ਕੋਰੋਨਾਵਾਇਰਸ ਨਾਲ 6 ਮਹੀਨਿਆਂ ਤੋਂ ਜੂਝਦੀ ਔਰਤ, ਜਿਸ ਨੂੰ ਨਹੀਂ ਪਤਾ ਕਿਵੇਂ ਠੀਕ ਹੋਣਾ

    • ਲੇਖਕ, ਸਟੈਫਨੀ ਹੈਗਾਰਟੀ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਦੀ ਸ਼ੁਰੂਆਤ ਵਿੱਚ ਯਾਨੀ ਮਾਰਚ ਦੇ ਮਹੀਨੇ ਵਿੱਚ ਮੂਨੀਕ ਜੈਕਸਨ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਗਈ ਸੀ ਪਰ ਉਹ ਅਜੇ ਤੱਕ ਬੀਮਾਰ ਹੈ।

ਕੋਰੋਨਾਵਾਇਰਸ ਦੇ ਹਜ਼ਾਰਾਂ ਵਿੱਚੋਂ ਇੱਕ ਮਾਮਲਾ ਅਜਿਹਾ ਆਉਂਦਾ ਹੈ। ਮੂਨੀਕ ਨੇ ਆਪਣੀ ਬੀਮਾਰੀ ਦੇ ਲੱਛਣਾਂ ਬਾਰੇ ਤੇ ਆਪਣੇ ਇਲਾਜ ਦੇ ਨਾਕਾਮ ਤਰੀਕਿਆਂ ਬਾਰੇ ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ ਹੈ।

ਇਹ ਮੰਨਿਆ ਜਾ ਰਿਹਾ ਹੈ ਕਿ ਉਹ ਲੌਂਗ ਟੇਲ ਕੋਵਿਡ ਨਾਲ ਪੀੜਤ ਹੈ ਜਿਸ ਦਾ ਮਤਲਬ ਹੈ ਕਿ ਜਦੋਂ ਵਾਇਰਸ ਦਾ ਅਸਰ ਤੇ ਲੱਛਣ ਲੰਬੇ ਸਮੇਂ ਤੱਕ ਰਹਿੰਦੇ ਹਨ।

ਇਸ ਬਾਰੇ ਵਿਗਿਆਨੀ ਅਜੇ ਵੀ ਰਿਸਰਚ ਕਰ ਰਹੇ ਹਨ। ਮੂਨੀਕ ਮਾਰਚ ਵਿੱਚ ਬੀਮਾਰ ਹੋਈ ਸੀ। ਸ਼ੁਰੂਆਤ ਵਿੱਚ ਲਗ ਰਿਹਾ ਸੀ ਕਿ ਉਸ ਨੂੰ ਬੀਮਾਰੀ ਛੋਟੇ ਪੱਧਰ ਦੀ ਹੈ ਪਰ ਉਸ ਦੇ ਲੱਛਣ ਕਦੇ ਵੀ ਗਾਇਬ ਨਹੀਂ ਹੋਏ।

ਮਹਾਂਮਾਰੀ ਦਾ ਉਲਝਿਆ ਹੋਇਆ ਰੂਪ

ਪੰਜ ਮਹੀਨਿਆਂ ਬਾਅਦ ਵੀ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਸ ਦੇ ਸਰੀਰ ਨੂੰ ਕੀ ਹੋ ਰਿਹਾ ਹੈ।

ਉਸ ਦੇ ਸਰੀਰ ਵਿੱਚ ਹੁੰਦੀ ਪ੍ਰਕਿਰਿਆ ਬਾਰੇ ਜਦੋਂ ਉਸ ਨੂੰ ਸਮਝ ਨਹੀਂ ਪੈ ਰਹੀ ਸੀ ਤਾਂ ਉਸ ਨੂੰ ਇੰਸਟਾਗ੍ਰਾਮ ਉੱਤੇ ਇੱਕ ਆਊਟਲੈਟ ਮਿਲੀ ਜਿਸ ਵਿੱਚ ਉਸ ਨੇ ਡਾਇਰੀ ਜ਼ਰੀਏ ਆਪਣੇ ਲੱਛਣਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:

ਉਸ ਨੇ ਆਪਣੀ ਡਾਇਰੀ ਜ਼ਰੀਏ ਲੋਕਾਂ ਨੂੰ ਆਪਣੀ ਬੀਮਾਰੀ ਬਾਰੇ ਦੱਸਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜੋ ਉਸ ਵਰਗੀ ਬੀਮਾਰੀ ਨਾਲ ਹੀ ਪੀੜਤ ਹਨ।

ਕੋਰੋਨਾਵਾਇਰਸ ਨੇ ਡਾਕਟਰਾਂ ਨੂੰ ਉਲਝਾਇਆ ਹੋਇਆ ਹੈ ਪਰ ਲੌਂਗ ਟੇਲ ਕੋਵਿਡ ਇਸ ਮਹਾਂਮਾਰੀ ਦਾ ਸਭ ਤੋਂ ਉਲਝਿਆ ਹੋਇਆ ਰੂਪ ਹੈ।

ਅਜਿਹਾ ਕਿਉਂ ਹੋ ਰਿਹਾ ਹੈ ਕਿ ਕੁਝ ਲੋਕਾਂ ਨੂੰ ਵਾਇਰਸ ਲੰਬੇ ਸਮੇਂ ਲਈ ਪ੍ਰਭਾਵਿਤ ਕਰ ਰਿਹਾ ਹੈ ਤੇ ਜ਼ਿਆਦਾਤਰ ਉਨ੍ਹਾਂ ਵਿੱਚ ਉਹ ਲੋਕ ਹੁੰਦੇ ਹਨ ਜੋ ਲੋਕ ਸ਼ੁਰੂਆਤ ਵਿੱਚ ਹਲਕੇ ਲੱਛਣਾਂ ਨਾਲ ਪੀੜਤ ਹੁੰਦੇ ਹਨ।

ਟਰੇਨ ਵਿੱਚ ਹੋਈ ਸੀ ਲਾਗ ਦਾ ਸ਼ਿਕਾਰ

ਮੂਨੀਕ ਅਤੇ ਉਸ ਦਾ ਦੋਸਤ ਦੋਵੇਂ ਇੱਕੋ ਵੇਲੇ ਟਰੇਨ ਵਿੱਚ ਸਫ਼ਰ ਕਰਦੇ ਵਕਤ ਲਾਗ ਦਾ ਸ਼ਿਕਾਰ ਹੋਏ ਸਨ। ਸ਼ੁਰੂਆਤ ਵਿੱਚ ਉਹ ਆਪਣੇ ਦੋਸਤ ਨਾਲ ਸੰਪਰਕ ਵਿੱਚ ਰਹੀ ਸੀ ਤੇ ਦੋਵਾਂ ਦੇ ਲੱਛਣ ਇੱਕੋ ਵਰਗੇ ਸਨ ਪਰ ਫਿਰ ਮੂਨੀਕ ਦਾ ਆਪਣੇ ਮਿੱਤਰ ਨਾਲ ਸੰਪਰਕ ਟੁੱਟ ਗਿਆ ਸੀ।

ਪਹਿਲੇ ਦੋ ਹਫ਼ਤਿਆਂ ਤੱਕ ਮੂਨੀਕ ਫਲੂ ਨਾਲ ਪੀੜਤ ਰਹੀ ਸੀ। ਉਹ ਇੰਨੀ ਜ਼ਿਆਦਾ ਥਕਾਨ ਮਹਿਸੂਸ ਕਰ ਰਹੀ ਸੀ ਕਿ ਉਹ ਬੜੀ ਮੁਸ਼ਕਿਲ ਨਾਲ ਹੀ ਬਿਸਤਰ ਤੋਂ ਉਠ ਸਕੀ ਸੀ।

ਭਾਵੇਂ ਉਸ ਵੇਲੇ ਲੰਡਨ ਵਿੱਚ ਸਰਦੀ ਸੀ ਪਰ ਫਿਰ ਵੀ ਉਹ ਬਹੁਤ ਘੱਟ ਕੱਪਣੇ ਪਹਿਨ ਰਹੀ ਸੀ ਤੇ ਆਈਸ ਬੈਗ ਨਾਲ ਦਿਮਾਗ ਨੂੰ ਠੰਢਾ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਵੇਲੇ ਥਰਮਾਮੀਟਰ ਤਾਂ ਵਿਕ ਚੁੱਕੇ ਸਨ ਪਰ ਉਸ ਨੂੰ ਲਗਦਾ ਸੀ ਕਿ ਉਸ ਵੇਲੇ ਉਹ ਬੁਖਾਰ ਨਾਲ ਪੀੜਤ ਜ਼ਰੂਰ ਹੈ।

ਇੱਕ ਹਫ਼ਤੇ ਮਗਰੋਂ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ ਸੀ। ਐਂਬੁਲੈਂਸ ਉਸ ਕੋਲ ਪਹੁੰਚੀ ਪਰ ਉਨ੍ਹਾਂ ਨੇ ਦੱਸਿਆ ਕਿ ਉਸ ਦੇ ਆਕਸੀਜਨ ਲੈਵਲ ਸਹੀ ਹਨ।

ਮੂਨੀਕ ਨੇ ਦੱਸਿਆ, "ਉਨ੍ਹਾਂ ਨੇ ਕਿਹਾ ਕਿ ਇਹ ਲੱਛਣਾਂ ਦੀ ਹੜਬੜਾਹਟ ਕਾਰਨ ਹੋਇਆ ਹੋ ਸਕਦਾ ਹੈ।"

ਘਰੇਲੂ ਨੁਸਖ਼ੇ ਵੀ ਅਪਣਾਏ

ਮੂਨੀਕ ਦਾ ਮਾਰਚ ਵਿੱਚ ਕੋਵਿਡ-19 ਦਾ ਟੈਸਟ ਨਹੀਂ ਹੋਇਆ ਸੀ ਕਿਉਂਕਿ ਉਸ ਵੇਲੇ ਯੂਕੇ ਵਿੱਚ ਟੈਸਟ ਕਿੱਟਾਂ ਘੱਟ ਸਨ ਜਿਨ੍ਹਾਂ ਨੂੰ ਗੰਭੀਰ ਰੂਪ ਨਾਲ ਪੀੜਤ ਮਰੀਜ਼ਾਂ ਲਈ ਰੱਖਿਆ ਹੋਇਆ ਸੀ।

ਮੂਨੀਕ ਨੇ ਖੁਦ ਦੇ ਇਲਾਜ ਲਈ ਘਰੇਲੂ ਨੁਸਖ਼ੇ ਵੀ ਅਪਣਾਏ ਸਨ ਜਿਵੇਂ ਉਸ ਨੇ ਕੱਚਾ ਲਸਣ ਤੇ ਕਾਲੀ ਮਿਰਚ ਦਾ ਸੇਵਨ ਕੀਤਾ। ਮੂਨੀਕ ਉਸ ਵੇਲੇ ਨੂੰ ਯਾਦ ਕਰਕੇ ਅਜੇ ਵੀ ਪ੍ਰੇਸ਼ਾਨ ਹੋ ਜਾਂਦੀ ਹੈ ਜਦੋਂ ਉਸ ਨੂੰ ਕਿਸੇ ਵੀ ਚੀਜ਼ ਦਾ ਸੁਆਦ ਨਹੀਂ ਆ ਰਿਹਾ ਸੀ।

ਉਹ ਦੱਸਦੀ ਹੈ, "ਮੈਂ ਬਹੁਤ ਹੀ ਜ਼ਿਆਦਾ ਥਕਾਣ ਮਹਿਸੂਸ ਕਰ ਰਹੀ ਸੀ। ਮੈਂ ਪੂਰੇ ਦਿਨ ਵਿੱਚ ਦੋ ਤੋਂ ਵੱਧ ਲੋਕਾਂ ਨੂੰ ਮੈਸੇਜ ਕਰਨ ਦੀ ਹਿੰਮਤ ਕਰ ਪਾਉਂਦੀ ਸੀ।"

ਦੋ ਹਫ਼ਤਿਆਂ ਮਗਰੋਂ ਕੁਝ ਲੱਛਣ ਤਾਂ ਹਟ ਗਏ ਸੀ ਪਰ ਉਨ੍ਹਾਂ ਦੀ ਥਾਂ ਨਵੇਂ ਲੱਛਣ ਆ ਗਏ ਸੀ।

ਮੂਨੀਕ ਨੇ ਦੱਸਿਆ, "ਸ਼ੁਰੂਆਤ ਵਿੱਚ ਮੇਰੇ ਸੀਨੇ ਵਿੱਚ ਦਰਦ ਸੀ ਤੇ ਬਾਅਦ ਵਿੱਚ ਸੀਨੇ ਵਿੱਚ ਅੱਗ ਵਰਗਾ ਮਹਿਸੂਸ ਹੋਣ ਲਗਿਆ। ਮੇਰੇ ਖੱਬੇ ਪਾਸੇ ਬਹੁਤ ਜ਼ਿਆਦਾ ਦਰਦ ਸੀ ਤੇ ਮੈਨੂੰ ਲਗ ਰਿਹਾ ਸੀ ਕਿ ਜਿਵੇਂ ਮੈਨੂੰ ਦਿਲ ਦਾ ਦੌਰਾ ਪੈ ਰਿਹਾ ਹੋਵੇ।"

ਮੂਨੀਕ ਨੇ ਐਮਰਜੈਂਸੀ ਨੰਬਰ 111 ਮਿਲਾਇਆ। ਉਨ੍ਹਾਂ ਨੇ ਉਸ ਨੂੰ ਪੈਰਾਸਿਟਾਮੋਲ ਲੈਣ ਲਈ ਕਿਹਾ। ਉਨ੍ਹਾਂ ਨੇ ਕਿਹਾ ਇਸ ਨਾਲ ਕੁਝ ਲੋਕਾਂ ਦਾ ਦਰਦ ਗਾਇਬ ਹੋ ਜਾਂਦਾ ਹੈ।

ਪੈਰਾਸਿਟਾਮੋਲ ਨੇ ਕੰਮ ਤਾਂ ਕੀਤਾ ਪਰ ਜਿਵੇਂ ਹੀ ਉਸ ਦਾ ਦਰਦ ਖ਼ਤਮ ਹੋਇਆ, ਉਸ ਦੇ ਢਿੱਡ ਤੇ ਗਲੇ ਵਿੱਚ ਬਹੁਤ ਜ਼ਿਆਦਾ ਜਲਨ ਹੋਣ ਲੱਗੀ। ਡਾਕਟਰਾਂ ਨੂੰ ਲਗਿਆ ਕਿ ਉਸ ਨੂੰ ਅਲਸਰ ਹੈ। ਉਸ ਵੇਲੇ ਗੈਸ ਦੀ ਸਮੱਸਿਆ ਨੂੰ ਵਾਇਰਸ ਦਾ ਲੱਛਣ ਨਹੀਂ ਮੰਨਿਆ ਜਾਂਦਾ ਸੀ।

ਛੇ ਹਫ਼ਤਿਆਂ ਤੱਕ ਮੂਨੀਕ ਨੂੰ ਪੇਸ਼ਾਬ ਵਿੱਚ ਜਲਨ ਮਹਿਸੂਸ ਹੋਣ ਲੱਗੀ ਤੇ ਉਸ ਦੇ ਪਿੱਠ ਦੇ ਥਲੜੇ ਵਾਲੇ ਪਾਸੇ ਵਿੱਚ ਦਰਦ ਮਹਿਸੂਸ ਹੋਣ ਲਗਿਆ ਸੀ।

ਡਾਕਟਰ ਨੇ ਉਸ ਨੂੰ ਐਂਟੀਬਾਇਓਟਿਕਸ ਦੇ ਤਿੰਨ ਕੋਰਸ ਕਰਵਾਏ ਪਰ ਫਿਰ ਪਤਾ ਲਗਿਆ ਕਿ ਉਸ ਨੂੰ ਬੈਕਟੀਰੀਅਲ ਇਨਫੈਕਸ਼ਨ ਨਹੀਂ ਸੀ।

ਸੋਸ਼ਲ ਮੀਡੀਆ ਤੋਂ ਦੂਰੀ ਬਣਾਈ

ਮੂਨੀਕ ਨੇ ਕਿਹਾ, "ਇਹ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਸੀ ਅਤੇ ਇਹ ਜਾਰੀ ਰਿਹਾ।"

ਮੂਨੀਕ ਨੇ ਖੁਦ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਰ ਲਿਆ ਸੀ। ਉਸ ਨੇ ਪੋਡਕਾਸਟ ਵੀ ਸੁਣਨੇ ਬੰਦ ਕਰ ਦਿੱਤੇ ਸੀ ਕਿਉਂਕਿ ਜਦੋਂ ਵੀ ਉਹ ਕੋਰੋਨਾਵਾਇਰਸ ਬਾਰੇ ਕੋਈ ਖ਼ਬਰ ਸੁਣਦੀ ਤਾਂ ਉਹ ਪ੍ਰੇਸ਼ਾਨ ਹੋ ਜਾਂਦੀ ਸੀ।

ਇਸ ਨਾਲ ਉਸ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੁੰਦੀ ਸੀ। ਕਦੇ ਖ਼ਬਰਾਂ ਬਾਰੇ ਦਿਲਚਸਪੀ ਰੱਖਣ ਵਾਲੀ ਮੂਨੀਕ ਹੁਣ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕਦੀ ਸੀ।

ਉਸ ਨੂੰ ਡਰ ਲਗਦਾ ਸੀ ਕਿ ਜੇ ਉਹ ਸੋਸ਼ਲ ਮੀਡੀਆ ਉੱਤੇ ਜਾਵੇਗੀ ਤਾਂ ਉਸ ਨੂੰ ਲਾਸ਼ਾਂ ਦੀਆਂ ਤਸਵੀਰਾਂ ਨਜ਼ਰ ਆ ਸਕਦੀਆਂ ਹਨ।

ਉਸ ਨੂੰ ਆਨਲਾਈਨ ਸ਼ੌਪਿੰਗ ਕਰਨ ਵਿੱਚ ਸਕੂਨ ਮਿਲ ਰਿਹਾ ਸੀ ਪਰ ਜਦੋਂ ਉਹ ਆਪਣੇ ਕੱਪੜਿਆਂ ਲਈ ਸਾਈਜ਼ ਵੇਖ ਰਹੀ ਸੀ ਤਾਂ ਉਸ ਨੂੰ ਕੋਰੋਨਾ ਦੇ ਨਵੇਂ ਲੱਛਣਾਂ ਬਾਰੇ ਖ਼ਬਰਾਂ ਨਜ਼ਰ ਆਈਆਂ ਸਨ।

ਉਸ ਨੇ ਕਿਹਾ, "ਮੈਂ ਅਸਲ ਵਿੱਚ ਗੂਗਲ ਉੱਤੇ ਜਾਣ ਨੂੰ ਡਰਨ ਲੱਗੀ ਸੀ।"

ਦੁਨੀਆਂ ਵਿੱਚ ਕੀ ਚੱਲ ਰਿਹਾ ਹੈ, ਇਹ ਜਾਣਨ ਵਾਸਤੇ ਉਸ ਨੇ ਆਪਣੇ ਮਿੱਤਰਾਂ ਦੀ ਮਦਦ ਮੰਗੀ। ਉਸ ਵੇਲੇ ਉਸ ਨੂੰ ਇਹ ਪਤਾ ਲਗਿਆ ਕਿ ਅਫਰੀਕੀ ਮੂਲ ਦੇ ਲੋਕ ਕੋਰੋਨਾਵਾਇਰਸ ਨਾਲ ਵੱਧ ਮਰ ਰਹੇ ਹਨ। ਮੂਨੀਕ ਵੀ ਮਿਸ਼ਰਿਤ ਨਸਲ ਤੋਂ ਹੈ।

ਉਸ ਨੇ ਕਿਹਾ, " ਇਹ ਇੱਕ ਡਰਾਉਣੀ ਫਿਲਮ ਵਾਂਗ ਸੀ ਕਿ ਅਫਰੀਕੀ ਮੂਲ ਦੇ ਲੋਕ ਵੱਧ ਮਰ ਰਹੇ ਹਨ।"

ਨਵੇਂ ਲੱਛਣ ਆਉਣ ਲੱਗੇ

ਉਹ ਇੱਕ ਦਿਨ ਬਾਥ ਟਬ ਵਿੱਚ ਨਹਾ ਰਹੀ ਸੀ ਤੇ ਪੌਡਕਾਸਟ ਸੁਣ ਰਹੀ ਸੀ, ਉਸ ਵੇਲੇ ਪ੍ਰੋਗਰਾਮ ਦੇ ਦੋ ਗੋਰੇ ਐਂਕਰਜ਼ ਨੇ ਕਿਹਾ ਕਿ ਕੋਵਿਡ-19 ਕਾਰਨ ਵੱਡੀ ਗਿਣਤੀ ਵਿੱਚ ਅਫਰੀਕੀ-ਅਮਰੀਕੀਆਂ ਦੀ ਮੌਤ ਹੋ ਰਹੀ ਹੈ।

ਉਸ ਨੇ ਫੌਰਨ ਹੀ ਅਮਰੀਕਾ ਵਿੱਚ ਆਪਣੇ ਅਫਰੀਕੀ ਮੂਲ ਦੇ ਰਿਸ਼ਤੇਦਾਰਾਂ ਨੂੰ ਈਮੇਲ ਕੀਤਾ। ਉਸ ਨੂੰ ਇਸ ਬਾਰੇ ਅਹਿਸਾਸ ਹੋਇਆ ਕਿ ਉਸ ਦਾ ਓਬਰ ਡਾਇਵਰ, ਹਸਪਤਾਲ ਦਾ ਸਟਾਫ, ਦੁਕਾਨ ਦਾ ਮਾਲਿਕ ਜਿੱਥੋਂ ਉਸ ਦਾ ਖਾਣਾ ਆਉਂਦੀ ਸੀ, ਹਰ ਕੋਈ ਅਫਰੀਕੀ ਮੂਲ ਦਾ ਸੀ।

ਕੁਝ ਹਫ਼ਤੇ ਬੀਤ ਜਾਣ ਮਗਰੋਂ ਹੋਰ ਲੱਛਣਾਂ ਨੇ ਪੁਰਾਣੇ ਲੱਛਣਾਂ ਦੀ ਥਾਂ ਲੈ ਲਈ ਸੀ ਜਿਸ ਨਾਲ ਹਾਲਾਤ ਹੋਰ ਖ਼ਰਾਬ ਲਗ ਰਹੇ ਸੀ। ਉਸ ਨੇ ਗਲੇ ਵਿੱਚ ਦਰਦ ਹੋ ਰਿਹਾ ਸੀ ਤੇ ਕੰਨਾਂ ਵਿੱਚ ਅਜੀਬ ਤਰੀਕੇ ਦੀ ਝਨਝਨਾਹਟ ਸੀ।

ਉਸ ਦੇ ਹੱਥ ਨੀਲੇ ਪੈ ਗਏ ਸੀ ਤੇ ਉਸ ਨੂੰ ਗਰਮ ਪਾਣੀ ਨਾਲ ਧੋਣੇ ਪਏ ਤਾਂ ਜੋ ਉਨ੍ਹਾਂ ਵਿੱਚ ਖੂਨ ਦਾ ਦੌਰਾ ਜਾਰੀ ਰਹੇ।

ਮੂਨੀਕ ਨੇ ਦੱਸਿਆ ਕਿ ਉਸਨੂੰ ਲਗਾਤਾਰ ਨਵੇਂ ਲੱਛਣ ਆ ਰਹੇ ਸੀ ਤੇ ਉਸ ਨੂੰ ਪੁੱਛਿਆ ਜਾਂਦਾ ਸੀ ਕਿ ਉਸ ਦੀ ਮਾਨਸਿਕ ਸਿਹਤ ਕਿਵੇਂ ਹੈ।

ਉਸ ਦੀ ਮੁੱਖ ਸਮੱਸਿਆ ਇਹ ਸੀ ਕਿ ਇਨ੍ਹਾਂ ਲੱਛਣਾਂ ਦਾ ਇਲਾਜ ਨਹੀਂ ਸੀ।

ਉਸ ਦੇ ਸਰੀਰ ਤੇ ਕਈ ਤਰੀਕੇ ਦੇ ਧੱਫੜ ਪੈ ਗਏ ਸੀ। ਕਈ ਵਾਰ ਰਾਤ ਨੂੰ ਉਹ ਆਪਣੇ ਸਿਰ ਵਿੱਚ ਪੀੜ ਕਾਰਨ ਉਠ ਪੈਂਦੀ ਸੀ।

ਉਸ ਨੂੰ ਕਈ ਵਾਰ ਸਰੀਰ ਵਿੱਚ ਬਹੁਤ ਦਰਦ ਤੇ ਬੈਚੈਨੀ ਹੋਈ ਸੀ। ਕਈ ਵਾਰ ਤਾਂ ਉਸ ਨੂੰ ਲਗਦਾ ਸੀ ਕਿ ਜਿਵੇਂ ਕੋਈ ਉਸ ਦੀਆਂ ਲੱਤਾਂ ਤੇ ਵਾਲਾਂ ਨੂੰ ਫੜ੍ਹ ਕੇ ਖਿੱਚ ਰਿਹਾ ਹੋਵੇ।

ਉਸ ਨੂੰ ਡਾਕਟਰਾਂ ਨਾਲ 5-10 ਮਿੰਟ ਹੀ ਗੱਲ ਕਰਨ ਨੂੰ ਮਿਲਦਾ ਸੀ ਜਿਸ ਵਿੱਚ ਉਹ ਆਪਣੀਆਂ ਪੇ੍ਸ਼ਾਨੀਆਂ ਬਾਰੇ ਦੱਸਦੀ ਸੀ, ਇਹ ਵਕਤ ਕਾਫੀ ਨਹੀਂ ਹੁੰਦਾ ਸੀ।

ਟੈਸਟ ਕਰਵਾਉਣ ਦੀਆਂ ਮੁਸ਼ਕਿਲਾਂ

10 ਹਫਤਿਆਂ ਬਾਅਦ ਉਹ ਆਪਣਾ ਕੋਰੋਨਾ ਟੈਸਟ ਕਰਵਾ ਸਕੀ ਸੀ। ਉਸ ਵੇਲੇ ਉਸ ਨੂੰ ਡਰ ਸੀ ਕਿ ਉਹ ਕਈ ਲੋਕਾਂ ਤੱਕ ਲਾਗ ਲਗਾ ਚੁੱਕੀ ਹੈ।

ਉਹ ਸੋਚ ਰਹੀ ਸੀ ਕਿ ਸਰਕਾਰ ਤਾਂ ਕਹਿੰਦੀ ਹੈ ਕਿ 7 ਦਿਨਾਂ ਲਈ ਏਕਾਂਤਵਾਸ ਵਿੱਚ ਚਲੇ ਜਾਣਾ ਚਾਹੀਦਾ ਹੈ ਜਾਂ ਉਸ ਵੇਲੇ ਤੱਕ ਜਦੋਂ ਤੱਕ ਲੱਛਣ ਨਾ ਚਲੇ ਜਾਣ ਪਰ ਜੇ ਲੱਛਣ ਜਾਣ ਹੀ ਨਾਂ ਤਾਂ ਕਰੀਏ।

ਮੂਨੀਕਾ ਉਮੀਦ ਕਰਦੀ ਹੈ ਕਿ ਉਸ ਦੀ ਡਾਇਰੀ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਹਾਲਾਤ ਹਰ ਵਾਰ ਸੌਖੇ ਨਹੀਂ ਰਹਿੰਦੇ ਹਨ।

ਕਈ ਵਾਰ ਦੋਸਤ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਸੀ ਪਰ ਜੋ ਉਸ ਨਾਲ ਹੋ ਰਿਹਾ ਸੀ, ਉਹ ਸਾਰਿਆਂ ਦੀ ਸਮਝ ਤੋਂ ਪਰੇ ਸੀ।

ਉਸ ਨੇ ਕਿਹਾ, "ਇੱਕ ਨੇ ਤਾਂ ਮੈਨੂੰ ਕਿਹਾ ਕਿ ਮੈਂ ਕੋਵਿਡ ਮੇਰੇ ਦਿਮਾਗ 'ਤੇ ਚੜ੍ਹ ਗਿਆ ਹੈ।

ਫਿਰ ਆਖਿਰਕਾਰ ਯੂਕੇ ਦੀ ਸਰਕਾਰ ਨੇ ਕਿਹਾ ਕਿ ਜਿਸ ਨੂੰ ਵੀ ਲੱਛਣ ਨਜ਼ਰ ਆਉਂਦੇ ਹਨ ਉਹ ਟੈਸਟ ਕਰਵਾ ਸਕਦਾ ਹੈ। ਇੱਕੋ ਸੈਂਟਰ ਜੋ ਉਸਦੇ ਘਰ ਦੇ ਨੇੜੇ ਸੀ, ਉੱਥੇ ਪਹੁੰਚਣ ਲਈ ਕਾਰ ਚਾਹੀਦੀ ਸੀ ਜੋ ਉਸ ਕੋਲ ਨਹੀਂ ਸੀ।

ਉਸ ਦੇ ਦੋਸਤ ਵੀ ਕਾਰ ਚਲਾਉਣਾ ਨਹੀਂ ਜਾਣਦੇ ਸੀ। ਪਰ ਇੱਕ ਦੋਸਤ ਅੱਗੇ ਆਇਆ ਤੇ ਉਸ ਨੇ ਲਾਗ ਦੇ ਖ਼ਤਰੇ ਦੇ ਬਾਵਜੂਦ ਉਸ ਨੂੰ ਲਿਫ਼ਟ ਦਿੱਤੀ ਤਾਂ ਜੋ ਉਸ ਦੀ ਜਾਨ ਬਚ ਸਕੇ।

ਉਸ ਨੂੰ ਲਗਿਆ ਕਿ ਉੱਥੇ ਡਾਕਟਰ ਤੇ ਨਰਸ ਹੋਣਗੀਆਂ ਪਰ ਟੈਸਟਿੰਗ ਸੈਂਟਰ ਵਿੱਚ ਤਾਂ ਫੌਜੀ ਤਾਇਨਾਤ ਸਨ। ਉਸ ਦੇ ਕੋਰੋਨਾ ਟੈਸਟ ਦੇ ਨਤੀਜੇ ਨੈਗੇਟਿਵ ਆਏ।

ਉਸ ਨੂੰ ਦੱਸਿਆ ਗਿਆ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਪਣੇ ਦੋਸਤਾਂ -ਰਿਸ਼ਤੇਦਾਰਾਂ ਨੂੰ ਲਾਗ ਨਹੀਂ ਲਗਾ ਸਕਦੀ। ਇਸ ਸੁਣਨਾ ਉਸ ਦੇ ਲਈ ਕਾਫੀ ਅਜੀਬ ਸੀ।

ਉਸ ਨੇ ਦੱਸਿਆ, "ਖੁਦ ਤੋਂ ਲਾਗ ਫੈਲਣ ਦੇ ਖ਼ਤਰੇ ਬਾਰੇ ਪਤਾ ਲਗਣਾ ਕਾਫੀ ਮਾਨਸਿਕ ਤਣਾਅ ਵਾਲਾ ਸੀ।"

ਚਾਰ ਮਹੀਨਿਆਂ ਮਗਰੋਂ ਉਸ ਨੇ ਆਪਣਾ ਈਸਟ ਲੰਡਨ ਵਾਲਾ ਘਰ ਛੱਡ ਦਿੱਤਾ। ਉਹ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਸੀ ਤਾਂ ਜੋ ਉਹ ਉਸ ਦੀ ਮਦਦ ਕਰ ਸਕਣ।

ਹੁਣ ਉਸ ਦੀ ਸਾਹ ਦੀ ਤਕਲੀਫ਼ ਕਾਫੀ ਹੱਦ ਤੱਕ ਸਹੀ ਹੈ। ਪਹਿਲਾਂ ਉਹ ਇੱਕ ਵਾਰੀ ਵਿੱਚ ਪੌੜੀ ਨਹੀਂ ਚੜ੍ਹ ਸਕਦੀ ਸੀ ਪਰ ਹੁਣ ਉਹ ਅਜਿਹਾ ਕਰ ਪਾ ਰਹੀ ਹੈ।

ਇੱਕ ਵਾਰ ਆਪਣਾ ਕਮਰਾ ਸਾਫ ਕਰਨ ਲਈ ਉਸ ਨੇ ਵੈਕਿਊਮ ਕਲੀਨਰ ਚੁੱਕਿਆ ਪਰ ਚਾਰ ਮਿੰਟ ਵਿੱਚ ਹੀ ਉਸ ਨੂੰ ਸਾਹ ਦੀ ਤਕਲੀਫ਼ ਹੋਈ। ਇਸ ਘਟਨਾ ਮਗਰੋਂ ਉਹ 3 ਹਫ਼ਤੇ ਬਿਸਤਰ 'ਤੇ ਰਹੀ।

ਮੂਨੀਕ ਨੂੰ ਅਜੇ ਇਹ ਪਤਾ ਨਹੀਂ ਲਗ ਰਿਹਾ ਕਿ ਹਾਲਾਤ ਕਿਵੇਂ ਸੁਧਰਨਗੇ।

ਉਸ ਨੇ ਕਿਹਾ, "ਕਈ ਲੋਕ ਮੈਨੂੰ ਕਹਿੰਦੇ ਹਨ ਕਿ ਮੂਨੀਕ ਤੂੰ ਫਿਰ ਸਾਈਕਲ ਚਲਾਵੇਗੀ ਤੇ ਛੇਤੀ ਹੀ ਤੂੰ ਚੰਗਾ ਮਹਿਸੂਸ ਕਰੇਗੀ ਤੇ ਮੇਰੇ ਘਰ ਆਵੇਗੀ। ਪਰ ਮੇਰੇ ਲਈ ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੈ।"

ਮਾਨਸਿਕ ਸਿਹਤ ਸੁਧਾਰਨ ਲਈ ਥੈਰੇਪੀ ਦੀ ਮਦਦ

ਡਾਕਟਰਾਂ ਨੂੰ ਵੀ ਅਜੇ ਨਹੀਂ ਪਤਾ ਹੈ ਕਿ ਜਿਨ੍ਹਾਂ ਲੋਕਾਂ ਦੇ ਲੱਛਣ ਨਹੀਂ ਜਾਂਦੇ ਹਨ, ਉਨ੍ਹਾਂ ਦਾ ਇਲਾਜ ਕਿਵੇਂ ਕਰਨਾ ਹੈ।

ਮੂਨੀਕ ਅਨੁਸਾਰ, " ਇੱਥੇ ਮੁੱਦਾ ਇਸ ਗੱਲ ਨੂੰ ਸਵੀਕਾਰ ਕਰਨ ਦਾ ਹੈ ਕਿ ਕਿਹੜਾ ਕੰਮ ਅਸੀਂ ਕਰ ਸਕਦੇ ਹਾਂ ਤੇ ਕਿਹੜਾ ਨਹੀਂ। ਕਈ ਵਾਰ ਅਸੀਂ ਯੋਜਨਾ ਬਣਨਾ ਲੈਂਦੇ ਹਾਂ ਪਰ ਸਾਡਾ ਸਰੀਰ ਉਨ੍ਹਾਂ ਬਾਰੇ ਨਹੀਂ ਸੋਚ ਸਕਦਾ ਹੈ।"

ਮੂਨੀਕ ਹੁਣ ਮਾਨਸਿਕ ਸਿਹਤ ਲਈ ਥੈਰੇਪੀ ਲੈ ਰਹੀ ਹੈ ਜੋ ਉਸ ਨੂੰ ਜੀਵਨ ਦੀ ਇਸ ਸੱਚਾਈ ਨੂੰ ਸਵੀਕਾਰ ਕਰਨ ਵਿੱਚ ਮਦਦ ਕਰ ਰਹੀ ਹੈ।

ਉਹ ਆਪਣੀ ਪੋਸਟ ਵਿੱਚ ਦੱਸਦੀ ਹੈ ਕਿ ਮਸ਼ਰੂਮ ਨੂੰ ਐਂਟੀਵਾਇਰਲ ਖੂਬੀਆਂ ਹੁੰਦੀਆਂ ਹਨ ਪਰ ਉਨ੍ਹਾਂ ਵਿੱਚ ਇੱਕ ਖਾਸੀਅਤ ਹੋਰ ਹੁੰਦੀ ਹੈ।

ਉਹ ਮਾਈਸੀਲੀਅਮ ਦਾ ਫਲ ਹੁੰਦੀਆਂ ਹਨ ਜੋ ਜ਼ਮੀਨ ਦੇ ਅੰਦਰ ਇੱਕ ਨੈਟਵਰਕ ਵਾਂਗ ਹੁੰਦਾ ਹੈ ਤੇ ਹੋਰ ਦਰਖ਼ਤਾਂ ਦੀਆਂ ਜੜ੍ਹਾਂ ਦੇ ਸੰਪਰਕ ਵਿੱਚ ਹੁੰਦਾ ਹੈ।

ਮਾਈਸੀਲੀਅਮ ਉਨ੍ਹਾਂ ਜੜ੍ਹਾਂ ਤੋਂ ਪੌਸ਼ਕ ਤੱਤ ਲੈਂਦਾ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਇਸ ਨਾਲ ਦਰਖ਼ਤ ਇੱਕ ਦੂਜੇ ਨਾਲ ਗੱਲ ਵੀ ਕਰਦੇ ਹਨ ਤੇ ਇੱਕ ਕਮਜ਼ੋਰ ਦਰਖ਼ਤ ਤੰਦਰੂਸਤ ਦਰਖ਼ਤ ਤੋਂ ਪੌਸ਼ਿਕ ਤੱਤ ਲੈਂਦਾ ਹੈ।

ਇਹ ਉਸ ਨੂੰ ਉਨ੍ਹਾਂ ਦੋਸਤਾਂ ਦੀ ਯਾਦ ਕਰਵਾਉਂਦੇ ਹਨ ਜੋ ਉਸ ਕੋਲ ਮਹੀਨਿਆਂ ਤੋਂ ਖਾਣਾ ਪਹੁੰਚਾ ਰਹੇ ਹਨ। ਉਨ੍ਹਾਂ ਲੋਕਾਂ 'ਤੇ ਆਪਣੀ ਬੀਮਾਰੀ ਵੇਲੇ ਤੋਂ ਨਿਰਭਰ ਹਨ।

ਮੂਨੀਕ ਨੇ ਆਪਣੀ ਡਾਇਰੀ ਵਿੱਚ ਕਿਹਾ, "ਮੈਂ ਕਮਰੇ ਵਿੱਚ ਇਕੱਲੀ ਹਾਂ ਤੇ ਪਹਿਲਾਂ ਤੋਂ ਵੱਧ ਜੁੜਿਆ ਮਹਿਸੂਸ ਕਰ ਰਹੀ ਹਾਂ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)