You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਰੂਸ ਦੀ ਵੈਕਸੀਨ ਨੇ ਸਰੀਰ ਦੀ ਬਿਮਾਰੀਆਂ ਨਾਲ ਲੜ੍ਹਨ ਦੇ ਸੰਕੇਤ ਦਿੱਤੇ
ਰੂਸ ਦੇ ਵਿਗਿਆਨੀਆਂ ਨੇ ਆਪਣੀ ਕੋਰੋਨਾਵਾਇਰਸ ਵੈਕਸੀਨ ਬਾਰੇ ਪਹਿਲੀ ਰਿਪੋਰਟ ਪ੍ਰਕਾਸ਼ਤ ਕੀਤੀ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੱਢਲੇ ਟੈਸਟਾਂ 'ਚ ਇਸ ਵੈਕਸੀਨ ਤੋਂ ਬਾਅਦ ਸਰੀਰ ਦੀ ਬਿਮਾਰੀਆਂ ਨਾਲ ਲੜ੍ਹਨ ਦੇ ਸੰਕੇਤ ਨਜ਼ਰ ਆਏ ਹਨ।
ਮੈਡੀਕਲ ਜਰਨਲ ਦਿ ਲੈਂਸੇਟ ਦੁਆਰਾ ਪ੍ਰਕਾਸ਼ਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰੇਕ ਵਾਲੰਟੀਅਰ ਨੇ ਵਾਇਰਸ ਨਾਲ ਲੜਨ ਲਈ ਐਂਟੀਬਾਡੀਜ਼ ਵਿਕਸਤ ਕੀਤੀਆਂ ਹਨ ਅਤੇ ਕੋਈ ਗੰਭੀਰ ਸਾਈਡ-ਇਫ਼ੈਕਟ ਇਸ ਵੈਕਸੀਨ ਨਾਲ ਨਜ਼ਰ ਨਹੀਂ ਆਏ ਹਨ।
ਰੂਸ ਨੇ ਸਥਾਨਕ ਵਰਤੋਂ ਲਈ ਵੈਕਸੀਨ ਨੂੰ ਅਗਸਤ ਵਿਚ ਲਾਇਸੈਂਸ ਦੇ ਦਿੱਤਾ ਹੈ। ਅਜਿਹਾ ਕਰਨ ਵਾਲਾ ਰੂਸ ਪਹਿਲਾ ਦੇਸ਼ ਹੈ, ਬਲਕਿ ਡਾਟਾ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਹੀ ਅਜਿਹਾ ਕਰ ਦਿੱਤਾ ਗਿਆ।
ਮਾਹਰ ਕਹਿੰਦੇ ਹਨ ਕਿ ਇਹ ਟ੍ਰਾਇਲ ਵੈਕਸੀਨ ਦੇ ਪ੍ਰਭਾਵ ਅਤੇ ਸੁਰੱਖਿਆ ਨੂੰ ਸਾਬਤ ਕਰਨ ਲਈ ਕਾਫ਼ੀ ਨਹੀਂ ਹਨ।
ਇਹ ਵੀ ਪੜ੍ਹੋ
ਪਰ ਮਾਸਕੋ ਨੇ ਆਲੋਚਕਾਂ ਦੇ ਜਵਾਬ ਵਿਚ ਇਨ੍ਹਾਂ ਨਤੀਜਿਆਂ ਦੀ ਸ਼ਲਾਘਾ ਕੀਤੀ ਹੈ। ਕੁਝ ਪੱਛਮੀ ਮਾਹਰਾਂ ਨੇ ਰੂਸ ਦੇ ਕੰਮ ਦੀ ਗਤੀ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਅਤੇ ਕਿਹਾ ਕਿ ਖੋਜਕਰਤਾ ਕਈ ਜ਼ਰੂਰੀ ਹਿਦਾਇਤਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਪਿਛਲੇ ਮਹੀਨੇ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਵੈਕਸੀਨ ਨੇ ਸਾਰੇ ਲੋੜੀਂਦੇ ਪੜਾਅ ਲੰਘੇ ਹਨ ਅਤੇ ਉਨ੍ਹਾਂ ਦੀ ਆਪਣੀ ਇਕ ਧੀ ਨੂੰ ਵੀ ਇਹ ਵੈਕਸੀਨ ਦਿੱਤੀ ਗਈ ਸੀ।
ਰਿਪੋਰਟ ਕੀ ਕਹਿੰਦੀ ਹੈ?
ਦਿ ਲੈਂਸੇਟ ਪੇਪਰ ਵਿਚ ਕਿਹਾ ਗਿਆ ਹੈ ਕਿ ਸਪੂਟਨਿਕ-ਵੀ ਨਾਮ ਦੀ ਵੈਕਸੀਨ ਦੇ ਦੋ ਟਰਾਇਲ ਜੂਨ ਅਤੇ ਜੁਲਾਈ ਦੇ ਵਿਚਕਾਰ ਕਰਵਾਏ ਗਏ ਸਨ। ਹਰੇਕ ਵਿੱਚ 38 ਤੰਦਰੁਸਤ ਵਾਲੰਟੀਅਰ ਸ਼ਾਮਲ ਸਨ, ਜਿਨ੍ਹਾਂ ਨੂੰ ਵੈਕਸੀਨ ਦੀ ਖੁਰਾਕ ਅਤੇ ਫਿਰ ਤਿੰਨ ਹਫ਼ਤਿਆਂ ਬਾਅਦ ਬੂਸਟਰ ਵੈਕਸੀਨ ਦਿੱਤੀ ਗਈ ਸੀ।
ਹਿੱਸਾ ਲੈਣ ਵਾਲੇ ਲੋਕ 18 ਅਤੇ 60 ਦੀ ਉਮਰ ਦੇ ਵਿਚਕਾਰ ਸਨ ਜਿਨ੍ਹਾਂ ਦੀ 42 ਦਿਨਾਂ ਲਈ ਨਿਗਰਾਨੀ ਕੀਤੀ ਗਈ ਅਤੇ ਉਨ੍ਹਾਂ ਸਾਰਿਆਂ ਦੇ ਅੰਦਰ ਤਿੰਨ ਹਫ਼ਤਿਆਂ ‘ਚ ਐਂਟੀਬਾਡੀਜ਼ ਵਿਕਸਿਤ ਹੋ ਗਈਆਂ। ਸਭ ਤੋਂ ਆਮ ਮਾੜੇ ਪ੍ਰਭਾਵਾਂ ਵਿੱਚ ਸਿਰ ਦਰਦ ਅਤੇ ਜੋੜਾਂ ਦਾ ਦਰਦ ਸ਼ਾਮਲ ਸੀ।
ਟ੍ਰਾਇਲ ਖੁੱਲੇ ਲੇਬਲ ਸਨ ਅਤੇ ਬੇਤਰਤੀਬੇ ਨਹੀਂ ਸਨ, ਭਾਵ ਇੱਥੇ ਕੋਈ ਪਲੇਸਬੋ ਨਹੀਂ ਸੀ ਅਤੇ ਵਾਲੰਟੀਅਰ ਜਾਣਦੇ ਸਨ ਕਿ ਉਨ੍ਹਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ, "ਕੋਵਿਡ -19 ਦੀ ਰੋਕਥਾਮ ਲਈ ਵੈਕਸੀਨ ਦੀ ਲੰਬੀ ਮਿਆਦ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਸਥਾਪਤ ਕਰਨ ਸਮੇਤ ਲੰਬੇ ਸਮੇਂ ਲਈ ਟ੍ਰਾਇਲ ਅਤੇ ਹੋਰ ਨਿਗਰਾਨੀ ਦੀ ਜ਼ਰੂਰਤ ਹੈ।"
ਪੇਪਰ ਅਨੁਸਾਰ, ਵੈਕਸੀਨ ਦੇ ਤੀਜੇ ਪੜਾਅ ਵਿੱਚ "ਵੱਖ ਵੱਖ ਉਮਰ ਅਤੇ ਜੋਖ਼ਮ ਸਮੂਹਾਂ" ਦੇ 40,000 ਵਲੰਟੀਅਰ ਸ਼ਾਮਲ ਹੋਣਗੇ।
ਰੂਸ ਦੀ ਇਹ ਵੈਕਸੀਨ ਐਡੀਨੋਵਾਇਰਸ ਦੇ ਅਨੁਕੂਲ ਸਟ੍ਰੇਨ ਦੀ ਵਰਤੋਂ ਨਾਲ ਬਣੀ ਹੈ, ਇਹ ਵਾਇਰਸ ਜੋ ਆਮ ਤੌਰ 'ਤੇ ਜ਼ੁਕਾਮ ਦਾ ਕਾਰਨ ਬਣਦਾ ਹੈ, ਇਸ ਨਾਲ ਬੀਮਾਰੀ ਦਾ ਸਾਹਮਣਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ।
ਇਹ ਵੀਪੜ੍ਹੋ
ਅਜੇ ਇਹ ਰਸਤਾ ਕਾਫ਼ੀ ਲੰਮਾ ਹੈ
ਫਿਲਪਾ ਰੌਕਸਬੀ, ਬੀਬੀਸੀ ਸਿਹਤ ਪੱਤਰਕਾਰ
"ਉਤਸ਼ਾਹਜਨਕ" ਅਤੇ "ਹੁਣ ਤੱਕ ਲਈ ਚੰਗਾ"... ਯੂਕੇ ਦੇ ਵਿਗਿਆਨੀਆਂ ਦੁਆਰਾ ਕੁਝ ਅਜਿਹੇ ਪ੍ਰਤੀਕਰਮ ਵੀ ਸਾਹਮਣੇ ਆਏ ਹਨ - ਪਰ ਅਜੇ ਵੀ, ਸਪੱਸ਼ਟ ਤੌਰ 'ਤੇ, ਬਹੁਤ ਲੰਮਾ ਰਸਤਾ ਅਜੇ ਵੀ ਬਾਕੀ ਹੈ।
ਹਾਲਾਂਕਿ ਵੈਕਸੀਨ ਨੇ ਪੜਾਅ-2 ਦੇ ਸਾਰੇ ਵਾਲੰਟੀਅਰਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿਖਾਈ ਦਿੱਤੀ ਹੈ, ਪਰ ਇਸ ਨਾਲ ਜ਼ਰੂਰੀ ਨਹੀਂ ਹੈ ਕਿ ਇਹ ਉਨ੍ਹਾਂ ਨੂੰ ਵਾਇਰਸ ਤੋਂ ਬਚਾਏਗਾ। ਇਹ ਗੱਲ ਅਜੇ ਵੀ ਸਥਾਪਤ ਨਹੀਂ ਹੋ ਪਾਈ ਹੈ।
ਇਨ੍ਹਾਂ ਨਤੀਜਿਆਂ ਤੋਂ, ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਵੈਕਸੀਨ 18 ਤੋਂ 60 ਸਾਲ ਦੀ ਉਮਰ ਦੇ ਸਿਹਤਮੰਦ ਲੋਕਾਂ ਲਈ ਸੁਰੱਖਿਅਤ ਦਿਖਾਈ ਦਿੱਤੀ ਹੈ। ਪਰ ਬਜ਼ੁਰਗ ਲੋਕਾਂ ਅਤੇ ਉਨ੍ਹਾਂ ਲੋਕਾਂ ਬਾਰੇ ਕੀ, ਜੋ ਸਿਹਤਮੰਦ ਨਹੀਂ ਹਨ, ਜਿਨ੍ਹਾਂ ਨੂੰ ਕੋਵਿਡ -19 ਦਾ ਸਭ ਤੋਂ ਵੱਧ ਜੋਖ਼ਮ ਹੈ - ਇਹ ਉਨ੍ਹਾਂ ਲਈ ਕਿੰਨੀ ਸੁਰੱਖਿਅਤ ਹੋਵੇਗੀ ਅਤੇ ਕਿਨ੍ਹਾਂ ਚਿਰ ਅਸਰ ਕਰੇਗੀ?
ਇਸਦਾ ਉੱਤਰ ਸਿਰਫ਼ ਬਹੁਤ ਵੱਡੇ ਅਤੇ ਲੰਮੇ ਸਮੇਂ ਦੇ ਟ੍ਰਾਇਲਾਂ ਦੇ ਬਾਅਦ ਦਿੱਤਾ ਜਾ ਸਕਦਾ ਹੈ, ਜਿੱਥੇ ਹਿੱਸਾ ਲੈਣ ਵਾਲੇ ਲੋਕ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ ਜਾਂ ਇੱਕ ਡਮੀ ਟੀਕਾ ।
ਹਾਲਾਂਕਿ ਟ੍ਰਾਇਲ 'ਚ ਪਾਰਦਰਸ਼ਤਾ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਸਮੇਂ ਦੁਨੀਆਂ ਭਰ ਵਿੱਚ ਚੱਲ ਰਹੇ ਅਨੇਕਾਂ ਵੈਕਸੀਨ ਟ੍ਰਾਇਲਾਂ ਵਿੱਚੋਂ, ਕੁਝ ਖਾਸ ਹਾਲਤਾਂ ਵਿੱਚ ਅਤੇ ਲੋਕਾਂ ਦੇ ਕੁਝ ਸਮੂਹਾਂ ਵਿੱਚ ਸ਼ਾਇਦ ਦੂਜਿਆਂ ਨਾਲੋਂ ਬਿਹਤਰ ਕੰਮ ਕਰਨਗੀਆਂ।
ਇਸ ਲਈ ਇਹ ਜਾਣਨਾ ਕਿ ਉਹ ਕਿੰਨੀ ਚੰਗੀ ਤਰ੍ਹਾਂ ਕੰਮ ਕਰਨਗੀਆਂ ਅਤੇ ਕਿਸ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਣ ਰਹਿਣਗੀਆਂ - ਇਹ ਸੰਭਾਵਨਾ ਨਹੀਂ ਹੈ ਕਿ ਇਕ ਵੈਕਸੀਨ ਹਰ ਕਿਸੇ ਨਹੀਂ ਢੁੱਕਵੀ ਰਹੇ।
ਕੀ ਪ੍ਰਤੀਕਰਮ ਆਏ ਹਨ?
ਵੈਕਸੀਨ ਲਈ ਜਾਰੀ ਕੀਤੇ ਇੱਕ ਰੂਸ ਦੇ ਨਿਵੇਸ਼ ਫੰਡ ਦੇ ਮੁਖੀ, ਕਿਰਿਲ ਦਮਿੱਤਰੀਵ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਇਹ ਰਿਪੋਰਟ "ਉਨ੍ਹਾਂ ਸ਼ੰਕਾਵਾਦੀਆਂ ਲਈ ਇੱਕ ਜ਼ਬਰਦਸਤ ਜਵਾਬ ਸੀ ਜਿਨ੍ਹਾਂ ਨੇ ਰੂਸ ਦੇ ਟੀਕੇ ਦੀ ਬੇਵਜ੍ਹਾ ਅਲੋਚਨਾ ਕੀਤੀ"।
ਉਨ੍ਹਾਂ ਕਿਹਾ ਕਿ ਅਗਲੇ ਪੜਾਅ ਦੇ ਟ੍ਰਾਇਲਾਂ ਲਈ 3,000 ਵਿਅਕਤੀਆਂ ਦੀ ਪਹਿਲਾਂ ਹੀ ਭਰਤੀ ਕੀਤੀ ਜਾ ਚੁੱਕੀ ਹੈ।
ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਕਿ ਦੇਸ਼ ਨਵੰਬਰ ਜਾਂ ਦਸੰਬਰ ਤੋਂ ਵੈਕਸੀਨ ਲਗਾਉਣਾ ਸ਼ੁਰੂ ਕਰੇਗਾ, ਜਿਸ ਨਾਲ ਵਧੇਰੇ ਜੋਖਮ ਵਾਲੇ ਸਮੂਹਾਂ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।
ਪਰ ਮਾਹਰਾਂ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਵੈਕਸੀਨ ਦੇ ਮਾਰਕੀਟ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਦੀ ਲੰਮੀ ਪ੍ਰਕ੍ਰਿਆ ਅਜੇ ਬਾਕੀ ਹੈ।
ਲੰਡਨ ਦੇ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਮਾਈਕਰੋਬਿਅਲ ਪਾਥੋਜੇਨੇਸਿਸ ਦੇ ਪ੍ਰੋਫੈਸਰ, ਬਰੈਂਡਨ ਵੇਨ ਨੇ ਰਿਊਟਰਸ ਨਿਊਜ਼ ਏਜੰਸੀ ਨੂੰ ਦੱਸਿਆ: "ਰਿਪੋਰਟ 'ਹੁਣ ਤੱਕ ਲਈ ਕਾਫ਼ੀ ਚੰਗੀ" ਲੱਗ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਇਸ ਸਮੇਂ ਵਿਸ਼ਵ ਭਰ ਵਿੱਚ 176 ਸੰਭਾਵਿਤ ਵੈਕਸੀਨ ਵਿਕਸਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਚੋਂ 34 ਵੈਕਸੀਨ ਲੋਕਾਂ 'ਤੇ ਇਸ ਸਮੇਂ ਪਰਖੀਆਂ ਜਾ ਰਹੀਆਂ ਹਨ। ਉਨ੍ਹਾਂ ਵਿੱਚੋਂ, ਅੱਠ ਵੈਕਸੀਨ ਪੜਾਅ ਤਿੰਨ 'ਤੇ ਹਨ।
ਇਹ ਵੀ ਪੜ੍ਹੋ