ਕੋਰੋਨਾਵਾਇਰਸ ਲੌਕਡਾਊਨ: ਇਸ ਸੰਸਦ ਨੇ ਬੇਘਰ ਔਰਤਾਂ ਲਈ ਆਪਣੇ ਬੂਹੇ ਤੇ ਭੁੱਖਿਆਂ ਲਈ ਰਸੋਈਆਂ ਖੋਲ੍ਹੀਆਂ

100 ਬੇਘਰ ਔਰਤਾਂ ਨੂੰ ਯੂਰਪੀ ਯੂਨੀਅਨ ਦੇ ਬੈਲਜੀਅਮ ਦੀ ਰਾਜਧਾਨੀ ਬਰੋਸਲਜ਼ ਸਥਿਤ ਖਾਲੀ ਪਏ ਪਾਰਲੀਮੈਂਟ ਵਿੱਚ ਆਸਰਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹਨ।

ਬੁੱਧਵਾਰ ਨੂੰ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਬਣੇ ਹੈਲਮੁਟ ਕੋਹਲ ਕੰਪਲੈਕਸ ਦੇ ਬੂਹੇ ਉਨ੍ਹਾਂ ਲੋਕਾਂ ਲਈ ਖੋਲ੍ਹੇ ਗਏ ਜੋ ਪਹਿਲਾਂ ਤੋਂ ਹੀ ਬੇਘਰ ਹਨ ਜਾਂ ਜਿਨ੍ਹਾਂ ਕੋਲ ਕੁਆਰੰਟੀਨ ਲਈ ਢੁੱਕਵੀਂ ਥਾਂ ਨਹੀਂ ਹੈ।

ਇਮਾਰਤ ਵਿਚਲੇ ਦਫ਼ਤਰਾਂ ਦੇ ਕਮਰਿਆਂ ਨੂੰ ਦੋ ਜਣਿਆਂ ਲਈ ਸੌਣ ਵਾਲੇ ਕਮਰਿਆਂ ਵਿੱਚ ਬਦਲ ਦਿੱਤਾ ਗਿਆ ਹੈ। ਇੱਥੇ ਰਹਿਣ ਵਾਲੀਆਂ ਔਰਤਾਂ ਨੂੰ ਖਾਣਾ ਵੀ ਮੁਹਈਆ ਕਰਵਾਇਆ ਜਾਂਦਾ ਹੈ।

ਸਵੈਸੇਵੀ ਸੰਸਥਾ ਸਮੂਸੋਸ਼ਲ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।

ਮਹਿਲਾ ਆਸਰਾ-ਘਰਾਂ ਵਿੱਚ ਸਰੀਰਕ ਦੂਰੀ ਦਾ ਮਾਪਦੰਡ ਪੂਰੇ ਨਾ ਕੀਤੇ ਜਾ ਸਕਣ ਕਾਰਨ ਕੁਝ ਆਸਰਾ-ਘਰਾਂ ਨੂੰ ਬੰਦ ਕਰਨਾ ਪਿਆ ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ। ਯੂਰਪੀ ਸੰਸਦ ਨੇ ਸਮੂਸੋਸ਼ਲ ਨਾਲ ਮਿਲ ਕੇ ਇਸ ਸੰਕਟ ਦਾ ਹੱਲ ਕਰਨ ਦਾ ਫ਼ੈਸਲਾ ਕੀਤਾ।

ਸਮੂਸੋਸ਼ਲ ਦੇ ਨਿਰਦੇਸ਼ਕ ਸੈਬੈਸਿਟੀਅਨ ਰੂਆ ਨੇ ਰਾਟੀਬੀਐੱਫ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, “ਕਈ ਮਾਮਲਿਆਂ ਵਿੱਚ ਅਸੀਂ ਦੇਖਿਆ ਹੈ ਕਿ ਇਕਾਂਤਵਾਸ ਲਾਗੂ ਕੀਤੇ ਜਾਣ ਕਾਰਨ ਵਧੀ ਘਰੇਲੂ ਹਿੰਸਾ ਕਾਰਨ ਔਰਤਾਂ ਸੜਕਾਂ ’ਤੇ ਆ ਗਈਆਂ ਸਨ। ਇਹ ਮਾਮਲੇ ਵਧਦੇ ਜਾ ਰਹੇ ਹਨ।”

ਬਰੋਸਲਜ਼ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੇ ਬੇਘਰੇ ਲੋਕਾਂ ਨੂੰ ਖਾਲੀ ਪਏ ਕੁਝ ਹੋਟਲਾਂ ਵਿੱਚ ਰੱਖਣ ਦੀ ਪਹਿਲ ਕੀਤੀ।

ਅਜੇ ਯੂਰਪੀ ਯੂਨੀਅਨ ਦੀਆਂ ਇਮਾਰਤਾਂ ਖਾਲੀ ਪਈਆਂ ਹਨ। ਗਿਣਤੀ ਦੇ ਸੰਸਦ ਮੈਂਬਰ ਹੀ ਇਜਲਾਸ ਵਿੱਚ ਹਿੱਸਾ ਲੈਣ ਆਉਂਦੇ ਹਨ। ਜ਼ਿਆਦਾਤਰ ਵੀਡੀਓ ਲਿੰਕ ਰਾਹੀਂ ਹੀ ਇਸ ਵਿੱਚ ਸ਼ਾਮਲ ਹੁੰਦੇ ਹਨ।

ਹਰ ਮਹੀਨੇ ਹੋਣ ਵਾਲੇ ਇਜਲਾਸ ਪੂਰਬੀ ਫ਼ਰਾਂਸ ਦੇ ਸਟਾਰਸਬਰਗ ਵਿੱਚ ਹੋਣ ਵਾਲੇ ਜੁਲਾਈ ਤੱਕ ਮੁਲਤਵੀ ਕਰ ਦਿੱਤੇ ਗਏ ਸਨ।

ਇਸ ਤੋਂ ਇਲਾਵਾ ਬਹੁਤ ਸਾਰੇ ਮੈਂਬਰ ਦੇਸ ਇਸ ਗੱਲ ਦੀ ਆਲੋਚਨਾ ਕਰਦੇ ਰਹੇ ਹਨ ਕਿ ਸਟਾਰਸਬਰਗ ਅਤੇ ਬਰੋਸਲਜ਼ ਵਿੱਚ ਇਜਲਾਸਾਂ ਦੀ ਥਾਂ ਵਾਰ-ਵਾਰ ਬਦਲਣ ਨਾਲ ਯੂਰਪੀ ਯੂਨੀਅਨ ਦੇ ਫੰਡਾਂ ਦੀ ਬਰਬਾਦੀ ਹੁੰਦੀ ਹੈ।

ਦੱਸ ਦਈਏ ਕਿ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੀ ਅਧਿਕਾਰਤ ਜਗ੍ਹਾ ਫ਼ਰਾਂਸ ਦੇ ਸਟਾਰਸਬਰਗ ਵਿੱਚ ਵਿੱਚ ਹੈ। ਜਿੱਥੇ ਕਿ ਇਸ ਦੇ ਸਾਲ ਵਿੱਚ ਚਾਰ-ਚਾਰ ਦਿਨਾਂ ਦੇ ਹਰ ਮਹੀਨੇ ਬਾਰਾਂ ਇਜਲਾਸ ਹੁੰਦੇ ਹਨ। ਜਦ ਕਿ ਸਕੱਤਰੇਤ ਦਾ ਬਾਕੀ ਕੰਮ ਬਰਸਜ਼ ਵਿੱਚ ਕੀਤਾ ਜਾਂਦਾ ਹੈ।

ਕੰਪਲੈਕਸ ਦੇ ਦੌਰੇ 'ਤੇ ਆਏ ਸੰਸਦ ਦੇ ਸਪੀਕਰ ਡੇਵਿਡ ਸਸੋਲੀ ਨੇ ਕਿਹਾ, “ਇਸ ਐਮਰਜੈਂਸੀ ਨੇ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਬਰੋਸਲਜ਼ ਵਿੱਚ ਬਹੁਤ ਸਾਰੇ ਲੋਕ ਅੱਜ ਕਸ਼ਟ ਵਿੱਚ ਹਨ। ਮੇਰਾ ਮੰਨਣਾ ਹੈ ਕਿ ਇਸ ਸੰਕਟ ਦਾ ਸਾਡੇ ਸਾਰਿਆਂ ਉੱਪਰ ਅਸਰ ਹੋਣਾ ਚਾਹੀਦਾ ਹੈ-ਸਰਕਾਰੀ ਸੰਸਥਾਵਾਂ ਉੱਪਰ ਵੀ। ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰਨ ਦਾ ਇਹੀ ਸਮਾਂ ਹੈ।”

ਇਸ ਇਮਾਰਤ ਦਾ ਉਦਘਾਟਨ ਪਿਛਲੇ ਸਾਲ ਅਕਤੂਬਰ ਵਿੱਚ ਹੋਇਆ ਸੀ। ਇਮਾਰਤ ਦਾ ਨਾਂ ਜਰਮਨੀ ਦੇ ਮਰਹੂਮ ਚਾਂਸਲਰ ਹੈਲਮੁਟ ਕੋਹਲ ਦੇ ਨਾਂਅ ਉੱਪਰ ਰੱਖਿਆ ਗਿਆ ਹੈ। ਉਹ ਕਮਿਊਨਿਜ਼ਮ ਦੇ ਪਤਨ ਤੋਂ ਬਾਅਦ ਯੂਰਪੀ ਏਕਤਾ ਦਾ ਚਿਹਰਾ ਬਣ ਕੇ ਉਭਰੇ ਸਨ।

ਸੰਸਦ ਦੀ ਰਸੋਈ ਵਿੱਚ ਰੋਜ਼ਾਨਾ ਇੱਕ ਹਜ਼ਾਰ ਲੋਕਾਂ ਲਈ ਖਾਣਾ ਬਣਾਇਆ ਜਾਂਦਾ ਹੈ। ਜੋ ਕਿ ਬੇਘਰੇ ਲੋਕਾਂ ਵਿੱਚ ਵੰਡਣ ਲਈ ਸਵੈ-ਸੇਵੀ ਸੰਸਥਾਵਾਂ ਨੂੰ ਦੇ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਰੌਏ ਮੁਤਾਬਕ ਇਨ੍ਹਾਂ ਬੇਘਰੀਆ ਔਰਤਾਂ ਦਾ ਕੁਅਰੰਟੀਨ ਦਾ ਸਮਾਂ ਲੰਘ ਜਾਣ ਤੋਂ ਬਾਅਦ ਕੀ ਬਣੇਗਾ ਇਸ ਬਾਰੇ ਕੁਝ ਤੈਅ ਨਹੀਂ ਹੈ। ਇਸ ਸੰਕਟ ਨੇ ਸਮਾਜ ਨੂੰ ਸਭ ਤੋਂ ਹਾਸ਼ੀਏ ਉੱਤੇ ਜੀਅ ਰਹੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਕਰਨ ਦਾ ਮੌਕਾ ਦਿੱਤਾ ਹੈ।

ਇੱਥੇ ਰਹਿ ਰਹੀ ਇੱਕ ਔਰਤ ਐਡਲੀਨ ਨੇ ਆਰਟੀਬੀਐੱਫ ਚੈਨਲ ਨੂੰ ਦੱਸਿਆ ਕਿ ਇਸ ਨੇ ਉਸ ਦੀ ਮੁਸ਼ਕਲ ਹੱਲ ਕਰ ਦਿੱਤੀ ਹੈ ਕਿਉਂਕਿ ਇਸ ਸੰਕਟ ਦੌਰਾਨ ਲੋਕ ਬੇਘਰੇ ਲੋਕਾਂ ਬਾਰੇ ਬਿਲਕੁਲ ਹੀ ਭੁੱਲ ਗਏ ਸਨ।

“ਕੁਅਰੰਟੀਨ ਦੇ ਦੌਰਾਨ ਸਾਨੂੰ ਲਗਤਾਰ ਇੱਕ ਤੋਂ ਦੂਜੀ ਥਾਂ ਭਟਕਦੇ ਰਹਿਣਾ ਪੈਂਦਾ ਸੀ। ਮੈਂ ਤੇ ਮੇਰਾ ਪਤੀ ਦਿਨ ਵਿੱਚ 15 ਕਿੱਲੋਮੀਟਰ ਤੁਰਦੇ ਸੀ ਕਿਉਂਕਿ ਪੁਲਿਸ ਲਗਾਤਾਰ ਸਾਡਾ ਪਿੱਛਾ ਕਰਦੀ ਰਹਿੰਦੀ ਸੀ। ਦਿਨ ਦੇ ਅਖ਼ੀਰ ਤੇ ਅਸੀਂ ਬਸ ਡਿੱਗ ਪੈਂਦੇ ਸੀ।”

ਐਡਲੀਨ ਨੇ ਦੱਸਿਆ ਕਿ ਇੱਕ ਕਮਰੇ ਵਿੱਚ ਵੱਧੋ-ਵੱਧ ਦੋ ਔਰਤਾਂ ਰਹਿੰਦੀਆਂ ਹਨ।

ਇਹ ਕਮਰੇ ਔਰਤਾਂ ਲਈ ਬਣੇ ਆਮ ਆਸਰਾ-ਘਰਾਂ ਨਾਲੋਂ ਕਾਫ਼ੀ ਅਰਾਮਦਾਇਕ ਹਨ, ਜਿੱਥੇ ਕਈ ਵਾਰ 66 ਜਣੇ ਵੀ ਇੱਕ ਕਮਰੇ ਵਿੱਚ ਰਹਿੰਦੇ ਹਨ।

ਹਾਲਾਂਕਿ ਐਡਲੀਨ ਨੂੰ ਅਫ਼ਸੋਸ ਹੈ ਕਿ ਉਸ ਦੇ ਪਤੀ ਨੂੰ ਹਾਲੇ ਵੀ ਬਹੁਤ ਸਾਰੇ ਹੋਰ ਬੇਘਰ ਪੁਰਸ਼ਾਂ ਵਾਂਗ ਸੜਕ ਉੱਪਰ ਹੀ ਰਹਿਣਾ ਪੈ ਰਿਹਾ ਹੈ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)