ਰੰਗ ਗੋਰਾ ਕਰਨ ਲਈ ਵਰਤੇ ਜਾਂਦੇ ਉਤਪਾਦਾਂ ਵਿਚਾਲੇ ਸਮਾਜਿਕ ਦਬਾਅ ਦੀਆਂ ਕਹਾਣੀਆਂ: 'ਮੈਂ ਤਾਂ ਉਹੀ ਕੀਤਾ ਜੋ ਸੈਲੀਬ੍ਰਿਟੀਜ਼ ਨੇ ਕੀਤਾ'

    • ਲੇਖਕ, ਮਨੀਸ਼ ਪਾਂਡੇ
    • ਰੋਲ, ਬੀਬੀਸੀ ਨਿਊਜ਼ਬੀਟ ਪੱਤਰਕਾਰ

"ਮੈਂ ਅਕਸਰ ਫੁਹਾਰੇ ਥੱਲੇ ਖੜ੍ਹ ਕੇ ਆਪਣਾ ਪਿੰਡਾ ਰਗੜਦੀ ਤਾਂ ਜੋ ਆਪਣੇ ਕਾਲੇ ਰੰਗ ਤੋਂ ਛੁਟਕਾਰਾ ਪਾ ਸਕਾਂ।"

27 ਸਾਲਾ ਕ੍ਰਿਸ਼ਨਾ ਲੈਕਰਾਜ਼ ਨੇ ਚਮੜੀ ਦਾ ਰੰਗ ਗੋਰਾ ਕਰਨ ਵਾਲੇ ਉਤਪਾਦ 13 ਸਾਲਾਂ ਦੀ ਉਮਰ ਤੋਂ ਵਰਤਣੇ ਸ਼ੁਰੂ ਕਰ ਦਿੱਤੇ ਸਨ। ਉਸ ਨੂੰ ਕਿਹਾ ਜਾਂਦਾ ਸੀ ਕਿ ਜੇ ਉਹ ਗੋਰੀ ਹੋ ਜਾਵੇਗੀ ਤਾਂ "ਹੋਰ ਸੋਹਣੀ" ਲੱਗੇਗੀ।

ਉਨ੍ਹਾਂ ਨੇ ਰੋਡੀਓ-1 ਨਿਊਜ਼ਬੀਟ ਨੂੰ ਦੱਸਿਆ, "ਮੈਨੂੰ ਕਿਹਾ ਜਾਂਦਾ ਕਿ ਮੇਰੇ 'ਕਿੰਨੇ ਸੋਹਣੇ ਨੈਣ-ਨਕਸ਼'ਹਨ ਪਰ 'ਇੰਨਾ ਕਾਲੇ' ਹੋਣਾ ਇੱਕ ਸ਼ਰਮ ਦੀ ਗੱਲ ਹੈ।"

ਉਸ ਦੀ ਇਨ੍ਹਾਂ ਉਤਪਾਦਾਂ ਨਾਲ ਪਛਾਣ ਉਨ੍ਹਾਂ ਦੇ ਮਾਪਿਆਂ ਨੇ ਹੀ ਕਰਵਾਈ ਜੋ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਗੋਰੀ ਹੋ ਜਾਵੇ।

"ਇਹ ਸਾਡੇ ਸੱਭਿਆਚਾਰ ਵਿੱਚ ਡੂੰਘਾ ਧੱਸਿਆ ਪਿਆ ਹੈ ਕਿ ਜੇ ਤੁਸੀਂ ਗੋਰੇ ਹੋ ਤਾਂ ਤੁਸੀਂ ਬਹੁਤ ਸੋਹਣੇ ਹੋ।"

ਕ੍ਰਿਸ਼ਨਾ ਦਾ ਭਾਵ ਦੱਖਣ ਏਸ਼ੀਆਈ ਸੱਭਿਆਚਾਰ ਤੋਂ ਹੈ ਜਿੱਥੇ ਗੋਰੇ ਰੰਗ ਨੂੰ ਉੱਤਮ ਮੰਨਿਆ ਜਾਂਦਾ ਹੈ।

ਪਿਛਲੇ ਕੁਝ ਹਫ਼ਤੇ ਕੌਸਮੈਟਿਕ ਉਤਪਾਦ ਨਿਰਮਾਤਾ ਕੰਪਨੀ ਨੇ ਅਮਰੀਕੀ ਸਿਆਹਫ਼ਾਮ ਨਾਗਰਿਕ ਜੌਰਜ ਫਲੌਇਡ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਵਿਸ਼ਵੀ ਚਰਚਾ ਨੂੰ ਧਿਆਨ ਵਿੱਚ ਰੱਖ ਕੇ ਐਲਾਨ ਕੀਤਾ ਕਿ ਉਹ ਆਪਣੇ ਇੱਕ ਗੋਰਾ ਕਰਨ ਦਾ ਦਾਅਵਾ ਕਰਨ ਵਾਲੇ ਉਤਪਾਦ ਦੇ ਨਾਂਅ ਵਿੱਚੋਂ "ਫੇਅਰ" (ਗੋਰਾ) ਸ਼ਬਦ ਹਟਾ ਰਹੀ ਹੈ। ਹੁਣ ਕੰਪਨੀ ਇਸ ਉਤਪਾਦ ਦਾ ਨਾਂਅ "ਫੇਅਰ ਐਂਡ ਲਵਲੀ" ਤੋਂ ਬਦਲ ਕੇ "ਗਲੋ ਐਂਡ ਲਵਲੀ" ਕਰ ਰਹੀ ਹੈ।

ਇਸੇ ਤਰ੍ਹਾਂ ਭਾਰਤ ਦੀ ਇੱਕ ਵਿਆਹ ਵੈਬਸਾਈਟ ਸ਼ਾਦੀ ਡੌਟਕਾਮ ਨੇ ਨਤੀਜੇ ਛਾਂਟਣ ਵਾਲਾ ਰੰਗ ਨਾਲ ਜੁੜਿਆ ਇੱਕ ਫਿਲਟਰ ਹਟਾ ਦਿੱਤਾ ਹੈ।

'ਜ਼ਿਆਦਾ ਦੇਰ ਧੁੱਪ ਵਿੱਚ ਨਾ ਰਹੋ'

ਕ੍ਰਿਸ਼ਨਾ ਵਾਂਗ ਹੀ ਸਬਰੀਨਾ ਮੰਕੂ ਨੂੰ ਉਸ ਦਾ ਪਰਿਵਾਰ ਕਹਿੰਦਾ ਸੀ ਕਿ ਉਹ ਬਹੁਤ ਪੱਕੇ ਰੰਗ ਦੀ ਹੈ।

"ਮੁਟਿਆਰ ਵਜੋਂ ਕਿਹਾ ਜਾਂਦਾ, 'ਬਹੁਤੀ ਦੇਰ ਧੁੱਪ ਵਿੱਚ ਨਾ ਰਹਿ' ਉਹ ਕਹਿੰਦੇ ਸਨ ਇਸ ਨਾਲ ਮੈਂ ਕਾਲੀ ਹੋ ਜਾਵਾਂਗੀ।"

23 ਸਾਲਾਂ ਦੀ ਸਬਰੀਨਾ ਨੇ ਦੱਸਿਆ ਕਿ ਉਹ ਅਜਿਹਾ ਪੰਜਾਬੀ ਵਿੱਚ ਕਹਿੰਦੇ ਸਨ। ਇਸੇ ਤੋਂ ਪਤਾ ਲਗਦਾ ਸੀ ਕਿ ਭਾਸ਼ਾ ਨੂੰ ਕਿੰਨੀ ਦਿਲ ਖ਼ਰਾਸ਼ੀ ਵਾਲੀ ਬਣਾਇਆ ਜਾ ਸਕਦਾ ਹੈ।

ਦਸ ਸਾਲਾਂ ਦੀ ਉਮਰੇ ਸਬਰੀਨਾ ਗੋਰਾ ਕਰਨ ਵਾਲੇ ਉਤਪਾਦਾਂ ਦੇ ਰੂਬਰੂ ਹੋਈ ਜਿਨ੍ਹਾਂ ਨੂੰ ਉਸ ਨੇ 10 ਸਾਲਾਂ ਤੱਕ ਵਰਤਿਆ।

ਅਜਿਹਾ ਨਹੀਂ ਹੈ ਕਿ ਸਿਰਫ਼ ਪਰਿਵਾਰ ਵਾਲਿਆਂ ਦੇ ਤਾਅਨੇ ਹੀ ਮਨ ਵਿੱਚ ਗੋਰੇ ਰੰਗ ਦੀ ਚਾਹ ਪੈਦਾ ਕਰਦੇ ਹਨ।

ਅਨੂਸ਼ਾ ਆਪਣਾ ਪੂਰਾ ਨਾਂਅ ਨਹੀਂ ਦੱਸਣਾ ਚਾਹੁੰਦੀ। ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿੱਚ ਬਿਤਾਏ ਅਲੱੜ੍ਹਪੁਣੇ ਨੇ ਉਸ ਵਿੱਚ ਆਪਣੇ ਰੰਗ ਬਾਰੇ "ਨਿਹਾਇਤ ਹੀ ਨਕਾਰਾਤਮਿਕ" ਧਾਰਣਾ ਬਣਾ ਦਿੱਤੀ।

"ਮੈਂ ਗੋਰੇ ਲੋਕਾਂ ਨਾਲ ਆਪਣੀ ਤੁਲਨਾ ਬਹੁਤ ਹੀ ਬੀਮਾਰ ਨਜ਼ਰੀਏ ਤੋਂ ਕਰਨ ਲੱਗੀ।"

"ਮਸ਼ਹੂਰ ਕੁੜੀਆਂ ਨੂੰ ਪੰਜ ਦਰਜੇ ਗੋਰੀਆਂ ਹੋਣ ਕਾਰਨ ਬਿਨਾਂ ਵਜ੍ਹਾ ਹੀ ਅਲਹਿਦਾ ਤਵੱਜੋ ਮਿਲਦੀ ਹੈ।"

ਕਿਸ਼ੋਰੀ ਹੁੰਦਿਆਂ ਕ੍ਰਿਸ਼ਨਾ ਵਿੱਚ ਆਪਣੇ ਪ੍ਰਤੀ ਇੰਨੀ ਨਾਕਾਰਾਤਮਿਕਤਾ ਭਰ ਗਈ ਕਿ ਉਸ ਨੇ ਆਪਣੇ ਦੋਸਤਾਂ ਨਾਲ ਤਸਵੀਰਾਂ ਖਿਚਵਾਉਣਾ ਵੀ ਬੰਦ ਕਰ ਦਿੱਤਾ।

ਦੱਖਣ ਏਸ਼ੀਆਈ ਭਾਈਚਾਰਿਆਂ ਵਿੱਚ ਰੰਗਵਾਦ

ਰੰਗਵਾਦ ਇੱਕ ਕਿਸਮ ਦਾ ਪੱਖਪਾਤ ਜਾਂ ਵਿਤਕਰਾ ਹੈ ਜੋ ਕਾਲੇ ਰੰਗ ਵਾਲੇ ਲੋਕਾਂ ਨਾਲ ਕੀਤਾ ਜਾਂਦਾ ਹੈ। ਖ਼ਾਸ ਕਰ ਕੇ ਇੱਕੇ ਭਾਈਚਾਰੇ ਵਿੱਚ ਦੇ ਲੋਕਾਂ ਵਿੱਚ।

ਮਨੁੱਖੀ ਹੱਕ ਕਾਨੂੰਨ ਦੇ ਅਧਿਆਪਕ ਡਾ਼ ਰਿਤੂਮਬਰਾ ਮਨੂਵੇ ਮੁਤਾਬਕ, ਰੰਗਵਾਦ ਦਾ ਇੰਨਾ ਪ੍ਰਭਾਵ ਬਹੁਤ ਸਾਰੇ ਹਮਲਿਆਂ ਕਾਰਨ ਪਿਆ ਹੈ। ਇਨ੍ਹਾਂ ਹਮਲਾਵਰਾਂ "ਵਿੱਚੋ ਜ਼ਿਆਦਾਤਰ ਗੋਰੇ ਸਨ- ਜਿਵੇਂ ਬ੍ਰਿਟਿਸ਼।"

"ਇਸ ਕਾਰਨ ਇੱਕ ਵਿਚਾਰ ਘਰ ਕਰ ਗਿਆ ਕਿ ਜੇ ਤੁਸੀਂ ਗੋਰੇ ਹੋ ਤਾਂ ਤੁਸੀਂ ਕੁਝ ਉੱਤਮ ਵੀ ਹੋ।"

ਸਮਾਜਿਕ ਦਰਜਾਬੰਦੀ ਦੇ ਇੱਕ ਗੁੰਝਲਦਾਰ ਪ੍ਰਣਾਲੀ- ਜਾਤ ਪ੍ਰਣਾਲੀ- ਨੇ ਗੋਰੇ ਤੇ ਸਰੇਸ਼ਟ ਹੋਣ ਦੇ ਵਿਚਾਰ ਨੂੰ ਸਮਾਜ ਵਿੱਚ ਹੋਰ ਪੱਕਿਆਂ ਕੀਤਾ।

"ਉੱਚ ਜਾਤ ਵਾਲੇ ਜਾਂ ਸੱਤਾ ਵਿਚਲੇ ਲੋਕ ਅਕਸਰ ਰੰਗ ਵਿੱਚ ਗੋਰੇ ਹੁੰਦੇ ਸਨ। ਹੌਲੀ-ਹੌਲੀ ਵਿਆਹਾਂ ਵਿੱਚ ਗੋਰੀ ਲਾੜੀ ਦੀ ਮੰਗ ਔਸਤ ਹੋ ਗਈ।"

ਡਾ਼ ਮਨੂਵੇ ਨੇ ਦੱਸਿਆ ਕਿ ਰੰਗ ਗੋਰਾ ਕਰਨ ਦਾ ਦਾਅਵਾ ਕਰਨ ਵਾਲੇ ਉਤਪਾਦਾਂ ਨੇ ਆਧੁਨਿਕ ਸਮਿਆਂ ਵਿੱਚ ਗੋਰਿਆਂ ਦੇ ਉੱਤਮ ਹੋਣ ਦੀ ਧਾਰਨਾ ਨੂੰ ਪਕਿਆਈ ਅਤੇ ਸੰਸਥਾਗਤ ਰੂਪ ਦਿੱਤਾ।

"ਜੇ ਤੁਸੀਂ ਅਜ਼ਾਦੀ ਦੀ ਲੜਾਈ ਦੇ ਆਗੂਆਂ ਵੱਲ ਵੀ ਦੇਖੋ ਤਾਂ ਰੰਗ ਕਦੇ ਕੋਈ ਅਸਲੀ ਮੁੱਦਾ ਨਹੀਂ ਰਿਹਾ।"

'ਮੈਂ ਤਾਂ ਉਹੀ ਕੀਤਾ ਜੋ ਸੈਲੀਬ੍ਰਿਟੀਜ਼ ਨੇ ਕੀਤਾ'

ਸਬਰੀਨਾ ਬੌਲੀਵੁੱਡ ਵੱਲ ਉਂਗਲ ਕਰਦੀ ਹੈ। ਜਿਸ ਦਾ ਗੋਰਾ ਕਰਨ ਦੇ ਉਤਪਾਦਾਂ ਦੀ ਵਰਤੋਂ ਸੰਬੰਧੀ ਫੈਸਲਿਆਂ ਉੱਪਰ ਡੂੰਘਾ ਪ੍ਰਭਾਵ ਹੈ।

"ਮੈਂ ਸੈਲੀਬ੍ਰਿਟੀਜ਼ ਵੱਲ ਤੱਕਿਆ ਅਤੇ ਜਿਸ ਚੀਜ਼ ਦੀ ਵੀ ਉਨ੍ਹਾਂ ਨੇ ਸਿਫ਼ਾਰਿਸ਼ ਕੀਤੀ ਉਸੇ ਨੂੰ ਫੌਲੋ ਕੀਤਾ।"

ਬੌਲੀਵੁੱਡ ਦੇ ਸਿਤਾਰਿਆਂ ਦੀ ਗੋਰੇ ਰੰਗ ਨੂੰ ਆਦਰਸ਼ਕ ਕਹਿਣ ਕਰ ਕੇ ਆਲੋਚਨਾ ਵੀ ਹੁੰਦੀ ਹੈ।

"ਇਸ ਨਾਲ ਤੁਹਾਨੂੰ ਲਗਦਾ ਹੈ ਕਿ ਤੁਹਾਡਾ ਰੰਗ ਪੱਕਾ ਹੈ ਅਤੇ ਕਿਸੇ ਉਤਪਾਦ ਦੀ ਵਰਤੋਂ ਨਾਲ ਤੁਹਾਡੇ ਰੰਗ ਵਿੱਚ ਉਹ ਬਦਲਾਅ ਆ ਜਾਵੇਗਾ ਜਿਹਾ ਕਿ ਸੈਲੀਬ੍ਰਿਟੀਜ਼ ਤੁਹਾਨੂੰ ਦੱਸ ਰਹੇ ਹਨ।"

ਕੁਝ ਇਸ਼ਤਿਹਾਰਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਮਰਦ ਉਤਪਾਦ ਵਰਤਣ ਤੋਂ ਬਾਅਦ ਗੋਰੀਆਂ ਹੋਈਆਂ ਉਨ੍ਹਾਂ ਔਰਤਾਂ ਵੱਲ ਪੱਕੇ ਰੰਗ ਦੀਆਂ ਔਰਤਾਂ ਦੇ ਮੁਕਾਬਲੇ ਜ਼ਿਆਦਾ ਖਿੱਚੇ ਜਾਂਦੇ ਹਨ, ਜਿਨ੍ਹਾਂ ਨੂੰ ਪਹਿਲਾ ਉਹ ਨਜ਼ਰ ਅੰਦਾਜ ਕਰ ਦਿੰਦੇ ਸਨ।

ਇਹ ਵਰਤਾਰਾ ਮਸ਼ਹੂਰੀਆਂ ਤੱਕ ਸੀ ਸੀਮਤ ਨਹੀਂ ਹੈ।

ਸਬਰੀਨਾ ਨੇ ਦੱਸਿਆ,"ਮੈਂ ਫਿਲਮਾਂ ਵਿੱਚ ਦੇਖਿਆ ਹੈ, ਗੋਰੇ ਰੰਗ ਨੂੰ ਆਦਰਸ਼ ਅਤੇ ਵਧੇਰੇ ਖ਼ੂਬਸੂਰਤ ਸਮਝਿਆ ਜਾਂਦਾ ਹੈ। ਮੈਂ ਤਾਂ ਉਨ੍ਹਾਂ ਲੋਕਾਂ ਵਰਗਾ ਦਿਸਣਾ ਚਾਹੁੰਦੀ ਸੀ ਜਿਨ੍ਹਾਂ ਨੂੰ ਮੈਂ ਟੈਲੀਵੀਜ਼ਨ ਉੱਪਰ ਦੇਖਦੀ ਸੀ।"

'ਮੈਂ ਹਾਲੇ ਵੀ ਗੋਰੇ ਕਰਨ ਵਾਲੇ ਉਤਾਪਾਦਾਂ ਦੀ ਵਰਤੋਂ ਕਰਦੀ ਹਾਂ'

ਕ੍ਰਿਸ਼ਨਾ ਅਤੇ ਸਬਰੀਨਾ ਹੁਣ ਰੰਗ ਗੋਰਾ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਨਹੀਂ ਕਰਦੀਆਂ। ਸਿਰਫ਼ ਇਨ੍ਹਾਂ ਉਤਪਾਦਾਂ ਦੇ ਉਨ੍ਹਾਂ ਦੇ ਰੰਗ ਉੱਪਰ ਪਏ ਅਸਰ ਕਰਕੇ ਹੀ ਨਹੀਂ ਸਗੋ ਆਪਣੇ ਰੰਗ ਪ੍ਰਤੀ ਵਧੇ ਆਤਮ-ਵਿਸ਼ਵਾਸ ਕਾਰਨ ਵੀ।

ਜਦਕਿ ਅਨੂਸ਼ਾ ਦੀ ਕਹਾਣੀ ਇਸ ਤੋਂ ਕੁਝ ਵੱਖਰੀ ਹੈ।

ਸ਼ੁਰੂ ਵਿੱਚ ਤਾਂ ਅਨੂਸ਼ਾ ਨੇ ਸਮਾਜਿਕ ਦਬਾਅ ਅਤੇ ਬਸਤੀਵਾਦੀ ਅਸਰ ਕਾਰਨ ਉਹ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਰਦੀ ਸੀ ਪਰ ਹੁਣ ਇਸ ਦੀ ਕੋਈ ਹੋਰ ਵਜ੍ਹਾ ਹੈ।

"ਜੋ ਕੋਈ ਵੀ ਰੰਗ ਗੋਰਾ ਕਰਨ ਦਾ ਉਤਪਾਦ ਖ਼ਰੀਦਦਾ ਹੈ, ਉਹ ਹਮੇਸ਼ਾ ਲਈ ਆਪਣਾ ਰੰਗ ਗੋਰਾ ਨਹੀਂ ਕਰਨਾ ਚਾਹੁੰਦਾ। ਮੈਂ ਇਹ ਇਸ ਲਈ ਵਰਤਦੀ ਹਾਂ ਕਿ ਇਹ ਮੇਰੀ ਚਮੜੀ ਨੂੰ ਕੁਝ ਤਾਜ਼ਗੀ ਦਿੰਦੇ ਹਨ।"

ਅਨੂਸ਼ਾ ਫਿਲਹਾਲ ਅਜਿਹੇ ਮਾਸਕਾਂ ਦੀ ਵਰਤੋਂ ਕਰਦੀ ਹੈ ਜਿਨ੍ਹਾਂ ਨਾਲ ਉਸ ਦਾ ਰੰਗ ਸਾਫ਼ ਹੋ ਜਾਂਦਾ ਹੈ ਕਿਉਂਕਿ ਇਸ ਨਾਲ ਚਿਹਰੇ ਦੇ ਧੱਬੇ ਸਾਫ਼ ਹੋ ਜਾਂਦੇ ਹਨ ਤੇ ਮੇਕਅਪ ਲਈ ਬੇਸ ਬਣ ਜਾਂਦਾ ਹੈ।

ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਉਸ ਨੇ ਇਨ੍ਹਾਂ ਉਤਪਾਦਾਂ ਦੀ ਵਰਤੋਂ ਬਚਪਨ ਵਿੱਚ ਸ਼ੁਰੂ ਕੀਤੀ ਹੁੰਦੀ ਤਾਂ ਹੁਣ ਉਹ ਇਨ੍ਹਾਂ ਨੂੰ ਨਾ ਵਰਤ ਰਹੀ ਹੁੰਦੀ।

"ਮੈਨੂੰ ਲਗਦਾ ਹੈ ਕਿ ਰੰਗ ਗੋਰਾ ਕਰਨ ਵਾਲਾ ਉਤਪਾਦ ਜੇ ਤੁਸੀਂ ਵੱਡੀ ਉਮਰ ਵਿੱਚ ਵੀ ਵਰਤਦੇ ਹੋ ਤਾਂ ਇਸ ਵਰਤੋਂ ਨੂੰ ਨਿਸ਼ਚਿਤ ਹੀ ਸਮਾਜਿਕ ਅਤੇ ਪਰਿਵਾਰਿਕ ਦਬਾਅ ਦੇ ਸਿਰ ਪਾਇਆ ਜਾ ਸਕਦਾ ਹੈ।"

ਅਨੂਸ਼ਾ ਦਾ ਕਹਿਣਾ ਹੈ ਕਿ ਉਹ ਇਸ ਬਾਰੀ ਲਗਾਤਾਰ ਵਿਚਾਰ ਕਰਦੀ ਰਹਿੰਦੀ ਹੈ ਕਿ ਉਹ ਕੀ ਖ਼ਰੀਦ ਰਹੇ ਹਨ ਅਤੇ ਕੀ ਉਹ ਉਸ ਦੀ ਚਮੜੀ ਲਈ ਢੁਕਵਾਂ ਹੈ।

'ਹਾਲੇ ਹੋਰ ਯਤਨ ਕਰਨੇ ਬਾਕੀ ਹਨ'

ਕ੍ਰਿਸ਼ਨਾ ਦਾ ਕਹਿਣਾ ਹੈ ਕਿ ਰੰਗਵਾਦ ਦੁਆਲੇ ਸ਼ੁਰੂ ਹੋਈ ਚਰਚਾ ਅਤੇ ਰੰਗ ਗੋਰਾ ਕਰਨ ਦਾ ਦਾਅਵਾ ਕਰਨ ਵਾਲੇ ਉਤਪਾਦਾਂ ਦੁਆਲੇ ਚਰਚਾ ਪਿਛਲੇ ਸਾਲਾਂ ਦੌਰਾਨ ਸੁਧਰੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਮੈਂ ਵੀ ਆਪਣੇ ਪਰਿਵਾਰ ਨਾਲ ਹਾਲ ਵਿੱਚ ਇਸ ਬਾਰੇ ਸਹੀ ਤਰ੍ਹਾਂ ਗੱਲ ਕਰ ਸਕੀ ਹਾਂ।"

ਸਬਰੀਨਾ ਦਾ ਕਹਿਣਾ ਹੈ ਕਿ ਹਾਲਾਂਕਿ ਯੂਨੀ-ਲੀਵਰ ਅਤੇ L'Oreal ਵੱਲੋਂ ਆਪਣੇ ਉਤਪਾਦਾਂ ਦੇ ਨਾਂਅ ਬਦਲਣ ਨੂੰ ਇੱਕ ਸਹੀ ਦਿਸ਼ਾ ਵਿੱਚ ਲਿਆ ਕਦਮ ਲੱਗ ਸਕਦਾ ਹੈ ਪਰ ਇਹ ਕੋਈ ਬਹੁਤਾ ਦੂਰ-ਰਸੀ ਨਹੀਂ ਹੈ।

ਸਬਰੀਨਾ ਦਾ ਕਹਿਣਾ ਹੈ,"ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਨਾਂਅ ਬਦਲਣ ਨਾਲ ਉਤਪਾਦ ਖ਼ਤਮ ਨਹੀਂ ਹੋ ਜਾਂਦਾ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਮੌਜੂਦ ਹੈ। ਹਾਲੇ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ।"

ਕ੍ਰਿਸ਼ਮਾ ਇਸ ਵਿੱਚ ਹੋਰ ਵਾਧਾ ਕਰਦੇ ਹਨ, "ਜੇ ਮੈਂ ਅਤੀਤ ਵਿੱਚ ਜਾ ਸਕਾਂ ਤਾਂ ਮੈਂ ਆਪਣੇ ਛੋਟੇ ਰੂਪ ਨੂੰ ਅਜਿਹੇ ਉਤਪਾਦਾਂ ਦੀ ਵਰਤੋਂ ਬਿਲਕੁਲ ਬੰਦ ਕਰਨ ਅਤੇ ਇਨ੍ਹਾਂ ਦੀ ਵਰਤੋਂ ਬਾਰੇ ਕਦੇ ਨਾ ਸੋਚਣ ਬਾਰੇ ਵੀ ਕਹਾਂਗੀ।"

"ਮੈਂ ਉਸ ਨੂੰ (ਆਪਣੇ ਛੋਟੇ ਰੂਪ ਨੂੰ) ਆਪਣੇ ਮੈਲਾਮਿਨ (ਚਮੜੀ ਅੰਦਰਲਾ ਇੱਕ ਰਸਾਇਣ ਜਿਸ ਕਾਰਨ ਰੰਗ ਪੱਕਾ ਨਜ਼ਰ ਆਉਂਦਾ ਹੈ।) ਵਿੱਚ ਸੁੰਦਰਤਾ ਦੇਖਣ ਲਈ ਕਹਾਂਗੀ- ਅਤੇ ਪਿਗਮੈਂਟੇਸ਼ਨ ਇਹ ਨਿਰਧਾਰਿਤ ਨਹੀਂ ਕਰਦੀ ਕਿ ਵੱਡੀ ਹੋ ਕੇ ਮੈਂ ਕਿੰਨੀ ਖ਼ੂਬਸੂਰਤ ਇਨਸਾਨ ਬਣਾਂਗੀ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)