ਸਾਬਕਾ ਡੀਜੀਪੀ ਸੁਮੇਧ ਸੈਣੀ ਫਿਰ ਨਹੀਂ ਮਿਲੇ, ਪੁਲਿਸ ਨੇ ਘਰੇ ਚਿਪਕਾਇਆ ਸੰਮਨ - ਅਹਿਮ ਖ਼ਬਰਾਂ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੁਲਿਸ ਨੇ 23 ਸਿਤੰਬਰ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਸੱਦਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦਾ ਵਫਦ ਵੀ ਖੇਤੀਬਾੜੀ ਬਿੱਲ ਨੂੰ ਰੋਕਣ ਲਈ ਰਾਸ਼ਟਰਪਤੀ ਨੂੰ ਮਿਲਿਆ ਹੈ।

1. ਸੁਮੇਧ ਸੈਣੀ ਨੂੰ ਜਾਂਚ ’ਚ ਸ਼ਾਮਿਲ ਹੋਣ ਲਈ ਸੱਦਿਆ

ਮੁਲਤਾਨੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਸੰਮਨ ਦੇਣ ਗਈ ਪੁਲਿਸ ਨੂੰ ਸੈਣੀ ਆਪਣੀ ਰਿਹਾਇਸ਼ 'ਤੇ ਨਹੀਂ ਮਿਲੇ।

ਇਸ ਮਗਰੋਂ ਪੁਲਿਸ ਨੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸੰਮਨ ਚਿਪਕਾ ਦਿੱਤਾ ਜਿਸ ਵਿੱਚ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ 23 ਸਿਤੰਬਰ ਸਵੇਰੇ 11 ਵਜੇ ਸੱਦਿਆ ਹੈ।

ਪੁਲਿਸ ਅਨੁਸਾਰ ਇਸ ਸੰਮਨ ਦੀ ਕਾਪੀ ਪੁਲਿਸ ਨੇ ਸੁਮੇਧ ਸੈਣੀ ਦੇ ਵਕੀਲਾਂ ਨੂੰ ਵੀ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ-

2. ਅਕਾਲੀ ਦਲ ਦਾ ਵਫ਼ਦ ਰਾਸ਼ਟਰਪਤੀ ਨੂੰ ਮਿਲਿਆ

ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ, ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਖੇਤੀ ਬਿੱਲ ਦੇ ਵਿਰੋਧ ਵਿੱਚ ਰਾਸ਼ਟਰਪਤੀ ਕੋਵਿੰਦ ਨਾਥ ਨੂੰ ਮਿਲ ਕੇ ਇੱਕ ਮੈਮੋਰੰਡਮ ਦੇ ਕੇ ਆਇਆ ਹੈ।

ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਵਫ਼ਦ ਨੇ ਰਾਸ਼ਰਪਤੀ ਨੂੰ ਅਪੀਲ ਕੀਤੀ ਕਿ ਜੋ ਬਿੱਲ ਧੱਕੇ ਨਾਲ ਰਾਜ ਸਭਾ ਵਿੱਚ ਪਾਸ ਹੋਇਆ, ਉਸ 'ਤੇ ਉਹ ਦਸਤਖ਼ਤ ਨਾ ਕਰਨ।

ਉਨ੍ਹਾਂ ਨੇ ਕਿਹਾ, "ਰਾਸ਼ਟਰਪਤੀ ਨੂੰ ਬੇਨਤੀ ਕੀਤੀ ਗਈ ਹੈ ਕਿ ਦੇਸ਼ ਦੇ ਕਿਸਾਨ ਇਹ ਬਿਲਕੁਲ ਨਹੀਂ ਚਾਹੁੰਦੇ ਹਨ, ਇਹ ਬਿੱਲ ਦੇਸ਼ ਦੀ ਕਿਸਾਨੀ ਦੇ ਖ਼ਿਲਾਫ਼ ਹਨ ਅਤੇ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਜੋ ਪਾਰਲੀਮੈਂਟ ਵਿੱਚ ਚੁੱਕੀ ਗਈ ਸੀ, ਉਹ ਰੋਕ ਇਹ ਬਿੱਲ ਪਾਸ ਕੀਤੇ ਗਏ ਹਨ।"

"ਇਨ੍ਹਾਂ ਨੂੰ ਪਰਾਲੀਮੈਂਟ 'ਚ ਵਾਪਸ ਭੇਜਿਆ ਜਾਵੇ, ਅਤੇ ਸਲੈਕਟ ਕਮੇਟੀ ਨੂੰ ਦਿੱਤੇ ਜਾਣ, ਜੋ ਪਾਰਲੀਮੈਂਟ ਮੈਂਬਰਾਂ ਅਤੇ ਸਾਰੀਆਂ ਪਾਰਟੀਆਂ ਦੀ ਕਮੇਟੀ ਹੋਵੇ, ਜੋ ਇਨ੍ਹਾਂ ਬਿੱਲਾਂ 'ਤੇ ਮੁੜ ਵਿਚਾਰ ਕਰ ਕੇ ਕਿਸਾਨਾਂ ਦੀ ਖਦਸ਼ਿਆਂ ਨੂੰ ਦੂਰ ਕਰਨ।"

3. 8 ਸਾਂਸਦ ਰਾਜਸਭਾ 'ਚੋਂ ਇੱਕ ਹਫ਼ਤੇ ਲਈ ਕੀਤੇ ਮੁਅੱਤਲ

ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਡੇਰੇਕ ਓ ਬ੍ਰਾਇਨ, ਸੰਜੇ ਸਿੰਘ, ਰਾਜੂ ਸੱਤਵ, ਕੇ ਕੇ ਰਾਗੇਸ਼, ਰਿਪਨ ਬੋਰਾ, ਡੋਲਾ ਸੇਨ, ਸਯਦ ਨਜ਼ੀਰ ਹੁਸੈਨ ਅਤੇ ਅਲਾਮਰਨ ਕਰੀਮ ਨੂੰ ਗਲ਼ਤ ਵਿਵਹਾਰ ਲਈ ਇੱਕ ਹਫ਼ਤੇ ਲਈ ਮੁਅੱਤਲ ਕੀਤਾ ਗਿਆ।

ਦਰਅਸਲ ਸੋਮਵਾਰ ਨੂੰ ਰਾਜ ਸਭਾ ਵਿੱਚ ਖੇਤੀਬਾੜੀ ਬਿਲਾਂ ਬਾਰੇ ਬਹਿਸ ਦੌਰਾਨ ਜ਼ੋਰਦਾਰ ਹੰਗਾਮਾ ਹੋਇਆ ਸੀ। ਵਿਰੋਧੀ ਧਿਰ ਦੇ ਮੈਂਬਰ ਸਪੀਕਰ ਦੇ ਵੈਲ ਤੱਕ ਪਹੁੰਚ ਗਏ ਤੇ ਰੂਲ ਬੁੱਕ ਨੂੰ ਫਾੜ੍ਹਨ ਦੀ ਕੋਸ਼ਿਸ਼ ਕੀਤੀ ਤੇ ਡਿਪਟੀ ਚੇਅਰਮੈਨ ਦਾ ਮਾਈਕ ਵੀ ਖੋਹਣ ਦੀ ਕੋਸ਼ਿਸ਼ ਕੀਤੀ।

ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਸਪੀਕਰ ਨੇ ਬਿੱਲ ਨੂੰ ਪਾਸ ਕਰਨ ਲਈ ਰਾਜ ਸਭਾ ਦੇ ਵਕਤ ਨੂੰ ਵਧਾ ਦਿੱਤਾ ਅਤੇ ਬਿਲਾਂ ਨੂੰ ਪਾਸ ਕਰਨ ਵਾਸਤੇ ਪੇਸ਼ ਕਰ ਦਿੱਤਾ।

ਵਿਰੋਧੀ ਧਿਰ ਦੀ ਮੰਗ ਸੀ ਕਿ ਇਸ ਬਿੱਲ ਬਾਰੇ ਚਰਚਾ ਦੀ ਲੋੜ ਹੈ ਤੇ ਹੁਣੇ ਬਿਲ ਪਾਸ ਨਹੀਂ ਕੀਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ:-

4. ਮਹਾਰਾਸ਼ਟਰ ਦੇ ਭਿਵੰਡੀ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, 8 ਮੌਤਾਂ

ਮਹਾਰਾਸ਼ਟਰ ਦੇ ਭਿਵੰਡੀ ਵਿੱਚ ਤਿੰਨ ਮੰਜ਼ਿਲਾ ਇਮਾਰਤ ਢਹਿ ਜਾਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ।

ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ, ਸਥਾਨਕ ਲੋਕਾਂ ਨੇ 20 ਲੋਕਾਂ ਨੂੰ ਬਚਾ ਲਿਆ ਹੈ।

ਇਸ ਇਮਾਰਤ ਵਿੱਚ ਅਜੇ ਵੀ 20 ਤੋਂ 25 ਲੋਕ ਫਸੇ ਹੋਣ ਦੀ ਸੰਭਾਵਨਾ ਹੈ।

ਠਾਣੇ ਮਿਉਂਸਿਪਲ ਕਾਰਪੋਰੇਸ਼ਨ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਵਿੱਚੋਂ ਪੰਜ ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

ਐਨਡੀਆਰਐਫ਼ ਦੀ ਟੀਮ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ:-

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)