ਕੋਰੋਨਾਵਾਇਰਸ ਨੂੰ ਸਿਹਤ ਦੀ ਥਾਂ ਸਿਆਸੀ ਸੰਕਟ ਕਹਿਣ ਵਾਲਿਆਂ ਦਾ ਕੀ ਤਰਕ ਹੈ

ਕੋਵਿਡ-19 ਸਾਡੀ ਦੁਨੀਆ ਨੂੰ ਕਿਵੇਂ ਬਦਲ ਦੇਵੇਗਾ? ਲੇਖਕ ਅਤੇ ਉੱਘੇ ਇਤਿਹਾਸਕਾਰ ਯੁਵਲ ਨੂਹ ਹਰਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਅਸੀਂ ਹੁਣ ਜੋ ਵਿਕਲਪ ਤਿਆਰ ਕਰਾਂਗੇ, ਉਹ ਆਉਣ ਵਾਲੇ ਸਾਲਾਂ ਲਈ ਸਾਡੇ ਜੀਵਨ ਨੂੰ ਆਕਾਰ ਦੇਣਗੇ।

ਇਜ਼ਰਾਇਲੀ ਇਤਿਹਾਸਕਾਰ ਅਤੇ 'ਸੇਪੀਅਨਜ਼ : ਏ ਬਰੀਫ ਹਿਸਟਰੀ ਆਫ ਹਿਊਮਨਕਾਈਂਡ' ਦੇ ਲੇਖਕ ਯੁਵਲ ਨੂਹ ਹਰਾਰੀ ਨੇ ਕਿਹਾ ਕਿ ਕੋਵਿਡ-19 ਦਾ ਟਾਕਰਾ ਕਰਨ ਲਈ ਅਸੀਂ ਜੋ ਵਿਕਲਪ ਚੁਣ ਰਹੇ ਹਾਂ, ਉਹ ਆਉਣ ਵਾਲੇ ਸਾਲਾਂ ਦੀ ਸਾਡੀ ਦੁਨੀਆ ਨੂੰ ਅਕਾਰ ਦੇਣਗੇ।

ਇਸ ਮਹਾਂਮਾਰੀ ਨਾਲ ਕਿਸ ਤਰ੍ਹਾਂ ਦਾ ਸਮਾਜ ਉੱਭਰੇਗਾ? ਕੀ ਦੇਸ ਜ਼ਿਆਦਾ ਇਕਜੁੱਟ ਹੋਣਗੇ ਜਾਂ ਫਿਰ ਜ਼ਿਆਦਾ ਅਲੱਗ ਥਲੱਗ ਹੋਣਗੇ? ਕੀ ਪੁਲਿਸ ਅਤੇ ਨਿਗਰਾਨੀ ਉਪਕਰਨਾਂ ਦਾ ਉਪਯੋਗ ਨਾਗਰਿਕਾਂ ਦੀ ਸੁਰੱਖਿਆ ਲਈ ਕੀਤਾ ਜਾਵੇਗਾ ਜਾਂ ਫਿਰ ਉਨ੍ਹਾਂ 'ਤੇ ਜ਼ੁਲਮ ਕਰਨ ਲਈ ਕੀਤਾ ਜਾਵੇਗਾ?

ਬੀਬੀਸੀ ਦੇ ਖ਼ਬਰਾਂ ਦੇ ਪ੍ਰੋਗਰਾਮ ਵਿੱਚ ਹਰਾਰੀ ਨੇ ਕਿਹਾ, ''ਇਹ ਸੰਕਟ ਸਾਨੂੰ ਕੁਝ ਬਹੁਤ ਵੱਡੇ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਜਲਦੀ ਕਰਨ ਲਈ ਮਜਬੂਰ ਕਰ ਰਿਹਾ ਹੈ, ਪਰ ਸਾਡੇ ਕੋਲ ਵਿਕਲਪ ਹਨ।''

'ਸਿਆਸੀ' ਸੰਕਟ

ਉਨ੍ਹਾਂ ਕਿਹਾ, ''ਸ਼ਾਇਦ ਦੋ ਸਭ ਤੋਂ ਮਹੱਤਵਪੂਰਨ ਵਿਕਲਪ ਹਨ। ਅਸੀਂ ਇਸ ਸੰਕਟ ਦਾ ਸਾਹਮਣਾ ਰਾਸ਼ਟਰਵਾਦੀ ਆਇਸੋਲੇਸ਼ਨ ਰਾਹੀਂ ਕਰਦੇ ਹਾਂ ਜਾਂ ਅਸੀਂ ਅੰਤਰਰਾਸ਼ਟਰੀ ਸਹਿਯੋਗ ਅਤੇ ਇਕਜੁੱਟਤਾ ਰਾਹੀਂ ਇਸਦਾ ਟਾਕਰਾ ਕਰਦੇ ਹਾਂ।''

''ਦੂਜਾ ਇਹ ਹਰੇਕ ਦੇਸ਼ ਦੇ ਪੱਧਰ 'ਤੇ ਹੈ, ਚਾਹੇ ਅਸੀਂ ਇਸ ਨੂੰ ਤਾਨਾਸ਼ਾਹੀ, ਕੇਂਦਰੀਕ੍ਰਿਤ ਨਿਯੰਤਰਣ ਅਤੇ ਨਿਗਰਾਨੀ ਜਾਂ ਸਮਾਜਿਕ ਇਕਜੁੱਟਤਾ ਅਤੇ ਸਸ਼ਕਤ ਨਾਗਰਿਕਾਂ ਰਾਹੀਂ ਦੂਰ ਕਰਨ ਦੀ ਕੋਸ਼ਿਸ ਕਰੀਏ।''

ਹਰਾਰੀ ਕਹਿੰਦੇ ਹਨ ਕਿ ਕੋਰੋਨਾਵਾਇਰਸ ਮਹਾਂਮਾਰੀ ਨੇ ਕਈ ਸਵਾਲ ਖੜ੍ਹੇ ਕੀਤੇ ਹਨ ਜੋ ਵਿਗਿਆਨਕ ਅਤੇ ਰਾਜਨੀਤਕ ਦੋਵੇਂ ਤਰ੍ਹਾਂ ਦੇ ਹਨ।

ਪਰ ਜਦੋਂ ਅਸੀਂ ਕਈ ਵਿਗਿਆਨਕ ਚੁਣੌਤੀਆਂ ਦਾ ਹੱਲ ਕਰ ਰਹੇ ਹਾਂ ਤਾਂ ਅਸੀਂ ਇਸ ਬਾਰੇ ਘੱਟ ਸੋਚਿਆ ਹੈ ਕਿ ਅਸੀਂ ਰਾਜਨੀਤਕ ਚੁਣੌਤੀਆਂ ਪ੍ਰਤੀ ਪ੍ਰਤੀਕਿਰਿਆ ਕਿਵੇਂ ਦਿੰਦੇ ਹਾਂ।

ਉਹ ਕਹਿੰਦੇ ਹਨ, ''ਇਸ ਮਹਾਂਮਾਰੀ ਨੂੰ ਰੋਕਣ ਅਤੇ ਹਰਾਉਣ ਲਈ ਮਨੁੱਖਤਾ ਕੋਲ ਸਭ ਕੁਝ ਹੈ।''

''ਇਹ ਕੋਈ ਮੱਧ ਯੁੱਗ ਨਹੀਂ ਹੈ। ਇਹ 'ਬਲੈਕ ਡੈੱਥ' ਵੀ ਨਹੀਂ ਹੈ। ਇਹ ਅਜਿਹਾ ਨਹੀਂ ਹੈ ਕਿ ਲੋਕ ਮਰ ਰਹੇ ਹਨ ਅਤੇ ਸਾਨੂੰ ਪਤਾ ਨਹੀਂ ਕਿ ਉਨ੍ਹਾਂ ਨੂੰ ਕੀ ਮਾਰ ਰਿਹਾ ਹੈ ਅਤੇ ਇਸ ਸਬੰਧੀ ਕੀ ਕੀਤਾ ਜਾ ਸਕਦਾ ਹੈ।''

ਚੀਨੀ ਵਿਗਿਆਨੀਆਂ ਨੇ ਪਹਿਲਾਂ ਤੋਂ ਹੀ ਇਸ ਪ੍ਰਕੋਪ ਕਾਰਨ ਸਾਰਸ-ਸੀਓਵੀ- 2 ਵਾਇਰਸ ਦੀ ਪਛਾਣ ਲਈ ਸਖ਼ਤ ਮਿਹਨਤ ਕੀਤੀ ਹੈ। ਕਈ ਹੋਰ ਦੇਸ ਵੀ ਇਸ ਤਰ੍ਹਾਂ ਹੀ ਜਾਂਚ ਕਰ ਰਹੇ ਹਨ।

ਬੇਸ਼ੱਕ ਕੋਵਿਡ-19 ਦਾ ਕੋਈ ਇਲਾਜ ਨਹੀਂ ਹੈ, ਖੋਜਕਰਤਾਵਾਂ ਨੇ ਆਧੁਨਿਕ ਮੈਡੀਕਲ ਤਕਨਾਲੋਜੀ ਅਤੇ ਕਾਢਾਂ ਦਾ ਉਪਯੋਗ ਕਰਕੇ ਇੱਕ ਵੈਕਸੀਨ ਦੀ ਖੋਜ ਵਿੱਚ ਪ੍ਰਗਤੀ ਕੀਤੀ ਹੈ।

ਅਸੀਂ ਜਾਣਦੇ ਹਾਂ ਕਿ ਕਿਵੇਂ ਹੱਥ ਧੋਣੇ ਹਨ ਅਤੇ ਸਮਾਜਿਕ ਦੂਰੀ ਵਰਗੀਆਂ ਤਕਨੀਕਾਂ ਸਾਨੂੰ ਵਾਇਰਸ ਤੋਂ ਬਚਾਉਣ ਅਤੇ ਇਸਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ।

ਹਰਾਰੀ ਕਹਿੰਦੇ ਹਨ, ''ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਅਸੀਂ ਕਿਸ ਚੀਜ਼ ਦੇ ਖਿਲਾਫ਼ ਹਾਂ ਅਤੇ ਸਾਡੇ ਕੋਲ ਕੀ ਤਕਨੀਕ ਹੈ, ਸਾਡੇ ਕੋਲ ਇਸਨੂੰ ਹਰਾਉਣ ਦੀ ਆਰਥਿਕ ਸ਼ਕਤੀ ਹੈ।''

''ਸਵਾਲ ਇਹ ਹੈ ਕਿ ਅਸੀਂ ਇਨ੍ਹਾਂ ਸ਼ਕਤੀਆਂ ਦਾ ਉਪਯੋਗ ਕਿਵੇਂ ਕਰਦੇ ਹਾਂ? ਅਤੇ ਇਹ ਲਾਜ਼ਮੀ ਤੌਰ 'ਤੇ ਇੱਕ ਰਾਜਨੀਤਕ ਸਵਾਲ ਹੈ।''

ਖਤਰਨਾਕ ਤਕਨਾਲੋਜੀ

'ਫਾਇਨੈਂਸ਼ੀਅਲ ਟਾਈਮਜ਼' ਵਿੱਚ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਹਰਾਰੀ ਨੇ ਚਿਤਾਵਨੀ ਦਿੱਤੀ ਕਿ ਕਿਸੇ ਸੰਕਟਕਾਲੀਨ ਸਥਿਤੀ ਦੇ ਸੰਦਰਭ ਵਿੱਚ ਇਤਿਹਾਸਕ ਪ੍ਰਕਿਰਿਆਵਾਂ ਤੇਜ਼ੀ ਨਾਲ ਅੱਗੇ ਵਧਦੀਆਂ ਜਾਂਦੀਆਂ ਹਨ ਅਤੇ ਫੈਸਲੇ ਜਿਨ੍ਹਾਂ ਨੂੰ ਆਮ ਤੌਰ 'ਤੇ ਕਈ ਸਾਲਾਂ ਤੱਕ ਜਾਣਬੁੱਝ ਕੇ ਟਾਲਿਆ ਜਾਂਦਾ ਹੈ, ਉਨ੍ਹਾਂ ਨੂੰ ਰਾਤੋ ਰਾਤ ਕਰ ਦਿੱਤਾ ਜਾਂਦਾ ਹੈ।

ਨਿਗਰਾਨੀ ਦੀਆਂ ਤਕਨੀਕਾਂ ਜਿਹੜੀਆਂ ਜਲਦਬਾਜ਼ੀ ਵਿੱਚ ਤੇਜ਼ੀ ਨਾਲ ਵਿਕਸਤ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਉਚਿਤ ਵਿਕਾਸ ਜਾਂ ਜਨਤਕ ਬਹਿਸ ਦੇ ਬਿਨਾਂ ਤੁਰੰਤ ਉਪਯੋਗ ਵਿੱਚ ਲਿਆਂਦਾ ਜਾ ਸਕਦਾ ਹੈ।

ਉਹ ਕਹਿੰਦੇ ਹਨ ਕਿ ਗਲਤ ਹੱਥਾਂ ਵਿੱਚ ਜਾਣ 'ਤੇ ਸਰਕਾਰਾਂ ਉਨ੍ਹਾਂ ਦਾ ਪ੍ਰਯੋਗ ਸੰਪੂਰਨ ਨਿਗਰਾਨੀ ਨਿਯਮਾਂ ਨੂੰ ਸਥਾਪਿਤ ਕਰਨ ਵਿੱਚ ਕਰ ਸਕਦੀਆਂ ਹਨ ਜਿਸ ਨਾਲ ਉਹ ਹਰ ਕਿਸੇ 'ਤੇ ਅੰਕੜੇ ਇਕੱਠੇ ਕਰਦੇ ਹਨ ਅਤੇ ਫਿਰ ਇੱਕ ਅਪਾਰਦਰਸ਼ੀ ਢੰਗ ਨਾਲ ਫੈਸਲੇ ਲੈਂਦੇ ਹਨ।

ਉਦਾਹਰਨ ਵਜੋਂ ਇਜ਼ਰਾਈਲ ਵਿੱਚ ਸਰਕਾਰ ਨੇ ਨਿੱਜੀ ਸਥਿਤੀ ਦੇ ਅੰਕੜਿਆਂ ਤੱਕ ਪਹੁੰਚਣ ਲਈ ਨਾ ਸਿਰਫ਼ ਸਿਹਤ ਅਧਿਕਾਰੀਆਂ ਬਲਕਿ ਗੁਪਤਚਰ ਸੇਵਾਵਾਂ ਦੀ ਸ਼ਕਤੀ ਵਿੱਚ ਵੀ ਵਾਧਾ ਕੀਤਾ ਹੈ।

ਦੱਖਣੀ ਕੋਰੀਆ ਵਿੱਚ ਵੀ ਅਜਿਹਾ ਹੀ ਕੀਤਾ ਗਿਆ। ਹਾਲਾਂਕਿ ਹਰਾਰੀ ਨੇ ਕਿਹਾ ਕਿ ਉੱਥੇ ਇਹ ਜ਼ਿਆਦਾ ਸਫ਼ਾਈ ਨਾਲ ਕੀਤਾ ਗਿਆ ਹੈ।

ਚੀਨ ਜੋ ਕਿ ਵਿਸ਼ਵ ਦਾ ਸਭ ਤੋਂ ਵਧੀਆ ਨਿਗਰਾਨੀ ਕਾਰਜ ਕਰਨ ਵਾਲਾ ਦੇਸ ਹੈ, ਉਨ੍ਹਾਂ ਨੇ ਕੁਆਰੰਟੀਨ ਦੀ ਉਲੰਘਣਾ ਕਰਨ ਵਾਲੇ ਨਾਗਰਿਕਾਂ ਨੂੰ ਚਿਹਰੇ ਦੀ ਪਛਾਣ ਕਰਨ ਵਾਲੇ ਉਪਕਰਨਾਂ ਦੀ ਮਦਦ ਨਾਲ ਜੁਰਮਾਨੇ ਲਗਾਏ ਹਨ।

ਹਰਾਰੀ ਕਹਿੰਦੇ ਹਨ ਕਿ ਇਹ ਥੋੜ੍ਹੇ ਸਮੇਂ ਲਈ ਤਾਂ ਸਹੀ ਹੋ ਸਕਦਾ ਹੈ, ਪਰ ਜੇਕਰ ਇਹ ਉਪਾਅ ਸਥਾਈ ਬਣ ਗਏ ਤਾਂ ਇਨ੍ਹਾਂ ਤੋਂ ਖਤਰਾ ਵੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, ''ਮੈਂ ਸਰਕਾਰਾਂ ਵੱਲੋਂ ਸਿਹਤ ਸੰਭਾਲ ਅਤੇ ਆਰਥਿਕ ਰੂਪ ਨਾਲ ਵੀ ਮਜ਼ਬੂਤ ਅਤੇ ਕਈ ਵਾਰ ਕ੍ਰਾਂਤੀਕਾਰੀ ਕਾਰਵਾਈਆਂ ਕਰਨ ਦੇ ਪੱਖ ਵਿੱਚ ਹਾਂ, ਪਰ ਅਜਿਹਾ ਹੋਣਾ ਚਾਹੀਦਾ ਹੈ, ਅਜਿਹੀ ਸਰਕਾਰ ਵੱਲੋਂ ਜੋ ਪੂਰੇ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ।''

''ਆਮਤੌਰ 'ਤੇ ਤੁਸੀਂ ਸਿਰਫ਼ 51 ਫੀਸਦ ਆਬਾਦੀ ਦੇ ਸਮਰਥਨ ਨਾਲ ਇੱਕ ਦੇਸ 'ਤੇ ਸ਼ਾਸਨ ਕਰ ਸਕਦੇ ਹੋ, ਪਰ ਅਜਿਹੇ ਸਮੇਂ ਜੋ ਅੱਜ ਹਾਲਾਤ ਹਨ, ਉਸ ਵਿੱਚ ਤੁਹਾਨੂੰ ਸਹੀ ਮਾਅਨੇ ਵਿੱਚ ਪ੍ਰਤੀਨਿਧਤਾ ਕਰਨ ਅਤੇ ਸਾਰਿਆਂ ਦਾ ਧਿਆਨ ਰੱਖਣ ਦੀ ਲੋੜ ਹੈ।''

ਅਲਹਿਦਗੀ ਬਨਾਮ ਸਹਿਯੋਗ

ਹਰਾਰੀ ਕਹਿੰਦੇ ਹਨ ਕਿ ਹਾਲੀਆ ਸਾਲਾਂ ਵਿੱਚ ਰਾਸ਼ਟਰਵਾਦ ਅਤੇ ਲੋਕ ਲੁਭਾਵਣੀਆਂ ਲਹਿਰਾਂ 'ਤੇ ਸਵਾਰ ਸਰਕਾਰਾਂ ਨੇ ਸਮਾਜਾਂ ਨੂੰ ਦੋ ਦੁਸ਼ਮਣ ਕੈਂਪਾਂ ਵਿੱਚ ਵੰਡ ਦਿੱਤਾ ਹੈ ਅਤੇ ਵਿਦੇਸ਼ ਅਤੇ ਵਿਦੇਸ਼ੀਆਂ ਪ੍ਰਤੀ ਨਫ਼ਰਤ ਨੂੰ ਪ੍ਰੋਤਸਾਹਨ ਦਿੱਤਾ ਹੈ।

ਪਰ ਇਸ ਆਲਮੀ ਸਿਹਤ ਪ੍ਰਕੋਪ ਤੋਂ ਇਹ ਪਤਾ ਲੱਗਦਾ ਹੈ ਕਿ ਮਹਾਂਮਾਰੀ ਸਮਾਜਿਕ ਸਮੂਹਾਂ ਜਾਂ ਦੇਸਾਂ ਵਿਚਕਾਰ ਭੇਦਭਾਵ ਨਹੀਂ ਕਰਦੀ।

ਉਨ੍ਹਾਂ ਕਿਹਾ ਕਿ ਸਾਨੂੰ ਚੋਣ ਕਰਨੀ ਚਾਹੀਦੀ ਹੈ ਕਿ ਮੁਸ਼ਕਲਾਂ ਦਾ ਸਾਹਮਣਾ ਕਰਦੇ ਸਮੇਂ ਅਸੀਂ ਅਸਹਿਮਤੀ ਜਾਂ ਸਹਿਯੋਗ ਦਾ ਰਸਤਾ ਅਪਣਾਉਣਾ ਹੈ।

ਕਈ ਦੇਸ਼ਾਂ ਨੇ ਇਸਨੂੰ ਆਪਣੇ ਤੌਰ 'ਤੇ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੇ ਮੈਡੀਕਲ ਬੁਨਿਆਦੀ ਸਹੂਲਤਾਂ ਅਤੇ ਨਿੱਜੀ ਕੰਪਨੀਆਂ ਤੋਂ ਸਪਲਾਈ ਦੀ ਮੰਗ ਕੀਤੀ ਹੈ।

ਹੋਰ ਦੇਸ਼ਾਂ ਨੂੰ ਮੁੱਢਲੇ ਸਰੋਤ ਮਾਸਕ, ਕੈਮੀਕਲ ਅਤੇ ਵੈਂਟੀਲੇਟਰਾਂ ਦੀ ਸਪਲਾਈ ਘਟਾਉਣ ਦੀ ਕੋਸ਼ਿਸ਼ ਕਰਨ 'ਤੇ ਅਮਰੀਕਾ ਦੀ ਵਿਸ਼ੇਸ਼ ਰੂਪ ਨਾਲ ਆਲੋਚਨਾ ਕੀਤੀ ਗਈ ਹੈ। ਇਹ ਡਰ ਵੀ ਹੈ ਕਿ ਅਮੀਰ ਦੇਸ਼ਾਂ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਤਿਆਰ ਵੈਕਸੀਨ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਤੱਕ ਢੁਕਵੀਂ ਸੰਖਿਆ ਵਿੱਚ ਨਹੀਂ ਪਹੁੰਚੇਗੀ।

ਹਰਾਰੀ ਨੇ ਕਿਹਾ ਕਿ ਫਿਰ ਵੀ ਅੱਜ ਦੀਆਂ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਚੀਨੀ ਵਿਗਿਆਨਕਾਂ ਦੇ ਇੱਕ ਸਮੂਹ ਵੱਲੋਂ ਸਿੱਖੇ ਗਏ ਸਬਕ ਸ਼ਾਮ ਨੂੰ ਤਹਿਰਾਨ ਵਿੱਚ ਵਿਅਕਤੀ ਦਾ ਜੀਵਨ ਬਚਾ ਸਕਦੇ ਹਨ।

ਇਹ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਬਿਮਾਰੀ ਨਾਲ ਪ੍ਰਭਾਵਿਤ ਸਾਰੇ ਦੇਸ਼ਾਂ ਵਿੱਚ ਮਨੁੱਖੀ ਅਤੇ ਪਦਾਰਥਕ ਸਰੋਤਾਂ ਦੀ ਸਹੀ ਵੰਡ ਨੂੰ ਪ੍ਰੋਤਸਾਹਨ ਦੇਣ ਲਈ ਆਲਮੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਹ 'ਵਧੇਰੇ ਤਰਕਸੰਗਤ' ਹਨ।

ਉਨ੍ਹਾਂ ਨੇ ਕਿਹਾ, '' ਤੁਹਾਨੂੰ ਅਸਲ ਵਿੱਚ ਪੱਥਰ ਯੁੱਗ ਵਿੱਚ ਵਾਪਸ ਜਾਣਾ ਹੋਵੇਗਾ ਅਤੇ ਇਹ ਪਤਾ ਕਰਨਾ ਹੋਵੇਗਾ ਕਿ ਪਹਿਲਾਂ ਦੇ ਲੋਕ ਆਇਸੋਲੇਸ਼ਨ ਰਾਹੀਂ ਆਪਣੇ ਆਪ ਨੂੰ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਬਚਾਉਣ ਦੇ ਸਮਰੱਥ ਸਨ।''

''ਮੱਧ ਯੁੱਗ ਵਿੱਚ ਵੀ ਮਹਾਂਮਾਰੀ 14ਵੀਂ ਸਦੀ ਵਿੱਚ ਬਲੈਕ ਡੈੱਥ ਦੀ ਤਰ੍ਹਾਂ ਫੈਲ ਗਈ ਸੀ। ਇਸ ਲਈ ਮੱਧ ਯੁੱਗ ਪ੍ਰਣਾਲੀ ਵਿੱਚ ਵਾਪਸ ਜਾਣਾ ਸਾਡੀ ਰੱਖਿਆ ਨਹੀਂ ਕਰੇਗਾ।''

ਕੀ ਇਹ ਸਾਡੇ ਸਮਾਜਿਕ ਸੁਭਾਅ ਨੂੰ ਬਦਲ ਸਕਦੀ ਹੈ?

ਸਾਡੀ ਪਸੰਦ ਦੇ ਨਤੀਜੇ ਜੋ ਵੀ ਹੋਣ, ਹਰਾਰੀ ਮੰਨਦੇ ਹਨ ਕਿ ਅਸੀਂ 'ਸਮਾਜਿਕ ਪ੍ਰਾਣੀ' ਹੀ ਬਣੇ ਰਹਾਂਗੇ ਅਤੇ ਇਹ ਕੁਝ ਨਹੀਂ ਬਦਲੇਗਾ।

ਉਨ੍ਹਾਂ ਕਿਹਾ ਕਿ ਵਾਇਰਸ 'ਮਨੁੱਖੀ ਸੁਭਾਅ ਦੇ ਸਭ ਤੋਂ ਉੱਤਮ ਹਿੱਸਿਆਂ ਦਾ ਸ਼ੋਸ਼ਣ ਕਰ ਰਿਹਾ ਹੈ।'' ਯਾਨੀ ਕਿ ਸਾਡੀ ਹਮਦਰਦੀ ਮਹਿਸੂਸ ਕਰਨ ਅਤੇ ਬਿਮਾਰ ਹੋਣ ਵਾਲੇ ਲੋਕਾਂ ਦੇ ਨੇੜੇ ਰਹਿਣ ਦੀ।

''ਵਾਇਰਸ ਸਾਨੂੰ ਲਾਗ ਲਾ ਕੇ ਸਾਡਾ ਸ਼ੋਸ਼ਣ ਕਰਦਾ ਹੈ ਅਤੇ ਇਸ ਲਈ ਹੁਣ ਸਾਨੂੰ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ ਹੈ। ਇਹ ਸਾਨੂੰ ਸਮਾਰਟ ਬਣਾਉਂਦਾ ਹੈ ਜਿਸ ਵਿੱਚ ਅਸੀਂ ਆਪਣੇ ਦਿਲ ਤੋਂ ਨਹੀਂ ਬਲਕਿ ਦਿਮਾਗ਼ ਤੋਂ ਕੰਮ ਕਰਨਾ ਹੈ।''

''ਪਰ ਇਹ ਸਾਡੇ ਲਈ ਬਹੁਤ ਮੁਸ਼ਕਿਲ ਹੈ ਕਿਉਂਕਿ ਅਸੀਂ ਸਮਾਜਿਕ ਪ੍ਰਾਣੀ ਹਾਂ। ਮੈਨੂੰ ਲੱਗਦਾ ਹੈ ਕਿ ਜਦੋਂ ਇਹ ਸੰਕਟ ਖਤਮ ਹੋ ਜਾਵੇਗਾ ਤਾਂ ਲੋਕਾਂ ਨੂੰ ਸਮਾਜਿਕ ਨੇੜਤਾ ਦੀ ਲੋੜ ਹੋਰ ਵੀ ਜ਼ਿਆਦਾ ਮਹਿਸੂਸ ਹੋਵੇਗੀ। ਮੈਨੂੰ ਨਹੀਂ ਲੱਗਦਾ ਕਿ ਇਹ ਮਨੁੱਖ ਦੇ ਮੌਲਿਕ ਸੁਭਾਅ ਨੂੰ ਬਦਲ ਦੇਵੇਗਾ।"

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)