ਖੇਤੀ ਬਿਲਾਂ 'ਤੇ ਵਰ੍ਹੇ ਨਵਜੋਤ ਸਿੰਘ ਸਿੱਧੂ, ਬੋਲੇ ਕਿਸਾਨ ਨਾਲ 'ਵਰਤੋ ਤੇ ਸੁੱਟੋ' ਵਾਲਾ ਵਤੀਰਾ- ਅਹਿਮ ਖ਼ਬਰਾਂ

ਜੰਗੀ ਪੱਧਰ 'ਤੇ ਤਿੰਨ ਕਾਲੇ ਕਾਨੂੰਨਾਂ ਨਾਲ ਜੂਝਦੇ ਜਾਬਾਂਜ਼ ਪੰਜਾਬੀ

ਸਵਾਲ ਪੱਗ 'ਤੇ ਆ ਗਿਆ, ਸਾਡੀ ਅਣਖ 'ਤੇ ਸਾਡੀ ਹੋਂਦ 'ਤੇ ਆ ਗਿਆ

ਤੇ ਸਾਡੇ ਸਰਮਾਏ 'ਤੇ, ਜਿਹੜਾ ਪੀੜ੍ਹੀ-ਦਰ ਪੀੜ੍ਹੀ ਬਣਾਇਆ ਉਸ 'ਤੇ ਆ ਗਿਆ

ਇਕਜੁੱਟ ਹੋ ਕੇ ਸੰਗਠਿਤ ਹੋ ਕੇ ਲੜਾਈ ਲੜਨ 'ਤੇ ਆ ਗਿਆ

ਕਿਉਂਕਿ ਕਸ਼ਤੀ ਡੂਬੇਗੀ ਤੋਂ ਡੂਬੇਂਗੇ ਸਾਰੇ, ਕੋਈ ਨਹੀਂ ਬਚੇਂਗੇ ਸਾਥੀ ਹਮਾਰੇ

ਇਨ੍ਹਾਂ ਸਤਰਾਂ ਦਾ ਪ੍ਰਗਟਾਵਾਂ ਕਰਦਿਆਂ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਜਾਨ ਨੇ ਕਿਸਾਨ ਤੇ ਜੇ ਕਿਸਾਨਾ ਨਾ ਰਿਹਾ ਤਾਂ ਲਭਣਾ ਕੋਈ ਨਹੀਂ, ਇਸ ਕਰਕੇ ਅੱਜ ਇਨਕਲਾਬ ਦੇ ਨਾਅਰੇ ਨੂੰ ਹੁਲਾਰਾ ਦੇਣ ਦੀ ਸਖ਼ਤ ਲੋੜ ਹੈ।

ਉਨ੍ਹਾਂ ਨੇ ਕਿਹਾ ਪਹਿਲਾਂ ਸਮੱਸਿਆ ਨੂੰ ਸਮਝਣ ਦੀ ਲੋੜ ਹੈ। ਹਰੀ ਕ੍ਰਾਂਤੀ ਦੀ ਲੋੜ ਪੰਜਾਬ ਨੂੰ ਨਹੀਂ ਸੀ ਬਲਕਿ ਹਿੰਦੁਸਤਾਨ ਦੀ ਲੋੜ ਸੀ ਅਤੇ ਸਾਰੇ ਦੇਸ਼ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਚੁੱਕੀ।

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਪਾਈ ਵੀਡੀਓ ਵਿੱਚ ਅੱਗੇ ਕਿਹਾ, "ਦੇਸ਼ ਦੇ 80 ਕਰੋੜ ਗਰੀਬ ਨੂੰ ਅੰਨ ਕੌਣ ਦਿੰਦਾ, ਕਿਤੇ ਗ਼ਲਤਫਹਿਮੀ 'ਚ ਨਾ ਰਹਿਣਾ ਕਿ ਪੂੰਜੀਪਤੀ ਦਿੰਦਾ ਜਾਂ ਸਰਕਾਰਾਂ ਦਿੰਦੀਆਂ ਹਨ, ਬਲਕਿ ਨਹੀਂ ਇਹ ਕਿਸਾਨ ਦਿੰਦਾ ਹੈ।"

"1980 ਤੋਂ ਕੰਪਨੀਆਂ 'ਚ ਕੰਮ ਕਰਵਾਲਿਆਂ ਦੀ ਆਮਦਨੀ 1000 ਗੁਣਾ ਤੱਕ ਵਧੀ ਹੈ ਪਰ ਕਿਸਾਨਾਂ ਦੀ ਐੱਮਐੱਸਪੀ ਸਿਰਫ਼ 15 ਗੁਣਾ ਵਧੀ ਹੈ। ਐੱਮਐੱਸਪੀ ਸਰਕਾਰ ਘੱਟ ਰੱਖਦੀ ਹੈ, ਅਨਾਜ ਸਸਤਾ ਚੁੱਕ ਕੇ ਉਹ ਗਰੀਬਾਂ ਨੂੰ ਵੰਡਦੀ ਹੈ। ਇਹ ਵਡਮੁੱਲਾ ਯੋਗਦਾਨ ਵੀ ਕਿਸਾਨ ਦਾ ਹੀ ਹੈ।"

ਉਨ੍ਹਾਂ ਨੇ ਕਿਹਾ ਐੱਮਐੱਸਪੀ ਤਾਂ ਕੀ ਵਧਾਉਣੀ ਸੀ ਸਰਕਾਰ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਦਰਕਿਨਾਰ ਕਰ ਰਹੀ ਹੈ, ਜਿਵੇਂ 'ਵਰਤੋ ਅਤੇ ਸੁੱਟੋ' ਵਾਲੀ ਨੀਤੀ। ਜਿਨ੍ਹਾਂ ਸੂਬਿਆਂ ਵਿੱਚ ਮੰਡੀਆਂ ਪਹਿਲਾਂ ਹੀ ਖਤਮ ਕੀਤੀਆਂ ਜਾ ਚੁੱਕੀਆਂ ਹਨ ਉੱਥੇ ਸਬੂਤ ਵਜੋਂ ਦੇਖ ਲਓ ਕਿ ਅੰਨਦਾਤਾ ਪਹਿਲਾਂ ਹੀ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਤੇ ਲੇਬਰ ਕਰਨ 'ਤੇ ਮਜਬੂਰ ਹੋਇਆ ਹੈ।"

"ਜੱਗ ਜ਼ਾਹਰ ਹੈ ਕਿ ਕਿਸਾਨਾਂ 'ਚੋਂ 6 ਫੀਸਦ ਲੋਕਾਂ ਨੂੰ ਹੀ ਐੱਮਐੱਸਪੀ ਮਿਲਦੀ ਸੀ ਅਤੇ ਜੋ 94 ਫੀਸਦ ਵਿਹਲੇ ਮਾਰਿਕਟ 'ਚ ਘੁੰਮ ਰਹੇ ਹਨ, ਉਨ੍ਹਾਂ ਹਾਲਾਤ ਬੱਦ ਤੋਂ ਬਦਤਰ ਹੈ।"

ਇਹ ਵੀ ਪੜ੍ਹੋ

25 ਸਤੰਬਰ ਨੂੰ ਚੱਕਾ ਜਾਮ ਅਤੇ 1 ਅਕਤੂਬਰ ਨੂੰ ਰੈਲੀ ਕਰੇਗਾ ਅਕਾਲੀ ਦਲ

ਤਿੰਨੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ 'ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਝੰਡਾ ਚੁੱਕ ਲਿਆ ਹੈ।

ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ 25 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਤਿੰਨੋਂ ਖ਼ੇਤੀ ਬਿੱਲਾਂ ਦੇ ਵਿਰੋਧ ਵਿੱਚ 11 ਵਜੇ ਤੋਂ 1 ਵਜੇ ਤੱਕ ਤਿੰਨ ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ, "ਹਰ ਹਲਕੇ 'ਚ ਸਾਡੇ ਸੀਨੀਅਰ ਆਗੂ ਤੇ ਹਲਕਾ ਵਰਕਰ ਚੱਕਾ ਜਾਮ ਕਰਨਗੇ।"

ਇਸ ਤੋਂ ਇਲਾਵਾ, 26 ਸਤੰਬਰ ਤੋਂ 29 ਸਤੰਬਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਿੰਡ-ਪਿੰਡ ਜਾ ਕੇ ਲੋਕਾਂ 'ਚ ਵਿਚਰਨਗੇ ਅਤੇ ਖੇਤੀ ਬਿੱਲਾਂ ਬਾਰੇ ਗੱਲਬਾਤ ਕਰਨਗੇ।

ਦਲਜੀਤ ਚੀਮਾ ਨੇ ਅੱਗੇ ਦੱਸਿਆ, "1 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਡਾ ਪ੍ਰਦਰਸ਼ਨ ਮੋਹਾਲੀ ਦੇ ਦੁਸ਼ਹਿਰਾ ਗਰਾਊਂਡ ਵਿੱਚ ਕੀਤਾ ਜਾਵੇਗਾ। ਸੂਬੇ ਭਰ 'ਚੋਂ ਅਕਾਲੀ ਆਗੂ ਆਉਣਗੇ ਅਤੇ ਇਸ ਰੈਲੀ ਵਿੱਚ ਸ਼ਿਰਕਤ ਕਰਨਗੇ।"

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਗਵਰਨਰ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਮ ਇੰਨ੍ਹਾਂ ਤਿੰਨਾਂ ਖ਼ੇਤੀ ਬਿੱਲਾਂ ਨੂੰ ਵਾਪਸ ਲੈਣ ਲਈ ਮੈਮੋਰੰਡਮ ਸੌਂਪਿਆ ਜਾਵੇਗਾ।

ਕਿਸਾਨ ਜੱਥੇਬੰਦੀਆਂ ਨੇ ਪਹਿਲਾਂ ਹੀ 25 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)