦਿੱਤਾ ਜਾ ਰਿਹਾ ਹੈ। ਉਹ ਸਿਰਫ਼ ਚੋਣਾਂ 'ਤੇ ਹੀ ਨਹੀਂ , ਬਲਕਿ ਵਿਰੋਧ ਪ੍ਰਦਰਸ਼ਨਾਂ, ਦਵੈਸ਼ ਅਤੇ ਅਮਰੀਕਾ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦਾ ਵੀ ਧਿਆਨ ਰੱਖ ਰਹੇ ਹਨ।

ਨਿਸ਼ਚਿਤ ਤੌਰ 'ਤੇ ਚੀਨ ਜੋ ਬਾਇਡਨ ਦੀ ਵੱਡੇ ਮਸਲਿਆਂ ਜਿਵੇਂ ਕਿ ਜਲਵਾਯੂ ਬਦਲਾਅ ਆਦਿ 'ਤੇ ਸਹਿਯੋਗ ਭਾਲਣ ਦੀ ਇੱਛਾ ਵਿੱਚ ਆਪਣਾ ਫ਼ਾਇਦਾ ਲੱਭਣ ਦੀ ਕੋਸ਼ਿਸ਼ ਕਰੇਗਾ।

ਪਰ ਬਾਇਡਨ ਨੇ ਅਮਰੀਕਾ ਦੇ ਗਠਜੋੜਾਂ ਨੂੰ ਮੁੜ ਬਿਹਤਰ ਬਣਾਉਣ ਦਾ ਵੀ ਵਾਅਦਾ ਕੀਤਾ ਹੈ। ਜੋ ਕਿ ਟਰੰਪ ਦੀ ਇਕੱਲੇ ਚੱਲਣ ਦੀ ਪਹੁੰਚ ਦੇ ਮੁਕਾਬਲੇ ਚੀਨ ਦੇ ਮਹਾਂਸ਼ਕਤੀ ਬਣਨ ਦੇ ਇਰਾਦਿਆਂ ਨੂੰ ਰੋਕਣ ਵਿੱਚ ਵਧੇਰੇ ਕਾਰਗਰ ਹੋ ਸਕਦਾ ਹੈ।

ਬਾਇਡਨ ਦੀ ਜਿੱਤ, ਚੀਨ ਦੇ ਪ੍ਰਬੰਧ ਜੋ ਲੋਕਤਾਂਤ੍ਰਿਕ ਕਾਬੂ ਤੋਂ ਹੀਣਾ ਹੈ, ਲਈ ਹੋਰ ਚਣੌਤੀ ਲਿਆਵੇਗੀ। ਅਮਰੀਕੀ ਕਦਰਾਂ ਕੀਮਤਾਂ ਵਿੱਚ ਗਿਰਾਵਟ ਤੋਂ ਦੂਰ, ਸੱਤਾ ਦੀ ਤਬਦੀਲੀ ਇੰਨਾਂ ਕਦਰਾਂ ਕੀਮਤਾਂ ਦੇ ਕਾਇਮ ਰਹਿਣ ਦਾ ਸਬੂਤ ਹੈ।

ਗ੍ਰਾਫਿਕਸ

ਸਿਓਲ ਤੋਂ ਲੌਰਾ ਬਿਕਰ ਨੇ ਲਿਖਿਆ ਹੈ ਕਿ , ਉੱਤਰੀ ਕੋਰੀਆ ਨੇ ਇੱਕ ਵਾਰ ਬਾਇਡਨ ਨੂੰ 'ਰੈਬਿਡ ਡੌਗ' ਕਿਹਾ ਸੀ, ਪਰ ਹੁਣ ਨਵੇਂ ਰਾਸ਼ਟਰਪਤੀ ਨੂੰ ਉਸਕਾਉਣ ਤੋਂ ਪਹਿਲਾਂ ਕਿੰਮ ਜੌਂਗ ਪੂਰੇ ਧਿਆਨ ਨਾਲ ਤੋਲ ਕੇ ਬੋਲਣਗੇ।

ਇਹ ਜ਼ਾਹਿਰ ਹੈ ਕਿ ਚੇਅਰਮੈਨ ਕਿੰਮ ਨੇ ਡੋਨਲਡ ਟਰੰਪ ਦੇ ਹੋਰ ਚਾਰ ਸਾਲਾਂ ਨੂੰ ਤਰਜ਼ੀਹ ਦਿੱਤੀ ਸੀ।

ਆਗੂਆਂ ਵਿੱਚ ਲਗਾਤਾਰ ਮੀਟਿੰਗਾਂ ਦੇ ਸਿਲਸਿਲੇ ਨੇ ਇਤਿਹਾਸ ਦੀ ਤਸਵੀਰਕਸ਼ੀ ਤਾਂ ਕੀਤੀ ਪਰ ਇਨਾਂ ਵਿੱਚੋਂ ਤਸਦੀਕਸ਼ੁਦਾ ਨਤੀਜੇ ਬਹੁਤ ਘੱਟ ਨਿਕਲੇ।

ਦੋਵਾਂ ਧਿਰਾਂ ਨੂੰ ਇੰਨਾਂ ਮਿਲਣੀਆਂ ਦਾ ਚਾਹਿਆ ਨਤੀਜਾ ਨਹੀਂ ਮਿਲਿਆ। ਉੱਤਰੀ ਕੋਰੀਆਂ ਨੇ ਪ੍ਰਮਾਣੂ ਹਥਿਆਰ ਬਣਾਉਣਾ ਜਾਰੀ ਰੱਖਿਆ ਅਤੇ ਅਮਰੀਕਾ ਨੇ ਲਗਾਤਾਰ ਇਸ 'ਤੇ ਸਖ਼ਤ ਪਾਬੰਧੀਆਂ ਲਗਾਈਆਂ।

ਇਸਦੇ ਉਲੱਟ ਜੋ ਬਾਇਡਨ ਨੇ ਕਿੰਮ ਨਾਲ ਮੀਟਿੰਗਾਂ ਤੋਂ ਪਹਿਲਾਂ ਇਹ ਮੰਗ ਰੱਖੀ ਕਿ ਉੱਤਰੀ ਕੋਰੀਆਂ ਪ੍ਰਮਾਣੂ ਹਥਿਆਂਰਾਂ ਦੇ ਆਪਣੇ ਪ੍ਰੋਗਰਾਮ ਨੂੰ ਛੱਡਣ ਦੀ ਇੱਛਾ ਜ਼ਾਹਰ ਕਰੇ।

ਕਈ ਅਧਿਐਨ ਕਰਤਾਵਾਂ ਦਾ ਮੰਨਨਾ ਹੈ ਕਿ ਜੇ ਬਾਇਡਨ ਦੀ ਟੀਮ ਵਲੋਂ ਪਿਓਂਗਯਾਂਗ ਨਾਲ ਗੱਲਬਾਤ ਸ਼ੂਰੁ ਕਰਨ ਦੀ ਜਲਦ ਤੋਂ ਜਲਦ ਕੋਸ਼ਿਸ਼ ਨਹੀਂ ਕੀਤੀ ਜਾਂਦੀ ਤਾਂ ਗੁੱਸੇ ਅਤੇ ਦੁਸ਼ਣਬਾਜ਼ੀ ਦੇ ਦਿਨ ਵਾਪਸ ਆ ਸਕਦੇ ਹਨ।

ਸ਼ਾਇਦ ਕਿੰਮ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਦੇ ਟੈਸਟਾਂ ਲਈ ਵਾਸ਼ਿੰਗਟਨ ਦਾ ਧਿਆਨ ਖਿੱਚਣਾ ਚਾਹੇ ਪਰ ਉਹ ਪਹਿਲਾਂ ਤੋਂ ਸੀ ਸੀਮਿਤ ਸਾਧਨਾਂ ਵਾਲੇ ਦੇਸ 'ਤੇ ਹੋਰ ਪਾਬੰਦੀਆਂ ਨਹੀਂ ਲਗਵਾਉਣਾ ਚਾਹੇਗਾ।

ਦੱਖਣੀ ਕੋਰੀਆਂ ਨੇ ਪਹਿਲਾਂ ਹੀ ਉੱਤਰੀ ਕੋਰੀਆਂ ਨੂੰ ਉਕਸਾਊ ਰਾਹ 'ਤੇ ਨਾ ਚੱਲਣ ਦੀ ਚੇਤਾਵਨੀ ਦਿੱਤੀ ਹੈ।

ਭਾਂਵੇਂ ਕਈ ਵਾਰ ਸਿਓਲ ਨੂੰ ਟਰੰਪ ਨਾਲ ਸੰਬੰਧਾਂ ਵਿੱਚ ਕਠਿਨਾਈਆਂ ਆਈਆਂ, ਪਰ ਰਾਸ਼ਟਰਪਤੀ ਮੂਨ ਕੋਰੀਅਨ ਪੈਨਿਨਸੁਲਾ 'ਤੇ 70ਸਾਲਾਂ ਤੋਂ ਚੱਲ ਰਹੇ ਜੰਗੀ ਹਾਲਾਤ ਦੇ ਖ਼ਤਮ ਹੋਣ ਦੀ ਇੱਛਾ ਰੱਖਦੇ ਹਨ ਅਤੇ ਉਨ੍ਹਾਂ ਨੇ ਟਰੰਪ ਵਲੋਂ ਕਿੰਮ ਨਾਲ ਮੁਲਾਕਾਤ ਦਾ ਹੌਸਲਾ ਦਿਖਾਉਣ ਦੀ ਸਰਾਹਣਾ ਵੀ ਕੀਤੀ।

ਬਾਇਡਨ ਵਲੋਂ ਅਜਿਹਾ ਕੁਝ ਵੀ ਕੀਤੇ ਜਾਣ ਦੇ ਸੰਕੇਤ ਤੇ ਦੱਖਣੀ ਕੋਰੀਆਂ ਪੂਰੀ ਨਜ਼ਰ ਰੱਖੇਗਾ।

ਗ੍ਰਾਫਿਕਸ

ਲੰਡਨ ਤੋਂ ਰਾਜਨੀਤਿਕ ਪੱਤਰਕਾਰ ਜੈਸੀਕਾ ਪਾਰਕਰ ਲਿਖਦੇ ਹਨ, ਬਾਇਡਨ ਦੇ ਆਉਣ ਨਾਲ ਅਮਰੀਕਾ ਅਤੇ ਯੂਕੇ ਦਾ 'ਖ਼ਾਸ ਰਿਸ਼ਤਾ' ਸ਼ਾਇਦ ਨਿਵਾਣ ਵੱਲ ਜਾਵੇ।

ਉਨਾਂ ਨੂੰ ਸਹਿਜ ਸਹਿਯੋਗੀਆਂ ਵਜੋਂ ਨਹੀਂ ਦੇਖਿਆ ਜਾਵੇਗਾ। ਜੋ ਬਾਇਡਨ ਇੱਕ ਹੰਢੇ ਹੋਏ ਡੈਮੋਕ੍ਰੇਟ ਹਨ ਜਦਕਿ ਬੋਰਿਸ ਜੋਹਨਸਨ ਧਮਾਕੇਦਾਰ ਤਰੀਕੇ ਨਾਲ ਬ੍ਰੈਗਜ਼ਿਟ ਦੀ ਪੈਰਵੀ ਕਰਨ ਵਾਲੇ।

ਦੋਵਾਂ ਦੇਸਾਂ ਦੇ ਭਵਿੱਖ ਦੇ ਸੰਬੰਧ ਕਿਹੋ ਜਿਹੇ ਹੋਣਗੇ ਸਮਝਣ ਲਈ ਸ਼ਾਇਦ ਬੀਤੇ ਨੂੰ ਘੋਖਣ ਦੀ ਲੋੜ ਹੈ। ਖ਼ਾਸਤੌਰ 'ਤੇ 2016 ਨੂੰ ਜਦੋਂ ਟਰੰਪ ਦੀ ਜਿੱਤ ਹੋਈ ਅਤੇ ਯੂਕੇ ਵਿੱਚ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਲਈ ਵੋਟਾਂ ਪਾਈਆਂ ਗਈਆਂ।

ਦੋਵਾਂ ਜੋ ਬਾਇਡਨ ਅਤੇ ਉਸਦੇ ਬੌਸ ਬਰਾਕ ਉਬਾਮਾ ਨੇ ਉਸ ਸਮੇਂ ਕੋਈ ਲਕੋ ਨਹੀਂ ਰੱਖਿਆ ਅਤੇ ਬ੍ਰੈਗਜ਼ਿਟ ਨੂੰ ਲੈ ਕੇ ਹੋਰ ਨਤੀਜੇ ਦੀ ਚਾਹਨਾ ਕੀਤੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬਾਇਡਨ ਨੇ ਕਿਹਾ ਸੀ ਕਿ ਜੇ ਉਹ ਜਿੱਤਦੇ ਹਨ ਤਾਂ ਉੱਤਰੀ ਆਇਰਲੈਂਡ ਦੀ ਸ਼ਾਂਤੀ ਨੂੰ ਬ੍ਰੈਗਜ਼ਿਟ ਦਾ ਸ਼ਿਕਾਰ ਨਹੀਂ ਹੋਣ ਦੇਣਗੇ। ਆਉਣ ਵਾਲੇ ਸਮੇਂ ਵਿੱਚ ਅਮਰੀਕਾ ਅਤੇ ਯੂਕੇ ਵਪਾਰ ਦਾ ਕੋਈ ਵੀ ਸਮਝੋਤਾ ਗੁੱਡ ਫ਼ਰਾਈਡੇ ਸਮਝੋਤੇ ਪ੍ਰਤੀ ਪਹੁੰਚ 'ਤੇ ਨਿਰਭਰ ਕਰੇਗਾ।

ਯਾਦ ਕਰਨ ਯੋਗ ਹੈ, ਕਿਵੇਂ ਡੋਨਲਡ ਟਰੰਪ ਨੇ ਇੱਕ ਵਾਰ ਬੋਰਿਸ ਜੋਹਨਸਨ ਨੂੰ 'ਬ੍ਰਿਟੇਨ ਟਰੰਪ' ਕਿਹਾ ਸੀ? ਇਸੇ ਤਰ੍ਹਾਂ ਹੀ ਇੱਕ ਵਾਰ ਬਾਇਡਨ ਨੇ ਵੀ ਕਥਿਤ ਤੌਰ 'ਤੇ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਟਰੰਪ ਦਾ 'ਸਰੀਰਕ ਅਤੇ ਭਾਵੁਕ ਪੱਖ ਤੋ ਕਲੋਨ' ਕਿਹਾ ਸੀ।

ਇਸ ਸਭ ਦੇ ਚਲਦੇ ਹੋ ਸਕਦਾ ਹੈ ਦੋਵਾਂ ਦੇਸਾਂ ਦਾ 'ਖ਼ਾਸ ਰਿਸ਼ਤਾ' ਸੰਭਾਵਿਤ ਤੌਰ 'ਤੇ ਨਿਘਾਰ ਦੇਖੇ।

ਤਾਂ ਵੀ ਦੋਵੇਂ ਆਗੂ ਸ਼ਾਇਦ ਕੋਈ ਸਾਂਝ ਲੱਭ ਲੈਣ। ਦੋ ਮੁਲਕ ਜਿੰਨਾਂ ਦੀ ਉਹ ਅਗਵਾਈ ਕਰ ਰਹੇ ਹਨ ਦੇ ਲੰਬੇ ਸਮੇਂ ਤੋਂ ਗੂੜ੍ਹੇ ਕੂਟਨੀਤਿਕ ਨਾਤੇ ਹਨ, ਖ਼ਾਸਕਰ ਸਰੁੱਖਿਆ ਅਤੇ ਇੰਟੈਲੀਜੈਂਸ ਦੇ ਖੇਤਰਾਂ ਵਿੱਚ।

ਗ੍ਰਾਫਿਕਸ

ਮਾਸਕੋ ਤੋਂ ਸਟੀਵਨ ਰੋਜ਼ਨਬਰਗ ਲਿਖਦੇ ਹਨ ਕਿ ਰੂਸ ਲਈ ਬਾਇਡਨ ਦੀ ਜਿੱਤ ਅਗਾਊਂ ਕਿਆਸ ਵਾਲੇ ਪ੍ਰਸ਼ਾਸਨ ਲਈ ਸੁਨਿਹਰੀ ਤੰਦ ਹੋ ਸਕਦੀ ਹੈ।

ਬਾਇਡਨ ਵਲੋਂ ਜਦੋਂ ਹਾਲ ਹੀ ਵਿੱਚ ਰੂਸ ਨੂੰ ਅਮਰੀਕਾ ਲਈ ਸਭ ਤੋਂ ਵੱਡਾ ਖ਼ਤਰਾ ਕਿਹਾ ਗਿਆ ਤਾਂ ਇਸ ਗੱਲ ਨੂੰ ਮਾਸਕੋ ਵਿੱਚ ਬਹੁਤ ਹੀ ਸਾਫ਼ ਅਤੇ ਸਪੱਸ਼ਟ ਤੌਰ 'ਤੇ ਸੁਣਿਆ ਗਿਆ।

ਕ੍ਰੈਮਲਿਨ ਨੂੰ ਲੰਬੇ ਸਮੇਂ ਤੋਂ ਯਾਦ ਹੈ, ਜਦੋਂ ਸਾਲ 2011 ਵਿੱਚ ਉੱਪ-ਰਾਸ਼ਟਰਪਤੀ ਬਾਇਡਨ ਨੇ ਕਿਹਾ ਸੀ ਕਿ ਜੇ ਉਹ ਪੁਤਿਨ ਦੀ ਜਗ੍ਹਾ ਹੁੰਦੇ ਤਾਂ ਕਦੇ ਵੀ ਦੁਬਾਰਾ ਰਾਸ਼ਟਰਪਤੀ ਦੇ ਆਹੁਦੇ ਦੀ ਦੌੜ ਵਿੱਚ ਸ਼ਾਮਿਲ ਨਾ ਹੁੰਦੇ, ਇਹ ਦੇਸ ਹਿੱਤ ਅਤੇ ਉਨ੍ਹਾਂ ਦੇ ਆਪਣੇ ਆਪ ਲਈ ਵੀ ਬੁਰਾ ਹੋਵੇਗਾ। ਪੁਤਿਨ ਨੂੰ ਇਹ ਭੁੱਲਿਆ ਨਹੀਂ।

ਮਾਸਕੋ ਵੱਲੋਂ ਬਾਇਡਨ ਦੀ ਜਿੱਤ ਨਾਲ ਵਾਸ਼ਿੰਗਟਨ ਵਲੋਂ ਵਧੇਰੇ ਪਾਬੰਦੀਆਂ ਅਤੇ ਦਬਾਅ ਦਾ ਡਰ ਹੈ। ਕੀ ਵਾਈਟ ਹਾਊਸ ਵਿੱਚ ਡੈਮੋਕ੍ਰੇਟਾਂ ਦੀ ਵਾਪਸੀ ਦਾ ਰੂਸ ਨੂੰ 2016 ਵਿੱਚ ਚੋਣਾਂ ਵਿੱਚ ਕਥਿਤ ਦਖ਼ਲਅੰਦਾਜ਼ੀ ਦਾ ਮੁੱਲ ਤਾਰਨਾ ਪਵੇਗਾ।

ਰੂਸ ਦੇ ਇੱਕ ਅਖ਼ਬਾਰ ਵਿੱਚ ਹਾਲ ਹੀ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਟਰੰਪ ਦੇ ਸਮੇਂ ਵਿੱਚ ਅਮਰੀਕਾ ਅਤੇ ਰੂਸ ਦੇ ਸੰਬੰਧ ਨਿਵਾਣ ਵੱਲ ਗਏ ਅਤੇ ਬਾਇਡਨ ਦੇ ਆਉਣ ਨਾਲ ਇਹ ਹੋਰ ਵਿਗੜ ਸਕਦੇ ਹਨ। ਮਾਸਕੋ ਦੀ ਅਜਿਹੀ ਸੋਚ 'ਤੇ ਥੋੜ੍ਹੀ ਹੈਰਾਨੀ ਹੈ।

ਰੂਸ ਦੇ ਬਿਆਨਕਰਤਾ ਇਹ ਅਨੁਮਾਨ ਲਾਉਂਦੇ ਹਨ ਕਿ ਘੱਟੋ ਘੱਟ ਬਾਇਡਨ ਦੇ ਪ੍ਰਸ਼ਾਸਨ ਬਾਰੇ ਅਨੁਮਾਨ ਲਾਉਣੇ ਟਰੰਪ ਦੇ ਮੁਕਾਬਲੇ ਸੌਖੇ ਹੋਣਗੇ। ਇਹ ਸ਼ਾਇਦ ਸੰਵੇਦਨਸ਼ੀਲ ਮੁੱਦਿਆ 'ਤੇ ਸਹਿਮਤੀ ਲਈ ਸੌਖਾ ਹੋਵੇਗਾ, ਅਮਰੀਕਾ ਅਤੇ ਰੂਸ ਦਰਮਿਆਨ ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਸੰਬੰਧੀ ਹੋਈ ਅਹਿਮ ਸੰਧੀ ਦੀ ਮਿਆਦ ਅਗਲੇ ਫ਼ਰਵਰੀ ਮਹੀਨੇ ਵਿੱਚ ਖ਼ਤਮ ਹੋਣ ਵਾਲੀ ਹੈ ਨੂੰ ਲੈ ਕੇ ਕੋਈ ਨਵੀਂ ਸ਼ੁਰੂਆਤ ਦੀ ਸੰਭਾਵਨਾ ਹੋ ਸਕਦੀ ਹੈ ।

ਮਾਸਕੋ ਟਰੰਪ ਦੇ ਦੌਰ ਤੋਂ ਅੱਗੇ ਵੱਧ ਕੇ ਵਾਈਟ ਹਾਊਸ ਨਾਲ ਨਵੇਂ ਉਸਾਰੂ ਰਿਸ਼ਤੇ ਬਣਾਉਣ 'ਤੇ ਕੰਮ ਕਰੇਗਾ। ਪਰ ਇਸਦੀ ਕਾਮਯਾਬੀ ਨਿਸ਼ਚਿਤ ਨਹੀਂ ਹੈ।

ਗ੍ਰਾਫਿਕਸ

ਟੋਰਾਂਟੋਂ ਤੋਂ ਜੈਸੀਕਾ ਮਰਫ਼ੀ ਨੇ ਲਿਖਦੇ ਹਨ ਕਿ ਜਸਟਿਨ ਟਰੂਡੋ ਆਪਣੇ ਗੁਆਢ ਵਿੱਚ ਨਵੇਂ ਭਾਈਵਾਲ ਨੂੰ ਦੇਖਣਗੇ।

ਕੈਨੇਡਾ ਦੇ ਪ੍ਰਧਾਨ ਮੰਤਰੀ, ਅਮਰੀਕਾ ਨਾਲ ਗੁੜ੍ਹੇ ਸੰਬੰਧਾਂ ਲਈ ਪ੍ਰਤੀਬੱਧ ਹਨ ਇਸ ਨਾਲ ਕੋਈ ਫ਼ਰਕ ਨਹੀਂ ਕਿ ਰਾਸ਼ਟਰਪਤੀ ਦੀ ਚੋਣ ਕੌਣ ਜਿੱਤਦਾ ਹੈ। ਪਰ ਜੋਅ ਬਾਇਡਨ ਦੀ ਜਿੱਤ ਸਪੱਸ਼ਟ ਰੂਪ ਵਿੱਚ ਓਟਾਵਾ ਲਈ ਰਾਹਤ ਵਾਲੀ ਹੋਵੇਗੀ।

ਟਰੰਪ ਦੇ ਕਾਲ ਵਿੱਚ ਵੀ ਅਮਰੀਕਾ ਦੇ ਕੈਨੇਡਾ ਨਾਲ ਚੰਗੇ ਸੰਬੰਧ ਰਹੇ ਹਨ। ਇਸ ਵਿੱਚ ਉੱਤਰੀ ਅਮਰੀਕਾ ਫ਼ਰੀ ਵਪਾਰ ਐਗਰੀਮੈਂਟ ਅਤੇ ਮੈਕਸੀਕੋ ਸੰਬੰਧੀ ਸਫ਼ਲ ਗੱਲਬਾਤ ਸ਼ਾਮਲ ਹੈ।

ਪਰ ਜਸਟਿਨ ਟਰੂਡੋ ਨੇ ਬਰਾਕ ਉਬਾਮਾ ਨਾਲ ਸਿਆਸੀ ਨਾਤਾ ਬਣਾਈ ਰੱਖਿਆ ਅਤੇ ਇਹ ਨਿੱਘ ਉਬਾਮਾ ਦੇ ਉੱਪ ਰਾਸ਼ਟਰਪਤੀ ਰਹੇ ਜੋਅ ਬਾਇਡਨ ਤੱਕ ਪਹੁੰਚਣ ਦੀ ਭਾਵਨਾ ਪ੍ਰਬਲ ਹੈ।

ਟਰੂਡੋ ਦੀ ਲਿਬਰਲ ਪਾਰਟੀ ਨੂੰ ਬਾਇਡਨ ਵਿੱਚ ਜਲਵਾਯੂ ਤਬਦੀਲੀ ਅਤੇ ਬਹੁਭਾਗੀਦਾਰੀ ਲਈ ਸਾਥ ਨਜ਼ਰ ਆਉਂਦਾ ਹੈ। ਪਰ ਇਸ ਨਾਲ ਵਿਰੋਧਤਾ ਦੀ ਸੰਭਾਵਨਾ ਖ਼ਤਮ ਨਹੀਂ ਹੁੰਦੀ। ਟਰੰਪ ਵਲੋਂ ਅਲਬਰਟਾ ਤੋਂ ਟੈਕਸਸ ਕੀਸਟੋਨ ਐਕਸਐਲ ਆਇਲ ਪਾਈਪਲਾਈਨ ਬਣਾਉਣ ਦੇ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਿਸਦਾ ਕਿ ਬਾਇਡਨ ਵਲੋਂ ਵਿਰੋਧ ਕੀਤਾ ਗਿਆ ਸੀ। ਬਿਜਲੀ ਉਦਪਾਦ ਦੇ ਖੇਤਰ ਵਿੱਚ ਜੂਝ ਰਹੇ ਕਨੇਡਾ ਲਈ ਇਹ ਪ੍ਰੋਜੈਕਟ ਅਹਿਮ ਹੈ।

ਜੋਅ ਬਾਇਡਨ ਵਲੋਂ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਅਮਰੀਕੀ ਸਮਾਨ ਖ਼ਰੀਦਣ ਨੂੰ ਤਰਜ਼ੀਹ ਦੀ ਯੋਜਨਾ ਵੀ ਅਮਰੀਕਾ 'ਤੇ ਵਪਾਰ ਲਈ ਨਿਰਭਰ ਕਨੇਡਾ ਲਈ ਚਿੰਤਾ ਦਾ ਵਿਸ਼ਾ ਹੋਵੇਗੀ।

ਗ੍ਰਾਫਿਕਸ

ਬਰਲਿਨ ਤੋਂ ਡੈਮੀਅਨ ਮੈਕਗੂਨੀਜ਼ ਲਿਖਦੇ ਹਨ, ਡੋਨਲਡ ਟਰੰਪ ਦੇ ਜਾਣ ਤੋਂ ਬਾਅਦ ਜਰਮਨ ਅਮਰੀਕਾ ਨਾਲ ਚੰਗੇ ਸੰਬੰਧਾਂ ਦੀ ਉਮੀਦ ਕਰਦਾ ਹੈ।

ਪੀਊ ਰਿਸਰਚ ਸੈਂਟਰ ਮੁਤਾਬਿਕ, ਮਹਿਜ਼ 10ਫ਼ੀਸਦ ਜਰਮਨ ਟਰੰਪ ਦੀ ਵਿਦੇਸ਼ ਨੀਤੀ 'ਤੇ ਭਰੋਸਾ ਕਰਦੇ ਹਨ। ਇਥੋਂ ਤੱਕ ਕਿ ਇੱਕ ਸਰਵੇਖਣ ਵਿੱਚ ਰੂਸ ਦੇ ਪੁਤਿਨ ਅਤੇ ਚੀਨ ਦੇ ਸ਼ੀ ਜਿੰਨਪਿੰਗ ਦੇ ਹੱਕ ਵਿੱਚ ਜਰਮਨੀਂ ਵਿੱਚ ਵਧੇਰੇ ਵੋਟਾਂ ਪਈਆਂ।

ਜਰਮਨ ਦੇ ਸਿਆਸੀ ਆਗੂ ਟਰੰਪ ਵਲੋਂ ਵਪਾਰ ਅਤੇ ਚੀਨ ਬਾਰੇ ਦਿੱਤੇ ਜਾਂਦੇ ਬਿਆਨਾਂ ਕਰਕੇ ਮੁਸ਼ਕਿਲ ਮਹਿਸੂਸ ਕਰਦੇ ਸਨ। ਟਰੰਪ ਵਲੋਂ ਲਗਾਤਾਰ ਜਰਮਨ ਦੇ ਕਾਰ ਉਦਯੋਗ ਬਾਰੇ ਵੀ ਬਿਆਨਬਾਜੀ ਕੀਤੀ ਜਾਂਦੀ ਰਹੀ ਹੈ।

ਇਸ ਸਭ ਦੇ ਬਾਵਜੂਦ ਅਮਰੀਕਾ, ਜਰਮਨੀ ਦਾ ਵੱਡਾ ਵਪਾਰਕ ਸਾਥੀ ਹੈ ਅਤੇ ਦੋਵਾਂ ਦੇ ਆਪਸੀ ਸੰਬੰਧ ਯੂਰਪੀਅਨ ਸੁਰੱਖਿਆ ਲਈ ਅਹਿਮ ਹਨ। ਟਰੰਪ ਦੇ ਸਮੇਂ ਇਹ ਨਾਜ਼ੁਕ ਸਨ।

ਜਰਮਨ ਬਾਇਡਨ ਦੇ ਸ਼ਾਸਨ ਵਿੱਚ ਚੰਗੇ ਸੰਬੰਧਾਂ ਦੀ ਆਸ ਕਰਦਾ ਹੈ।

ਗ੍ਰਾਫਿਕਸ

ਬੀਬੀਸੀ ਪਰਸ਼ੀਅਨ ਸਰਵਿਸ ਦੇ ਪੱਤਰਕਾਰ, ਕਸਰਾ ਨਾਜੀ ਲਿਖਦੇ ਹਨ, ਬਾਇਡਨ ਦੀ ਜਿੱਤ ਦੋਵਾਂ ਦੇਸਾਂ ਵਿੱਚ ਗੱਲਬਾਤ ਦਾ ਦੌਰ ਵਾਪਸ ਲਿਆ ਸਕਦੀ ਹੈ।

ਅਮਰੀਕੀ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਟਰੰਪ ਨੇ ਵਧੇਰੇ ਉਮੀਦਵਾਨ ਹੁੰਦਿਆਂ ਇੱਕ ਵਾਰ ਕਿਹਾ ਸੀ ਕਿ ਦੁਬਾਰਾ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਟੈਲੀਫ਼ੋਨ ਕਾਲ ਇਰਾਨ ਦੇ ਆਗੂਆਂ ਵਲੋਂ ਗੱਲਬਾਤ ਦਾ ਪੁੱਛਣ ਸੰਬੰਧੀ ਆਵੇਗੀ।

ਜੇ ਟਰੰਪ ਜਿੱਤ ਵੀ ਜਾਂਦੇ ਤਾਂ ਵੀ ਇਹ ਫ਼ੋਨ ਕਾਲ ਆਉਣ ਵਾਲੀ ਨਹੀਂ ਸੀ। ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਇਰਾਨ ਲਈ ਸੰਭਵ ਨਹੀਂ ਸੀ, ਇਹ ਬੇਇੱਜਤੀ ਭਰਿਆ ਹੋਣਾ ਸੀ।

ਟਰੰਪ ਦੇ ਸ਼ਾਸਨ ਦੌਰਾਨ ਅਮਰੀਕਾ ਵਲੋਂ ਲਗਾਈਆਂ ਪਾਬੰਧੀਆਂ ਅਤੇ ਵੱਧ ਤੋਂ ਵੱਧ ਦਬਾਅ ਦੀ ਨੀਤੀ ਕਰਕੇ ਇਰਾਨ ਅਰਥਿਕ ਬਰਬਾਦੀ ਦੇ ਕਿਨਾਰੇ 'ਤੇ ਪਹੁੰਚ ਗਿਆ।

ਸਭ ਤੋਂ ਮਾੜਾ ਉਸਨੇ ਜਨਰਲ ਕਾਸੇਮ ਸੁਲੇਮਾਨੀ ਨੂੰ ਮਾਰਨ ਦੇ ਹੁਕਮ ਦਿੱਤੇ, ਜੋ ਕਿ ਸਰਬਉੱਚ ਆਗੂ ਅਯਾਤੁੱਲਾ ਅਲੀ ਖ਼ਾਮੀਨੀ ਦਾ ਨਜ਼ਦੀਕੀ ਮਿੱਤਰ ਸੀ। ਕੱਟੜਪੰਥੀਆਂ ਲਈ ਉਸਨੂੰ ਮਾਰੇ ਜਾਣ ਦਾ ਬਦਲਾ ਮੁੱਖ ਏਜੰਡਾ ਰਿਹਾ ਹੈ।

ਬਾਇਡਨ ਦੀ ਜਿੱਤ ਨੇ ਅਮਰੀਕਾ ਅਤੇ ਇਰਾਨ ਦਰਮਿਆਨ ਗੱਲਬਾਤ ਨੂੰ ਸੌਖਾ ਬਣਾ ਦਿੱਤਾ ਹੈ। ਬਾਇਡਨ ਨੇ ਕਿਹਾ ਸੀ ਕਿ ਉਹ ਕੁਟਨੀਤੀ ਅਤੇ ਇਰਾਨ ਨਾਲ ਪ੍ਰਮਾਣੂ ਸੰਧੀ ਵੱਲ ਪਰਤਣਾ ਚਾਹੁੰਦੇ ਹਨ।

ਪਰ ਇਰਾਨ ਦੇ ਕੱਟੜਪੰਥੀ ਗੱਲਬਾਤ ਵੱਲ ਸੌਖਿਆਂ ਨਹੀਂ ਆਉਣਗੇ। ਅਮਰੀਕਾ ਵਿੱਚ 3 ਨਵੰਬਰ ਨੂੰ ਹੋਈਆਂ ਚੋਣਾਂ ਬਾਰੇ ਸਰਬਉੱਚ ਆਗੂ ਨੇ ਦਾਅਵਾ ਕੀਤਾ ਸੀ ਕਿ ਇਸ ਦਾ ਤਹਿਰਾਨ ਦੀਆਂ ਨੀਤੀਆਂ 'ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ, "ਇਰਾਨ ਸੰਵੇਦਨਸ਼ੀਲ ਅਤੇ ਸੰਜਮੀ ਨੀਤੀਆਂ 'ਤੇ ਚਲਦਾ ਹੈ ਜੋ ਵਾਸ਼ਿੰਗਟਨ ਵਿੱਚ ਸ਼ਖ਼ਸੀਅਤਾਂ ਦੇ ਬਦਲਣ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ।"

ਆਪਣੇ ਗ਼ੈਰ-ਕਾਨੂੰਨੀ ਸੈਟੇਲਾਈਟ ਟੈਲੀਵਿਜ਼ਨ ਸਕਰੀਨਾਂ 'ਤੇ ਲੱਖਾਂ ਇਰਾਨੀ ਚੁੱਪਚਾਪ ਅਮਰੀਕੀ ਚੋਣਾਂ ਦੇ ਨਤੀਜ਼ਿਆਂ ਨੂੰ ਵੱਖਰੇ ਤਰੀਕੇ ਨਾਲ ਦੇਖਦੇ ਹਨ। ਉਹ ਧਾਰਨਾ ਰੱਖਦੇ ਹਨ ਕਿ ਉਨ੍ਹਾਂ ਦਾ ਭਵਿੱਖ ਇੰਨਾਂ ਨਤੀਜਿਆਂ 'ਤੇ ਨਿਰਭਰ ਹੈ ਅਤੇ ਆਸ ਕਰਦੇ ਹਨ ਕਿ ਬਾਇਡਨ ਦੀ ਜਿੱਤ ਪਾਬੰਦੀਆਂ ਵਿੱਚ ਢਿੱਲ ਲਿਆਵੇਗੀ।

ਗ੍ਰਾਫਿਕਸ

ਜੇਰੂਸਲੇਮ ਤੋਂ ਟੌਮ ਬੇਟਮੈਨ ਲਿਖਦੇ ਹਨ ਕਿ ਇਥੇ ਡੋਨਲਡ ਟਰੰਪ ਦੀ ਮੱਧ ਪੂਰਵੀ ਨੀਤੀ ਦੇ ਨਵਾਂ ਰੂਪ ਲੈਣ ਦੀਆਂ ਉਮੀਦਾਂ ਹਨ।

ਟਰੰਪ ਨੇ ਅਮਰੀਕਾ ਦੇ ਰਵਾਇਤੀ ਖੇਤਰੀ ਭਾਈਵਾਲਾਂ ਦੀ ਪਿੱਠ ਥਾਪੜੀ ਅਤੇ ਵਿਰੋਧੀ ਤਹਿਰਾਨ ਨੂੰ ਇੱਕਲਤਾ ਵੱਲ ਧੱਕਿਆ।

ਬਾਇਡਨ ਯੂਐਸ ਮਿਡਲ ਈਸਟ ਪਾਲਿਸੀ ਨੂੰ ਉਸੇ ਥਾਂ ਵਾਪਸ ਲਿਆਉਣਾ ਚਾਹੁੰਣਗੇ ਜਿੱਥੇ ਉਨ੍ਹਾਂ ਬਰਾਕ ਉਬਾਮਾ ਪ੍ਰਸ਼ਾਸਨ ਵਿੱਚ ਉੱਪ ਰਾਸ਼ਟਰਪਤੀ ਹੁੰਦੇ ਛੱਡਿਆ ਸੀ।

ਇਹ ਸੰਭਾਵਨਾਵਾਂ ਇਜ਼ਰਾਈਲ ਅਤੇ ਸਾਊਦੀ ਅਰਬ ਅਤੇ ਯੂਏਈ ਵਰਗੇ ਖਾੜੀ ਮੁਲਕਾਂ ਲਈ ਡਰਾਉਣੀਆਂ ਹਨ। ਇੱਕ ਇਜ਼ਰਾਈਲੀ ਮੰਤਰੀ ਨੇ ਕਿਹਾ ਕਿ ਬਾਇਡਨ ਦੀ ਸੰਭਾਵੀ ਜਿੱਤ ਇਜ਼ਰਾਇਲ- ਇਰਾਨੀ ਹਿੰਸਾਮਈ ਵਿਵਾਦ ਨੂੰ ਜਨਮ ਦੇਵੇਗੀ ਕਿਉਂਜੋ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ।

ਨਤੀਜਾ ਇਜ਼ਰਾਈਲ ਪਲਸਤੀਨੀ ਵਿਵਾਦ 'ਤੇ ਵੀ ਨਾਟਕੀ ਬਦਲਾਅ ਲਿਆਵੇਗਾ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਗ੍ਰਾਫਿਕਸ

ਕੈਰੋ ਤੋਂ ਸੈਲੀ ਨਾਬਿਲ ਲਿਖਦੇ ਹਨ, ਕਾਰਕੁਨਾਂ ਵਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਬਾਇਡਨ ਪ੍ਰਸ਼ਾਸਨ ਮਿਸਰ ਤੋ ਮਨੁੱਖੀ ਅਧਿਕਾਰਾਂ ਸੰਬੰਧੀ ਦਬਾਅ ਵਧਾਏਗਾ।

ਮਿਸਰ ਵਿੱਚ ਮਿਲਟਰੀ ਸਮਰਥਣ ਪ੍ਰਾਪਤ ਰਾਸ਼ਟਰਪਤੀ ਅਬਦੁੱਲ ਫ਼ਤਾਹ ਅੱਲ-ਸੀਸੀ ਦੇ ਡੋਨਲਡ ਟਰੰਪ ਨਾਲ ਚੰਗੇ ਸੰਬੰਧ ਸਨ। ਪਰ ਹੁਣ ਉਨ੍ਹਾਂ ਨੂੰ ਬਾਇਡਨ ਨਾਲ ਸੰਬੰਧਾਂ ਦਾ ਨਵਾਂ ਅਧਿਆਏ ਸ਼ੁਰੂ ਕਰਨਾ ਪਵੇਗਾ।

ਰਾਸ਼ਟਰਪਤੀ ਸੀਸੀ ਦੇ ਅਲੋਚਕ ਟਰੰਪ ਪ੍ਰਸ਼ਾਸਨ 'ਤੇ ਸੀਸੀ ਵਲੋਂ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਉਲੰਘਣ ਬਾਰੇ ਅੱਖਾਂ ਮੀਟਣ ਦਾ ਦੋਸ਼ ਲਾਉਂਦੇ ਹਨ।

ਬਾਇਡਨ ਦੀ ਜਿੱਤ ਸਮਾਜ ਸੁਧਾਰ ਕਾਰਕੁਨਾਂ ਲਈ ਖ਼ੁਸ਼ੀ ਅਤੇ ਆਸ ਭਰੀ ਹੈ।

ਸਿਆਸੀ ਮਾਹਰ ਅਹਿਮਦ ਸੱਯਦ ਨੇ ਕਿਹਾ,"ਓਵਲ ਆਫ਼ਿਸ ਵਿੱਚ ਕੋਈ ਵੀ ਬੈਠੇ ਅਮਰੀਕਾ ਮਿਸਰ ਸੰਬੰਧ ਹਮੇਸ਼ਾਂ ਹੀ ਨੀਤੀਗਤ ਰਹੇ ਹਨ।"

ਗ੍ਰਾਫਿਕਸ

ਕਿਊਬਾ ਤੋਂ ਬੀਬੀਸੀ ਪੱਤਰਕਾਰ ਵਿਲ ਗਰਾਂਟ ਲਿਖਦੇ ਹਨ, ਸਖ਼ਤ ਪਾਬੰਧੀਆਂ ਤੋਂ ਬਾਅਦ ਬਾਇਡਨ ਦੀ ਜਿੱਤ ਰਾਹਤ ਲਿਆਈ ਹੈ।

ਬਾਇਡਨ ਦੀ ਜਿੱਤ ਅਜਿਹੀ ਹੈ ਜਿਸਦੀ ਕਿਊਬਾ ਦੀ ਬਹੁਗਿਣਤੀ ਆਸ ਕਰਦੀ ਸੀ। ਅਸਲ ਵਿੱਚ ਟਾਪੂ ਦੇ ਬਹੁਤੇ ਲੋਕ ਟਰੰਪ ਤੋਂ ਬਿਨ੍ਹਾਂ ਵਾਈਟ ਹਾਊਸ ਵਿੱਚ ਕਿਸੇ ਵੀ ਹੋਰ ਨੂੰ ਦੇਖ ਕੇ ਖੁਸ਼ ਹਨ।

ਟਰੰਪ ਵਲੋਂ ਲਗਾਈਆਂ ਗਈਆਂ ਪਾਬੰਧੀਆਂ ਨੇ ਵੱਡੇ ਪੱਧਰ 'ਤੇ ਮੁਸ਼ਕਿਲਾਂ ਪੈਦਾ ਕੀਤੀਆਂ, ਜਿਸ ਤੋਂ ਲੋਕ ਥੱਕ ਚੁੱਕੇ ਹਨ।

ਦੂਜੇ ਪਾਸੇ ਜੋ ਬਾਇਡਨ, ਰਾਸ਼ਟਰਪਤੀ ਉਬਾਮਾ ਦੇ ਕਾਰਜਕਾਲ ਵਿੱਚ ਸਿਖ਼ਰ 'ਤੇ ਪਹੁੰਚੇ ਕਿਊਬਾ ਅਮਰੀਕਾ ਸੰਬੰਧਾਂ ਨੂੰ ਯਾਦ ਕਰਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)