ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕੋਰੋਨਾ ਪੌਜ਼ੀਟਿਵ ਆਉਣ ਮਗਰੋਂ ਹਸਪਤਾਲ ਭਰਤੀ

ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਲਿਜਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਰਾਸ਼ਟਰਪਤੀ ਟਰੰਪ ਆਪਣੇ ਖਾਸ ਹੈਲੀਕਾਪਟਰ ਮਰੀਨ ਵਨ ਤੋਂ ਮੈਡੀਕਲ ਸੈਂਟਰ ਲਈ ਰਵਾਨਾ ਹੋਏ। ਪਰ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਪ੍ਰਤੀ ਲੋਕਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ:

ਕਿਸ ਤਰ੍ਹਾਂ ਨਜ਼ਰ ਆਏ ਡੌਨਲਡ ਟਰੰਪ

ਮੈਡੀਕਲ ਸੈਂਟਰ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਲੋਕਾਂ ਲਈ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਇਸ ਤੋਂ ਬਾਅਦ ਉਹ ਹੈਲੀਕਾਪਟਰ ਵਿੱਚ ਬੈਠੇ। ਉਨ੍ਹਾਂ ਨੇ ਇਸ ਦੌਰਾਨ ਮਾਸਕ ਪਾਇਆ ਹੋਇਆ ਸੀ।

ਆਪਣੇ ਖਾਸ ਹੈਲੀਕਾਪਟਰ ਮਰੀਨ ਵਨ ਵਿੱਚ ਸਵਾਰ ਹੋਂਣ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਨੂੰ ਦੇਖ ਕੇ ਹੱਥ ਤਾਂ ਹਿਲਾਇਆ ਪਰ ਕਿਹਾ ਕੁਝ ਵੀ ਨਹੀਂ। ਉਨ੍ਹਾਂ ਨੇ ਥੰਬਸ-ਅਪ ਦਾ ਇਸ਼ਾਰਾ ਕੀਤਾ।

ਰਵਾਨਾ ਹੋਣ ਤੋਂ ਪਹਿਲਾਂ ਜਾਰੀ ਕੀਤੇ ਗਏ ਆਪਣੇ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਹਰ ਕਿਸੇ ਦੇ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਜਾ ਰਿਹਾ ਹਾ ਅਤੇ ਮੈਨੂੰ ਲਗਦਾ ਹੈ ਕਿ ਮੈਂ ਠੀਕ ਹਾਂ।"

ਆਪਣੀ ਪਤਨੀ ਅਤੇ ਫਰਸਟ ਲੇਡੀ ਮੇਲਾਨੀਆ ਟਰੰਪ ਦੀ ਸਿਹਤ ਬਾਰੇ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੇਲਾਨੀਆ ਵੀ ਠੀਕ ਹੈ।

ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਖ਼ੁਦ ਜਾਣਕਾਰੀ ਦਿੱਤੀ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦਾ ਕੋਰੋਨਾ ਟੈਸਟ ਪੌਜ਼ਿਟਿਵ ਆਇਆ ਹੈ।

ਇਸ ਤੋਂ ਪਹਿਲਾਂ ਟਰੰਪ ਦੇ ਸੀਨੀਅਰ ਸਲਾਹਾਕਾਰਾਂ ਵਿੱਚੋਂ ਇੱਕ ਹੋਪ ਹਿਕਸ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਟਰੰਪ ਨੇ ਕਿਹਾ ਸੀ, "ਉਹ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਕੁਆਰੰਟੀਨ ਵਿੱਚ ਜਾਣ ਵਾਲੇ ਹਨ।"

31 ਸਾਲਾ ਹੋਪ ਹਿਕਸ ਰਾਸ਼ਟਰਪਤੀ ਟਰੰਪ ਦੇ ਸਭ ਤੋਂ ਨੇੜੇ ਰਹਿਣ ਵਾਲੇ ਚੋਣਵੇਂ ਲੋਕਾਂ ਵਿੱਚੋਂ ਹਨ। ਉਨ੍ਹਾਂ ਦਾ ਨਤੀਜਾ ਵੀ ਪੌਜ਼ੀਟਿਵ ਆਇਆ ਹੈ। ਉਹ ਰਾਸ਼ਟਰਪਤੀ ਦੇ ਨਾਲ ਏਅਰਫੋਰਸ-1 ਵਿੱਚ ਸਫ਼ਰ ਕਰਦੇ ਹਨ।

ਪਿਛਲੇ ਦਿਨਾਂ ਦੀਆਂ ਚੋਣ ਸਰਗਰਮੀਆਂ ਵਿੱਚ ਉਹ ਟਰੰਪ ਦੇ ਹੋਰ ਸਲਾਹਕਾਰਾਂ ਨਾਲ ਮੌਜੂਦ ਸਨ। ਮੰਗਲਵਾਰ ਨੂੰ ਪ੍ਰੈਜ਼ੀਡੈਂਸ਼ੀਅਲ ਡਿਬੇਟ ਤੋਂ ਪਹਿਲਾਂ ਮਿਨੇਸੋਟਾ ਵਿੱਚ ਇੱਕ ਚੋਣ ਜਲਸੇ ਦੌਰਾਨ ਵੀ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਨਾਲ ਦੇਖਿਆ ਗਿਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਟਰੰਪ ਨੇ ਇਸ ਬਾਰੇ ਸ਼ੁੱਕਰਵਾਰ ਨੂੰ ਟਵੀਟ ਵਿੱਚ ਲਿਖਿਆ ਸੀ, ਹੋਪ ਹਿਕਸ ਜੋ ਬਿਨਾਂ ਅਰਾਮ ਕੀਤਿਆਂ ਬਹੁਤ ਮਿਹਨਤ ਨਾਲ ਚੋਣ ਮੁਹਿੰਮ ਦਾ ਕੰਮ ਦੇਖ ਰਹੇ ਸਨ। ਹੁਣ ਕੋਰੋਨਾ ਨਾਲ ਸੰਕ੍ਰਮਿਤ ਹਨ। ਇਹ ਬਹੁਤ ਬੁਰੀ ਖ਼ਬਰ ਹੈ। ਇਸ ਖ਼ਬਰ ਤੋਂ ਬਾਅਦ ਮੇਰੇ ਅਤੇ ਮਿਲੇਨੀਆ ਟਰੰਪ ਨੇ ਵੀ ਜਾਂਚ ਲਈ ਕੋਵਿਡ ਦਾ ਸੈਂਪਲ ਦਿੱਤਾ ਹੈ ਅਤੇ ਨਤੀਜੇ ਦੀ ਉਡੀਕ ਹੈ। ਉਦੋਂ ਤੱਕ ਅਸੀਂ ਕੁਅਰੰਟੀਨ ਰਹਾਂਗੇ।"

ਮੋਦੀ ਨੇ ਕੀਤੀ ਜਲਦੀ ਸਿਹਤਯਾਬ ਹੋਣ ਦੀ ਕਾਮਨਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ, ਉਨ੍ਹਾਂ ਦੀ ਪਤਨੀ ਦੇ ਜਲਦੀ ਤੰਦਰਸੁਤ ਹੋਣ ਦੀ ਕਾਮਨਾ ਕੀਤੀ ਹੈ।

ਕੌਣ ਹੈ ਹੋਪ ਹਿਕਸ?

ਹੋਪ ਹਿਕਸ ਅਮਰੀਕੀ ਰਾਸ਼ਟਰਪਤੀ ਦੀ ਟੀਮ ਨਾਲ ਜੁੜੇ ਨਿੱਜੀ ਖੇਤਰ ਦੀ ਨੌਕਰੀ ਕਰ ਰਹੀ ਸੀ। ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਉਹ ਇੱਕ ਮਾਡਲ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਉਹ ਟਰੰਪ ਦੇ ਸਲਾਹਕਾਰਾਂ ਦੀ ਟੀਮ ਵਿੱਚ ਸ਼ਾਮਲ ਹੋਈ ਸੀ।

ਉਸ ਤੋਂ ਪਹਿਲਾਂ ਉਹ ਵ੍ਹਾਈਟ ਹਾਊਸ ਦੀ ਸੰਚਾਰ ਨਿਰਦੇਸ਼ਕ ਰਹਿ ਚੁੱਕੀ ਹੈ।

ਉਹ 2016 ਦੀਆਂ ਚੋਣਾਂ ਦੌਰਾਨ ਵੀ ਟਰੰਪ ਖੇਮੇ ਦੇ ਬੁਲਾਰੇ ਵਜੋਂ ਕੰਮ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਕੋਈ ਸਿਆਸੀ ਤਜ਼ਰਬਾ ਨਹੀਂ ਹੈ।

ਰਾਸ਼ਟਰਪਤੀ ਟਰੰਪ ਕੋਰੋਨਾ ਮਹਾਂਮਾਰੀ ਬਾਰੇ ਬਹੁਤ ਲਾਪਰਵਾਹ ਸਮਝੇ ਜਾਂਦੇ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਅਮਰੀਕਾ ਵਿੱਚ ਇਸ ਦੇ ਮੁਕਾਬਲਾ ਕੀਤਾ ਉਸ ਕਾਰਨ ਉਨ੍ਹਾਂ ਦੀ ਕੌਮਾਂਤਰੀ ਪੱਧਰ ਅਤੇ ਦੇਸ਼ ਦੇ ਅੰਦਰ ਕਾਫ਼ੀ ਆਲੋਚਨਾ ਹੋਈ ਹੈ। ਅਮਰੀਕਾ ਵਿੱਚ ਹੁਣ ਤੱਕ ਕੋਰੋਨਾਵਇਰਸ ਨਾਲ ਦੋ ਲੱਖ ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ।

ਦੇਖਿਆ ਗਿਆ ਹੈ ਕਿ ਉਹ ਆਪ ਅਤੇ ਉਨ੍ਹਾਂ ਦੀ ਟੀਮ ਦੇ ਜ਼ਿਆਦਾਤਰ ਮੈਂਬਰ ਮਾਸਕ ਨਹੀਂ ਲਾਉਂਦੇ। ਮੰਗਲਵਾਰ ਦੀ ਬਹਿਸ ਦੌਰਾਨ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮਾਸਕ ਨਹੀਂ ਲਾਏ ਹੋਏ ਸਨ।

ਜਦ ਕਿ ਕੋਰਨਾਵਾਇਰਸ ਬਾਰੇ ਅਮਰੀਕਾ ਦੀ ਟਾਸਕ ਫੋਰਸ ਜਿਸ ਨੂੰ ਬਾਅਦ ਵਿੱਚ ਰਾਸ਼ਟਰਪਤੀ ਨੇ ਭੰਗ ਕਰ ਦਿੱਤਾ ਸੀ ਦਾ ਕਹਿਣਾ ਸੀ ਕਿ ਮਾਸਕ ਦੀ ਵਰਤੋਂ ਨਾਲ ਕੋਰੋਨਾ ਦੇ ਫੈਲਾਅ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਾਈ ਜਾ ਸਕਦੀ ਸੀ।

ਸੁੰਘਣ ਦੀ ਸ਼ਕਤੀ ਘਟਣਾ ਕੋਰੋਨਾ ਦਾ ਖੰਘ ਜਾਂ ਬੁਖਾਰ ਨਾਲੋਂ ਵੱਧ ਸ਼ਕਤੀਸ਼ਾਲੀ ਲੱਛਣ

ਇੱਕ ਨਵੀਂ ਰਿਸਰਚ ਅਨੁਸਾਰ ਸੁੰਘਣ ਦੀ ਸ਼ਕਤੀ ਘੱਟ ਜਾਣਾ ਕੋਰੋਨਾਵਾਇਰ ਦਾ ਖੰਘ ਜਾਂ ਬੁਖਾਰ ਦੇ ਮੁਕਾਬਲੇ ਵੱਧ ਸ਼ਕਤੀਸ਼ਾਲੀ ਲੱਛਣ ਹੈ।

ਯੂਨੀਵਰਸਿਟੀ ਕਾਲਜ ਆਫ ਲੰਡਨ ਨੇ 590 ਲੋਕਾਂ 'ਤੇ ਰਿਸਰਚ ਕੀਤੀ ਜਿਨ੍ਹਾਂ ਦੇ ਸੁੰਘਣ ਦੇ ਸਵਾਦ ਲੈਣ ਦੀ ਸ਼ਕਤੀ ਨਹੀਂ ਰਹੀ ਸੀ।

ਇਸ ਵਿੱਚ ਪਤਾ ਲਗਿਆ ਕਿ 80 ਫੀਸਦੀ ਲੋਕਾਂ ਦੇ ਸਰੀਰ ਵਿੱਚ ਕੋਰੋਨਾਵਾਇਰਸ ਦੀਆਂ ਐਂਟੀਬੌਡੀਜ਼ ਮਿਲੀਆਂ ਸਨ।

ਇਨ੍ਹਾਂ ਵਿੱਚੋਂ 40 ਫੀਸਦੀ ਲੋਕ ਜਿਨ੍ਹਾਂ ਦੇ ਸਰੀਰ ਵਿੱਚ ਐਂਟੀਬੌਡੀਜ਼ ਸਨ, ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਮਿਲਿਆ ਸੀ।

ਭਾਵੇਂ ਇਹ ਵੀ ਜ਼ਿਕਰਯੋਗਾ ਹੈ ਕਿ ਰਿਸਰਚ ਕਰਨ ਵਾਲਿਆਂ ਨੇ ਉਨ੍ਹਾਂ ਲੋਕਾਂ ਨੂੰ ਹੀ ਇਸ ਵਿੱਚ ਸ਼ਾਮਿਲ ਕੀਤਾ ਜਿਨ੍ਹਾਂ ਵਿੱਚ ਥੋੜ੍ਹੇ ਲੱਛਣ ਦਿਖਾਏ ਦੇ ਰਹੇ ਸਨ।

ਸੁੰਘਣ ਤੇ ਸਵਾਦ ਦੀ ਸ਼ਕਤੀ ਵਿੱਚ ਕਮੀ ਆਉਣਾ ਅਪ੍ਰੈਲ ਵਿੱਚ ਲੱਛਣ ਵਜੋਂ ਸਾਹਮਣੇ ਆਇਆ ਸੀ ਤੇ ਮਈ ਦੇ ਅੱਧ ਵਿੱਚ ਇਸ ਨੂੰ ਲੱਛਣਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਸੀ।

ਮੌਜੂਦਾ ਹਦਾਇਤਾਂ ਵਿੱਚ ਇਹ ਸ਼ਾਮਿਲ ਹੈ ਕਿ ਜੇ ਕਿਸੇ ਦੀ ਸੁੰਘਣ ਜਾਂ ਸਵਾਦ ਲੈਣ ਦੀ ਸ਼ਕਤੀ ਘੱਟ ਹੁੰਦੀ ਹੈ ਤਾਂ ਉਸ ਨੂੰ ਖੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ ਤੇ ਟੈਸਟ ਕਰਵਾਉਣਾ ਚਾਹੀਦਾ ਹੈ।

ਪਰ ਯੂਸੀਐੱਲ ਸਟੱਡੀ ਦੇ ਲੀਡ, ਪ੍ਰੋਫੈਸਰ ਰਿਸ਼ਲ ਬੈਥਰਹਮ ਅਨੁਸਾਰ ਅਜੇ ਵੀ ਖਾਂਸੀ ਤੇ ਬੁਖਾਰ ਨੂੰ ਮੁੱਖ ਲੱਛਣਾਂ ਵਜੋਂ ਵੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਵੀਡੀਓ: ਮੋਗਾ ਵਿੱਚ ਅਡਾਨੀ ਦੇ ਸਟੋਰ ਮੂਹਰੇ ਅਣਮਿੱਥੇ ਸਮੇਂ ਲਈ ਕਿਸਾਨਾਂ ਦਾ ਧਰਨਾ

ਵੀਡੀਓ: ਖਿਲਾਫ਼ ਕਿਸਾਨਾਂ ਨੇ ਕੀਤੇ ਰੇਲਵੇ ਟਰੈਕ ਜਾਮ

ਵੀਡੀਓ: ਰਾਮ ਮੰਦਿਰ ਕਾਰ ਸੇਵਾ ਵਿੱਚ ਜਾਣ ਵਾਲੇ ਦੋ ਬੰਦਿਆਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)