FinCEN ਫਾਈਲਾਂ: HSBC ਨੇ ਚੇਤਾਵਨੀਆਂ ਦੇ ਬਾਵਜੂਦ ਲੱਖਾਂ ਡਾਲਰ ਘੁਟਾਲੇ 'ਚ ਜਾਣ ਦਿੱਤੇ

    • ਲੇਖਕ, ਫਿਨਸੇਨ ਫਾਈਲਜ਼ ਰਿਪੋਰਟਿੰਗ ਟੀਮ
    • ਰੋਲ, ਬੀਬੀਸੀ ਪੈਨੋਰਮਾ

ਲੀਕ ਹੋਏ ਦਸਤਾਵੇਜ਼ਾਂ ਮੁਤਾਬਕ, ਐਚਐਸਬੀਸੀ ਬੈਂਕ ਨੇ ਧੋਖਾਧੜੀ ਕਰਨ ਵਾਲਿਆਂ ਨੂੰ ਲੱਖਾਂ ਡਾਲਰ ਦੁਨੀਆਂ ਭਰ 'ਚ ਇੱਧਰ-ਉੱਧਰ ਕਰਨ ਦੀ ਇਜਾਜ਼ਤ ਦਿੱਤੀ, ਹਾਲਾਂਕਿ ਉਸ ਨੂੰ ਪਤਾ ਸੀ ਕਿ ਇਹ ਇੱਕ ਘੁਟਾਲਾ ਹੈ।

2013 ਅਤੇ 2014 ਵਿੱਚ, ਬ੍ਰਿਟੇਨ ਦੇ ਇਸ ਵੱਡੇ ਬੈਂਕ ਨੇ ਆਪਣੇ ਅਮਰੀਕੀ ਕਾਰੋਬਾਰ ਦੇ ਜ਼ਰਿਏ ਹਾਂਗਕਾਂਗ ਦੇ ਐਚਐਸਬੀਸੀ ਖਾਤੇ ਵਿੱਚ ਪੈਸੇ ਦੀ ਧਾਂਦਲੀ ਕੀਤੀ ਹੈ।

ਲੀਕ ਹੋਏ ਦਸਤਾਵੇਜ਼ ਵਿੱਚ 8 ਕਰੋੜ ਡਾਲਰ ਦੀ ਧੋਖਾਧੜੀ ਸਾਹਮਣੇ ਆਈ ਹੈ। ਬੈਂਕ ਦੀਆਂ ਸ਼ੱਕੀ ਗਤੀਵਿਧੀਆਂ ਦੀਆਂ ਰਿਪੋਰਟਾਂ ਦੇ ਚਲਦਿਆਂ ਇਸ ਘੁਟਾਲੇ ਤੋਂ ਪਰਦਾ ਹੱਟ ਪਾਇਆ ਹੈ। ਇਸ ਨੂੰ ਫਿਨਸੇਨ (FinCEN) ਫਾਈਲ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ

ਐਚਐਸਬੀਸੀ ਦਾ ਕਹਿਣਾ ਹੈ ਕਿ ਅਜਿਹੀਆਂ ਰਿਪੋਰਟਾਂ 'ਤੇ ਹਮੇਸ਼ਾ ਕਾਨੂੰਨੀ ਪੱਖ ਵੇਖਿਆ ਜਾਂਦਾ ਹੈ।

ਲੀਕ ਹੋਈ ਫਾਈਲ ਤੋਂ ਪਤਾ ਚੱਲਦਾ ਹੈ ਕਿ ਇਹ ਨਿਵੇਸ਼ ਨਾਲ ਜੁੜੀ ਇਸ ਧੋਖਾਧੜੀ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਐਚਐਸਬੀਸੀ ਨੂੰ ਮਨੀ ਲਾਂਡਰਿੰਗ ਮਾਮਲੇ ਲਈ ਅਮਰੀਕਾ ਵਿੱਚ 1.9 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਉਸ ਵੇਲੇ ਸ਼ੱਕੀ ਗਤੀਵਿਧੀਆਂ 'ਤੇ ਰੋਕ ਲਗਾਉਣ ਦਾ ਵਾਅਦਾ ਕੀਤਾ ਗਿਆ ਸੀ।

ਧੋਖਾਧੜੀ ਦੇ ਪੀੜਤ ਨਿਵੇਸ਼ਕਾਂ ਦੇ ਵਕੀਲਾਂ ਨੇ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਦੇ ਖ਼ਾਤਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਵਕੀਲਾਂ ਨੇ ਕਿਹਾ ਹੈ ਕਿ ਬੈਂਕ ਨੂੰ ਇਹ ਖਾਤੇ ਤੁਰੰਤ ਬੰਦ ਕਰ ਦੇਣੇ ਚਾਹੀਦੇ ਸੀ।

ਲੀਕ ਹੋਏ ਦਸਤਾਵੇਜ਼ਾਂ ਤੋਂ ਹੋਰ ਵੀ ਕਈ ਚੀਜ਼ਾਂ ਸਾਹਮਣੇ ਆਈਆਂ ਹਨ। ਅਮਰੀਕਾ ਦੇ ਇੱਕ ਵੱਡੇ ਬੈਂਕ ਤੋਂ ਇੱਕ ਬਦਨਾਮ ਲੁਟੇਰੇ ਨੂੰ ਇੱਕ ਅਰਬ ਡਾਲਰ ਤੋਂ ਜ਼ਿਆਦਾ ਦੀ ਰਕਮ ਖ਼ਿਸਕਾਉਣ ਲਈ ਮਦਦ ਮਿਲੀ ਸੀ।

ਫਿਨਸੇਨ ਫਾਈਲ ਕੀ ਹੈ?

ਫਿਨਸੇਨ ਫਾਈਲ ਵਿੱਚ 2,657 ਦਸਤਾਵੇਜ਼ ਲੀਕ ਹੋਏ ਹਨ। ਇਨ੍ਹਾਂ ਵਿੱਚ 2,100 ਸ਼ੱਕੀ ਗਤੀਵਿਧੀਆਂ ਦੀਆਂ ਰਿਪੋਰਟਾਂ (SAR) ਸ਼ਾਮਲ ਹਨ। ਐਸਏਆਰ ਧੋਖਾਧੜੀ ਦੇ ਕੋਈ ਸਬੂਤ ਨਹੀਂ ਹੁੰਦੇ।

ਬੈਂਕ ਉਨ੍ਹਾਂ ਨੂੰ ਪ੍ਰਸ਼ਾਸਨ ਕੋਲ ਭੇਜਦੇ ਹਨ ਅਤੇ ਪ੍ਰਸ਼ਾਸਨ ਸ਼ੱਕੀ ਗਾਹਕਾਂ ਦੀ ਨਜ਼ਰਸਾਨੀ ਕਰਦਾ ਹੈ। ਨਿਯਮਾਂ ਦੇ ਅਨੁਸਾਰ, ਇਨ੍ਹਾਂ ਨੂੰ ਆਪਣੇ ਗਾਹਕਾਂ ਬਾਰੇ ਪਤਾ ਹੁੰਦਾ ਹੈ।

ਇਸ ਗੱਲ 'ਤੇ ਵੀ ਅੱਖ ਰਹਿੰਦੀ ਹੈ ਕਿ ਗ੍ਰਾਹਕਾਂ ਦਾ ਪੈਸਾ ਕਿਸ ਕਿਸਮ ਦਾ ਹੈ ਅਤੇ ਕਿੱਥੋਂ ਆ ਰਿਹਾ ਹੈ। ਜੇ ਕੋਈ ਅਪਰਾਧਿਕ ਗਤੀਵਿਧੀਆਂ ਦੇ ਸਬੂਤ ਹਨ ਤਾਂ ਨਕਦ ਲੈਣ-ਦੇਣ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਦੁਨੀਆ ਦੇ ਸਭ ਤੋਂ ਵੱਡੇ ਬੈਂਕ ਤੋਂ ਪੈਸੇ ਦੀ ਗੈਰਕਾਨੂੰਨੀ ਵਰਤੋਂ ਹੋਈ ਹੈ ਅਤੇ ਅਪਰਾਧੀਆਂ ਨੇ ਕਿਵੇਂ ਆਪਣੇ ਪੈਸੇ ਲੁਕਾਉਣ ਲਈ ਗੁਮਨਾਮ ਬ੍ਰਿਟਿਸ਼ ਕੰਪਨੀਆਂ ਦਾ ਸਹਾਰਾ ਲਿਆ ਹੈ।

ਇਹ ਰਿਪੋਰਟ ਐਸਏਆਰ ਬਜ਼ਫੀਡ ਦੀ ਵੈਬਸਾਈਟ 'ਤੇ ਲੀਕ ਹੋਈ ਹੈ ਅਤੇ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਸ਼ਨ ਜਰਨਲਿਸਟਸ (ਆਈਸੀਆਈਜੇ) ਨਾਲ ਸਾਂਝੀ ਕੀਤੀ ਗਈ ਹੈ।

ਬੀਬੀਸੀ ਰਿਸਰਚ ਪੈਨੋਰਮਾ ਵੀ ਇਸ ਵਿਸ਼ਵਵਿਆਪੀ ਜਾਂਚ ਵਿੱਚ ਸ਼ਾਮਲ ਹੈ। ਆਈਸੀਆਈਜੇ ਨੇ ਪਨਾਮਾ ਪੇਪਰਜ਼ ਅਤੇ ਪੈਰਾਡਾਈਜ਼ ਪੇਪਰਜ਼ ਲੀਕ ਹੋਣ ਦੀ ਵੀ ਰਿਪੋਰਟਿੰਗ ਕੀਤੀ ਸੀ। ਇਸ ਵਿੱਚ ਅਮੀਰ ਅਤੇ ਪ੍ਰਸਿੱਧ ਸ਼ਖਸੀਅਤਾਂ ਦੇ ਗੁਪਤ ਨਿਵੇਸ਼ਾਂ ਦਾ ਖੁਲਾਸਾ ਹੋਇਆ ਸੀ।

ਕਨਸੋਰਟੀਅਮ ਦੇ ਫਰਗਸ ਸ਼ੀਏਲ ਦਾ ਕਹਿਣਾ ਹੈ ਕਿ ਫਿਨਸੇਨ ਫਾਈਲ ਇੱਕ ਅਜਿਹਾ ਸ਼ੀਸ਼ਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਭਰ ਵਿੱਚ ਗੈਰਕਾਨੂੰਨੀ ਪੈਸੇ ਦੀ ਜੋ ਹੇਰਾਫੇਰੀ ਹੈ, ਉਸ ਬਾਰੇ ਬੈਂਕ ਕੀ ਜਾਣਦੇ ਹਨ।

"ਸਾਨੂੰ ਇਸ ਫਾਈਲ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਸਿਸਟਮ ਗੈਰਕਾਨੂੰਨੀ ਪੈਸਿਆਂ ਦੇ ਲੈਣ-ਦੇਣ ਨੂੰ ਰੋਕਣ ਵਿੱਚ ਅਸਫ਼ਲ ਰਿਹਾ ਹੈ। ਇਹ ਐਸਏਆਰ ਅਮਰੀਕੀ ਫਾਇਨੈਂਸ਼ਲ ਕ੍ਰਾਈਮਸ ਇਨਵੈਸਟੀਗੇਸ਼ਨ ਨੈੱਟਵਰਕ (ਫਿਨਸੇਨ) ਨੂੰ 2000 ਅਤੇ 2017 ਦੇ ਵਿਚਕਾਰ ਸੌਂਪੀ ਗਏ ਸੀ। ਇਸ ਵਿੱਚ ਲਗਭਗ ਦੋ ਖਰਬ ਡਾਲਰ ਦੇ ਲੈਣ-ਦੇਣ ਨੂੰ ਕਵਰ ਕੀਤਾ ਗਿਆ ਹੈ।

ਫਿਨਸੇਨ ਦਾ ਕਹਿਣਾ ਹੈ ਕਿ ਲੀਕ ਹੋਣ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ, ਜਾਂਚ ਜੋਖ਼ਮ ਭਰਪੂਰ ਹੋ ਸਕਦੀ ਹੈ ਅਤੇ ਰਿਪੋਰਟ ਫਾਈਲ ਕਰਨ ਵਾਲਿਆਂ ਲਈ ਵੀ ਜੋਖ਼ਮ ਵਧਿਆ ਹੈ।

"ਪਰ ਪਿਛਲੇ ਹਫ਼ਤੇ, ਮਨੀ ਲਾਂਡਰਿੰਗ ਦੇ ਖ਼ਿਲਾਫ਼ ਜਾਂਚ ਦਾ ਐਲਾਨ ਕੀਤਾ ਗਿਆ ਸੀ। ਬ੍ਰਿਟੇਨ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਲਈ ਕੰਪਨੀ ਰਜਿਸਟਰ ਵਿੱਚ ਸੁਧਾਰ ਕਰਨ ਦਾ ਐਲਾਨ ਵੀ ਕੀਤਾ ਸੀ।

ਪੋਂਜ਼ੀ ਘੁਟਾਲਾ ਕੀ ਹੈ?

ਜਿਸ ਨਿਵੇਸ਼ ਵਿੱਚ ਐਚਐਸਬੀਸੀ ਨੂੰ ਘੁਟਾਲਿਆਂ ਬਾਰੇ ਚੇਤਾਵਨੀ ਦਿੱਤੀ ਗਈ ਸੀ, ਉਸ ਨੂੰ WCM777 ਕਿਹਾ ਜਾਂਦਾ ਹੈ।

ਇਸ ਵਿੱਚ ਨਿਵੇਸ਼ਕ ਰਿਨਾਲਡੋ ਪਾਚੇਕੋ ਦੀ ਅਪ੍ਰੈਲ 2014 ਵਿੱਚ ਮੌਤ ਹੋ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਥਰਾਂ ਨਾਲ ਦਬਾ ਕੇ ਮਾਰਿਆ ਗਿਆ ਸੀ।

ਉਹ ਇਸ ਯੋਜਨਾ ਵਿੱਚ ਸ਼ਾਮਲ ਸੀ ਅਤੇ ਹੋਰ ਨਿਵੇਸ਼ਕਾਂ ਦੀ ਤਲਾਸ਼ ਸੀ। ਇਸ ਵਿੱਚ ਸਾਰਿਆਂ ਨੂੰ ਅਮੀਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਪੋਂਜ਼ੀ ਸਕੀਮ ਵਿੱਚ ਲੋਕਾਂ ਦੇ ਪੈਸੇ ਡੁੱਬ ਗਏ ਅਤੇ ਇਸ ਵਿੱਚ ਹੀ ਪਾਚੇਕੋ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ

ਇਸ ਘੁਟਾਲੇ ਵਿੱਚ ਕੀ ਵਾਅਦਾ ਕੀਤਾ ਗਿਆ ਸੀ?

ਇਹ ਯੋਜਨਾ ਚੀਨੀ ਵਿਅਕਤੀ ਮਿੰਗ ਸ਼ੂ ਦੁਆਰਾ ਸ਼ੁਰੂ ਕੀਤੀ ਗਈ ਸੀ। ਉਹ ਅਮਰੀਕਾ ਕਿਵੇਂ ਆਏ, ਇਸ ਬਾਰੇ ਬਹੁਤ ਜ਼ਿਆਦਾ ਪਤਾ ਨਹੀਂ ਸੀ। ਹਾਲਾਂਕਿ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਕੈਲੀਫ਼ੋਰਨੀਆ ਤੋਂ ਐਮ.ਏ. ਦੀ ਪੜਾਈ ਕੀਤੀ ਸੀ।

ਸ਼ੂ ਲਾਸ ਏਂਜਲਸ ਵਿਚ ਰਹਿੰਦੇ ਸੀ। ਉਨ੍ਹਾਂ ਨੇ ਆਪਣਾ ਨਾਮ ਡਾ ਫਿਲ ਵੀ ਰੱਖਿਆ ਸੀ।

ਸ਼ੂ ਦਾ ਕਹਿਣਾ ਹੈ ਕਿ ਉਹ ਗਲੋਬਲ ਇਨਵੈਸਟਿੰਗ ਬੈਂਕ ਚਲਾ ਰਹੇ ਸੀ, ਜਿਸ ਵਿਚ 100 ਦਿਨਾਂ ਵਿਚ 100 ਪ੍ਰਤੀਸ਼ਤ ਮੁਨਾਫ਼ੇ ਦਾ ਵਾਅਦਾ ਕੀਤਾ ਸੀ। ਹਾਲਾਂਕਿ ਅਸਲ ਵਿੱਚ ਉਹ WCM777 ਪੋਂਜ਼ੀ ਘੁਟਾਲਾ ਚਲਾ ਰਹੇ ਸੀ।

ਸੈਮੀਨਾਰਾਂ, ਫ਼ੇਸਬੁੱਕ, ਵੈਬਿਨਾਰ ਅਤੇ ਯੂ-ਟਿਊਬ ਰਾਹੀਂ 8 ਕਰੋੜ ਡਾਲਰ ਦਾ ਨਿਵੇਸ਼ ਗਾਸਲ ਕੀਤਾ ਗਿਆ ਸੀ।

ਇਸ ਵਿੱਚ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਹਜ਼ਾਰਾਂ ਲੋਕ ਸ਼ਾਮਲ ਸੀ। ਧੋਖਾਥੜੀ ਕਰਨ ਵਾਲਿਆਂ ਨੇ ਇਸ ਵਿੱਚ ਈਸਾਈ ਧਰਮ ਦੀ ਵਰਤੋਂ ਵੀ ਕੀਤੀ ਅਤੇ ਮੁੱਖ ਤੌਰ 'ਤੇ ਅਮਰੀਕਾ, ਕੋਲੰਬੀਆ ਅਤੇ ਪੇਰੂ ਦੇ ਗਰੀਬਾਂ ਨੂੰ ਨਿਸ਼ਾਨਾ ਬਣਾਇਆ।

ਇਸ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਲੋਕਾਂ ਦੇ ਨਾਲ-ਨਾਲ ਬ੍ਰਿਟੇਨ ਦੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ।

ਕੈਲੀਫੋਰਨੀਆ ਵਿਚ ਰੈਗੂਲੇਟਰਾਂ ਨੇ ਐਚਐਸਬੀਸੀ ਨੂੰ ਦੱਸਿਆ ਕਿ ਸਤੰਬਰ 2013 ਦੇ ਸ਼ੁਰੂ ਵਿਚ WCM777 ਨਿਵੇਸ਼ਾਂ ਦੀ ਜਾਂਚ ਕਰ ਰਹੀ ਹੈ। ਧੋਖਾਧੜੀ ਬਾਰੇ ਵੀ ਚੇਤਾਵਨੀ ਦਿੱਤੀ ਗਈ ਸੀ।

ਕੈਲੀਫੋਰਨੀਆ ਦੇ ਨਾਲ-ਨਾਲ, ਮੈਸੇਚਿਉਸੇਟਸ ਦੇ ਕੋਲੋਰੈਡੋ ਵਿਚ ਵੀ ਇਨ੍ਹਾਂ ਨਿਵੇਸ਼ਕਾਂ 'ਤੇ ਕਾਰਵਾਈ ਕੀਤੀ ਗਈ ਸੀ।

ਐਚਐਸਬੀਸੀ ਨੇ ਸ਼ੱਕੀ ਲੈਣ-ਦੇਣ ਦੀ ਵੀ ਪਛਾਣ ਕੀਤੀ। ਪਰ ਅਪ੍ਰੈਲ 2014 ਤੋਂ ਪਹਿਲਾਂ ਤੱਕ ਅਜਿਹਾ ਨਹੀਂ ਹੋਇਆ। ਫਿਰ ਅਮਰੀਕੀ ਫਾਇਨੈਸ਼ਨਲ ਰੈਗੁਲੇਟਰ ਨੇ ਇਲਜ਼ਾਮ ਤੈਅ ਕੀਤੇ ਅਤੇ ਹਾਂਗਕਾਂਗ ਐਚਐਸਬੀਸੀ ਵਿਚ WCM777 ਦੇ ਅਕਾਊਂਟ ਨੂੰ ਬੰਦ ਕੀਤਾ। ਪਰ ਉਸ ਵੇਲੇ ਤੱਕ ਸਾਰਾ ਮਾਮਲਾ ਹੱਥ ਚੋਂ ਨਿਕਲ ਚੁੱਕਿਆ ਸੀ।

ਐਸਏਆਰ ਰਿਪੋਰਟ ਵਿੱਚ ਕੀ ਹੈ?

29 ਅਕਤੂਬਰ 2013 ਨੂੰ, ਐਚਐਸਬੀਸੀ ਨੇ ਪਹਿਲੀ ਐਸਏਆਰ ਦਾਇਰ ਕੀਤੀ। ਇਹ ਰਿਪੋਰਟ ਧੋਖਾਧੜੀ ਕਰਨ ਵਾਲਿਆਂ ਦੇ ਹਾਂਗ ਕਾਂਗ ਦੇ ਖਾਤੇ ਵਿੱਚ 60 ਲੱਖ ਡਾਲਰ ਭੇਜਣ ਬਾਰੇ ਹੈ।

ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੈਣ-ਦੇਣ ਨਿਯਮ ਅਨੁਸਾਰ ਨਹੀਂ ਹੈ ਅਤੇ ਇਹ ਪੋਂਜ਼ੀ ਘੁਟਾਲੇ ਨਾਲ ਸਬੰਧਤ ਹੈ।

ਦੂਜੀ ਐਸਏਆਰ ਫਰਵਰੀ 2014 ਵਿਚ ਆਈ ਅਤੇ ਇਸ ਵਿਚ 1.54 ਕਰੋੜ ਡਾਲਰ ਦਾ ਸ਼ੱਕੀ ਲੈਣ-ਦੇਣ ਸ਼ਾਮਲ ਸੀ ਅਤੇ ਇਹ ਵੀ ਪੋਂਜ਼ੀ ਘੁਟਾਲੇ ਨਾਲ ਜੁੜਿਆ ਹੋਇਆ ਹੈ।

ਤੀਜੀ ਰਿਪੋਰਟ ਮਾਰਚ ਵਿਚ ਆਈ ਸੀ ਅਤੇ ਇਹ WCM777 ਨਾਲ ਸਬੰਧਤ ਹੈ। ਇਸ ਵਿੱਚ 90.2 ਲੱਖ ਡਾਲਰ ਦੀ ਹੇਰਾਫੇਰੀ ਹੋਈ। ਇਸ ਦੀ ਜਾਂਚ ਦਾ ਆਦੇਸ਼ ਕੋਲੰਬੀਆ ਦੇ ਰਾਸ਼ਟਰਪਤੀ ਨੇ ਦਿੱਤਾ ਸੀ।

ਐਚਐਸਬੀਸੀ ਨੇ ਕੀ ਕੀਤਾ?

ਜਦੋਂ ਐਚਐਸਬੀਸੀ ਮੈਕਸੀਕਨ ਡਰੱਗ ਮਾਫ਼ੀਆ ਦੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਅਮਰੀਕੀ ਅਪਰਾਧਿਕ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਉੇਸੇ ਵੇਲੇ WCM777 ਸਕੀਮ ਮਹੀਨਿਆਂ ਬਾਅਦ ਸਾਹਮਣੇ ਆਈ।

ਆਈਸੀਆਈਜੇ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਸਾਲ 2011 ਅਤੇ 2017 ਵਿੱਚ ਐਚਐਸਬੀਸੀ ਨੇ ਹਾਂਗਕਾਂਗ ਦੇ ਖਾਤੇ ਵਿੱਚ 1.5 ਅਰਬ ਡਾਲਰ ਦੀ ਲੈਣ-ਦੇਣ ਦੀ ਪਛਾਣ ਕੀਤੀ ਸੀ ਅਤੇ ਉਨ੍ਹਾਂ ਵਿੱਚੋਂ ਲਗਭਗ 90 ਕਰੋੜ ਡਾਲਰ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਸਨ।

ਪਰ ਗਾਹਕਾਂ ਦੇ ਮੁੱਖ ਤੱਥ ਰਿਪੋਰਟ ਵਿੱਚ ਸ਼ਾਮਲ ਨਹੀਂ ਕੀਤੇ ਗਏ ਸਨ। ਮੁਨਾਫ਼ਾ ਕਮਾਉਣ ਵਾਲੇ ਮਾਲਕਾਂ ਦੇ ਖਾਤਿਆਂ ਅਤੇ ਇਸ ਵਿੱਚ ਆਉਣ ਵਾਲੇ ਪੈਸੇ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਸੀ। ਬੈਂਕਾਂ ਨੂੰ ਐਸਏਆਰ ਰਿਪੋਰਟ 'ਤੇ ਬੋਲਣ ਦੀ ਆਗਿਆ ਨਹੀਂ ਹੈ।

ਐਚਐਸਬੀਸੀ ਦਾ ਕਹਿਣਾ ਹੈ, "ਸਾਲ 2012 ਤੋਂ ਅਸੀਂ ਵਿੱਤੀ ਅਪਰਾਧ ਦੇ ਖ਼ਿਲਾਫ਼ ਵਿਸ਼ਾਲ ਲੜਾਈ ਸ਼ੁਰੂ ਕੀਤੀ ਸੀ। ਅਸੀਂ ਅਜਿਹੇ ਕਈ ਮਾਮਲਿਆਂ ਖਿਲਾਫ਼ ਲੜ ਰਹੇ ਹਾਂ। ਐਚਐਸਬੀਸੀ ਹੁਣ 2012 ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੈ। ਅਮਰੀਕੀ ਪ੍ਰਸ਼ਾਸਨ ਵੀ ਇਸ ਪ੍ਰਤੀ ਬਹੁਤ ਵਚਨਬੱਧ ਹੈ ਅਤੇ ਅਸੀਂ ਵੀ ਇਕੱਠੇ ਹਾਂ।"

2017 ਵਿੱਚ, ਸ਼ੂ ਨੂੰ ਚੀਨੀ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹੈ।

ਸ਼ੂ ਨੇ ਆਈਸੀਆਈਜੇ ਨੂੰ ਦੱਸਿਆ ਹੈ ਕਿ ਐਚਐਸਬੀਸੀ ਨੇ ਕਾਰੋਬਾਰ ਬਾਰੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਉਨ੍ਹਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ WCM777 ਪੋਂਜ਼ੀ ਘੁਟਾਲਾ ਸੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਕੈਲੀਫੋਰਨੀਆ ਵਿੱਚ 400 ਏਕੜ ਵਿੱਚ ਇੱਕ ਧਾਰਮਿਕ ਭਾਈਚਾਰਾ ਬਣਾਉਣਾ ਚਾਹੁੰਦੇ ਸੀ।

ਪੋਂਜ਼ੀ ਸਕੀਮ ਕੀ ਹੈ?

ਪੋਂਜ਼ੀ ਯੋਜਨਾ ਦਾ ਨਾਮ ਵੀਹਵੀਂ ਸਦੀ ਦੇ ਅਰੰਭ ਵਿੱਚ ਚਾਰਲਸ ਪੋਂਜ਼ੀ ਦੇ ਨਾਮ 'ਤੇ ਰੱਖਿਆ ਗਿਆ ਸੀ। ਇਸ ਵਿੱਚ ਨਕਦੀ ਤੋਂ ਮੁਨਾਫ਼ਾ ਨਹੀਂ ਕਮਾਇਆ ਜਾਂਦਾ ਹੈ, ਬਲਕਿ ਨਿਵੇਸ਼ਕਾਂ ਨੂੰ ਪੈਸਾ ਦੂਜੇ ਨਿਵੇਸ਼ਕਾਂ ਦੇ ਪੈਸੇ ਤੋਂ ਦਿੱਤਾ ਜਾਂਦਾ ਹੈ।

ਇਸ ਵਿੱਚ ਨਿਵੇਸ਼ਕਾਂ ਦੀ ਕੋਈ ਸੀਮਾ ਨਹੀਂ ਹੈ, ਬਲਕਿ ਪੈਸੇ ਦੀ ਹੇਰਾਫੇਰੀ ਲਈ ਅਣਗਿਣਤ ਨਿਵੇਸ਼ਕਾਂ ਦੀ ਜ਼ਰੂਰਤ ਪੈਂਦੀ ਹੈ।

ਅੰਤ ਵਿੱਚ ਇਹੀ ਹੁੰਦਾ ਹੈ ਕਿ ਪੋਂਜ਼ੀ ਸਕੀਮ ਦੇ ਮਾਲਕ ਨਿਵੇਸ਼ਕਾਂ ਦੇ ਪੈਸੇ ਆਪਣੇ ਖਾਤੇ ਵਿੱਚ ਪਾਉਣਾ ਸ਼ੁਰੂ ਕਰਦੇ ਹਨ। ਜਦੋਂ ਨਿਵੇਸ਼ਕਾਂ ਦਾ ਆਉਣਾ ਬੰਦ ਹੋ ਗਿਆ ਤਾਂ ਪੋਂਜ਼ੀ ਸਕੀਮ ਦੀ ਸੱਚਾਈ ਸਾਹਮਣੇ ਆਈ।

ਲੀਕ ਰਿਪੋਰਟ ਤੋਂ ਕੀ ਮਿਲਿਆ?

ਫਿਨਸੇਨ ਫਾਈਲ ਨੇ ਇਹ ਵੀ ਪਤਾ ਚੱਲਦਾ ਹੈ ਕਿ ਮਲਟੀਨੇਸ਼ਨਲ ਬੈਂਕ ਜੇਪੀ ਮੋਰਗਨ ਨੇ ਸ਼ਾਇਦ ਬੌਸ ਆਫ਼ ਬੋਸਜ਼ ਵਜੋਂ ਜਾਣੇ ਜਾਂਦੇ ਰੂਸੀ ਮਾਫੀਆ ਨੂੰ ਵਿੱਤੀ ਪ੍ਰਣਾਲੀ ਤੋਂ ਇਕ ਅਰਬ ਡਾਲਰ ਖਿਸਕਾਉਣ ਵਿਚ ਸਹਾਇਤਾ ਕੀਤੀ ਸੀ। ਸੇਮੀਓਨ ਮੋਗੀਲੇਵਿਚ 'ਤੇ ਕਤਲ ਅਤੇ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮ ਹਨ।

ਉਨ੍ਹਾਂ ਨੂੰ ਵਿੱਤੀ ਪ੍ਰਣਾਲੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਸੀ ਪਰ ਸਾਲ 2015 ਵਿਚ ਜੇਪੀ ਮੋਰਗਨ ਦੀ ਇਕ ਐਸਏਆਰ ਫਾਈਲ ਕਰਨ ਤੋਂ ਬਾਅਦ ਖਾਤਾ ਬੰਦ ਕਰ ਦਿੱਤਾ ਗਿਆ ਸੀ।

ਪਰ ਇਹ ਵੀ ਪਤਾ ਲੱਗਿਆ ਹੈ ਕਿ ਲੰਡਨ ਵਿੱਚ ਬੈਂਕ ਦਫ਼ਤਰ ਦੀ ਸਹਾਇਤਾ ਨਾਲ, ਪੈਸੇ ਕੱਢਵਾਉਣ ਵਿੱਚ ਸਹਾਇਤਾ ਕੀਤੀ ਗਈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਪੀ ਮੋਰਗਨ ਨੇ 2002 ਅਤੇ 2013 ਵਿਚ ਗੁਪਤ ਆਫ਼ਸ਼ੋਰ ਕੰਪਨੀ ਏਬੀਐਸਆਈ ਐਂਟਰਪ੍ਰਾਈਜ਼ ਨੂੰ ਬੈਂਕ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਇਹ ਉਦੋਂ ਹੋਇਆ ਜਦੋਂ ਉਸ ਦਾ ਬੈਂਕ ਰਿਕਾਰਡ ਸ਼ੱਕੀ ਸੀ।

ਪੰਜ ਸਾਲਾਂ ਵਿੱਚ, ਜੇਪੀ ਮੋਰਗਨ ਨਾਲ 1.02 ਅਰਬ ਡਾਲਰ ਦਾ ਲੈਣ-ਦੇਣ ਹੋਇਆ। ਐਸਆਰ ਦੇ ਅਨੁਸਾਰ, ਏਬੀਐਸਆਈ ਕੰਪਨੀ ਦੇ ਸੇਮੀਅਨ ਮੋਗੀਲੇਵਿਚ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ। ਸੇਮੀਅਨ ਮੋਗੀਲੇਵਿਚ ਐਫ਼ਬੀਆਈ ਦੇ ਟੌਪ 10 ਵਿਚ ਮੋਸਟ ਵਾਟਿੰਡ ਹੈ।

ਜੇਪੀ ਮੋਰਗਨ ਨੇ ਆਪਣੇ ਬਿਆਨ ਵਿਚ ਕਿਹਾ ਹੈ, "ਵਿੱਤੀ ਅਪਰਾਧ ਨਾਲ ਲੜਨ ਵਿਚ ਅਸੀਂ ਨਿਯਮਾਂ ਅਨੁਸਾਰ ਸਰਕਾਰ ਦੇ ਕੰਮ ਦਾ ਸਮਰਥਨ ਕੀਤਾ ਹੈ ਅਤੇ ਇਸਦਾ ਪਾਲਣ ਕੀਤਾ ਹੈ। ਅਸੀਂ ਇਸ ਮਹੱਤਵਪੂਰਨ ਕੰਮ ਲਈ ਹਜ਼ਾਰਾਂ ਲੋਕਾਂ ਦੇ ਲੱਖਾਂ ਡਾਲਰ ਲਗਾਏ ਹਨ।"

ਫਿਨਸੇਨ ਫਾਈਲ ਰਾਹੀਂ ਗੁਪਤ ਦਸਤਾਵੇਜ਼ ਸਾਹਮਣੇ ਆਏ ਹਨ ਅਤੇ ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਵੱਡੇ ਬੈਂਕਾਂ ਨੇ ਅਪਰਾਧੀਆਂ ਨੂੰ ਵਿਸ਼ਵ ਭਰ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਆਗਿਆ ਦਿੱਤੀ ਹੈ।

ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਬ੍ਰਿਟੇਨ ਦੀ ਵਿੱਤੀ ਪ੍ਰਣਾਲੀ ਵਿਚ ਬਹੁਤ ਸਾਰੇ ਛੇਕ ਹਨ ਅਤੇ ਕਿਵੇਂ ਲੰਡਨ ਵਿਚ ਰੂਸੀ ਨਕਦੀ ਇਕੱਠੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)