ਭਾਰਤ-ਚੀਨ ਸਰਹੱਦ 'ਤੇ ਤਣਾਅ: ਕੈਲਾਸ਼ ਪਰਬਤ 'ਤੇ ਭਾਰਤੀ ਫੌਜ ਦੇ ਕਬਜ਼ੇ ਦਾ ਸੱਚ - ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਹਿੰਦੀ

ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਭਾਰਤ ਅਤੇ ਚੀਨ ਵਿਚ ਤਣਾਅ ਲਗਾਤਾਰ ਜਾਰੀ ਹੈ।

ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਫੌਜ ਨੇ ਕੈਲਾਸ਼ ਪਰਬਤ ਅਤੇ ਮਾਨਸਰੋਵਰ 'ਤੇ ਕਬਜ਼ਾ ਕਰ ਲਿਆ ਹੈ।

ਇਸ ਖ਼ਬਰ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਸੈਨਿਕ ਕੈਲਾਸ਼ ਪਰਬਤ 'ਤੇ ਤਿਰੰਗਾ ਲਹਿਰਾ ਰਹੇ ਹਨ।

ਦਾਅਵਾ ਕੀਤਾ ਗਿਆ ਹੈ ਕਿ ਇਹ ਕੈਲਾਸ਼ ਪਰਬਤ ਨੂੰ ਭਾਰਤ ਵਿੱਚ ਸ਼ਾਮਲ ਕਰਾਉਣ ਤੋਂ ਬਾਅਦ ਦੀਆਂ ਤਸਵੀਰਾਂ ਹਨ।

ਇਹ ਵੀ ਪੜ੍ਹੋ

ਇਹੀ ਤਸਵੀਰ ਮੇਜਰ ਜਨਰਲ ਜੀ ਡੀ ਬਖਸ਼ੀ (ਸੇਵਾ ਮੁਕਤ) ਦੇ ਟਵਿੱਟਰ ਅਕਾਊਂਟ ਤੋਂ ਵੀ ਟਵੀਟ ਕੀਤੀ ਗਈ ਹੈ, ਪਰ ਇਸ ਵਿਚ ਲਿਖਿਆ ਗਿਆ ਸੀ ਕਿ ਭਾਰਤੀ ਫੌਜ ਕੈਲਾਸ਼ ਪਰਬਤ ਨੂੰ ਕਬਜ਼ੇ ‘ਚ ਲੈਣ ਵੱਲ ਵਧ ਰਹੀ ਹੈ।

ਇਸ ਟਵੀਟ ਨੂੰ ਹਜ਼ਾਰਾਂ ਵਾਰ ਰੀ-ਟਵੀਟ ਕੀਤਾ ਗਿਆ ਸੀ। ਜੀਡੀ ਬਖਸ਼ੀ ਉਹੀ ਜਿਨ੍ਹਾਂ ਨੂੰ ਤੁਸੀਂ ਨਿਊਜ਼ ਚੈਨਲਾਂ 'ਤੇ ਡਿਬੇਟ ਸ਼ੋਅ ਵਿੱਚ ਅਕਸਰ ਦੇਖਦੇ ਹੋ।

ਕੈਲਾਸ਼ ਪਰਬਤ ਉੱਤੇ ਕਬਜ਼ੇ ਦੀ ਇਹ ਖ਼ਬਰ ਇੱਥੇ ਹੀ ਨਹੀਂ ਰੁਕੀ।

ਇਸ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਇਕ ਨਿੱਜੀ ਟੀਵੀ ਚੈਨਲ ਦੀ ਖ਼ਬਰ ਦਾ ਸਕਰੀਨ ਸ਼ਾਟ ਲੈਣ ਤੋਂ ਬਾਅਦ, ਬਹੁਤ ਸਾਰੇ ਯੂਜ਼ਰਸ ਨੇ ਟਵੀਟ ਕੀਤਾ ਕਿ ਭਾਰਤੀ ਫੌਜ ਨੇ ਕੈਲਾਸ਼ ਪਰਬਤ ਦੀ ਲੜੀ 'ਤੇ ਕਬਜ਼ਾ ਕਰ ਲਿਆ ਹੈ।

ਸੱਚ ਕੀ ਹੈ?

ਸਭ ਤੋਂ ਪਹਿਲਾਂ, ਅਸੀਂ ਉਸ ਤਸਵੀਰ ਬਾਰੇ ਗੱਲ ਕਰੀਏ ਜਿਸ ਵਿਚ ਜਵਾਨ ਤਿਰੰਗਾ ਲਹਿਰਾ ਰਹੇ ਹਨ ਅਤੇ ਕੈਲਾਸ਼ ਪਰਬਤ ਪਿੱਛੇ ਦਿਖਾਈ ਦੇ ਰਿਹਾ ਹੈ।

ਜਦੋਂ ਅਸੀਂ ਗੂਗਲ ਦੇ ਰਿਵਰਸ ਈਮੇਜ਼ ਰਾਹੀਂ ਇਸ ਤਸਵੀਰ ਦੀ ਖੋਜ ਕੀਤੀ, ਸਾਨੂੰ ਇਨ੍ਹਾਂ ਸੈਨਿਕਾਂ ਦੀ ਝੰਡਾ ਲਹਿਰਾਉਂਦਿਆਂ ਦੀ ਤਸਵੀਰ ਬਹੁਤ ਸਾਰੀਆਂ ਥਾਵਾਂ 'ਤੇ ਮਿਲੀ, ਪਰ ਇਸ ਦੀ ਬੈਕਗ੍ਰਾਉਂਡ ਵਿਚ ਕੈਲਾਸ਼ ਪਰਬਤ ਨਹੀਂ ਸੀ।

ਇੰਡੀਆ ਟੂਡੇ ਦੀ ਵੈੱਬਸਾਈਟ ਉੱਤੇ 26 ਜਨਵਰੀ 2020 ਨੂੰ ਇੱਕ ਪਿਕਚਰ ਗੈਲਰੀ ਵਿੱਚ ਇਸ ਤਸਵੀਰ ਨੂੰ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ 71ਵੇਂ ਗਣਤੰਤਰ ਦਿਵਸ 'ਤੇ ਬੱਚਿਆਂ ਅਤੇ ਸੈਨਿਕਾਂ ਨੇ ਇਸ ਰਾਸ਼ਟਰੀ ਤਿਉਹਾਰ ਨੂੰ ਜੰਮੂ-ਕਸ਼ਮੀਰ ਦੇ ਐਲਓਸੀ ਵਿਖੇ ਮਨਾਇਆ।

ਰਿਵਰਸ ਇਮੇਜ ਸਰਚ ਦੇ ਦੌਰਾਨ ਹੀ ਇਕ ਫੇਸਬੁੱਕ ਪੇਜ਼ 'ਤੇ ਉਨ੍ਹਾਂ 9 ਫੌਜੀਆਂ ਦੀ ਇੱਕ ਤਸਵੀਰ ਮਿਲੀ, ਜਿਸ ਵਿੱਚ ਪੰਜਵੇਂ ਜਵਾਨ ਨੇ ਤਿਰੰਗਾ ਹੱਥ 'ਚ ਲਿਆ ਹੈ ਅਤੇ ਇਹ ਤਸਵੀਰ 17 ਜੂਨ ਨੂੰ ਸ਼ੇਅਰ ਕੀਤੀ ਗਈ ਸੀ।

ਇਹ ਵੀ ਪੜ੍ਹੋ

ਯੇਂਡੇਕਸ ਰਿਸਰਚ ਪੋਰਟਲ ਜ਼ਰੀਏ ਜਦੋ ਅਸੀਂ ਰਿਵਰਸ ਇਮੇਜ ਸਰਚ ਕੀਤਾ ਤਾਂ ਇਹੀ ਤਸਵੀਰ 17 ਅਗਸਤ, 2020 ਨੂੰ ਇੱਕ ਯੂ-ਟਿਊਬ ਵੀਡੀਓ ਵਿੱਚ ਵਰਤੀ ਗਈ ਸੀ।

ਕੈਲਾਸ਼ ਪਰਬਤ 'ਤੇ ਕਥਿਤ ਜਵਾਨਾਂ ਦੀ ਝੰਡਾ ਲਹਿਰਾਉਂਦੇ ਦੀ ਤਸਵੀਰ ਅਤੇ ਇਨ੍ਹਾਂ ਤਸਵੀਰਾਂ ਨੂੰ ਵੇਖਿਆ ਜਾਵੇ ਤਾਂ ਬੈਕਗ੍ਰਾਊਂਡ ਤੋਂ ਇਲਾਵਾ ਸਭ ਕੁਝ ਇਕੋ ਜਿਹਾ ਹੈ।

ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਸੈਨਿਕਾਂ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਪਿਛੋਕੜ ਵਿਚ ਕੈਲਾਸ਼ ਪਰਬਤ ਲਗਾਇਆ ਗਿਆ ਹੈ।

ਹੁਣ ਦੂਜੀ ਗੱਲ 'ਤੇ ਆਉਂਦੇ ਹਾਂ, ਸੋਸ਼ਲ ਮੀਡੀਆ 'ਤੇ ਇਕ ਨਿੱਜੀ ਟੀਵੀ ਚੈਨਲ ਦੀ ਖ਼ਬਰ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਭਾਰਤ ਨੇ ਕੈਲਾਸ਼ ਪਰਬਤ ਲੜੀ 'ਤੇ ਕਬਜ਼ਾ ਕਰ ਲਿਆ ਹੈ।

ਆਪਣਾ ਨਾਮ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਦਿੱਲੀ ਯੂਨੀਵਰਸਿਟੀ ਦੇ ਭੂਗੋਲ ਦੇ ਇੱਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਕੈਲਾਸ਼ ਰੇਂਜ ਭਾਰਤੀ ਸਰਹੱਦ ਦੇ ਅੰਦਰ ਮੌਜੂਦ ਹੀ ਨਹੀਂ ਹੈ।

ਉਹ ਕਹਿੰਦੇ ਹਨ, "ਪੱਛਮੀ ਤਿੱਬਤ ਦੇ ਟ੍ਰਾਂਸ ਹਿਮਾਲਿਆ ਵਿੱਚ ਕੈਲਾਸ਼ ਪਰਬਤ ਮੌਜੂਦ ਹੈ। ਕੈਲਾਸ਼ ਰੇਂਜ ਵਿਚ ਕੈਲਾਸ਼ ਪਰਬਤ ਹੈ ਜੋ ਲੱਦਾਖ ਰੇਂਜ ਦੇ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਲੱਦਾਖ ਵਿੱਚ ਸਿਰਫ ਉੱਚ ਹਿਮਾਲਿਆ ਦੀ ਲੱਦਾਖ ਰੇਂਜ ਹੈ ਜੋ ਪੱਛਮੀ ਤਿੱਬਤ ਵਿੱਚ ਜਾ ਕੇ ਖ਼ਤਮ ਹੁੰਦੀ ਹੈ ਅਤੇ ਉਸ ਥਾਂ ਤੋਂ ਕੈਲਾਸ਼ ਰੇਂਜ ਦੀ ਸ਼ੁਰੂਆਤ ਹੁੰਦੀ ਹੈ।"

ਭਾਰਤੀ ਫੌਜ ਫਿਲਹਾਲ ਕਿੱਥੇ ਹੈ?

ਅਪ੍ਰੈਲ ਤੋਂ ਲੱਦਾਖ ਵਿਚ ਐਲਏਸੀ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਚੱਲ ਰਿਹਾ ਹੈ। 15 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਹੋਈ ਸੀ ਜਿਸ ਵਿਚ 20 ਭਾਰਤੀ ਜਵਾਨ ਮਾਰੇ ਗਏ ਸਨ।

ਹਾਲਾਂਕਿ, ਇਸ ਘਟਨਾ ਵਿੱਚ ਕਿੰਨੇ ਚੀਨੀ ਫੌਜੀਆਂ ਦੀ ਮੌਤ ਹੋਈ ਹੈ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ, ਪਰ ਚੀਨ ਦੇ ਅਧਿਕਾਰਤ ਅਖ਼ਬਾਰ ਗਲੋਬਲ ਟਾਈਮਜ਼ ਨੇ ਮੰਨਿਆ ਹੈ ਕਿ 15 ਜੂਨ ਨੂੰ ਚੀਨ ਨੂੰ ਨੁਕਸਾਨ ਪਹੁੰਚਿਆ ਸੀ।

ਇਸ ਤੋਂ ਬਾਅਦ, 29-30 ਅਗਸਤ ਦੀ ਰਾਤ ਨੂੰ, ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਤਣਾਅ ਦੀਆਂ ਖਬਰਾਂ ਆਈਆਂ ਸਨ, ਪਰ ਦੋਵੇਂ ਦੇਸ਼ਾਂ ਦਾ ਕਹਿਣਾ ਹੈ ਕਿ ਉਕਸਾਉਣ ਵਾਲੀ ਕਾਰਵਾਈ ਦੂਜੇ ਦੇਸ਼ ਨੇ ਕੀਤੀ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਕਿਹਾ ਸੀ ਕਿ ਚੀਨ ਨੇ ਐਲਏਸੀ ਯਾਨੀ ਅਸਲ ਕੰਟਰੋਲ ਰੇਖਾ ਦੇ ਨੇੜੇ ਅਤੇ ਉਸ ਦੇ ਅੰਦਰੂਨੀ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਫੌਜਾਂ ਨੂੰ ਤਾਇਨਾਤ ਕੀਤਾ ਹੈ ਅਤੇ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਵੀ ਇਕੱਤਰ ਕੀਤਾ ਹੈ।

ਇਸ ਦੇ ਨਾਲ ਹੀ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਵੀ ਸਰਹੱਦੀ ਤਣਾਅ ਬਾਰੇ ਬਿਆਨ ਦਿੱਤਾ। ਉਨ੍ਹਾਂ ਨੇ ਬਿਆਨ ਵਿੱਚ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੱਦਾਖ ਵਿੱਚ ਭਾਰਤ ਨੂੰ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੇਸ਼ ਉਸ ਚੁਣੌਤੀ ਦਾ ਸਾਹਮਣਾ ਕਰੇਗਾ।

ਲੋਕ ਸਭਾ ਅਤੇ ਰਾਜ ਸਭਾ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਹੱਦੀ ਖ਼ੇਤਰ ਵਿੱਚ ਕਿਸੇ ਤਬਦੀਲੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਕਿਸੇ ਵੀ ਜਗ੍ਹਾ 'ਤੇ ਕਬਜ਼ਾ ਨਹੀਂ ਕੀਤਾ ਹੈ।

ਬੀਬੀਸੀ ਹਿੰਦੀ ਦੀ ਫੈਕਟ ਚੈੱਕ ਦੀ ਪੜਤਾਲ ਵਿੱਚ, ਅਸੀਂ ਪਾਇਆ ਹੈ ਕਿ ਕੈਲਾਸ਼ ਪਰਬਤ ਦੀਆਂ ਦੱਸੀਆ ਜਾ ਰਹੀਆਂ ਤਸਵੀਰਾਂ ਪੂਰੀ ਤਰ੍ਹਾਂ ਫ਼ਰਜੀ ਹਨ ਅਤੇ ਭਾਰਤੀ ਸੈਨਿਕਾਂ ਨੇ ਕੈਲਾਸ਼ ਪਰਬਤ 'ਤੇ ਕੋਈ ਕਬਜ਼ਾ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)