ਕੇਰਲ ’ਚ ਢਿੱਗਾਂ ਡਿੱਗਣ ਕਾਰਨ 15 ਲੋਕਾਂ ਦੀ ਮੌਤ, ਕਈ ਮਲਬੇ ਹੇਠ ਦੱਬੇ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਕੇਰਲ ਸੂਬੇ ਦੇ ਮੁੰਨਾਰ ਵਿੱਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਰਕੇ 15 ਲੋਕਾਂ ਦੀ ਮੌਤ ਹੋਈ ਹੈ ਤੇ ਕਰੀਬ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਹੁਣ ਤੱਕ 12 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ। ਮੁੰਨਾਰ ਕੇਰਲ ਦੇ ਇਡੁਕੀ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਸੈਰ-ਸਪਾਟੇ ਲਈ ਵੀ ਜਾਣਿਆ ਜਾਂਦਾ ਹੈ।

ਕੇਰਲ ਸਰਕਾਰ ਨੇ ਭਾਰਤੀ ਹਵਾਈ ਫੌਜ ਦੀ ਵੀ ਮਦਦ ਮੰਗੀ ਹੈ। ਤੇਜ਼ ਮੀਂਹ ਕਾਰਨ ਹਾਦਸੇ ਵਾਲੀ ਥਾਂ ਦੇ ਨੇੜੇ ਦੀ ਸੜਕ ਤੇ ਪੁੱਲ ਵਹਿ ਗਿਆ ਹੈ ਜਿਸ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ।

ਕੇਰਲ ਸਰਕਾਰ ਵਿੱਚ ਕੈਬਨਿਟ ਮੰਤਰੀ ਈ ਚੰਦਰਸ਼ੇਖਰਨ ਨੇ ਕਿਹਾ, "ਢਿੱਗਾਂ ਡਿੱਗਣ ਦੀ ਘਟਨਾ ਮੁੰਨਾਰ ਦੇ ਰਾਜਮਾਲਾ ਵਿੱਚ ਵਾਪਰੀ ਹੈ। ਅਜੇ ਕਈ ਲੋਕ ਪੱਥਰਾਂ ਤੇ ਮਿੱਟੀ ਹੇਠਾਂ ਫਸੇ ਹੋਏ ਹਨ।"

ਕੇਰਲ ਪੁਲਿਸ ਦੇ ਪਬਲਿਕ ਰੀਲੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਵੀਪੀ ਪ੍ਰਮੋਦ ਕੁਮਾਰ ਨੇ ਕਿਹਾ, "ਨੇੜੇ ਮੌਜੂਦ ਕੁਝ ਜੰਗਲਾਤ ਮਹਿਕਮੇ ਦੇ ਅਫਸਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ ਪਰ ਮੀਂਹ ਕਾਰਨ ਰਸਤਾ ਟੁੱਟ ਗਿਆ ਹੈ।"

ਹਾਦਸੇ ਵਾਲੇ ਇਲਾਕੇ, ਰਾਜਮਾਲਾ ਵਿੱਚ ਜ਼ਿਆਦਾਤਰ ਆਦੀਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਹਨ।

ਭਾਰੀ ਮੀਂਹ ਕਾਰਨ ਇੱਥੇ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ। ਮੀਂਹ ਕਾਰਨ ਕਰਨਾਟਕ ਤੇ ਕੇਰਲ ਦੇ ਕਈ ਹਿੱਸਿਆਂ ਵਿੱਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।

ਬੰਗਾਲ ਦੀ ਖਾੜ੍ਹੀ ਵਿੱਚ ਬਦਲਦੇ ਮੌਸਮੀ ਹਾਲਾਤ ਕਾਰਨ ਦੱਖਣੀ-ਪੱਛਮੀ ਮਾਨਸੂਨ ਨੇ ਜ਼ੋਰ ਫੜ੍ਹ ਲਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਸੀਂ ਵੇਖੋ: