ਬੈਰੁਤ ਧਮਾਕਾ: ਅਮੋਨੀਅਮ ਨਾਈਟ੍ਰੇਟ ਕੀ ਹੈ ਅਤੇ ਕਿਵੇਂ ਬਣ ਜਾਂਦਾ ਧਮਾਕਾਖੇਜ਼

ਲਿਬਨਾਨ ਦੀ ਰਾਜਧਾਨੀ ਬੈਰੁਤ ਦੇ ਕੰਢੇ ਤੋਂ ਅੱਜ ਤੋਂ ਲਗਭਗ 6 ਸਾਲ ਪਹਿਲਾਂ ਇੱਕ ਸਮੁੰਦਰੀ ਜਹਾਜ਼ ਜ਼ਬਤ ਕੀਤਾ ਗਿਆ ਸੀ, ਜਿਸ 'ਚੋਂ ਤਕਰੀਬਨ 3 ਹਜ਼ਾਰ ਟਨ ਅਮੋਨੀਅਮ ਨਾਈਟ੍ਰੇਟ ਬਰਾਮਦ ਕੀਤਾ ਗਿਆ ਸੀ।

ਉਦੋਂ ਤੋਂ ਹੀ ਇਸ ਅਮੋਨੀਅਮ ਨਾਈਟ੍ਰੇਟ ਨੂੰ ਬੰਦਰਗਾਹ ਦੇ ਨੇੜੇ ਪੈਂਦੇ ਇੱਕ ਗੋਦਾਮ 'ਚ ਰੱਖ ਦਿੱਤਾ ਗਿਆ ਸੀ।

ਮੰਗਲਵਾਰ ਦੀ ਸ਼ਾਮ ਨੂੰ ਅਮੋਨੀਅਮ ਨਾਈਟ੍ਰੇਟ ਦੇ ਇਸ ਵੱਡੇ ਜ਼ਖੀਰੇ 'ਚ ਹੀ ਧਮਾਕਾ ਹੋਇਆ ਅਤੇ ਦੇਖਦਿਆਂ ਹੀ ਦੇਖਦਿਆਂ ਦਰਜਨਾਂ ਲੋਕਾਂ ਦੀਆਂ ਜਾਨਾਂ ਚੱਲੀਆਂ ਗਈਆਂ।

ਇਸ ਧਮਾਕੇ 'ਚ ਤਕਰੀਬਨ ਚਾਰ ਹਜ਼ਾਰ ਲੋਕ ਜ਼ਖਮੀ ਹੋਏ।

ਇਸ ਭਿਆਨਕ ਧਮਾਕੇ ਤੋਂ ਬਾਅਦ ਹਰ ਕਿਸੇ ਦੇ ਦਿਮਾਗ 'ਚ ਇੱਕ ਹੀ ਸਵਾਲ ਆ ਰਿਹਾ ਹੈ ਕਿ ਇਹ ਅਮੋਨੀਅਮ ਨਾਈਟ੍ਰੇਟ ਹੈ ਕੀ ਅਤੇ ਇਹ ਇੰਨ੍ਹਾਂ ਖ਼ਤਰਨਾਕ ਕਿਉਂ ਹੈ?

ਇਹ ਵੀ ਪੜ੍ਹੋ:

ਅਮੋਨੀਅਮ ਨਾਈਟ੍ਰੇਟ ਅਸਲ 'ਚ ਹੈ ਕੀ?

ਅਮੋਨੀਅਮ ਨਾਈਟ੍ਰੇਟ ਇੱਕ ਚਿੱਟੇ ਰੰਗ ਦਾ ਰੇਸ਼ਿਆਂ ਵਾਲਾ ਪਦਾਰਥ ਹੁੰਦਾ ਹੈ ਜਿਸ ਦਾ ਉਦਯੋਗਿਕ ਪੱਧਰ 'ਤੇ ਵੱਡੀ ਮਾਤਰਾ 'ਚ ਉਤਪਾਦਨ ਹੁੰਦਾ ਹੈ।

ਇਸ ਦੀ ਸਭ ਤੋਂ ਵੱਧ ਵਰਤੋਂ ਨਾਈਟ੍ਰੋਜਨ ਦੇ ਸਰੋਤ ਵਜੋਂ ਖਾਦ ਦੇ ਰੂਪ 'ਚ ਹੁੰਦੀ ਹੈ। ਇਸ ਤੋਂ ਇਲਾਵਾ ਖਨਨ ਉਦਯੋਗ 'ਚ ਧਮਾਕਾਖੇਜ਼ ਪਦਾਰਥ ਤਿਆਰ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਯੂਨੀਵਰਸਿਟੀ ਕਾਲਜ ਆਫ਼ ਲੰਡਨ 'ਚ ਰਸਾਇਣ ਵਿਗਿਆਨ ਦੇ ਪ੍ਰੋ. ਆਂਦਰੇ ਸੇਲਾ ਦਾ ਕਹਿਣਾ ਹੈ, "ਇਹ ਜ਼ਮੀਨ 'ਚ ਆਮ ਨਹੀਂ ਮਿਲਦਾ ਹੈ ਕਿਉਂਕਿ ਇਹ ਇੱਕ ਸਿੰਥੈਟਿਕ ਦੀ ਤਰ੍ਹਾਂ ਹੁੰਦਾ ਹੈ, ਜੋ ਕਿ ਅਮੋਨੀਆ ਅਤੇ ਨਾਈਟ੍ਰੋਜਨ ਐਸਿਡ ਦੀ ਪ੍ਰਤੀਕ੍ਰਿਆ ਤੋਂ ਤਿਆਰ ਕੀਤਾ ਜਾਂਦਾ ਹੈ।"

ਅਮੋਨੀਅਮ ਨਾਈਟ੍ਰੇਟ ਦਾ ਉਤਪਾਦਨ ਦੁਨੀਆਂ ਦੇ ਹਰ ਹਿੱਸੇ 'ਚ ਹੁੰਦਾ ਹੈ। ਇਸ ਦੀ ਕੀਮਤ ਬਹੁਤ ਘੱਟ ਹੁੰਦੀ ਹੈ।

ਪਰ ਇਸ ਨੂੰ ਇਕੱਠਾ ਕਰਕੇ ਰੱਖਣਾ ਕਿਸੇ ਖ਼ਤਰੇ ਨੂੰ ਸਿੱਧਾ ਸੱਦਾ ਦੇਣਾ ਹੋ ਸਕਦਾ ਹੈ। ਪਹਿਲਾਂ ਵੀ ਕਈ ਵਾਰ ਅਮੋਨੀਅਮ ਨਾਈਟ੍ਰੇਟ ਦੇ ਕਾਰਨ ਬਹੁਤ ਸਾਰੇ ਵੱਡੇ ਧਮਾਕੇ ਹੋ ਚੁੱਕੇ ਹਨ।

ਅਮੋਨੀਅਮ ਨਾਈਟ੍ਰੇਟ ਕਿੰਨਾ ਖ਼ਤਰਨਾਕ ਹੈ?

ਪ੍ਰੋ. ਆਂਦਰੇ ਸੇਲਾ ਦੱਸਦੇ ਹਨ , " ਖੁਦ 'ਚ ਅਮੋਨੀਅਮ ਨਾਈਟ੍ਰੇਟ ਤੋਂ ਕੋਈ ਖ਼ਤਰਾ ਨਹੀਂ ਹੁੰਦਾ ਹੈ। ਇਸ ਦੀ ਸੰਭਾਲ ਕਰਨਾ ਤੁਲਨਾਤਮਕ ਤੌਰ 'ਤੇ ਸੁਰੱਖਿਅਤ ਹੀ ਹੁੰਦਾ ਹੈ। ਪਰ ਜੇਕਰ ਅਮੋਨੀਅਮ ਨਾਈਟ੍ਰੇਟ ਦੀ ਵੱਡੀ ਖੇਪ ਲੰਬੇ ਸਮੇਂ ਤੱਕ ਪਈ ਰਹੇ ਤਾਂ ਇਹ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।"

"ਅਸਲ 'ਚ ਦਿੱਕਤ ਤਾਂ ਉਸ ਸਮੇਂ ਆਉਂਦੀ ਹੈ ਜਦੋਂ ਲੰਬੇ ਸਮੇਂ ਤੱਕ ਸਟੋਰ ਕਰਨ 'ਤੇ ਇਹ ਵਾਤਾਵਰਨ ਦੀ ਨਮੀ ਸੋਖ ਲੈਂਦਾ ਹੈ ਅਤੇ ਆਖ਼ਰਕਾਰ ਇਹ ਇੱਕ ਚੱਟਾਨ 'ਚ ਤਬਦੀਲ ਹੋ ਜਾਂਦਾ ਹੈ। ਇਹੀ ਸਥਿਤੀ ਅਮੋਨੀਅਮ ਨਾਈਟ੍ਰੇਟ ਨੂੰ ਬਹੁਤ ਖ਼ਤਰਨਾਕ ਬਣਾ ਦਿੰਦੀ ਹੈ ਕਿਉਂਕਿ ਅਜਿਹੇ 'ਚ ਜੇਕਰ ਉਹ ਅੱਗ ਦੇ ਸੰਪਰਕ 'ਚ ਆਉਂਦਾ ਹੈ ਤਾਂ ਜ਼ਬਰਦਸਤ ਰਸਾਇਣਕ ਪ੍ਰਤੀਕ੍ਰਿਆ ਦੀ ਸੰਭਾਵਨਾ ਮੌਜੂਦ ਰਹਿੰਦੀ ਹੈ।"

ਆਸਮਾਨ 'ਚ ਮਸ਼ਰੂਮ ਵਰਗੇ ਬੱਦਲਾਂ ਦਾ ਗੁਬਾਰ ਕਿਉਂ ਦਿਖਾਈ ਦਿੰਦਾ ਹੈ?

ਬੈਰੁਤ 'ਚ ਹੋਏ ਭਿਆਨਕ ਧਮਾਕੇ 'ਚ ਅੱਗ ਨਾਲ ਧੂੰਏ ਦੀ ਇੱਕ ਵੱਡੀ ਲਹਿਰ ਉਪਰ ਵੱਲ ਜਾਂਦੀ ਲਹਿਰ ਹਰੇਕ ਨੇ ਦੇਖੀ, ਫਿਰ ਧਮਾਕਾ ਹੋਇਆ ਅਤੇ ਆਕਾਸ਼ 'ਚ ਮਸ਼ਰੂਮ ਵਰਗੇ ਬੱਦਲ ਦਿਖਾਈ ਦਿੱਤੇ।

ਪ੍ਰੋ. ਆਂਦਰੇ ਕਹਿੰਦੇ ਹਨ, "ਧਮਾਕੇ ਨਾਲ ਬਹੁਤ ਤੇਜ਼ ਆਵਾਜ਼ ਸੁਣਾਈ ਦਿੱਤੀ ਅਤੇ ਚਿੱਟੇ ਰੰਗ ਦੇ ਬੱਦਲਾਂ ਨੇ ਆਸਮਾਨ ਨੂੰ ਢੱਕ ਲਿਆ। ਇਹ ਸ਼ਾਟ ਵੇਵ ਕੰਪ੍ਰੈਸਡ ਏਅਰ ਤੋਂ ਪੈਦਾ ਹੁੰਦਾ ਹੈ।"

"ਇਹ ਹਵਾ ਬਹੁਤ ਤੇਜ਼ੀ ਨਾਲ ਫੈਲਦੀ ਹੈ ਅਤੇ ਫਿਰ ਅਚਾਨਕ ਹੀ ਠੰਡੀ ਹੋ ਜਾਂਦੀ ਹੈ, ਜਿਸ ਨਾਲ ਕਿ ਆਲੇ ਦੁਆਲੇ ਦੀ ਨਮੀ ਇੱਕ ਹੀ ਥਾਂ 'ਤੇ ਇੱਕਠੀ ਹੋ ਜਾਂਦੀ ਹੈ ਅਤੇ ਇਸ ਨਾਲ ਹੀ ਬੱਦਲ ਬਣਨੇ ਸ਼ੁਰੂ ਹੁੰਦੇ ਹਨ।"

ਧਮਾਕੇ ਤੋਂ ਬਣਨ ਵਾਲੀ ਗੈਸ ਕਿੰਨੀ ਕੁ ਖ਼ਤਰਨਾਕ ਹੈ?

ਜਦੋਂ ਅਮੋਨੀਅਮ ਨਾਈਟ੍ਰੇਟ 'ਚ ਧਮਾਕਾ ਹੁੰਦਾ ਹੈ ਤਾਂ ਇਸ 'ਚੋਂ ਨਾਈਟ੍ਰੋਜਨ ਆਕਸਾਈਡ ਅਤੇ ਅਮੋਨੀਆ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ।

ਨਾਈਟ੍ਰੋਜਨ ਡਾਈਆਕਸਾਈਡ ਦੇ ਕਾਰਨ ਹੀ ਸੰਤਰੀ ਰੰਗ ਦਾ ਧੂੰਆਂ ਪੈਦਾ ਹੁੰਦਾ ਹੈ। ਇਸ ਨੂੰ ਹਮੇਸ਼ਾ ਹੀ ਹਵਾ ਪ੍ਰਦੂਸ਼ਣ ਨਾਲ ਜੋੜਿਆ ਜਾਂਦਾ ਹੈ।

ਪ੍ਰੋ.ਸੇਲਾ ਦੱਸਦੇ ਹਨ, "ਜੇਕਰ ਧਮਾਕੇ ਵਾਲੀ ਜਗ੍ਹਾ 'ਤੇ ਤੇਜ਼ ਹਵਾ ਨਾ ਹੋਵੇ ਤਾਂ ਆਸ-ਪਾਸ ਦੇ ਲੋਕਾਂ ਲਈ ਇਹ ਵੱਡਾ ਖ਼ਤਰਾ ਪੈਦਾ ਕਰ ਸਕਦਾ ਹੈ।"

ਕੀ ਇਸ ਦੀ ਵਰਤੋਂ ਬੰਬ ਬਣਾਉਣ 'ਚ ਹੁੰਦੀ ਹੈ?

ਜ਼ਬਰਦਸਤ ਧਮਾਕੇ ਦੀ ਸਮਰੱਥਾ ਰੱਖਣ ਵਾਲੇ ਇਸ ਰਸਾਇਣਕ ਮਿਸ਼ਰਣ ਦੀ ਵਰਤੋਂ ਦੁਨੀਆਂ ਭਰ ਦੀਆਂ ਫ਼ੌਜਾਂ ਵੱਲੋਂ ਧਮਾਕਾਖੇਜ਼ ਪਦਾਰਥ ਬਣਾਉਣ ਲਈ ਕੀਤੀ ਜਾਂਦੀ ਹੈ।

ਅੱਤਵਾਦੀ ਗਤੀਵਿਧੀਆਂ 'ਚ ਵੀ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਹੁੰਦੀ ਹੈ।

ਇਹ ਵੀ ਪੜ੍ਹੋ:

ਸਾਲ 1995 'ਚ ਅਮਰੀਕਾ ਦੇ ਓਕਲਾਹੋਮਾ ਸ਼ਹਿਰ 'ਚ ਹੋਏ ਬੰਬ ਧਮਾਕਿਆਂ 'ਚ ਅਮੋਨੀਅਮ ਨਾਈਟ੍ਰੇਟ ਦਾ ਕਹਿਰ ਪੂਰੀ ਦੁਨੀਆਂ ਨੇ ਦੇਖਿਆ ਸੀ।

ਇਸ ਘਟਨਾ 'ਚ ਟਿਮੋਥੀ ਮੇਕਵੇ ਨੇ 2 ਟਨ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਕਰਕੇ ਇੱਕ ਅਜਿਹਾ ਬੰਬ ਤਿਆਰ ਕੀਤਾ ਸੀ ਜਿਸ ਨਾਲ ਕਿ ਇੱਕ ਫੈਡਰਲ ਇਮਾਰਤ ਨੂੰ ਉੱਡਾ ਦਿੱਤਾ ਗਿਆ ਸੀ। ਇਸ ਧਮਾਕੇ 'ਚ 168 ਲੋਕਾਂ ਦੀ ਮੌਤ ਹੋ ਗਈ ਸੀ।

ਕੀ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ?

ਸਾਲ 1921 'ਚ ਜਰਮਨੀ ਦੇ ਓਪਾਓ ਸ਼ਹਿਰ 'ਚ ਅਮੋਨੀਅਮ ਨਾਈਟ੍ਰੇਟ ਦੇ ਕਾਰਨ ਇੱਕ ਫੈਕਟਰੀ 'ਚ ਧਮਾਕਾ ਹੋਇਆ ਸੀ। ਇਸ ਧਮਾਕੇ ਦਾ ਕਾਰਨ 4500 ਟਨ ਅਮੋਨੀਅਮ ਨਾਈਟ੍ਰੇਟ ਸੀ ਅਤੇ ਇਸ ਭਿਆਨਕ ਧਮਾਕੇ 'ਚ 500 ਤੋਂ ਵੀ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਸਨ।

ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਮਾਰੂ ਉਦਯੋਗਿਕ ਹਾਦਸਾ ਸਾਲ 1947 'ਚ ਟੇਕਸਾਸ ਦੇ ਗਾਲਵੇਸਟਨ ਬੇਅ ਵਿਖੇ ਵਾਪਰਿਆ ਸੀ।

ਬੰਦਰਗਾਹ 'ਤੇ ਖੜ੍ਹੇ ਜਹਾਜ਼ 'ਚ 200 ਟਨ ਅਮੋਨੀਅਮ ਨਾਈਟ੍ਰੇਟ ਪਿਆ ਸੀ ਅਤੇ ਅਚਾਨਕ ਇਸ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ ਘੱਟੋ ਘੱਟ 581 ਲੋਕ ਮਾਰੇ ਗਏ ਸਨ।

ਸਾਲ 2015 'ਚ ਚੀਨ ਦੀ ਤਿਆਨਜਿਨ ਬੰਦਰਗਾਹ 'ਤੇ ਅਮੋਨੀਅਮ ਨਾਈਟ੍ਰੇਟ ਕਰਕੇ ਇੱਕ ਹਾਦਸਾ ਵਾਪਰਿਆ ਸੀ, ਜਿਸ 'ਚ 173 ਲੋਕਾਂ ਦੀ ਮੌਤ ਦੀ ਖ਼ਬਰ ਸੀ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)