You’re viewing a text-only version of this website that uses less data. View the main version of the website including all images and videos.
ਕੈਨੇਡਾ ਦੀਆਂ ਆਮ ਚੋਣਾਂ 'ਚ ਕਿੱਥੇ ਖੜ੍ਹੀ ਹੈ ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ
ਕੈਨੇਡਾ ਦੀਆਂ 43ਵੀਆਂ ਆਮ ਚੋਣਾਂ 21 ਅਕਤੂਬਰ ਨੂੰ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਰੈਫਰੈਂਡਮ ਵਜੋਂ ਦੇਖਿਆ ਜਾ ਰਿਹਾ ਹੈ।
ਚੋਣ ਪ੍ਰਚਾਰ ਭਖਿਆ ਹੋਇਆ ਹੈ। ਸਿਆਸੀ ਪਾਰਟੀਆਂ ਇੱਕ ਦੂਸਰੇ ਨੂੰ ਘੇਰ ਰਹੀਆਂ ਹਨ।
338 ਹਲਕਿਆਂ ਵਿੱਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ 50 ਭਾਰਤੀ ਮੂਲ ਦੇ ਉਮੀਦਵਾਰ ਹਨ। ਇਨ੍ਹਾਂ ਵਿੱਚੋਂ ਬਹੁਗਿਣਤੀ ਪੰਜਾਬੀਆਂ ਦੀ ਹੈ ਜੋ ਕਿ ਕਈ ਹਲਕਿਆਂ ਵਿੱਚ ਇੱਕ ਦੂਸਰੇ ਦੇ ਮੁਕਾਬਲੇ ਵਿੱਚ ਮੈਦਾਨ ਵਿੱਚ ਉਤਰੇ ਹਨ।
ਇਹ ਪਹਿਲੀ ਵਾਰ ਹੈ ਜਦੋਂ ਐਨੀ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਾਲ 2015 ਦੀਆਂ ਆਮ ਚੋਣਾਂ ਵਿੱਚ ਇਹ ਗਿਣਤੀ 38 ਸੀ।
ਕੈਨੇਡਾ ਦੀਆਂ ਤਿੰਨੇ ਮੁੱਖ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜਾਬੀਆਂ ਦੀ ਭਰਵੀ ਵਸੋਂ ਵਾਲੇ ਐਡਮੰਟਨ, ਬਰੈਮਪਟਨ, ਸਰੀ, ਕੈਲਗਰੀ ਹਲਕਿਆਂ ਤੋਂ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।
ਆਓ ਹੁਣ ਇਨ੍ਹਾਂ ਆਮ ਚੋਣਾਂ ਦੇ ਮੁੱਖ ਮੁੱਦਿਆਂ 'ਤੇ ਇੱਕ ਨਜ਼ਰ:
ਚੋਣਾਂ ਟਰੂਡੋ ਲਈ ਰਫਰੈਂਡਮ ਤੋਂ ਘੱਟ ਨਹੀਂ
ਪਿਛਲੀਆਂ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਹਾਸਲ ਕਰਨ ਮਗਰੋਂ 47 ਸਾਲਾ ਜਸਟਿਨ ਟਰੂਡੋ ਦੂਸਰੀ ਵਾਰ ਬਹੁਮਤ ਹਾਸਲ ਕਰਨਾ ਚਾਹੁੰਦੇ ਹਨ।
ਵਾਅਦਿਆਂ ਦੇ ਪੱਖ ਤੋਂ ਟਰੂਡੋ ਦਾ ਕਾਰਜਕਾਲ ਮਿਲਿਆ-ਜੁਲਿਆ ਰਿਹਾ ਹੈ। ਉਨ੍ਹਾਂ ਨੇ ਭੰਗ ਨੂੰ ਕਾਨੂੰਨੀ ਮਾਨਤਾ ਦਿਵਾਈ ਅਤੇ ਬੱਚਿਆਂ ਦੀ ਭਲਾਈ ਲਈ ਪ੍ਰੋਗਰਾਮ ਸ਼ੁਰੂ ਕੀਤੇ।
ਜਦਕਿ ਉਨ੍ਹਾਂ ਨੂੰ ਦੇਸ਼ ਦੀ ਚੋਣ ਪ੍ਰਣਾਲੀ ਨੂੰ ਸੁਧਾਰਨ ਅਤੇ ਇੱਕ ਸੰਤੁਲਿਤ ਬੱਜਟ ਪੇਸ਼ ਕਰਨ ਵਿੱਚ ਸਫ਼ਲਤਾ ਹਾਸਲ ਨਹੀਂ ਹੋ ਸਕੀ।
ਲੋਕਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਹਨੀਮੂਨ ਪੀਰੀਅਡ ਲੰਬਾ ਹੋ ਗਿਆ ਜਿਸ ਕਾਰਨ ਉਨ੍ਹਾਂ ਦੇ ਆਧਾਰ ਨੂੰ ਖੋਰਾ ਲੱਗਿਆ ਹੈ।
ਸਾਲ 2016 ਵਿੱਚ ਆਗਾ ਖ਼ਾਨ ਫਾਊਂਡੇਸ਼ਨ ਦੇ ਮੋਢੀ ਅਤੇ ਅਧਿਆਤਮਕ ਆਗੂ ਦੀ ਮਾਲਕੀ ਵਾਲੇ ਇੱਕ ਦੀਪ ’ਤੇ ਜਾ ਕੇ ਪਰਿਵਾਰਕ ਛੁੱਟੀਆਂ ਮਨਾਉਣ ਕਾਰਨ ਵੀ ਉਨ੍ਹਾਂ ਦੀ ਆਲੋਚਨਾ ਹੋਈ।
ਇਸ ਤੋਂ ਬਾਅਦ ਟਰੂਡੋ ਦੀ ਭਾਰਤ ਫੇਰੀ ਕੈਨੇਡਾ ਵਿੱਚ ਸਿਆਸੀ ਚਰਚਾ ਦਾ ਵਿਸ਼ਾ ਬਣੀ ਰਹੀ।
ਇਸ ਫੇਰੀ ਦੌਰਾਨ ਟਰੂਡੋ ਪਰਿਵਾਰ ਭਾਰਤੀ ਰੰਗ ਤੇ ਪਹਿਰਾਵੇ ਵਿੱਚ ਰੰਗਿਆ ਰਿਹਾ। ਇਸ ਫੇਰੀ ਦੌਰਾਨ ਹੀ ਵੱਖਵਾਦੀ ਸਿੱਖ ਆਗੂ ਨੂੰ ਸਰਕਾਰੀ ਸਮਾਗਮ ਵਿੱਚ ਸੱਦੇ ਜਾਣ ਕਾਰਨ ਵੀ ਉਨ੍ਹਾਂ ਦੀ ਕਿਰਕਿਰੀ ਹੋਈ। ਵਿਰੋਧੀਆਂ ਨੇ ਕਿਹਾ ਕਿ ਟਰੂਡੋ ਭਾਰਤੀ ਬਣ ਕੇ ਘੁੰਮਦੇ ਰਹੇ ਪਰ ਆਪਣੇ ਦੇਸ਼ ਲਈ ਕੋਈ ਵੱਡਾ ਨਿਵੇਸ਼ ਭਾਰਤ ਤੋਂ ਨਹੀਂ ਲਿਆ ਸਕੇ।
ਇਹ ਵੀ ਪੜ੍ਹੋ:
ਟਰੂਡੋ ਦਾ ਕਹਿਣਾ ਹੈ ਕਿ ਪ੍ਰਗਤੀਸ਼ੀਲ ਸਰਕਾਰ ਦੇ ਚਾਹਵਾਨਾਂ ਦੀ ਉਹ ਹਾਲੇ ਵੀ ਪਹਿਲੀ ਪਸੰਦ ਹਨ ਪਰ ਹੁਣ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਇੱਕ ਕਾਰਜਕਾਲ ਪੂਰਾ ਕਰ ਲਿਆ ਹੈ ਤੇ ਲੋਕ ਉਨ੍ਹਾਂ ਦਾ ਲੇਖਾ-ਜੋਖਾ ਜ਼ਰੂਰ ਕਰਨਗੇ।
ਟਰੂਡੋ ਦਾ ਅਤੀਤ ਵੀ ਇਸ ਵਾਰ ਉਨ੍ਹਾਂ ਦੇ ਰਾਹ ਦਾ ਰੋੜਾ ਬਣ ਸਕਦਾ ਹੈ। ਚੋਣ ਪ੍ਰਚਾਰ ਦੌਰਾਨ ਸਾਹਮਣੇ ਆਈਆਂ ਉਨ੍ਹਾਂ ਦੀਆਂ ਕਾਲੇ ਤੇ ਭੂਰੇ ਚਿਹਰੇ ਵਾਲੀਆਂ ਤਸਵੀਰਾਂ ਨੇ ਉਨ੍ਹਾਂ ਦੇ ਅਕਸ ਨੂੰ ਇੱਕ ਨਸਲਵਾਦੀ ਰੰਗਤ ਦੇ ਦਿੱਤੀ ਹੈ। ਇਨ੍ਹਾਂ ਤਸਵੀਰਾਂ ਲਈ ਉਨ੍ਹਾਂ ਨੂੰ ਦੇਸ਼ ਵਾਸੀਆਂ ਤੋਂ ਮਾਫ਼ੀ ਵੀ ਮੰਗਣੀ ਪਈ।
ਨਵੇਂ ਚਿਹਰੇ ਵੀ ਮੈਦਾਨ ਵਿੱਚ ਹਨ
40 ਸਾਲਾ ਜਗਮੀਤ ਸਿੰਘ ਦੀਆਂ ਵੀ ਇਹ ਪਹਿਲੀਆਂ ਆਮ ਚੋਣਾਂ ਹਨ। ਉਨ੍ਹਾਂ ਨੇ ਆਪਣੀ ਪਾਰਟੀ ਦੀ ਕਮਾਨ ਦੋ ਸਾਲ ਪਹਿਲਾਂ ਹੀ ਸੰਭਾਲੀ ਹੈ।
ਉਨ੍ਹਾਂ ਦੀ ਪਾਰਟੀ ਫੰਡ ਜੁਟਾਉਣ ਲਈ ਸੰਘਰਸ਼ ਕਰਦੀ ਨਜ਼ਰ ਆਈ। ਪਾਰਟੀ ਨੇ ਹਾਲੇ ਤੱਕ ਆਪਣੇ ਉਮੀਦਵਾਰਾਂ ਦੀ ਪੂਰੀ ਸੂਚੀ ਵੀ ਜਾਰੀ ਨਹੀਂ ਕੀਤੀ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਗਮੀਤ ਦੀ ਪਾਰਟੀ ਚੋਖੀਆਂ ਸੀਟਾਂ ਹਾਰ ਸਕਦੀ ਹੈ ਪਰ ਪਾਰਟੀ ਨਾਲ ਜੁੜੇ ਹੋਏ ਐਨ ਮੈਕਗ੍ਰਾਥ ਦਾ ਵਿਸ਼ਵਾਸ਼ ਹੈ ਕਿ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਵਧੀਆ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ:
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕਨੇਡਾ ਦੇ ਲੋਕਾਂ ਲਈ ਜਗਮੀਤ ਨੂੰ ਨਵੇਂ ਨਜ਼ਰੀਏ ਤੋਂ ਦੇਖ ਕੇ ਉਨ੍ਹਾਂ ਨੂੰ ਇੱਕ ਮੌਕਾ ਦੇ ਸਕਦੇ ਹਨ। ਲੋਕਾਂ ਕੋਲ ਮੌਕਾ ਹੈ।
2017 ਵਿੱਚ ਪਾਰਟੀ ਦੀ ਕਮਾਨ ਸੰਭਲਣ ਮਗਰੋਂ ਕੰਜ਼ਰਵੇਟਿਵ ਪਾਰਟੀ ਦੇ 40 ਸਾਲਾ ਐਂਡਰਿਊ ਸ਼ੀਰ ਨੂੰ ਟਰੂਡੋ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਸਰਕਾਰ ਨਾਲ ਸੰਪਰਕ ਦੀਆਂ ਸੇਵਾਵਾਂ ਦੇਣ ਵਾਲੇ ਮੈਥਿਊ ਜੌਨ ਦਾ ਵਿਚਾਰ ਹੈ, "ਸ਼ੀਰ ਵਿੱਚ ਟਰੂਡੋ ਵਰਗੀ ਸੈਲੀਬ੍ਰਿਟੀ-ਖਿੱਚ ਨਹੀਂ ਹੈ।"
ਇਹ ਵੀ ਪੜ੍ਹੋ:
ਬਾਲ-ਭਲਾਈ ਸਕੀਮ ਅਤੇ ਦੇਸ਼ ਦਾ ਆਰਥਿਕ ਭਵਿੱਖ
ਆਰਥਚਾਰਾ ਗਤੀ ਫੜ ਰਿਹਾ ਹੈ ਤੇ ਬੇਰੁਜ਼ਗਾਰੀ ਦੀ ਦਰ ਇਤਿਹਾਸ ਵਿੱਚ ਸਭ ਤੋਂ ਘੱਟ ਹੈ। ਫਿਰ ਵੀ ਕੈਨੇਡਾ ਦੇ ਸਾਰੇ ਪਰਿਵਾਰ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਉਹ ਅੱਗੇ ਵਧ ਰਹੇ ਹਨ।
ਟੋਰਾਂਟੋ ਤੇ ਵੈਨਕੂਵਰ ਵਿੱਚ ਘਰਾਂ ਦੀਆਂ ਆਸਮਾਨ ਛੂਹੰਦੀਆਂ ਕੀਮਤਾਂ ਨੇ ਬਹੁਤ ਸਾਰੇ ਲੋਕਾਂ ਲਈ ਘਰ ਹਾਸਲ ਕਰਨ ਨੂੰ ਇੱਕ ਚੁਣੌਤੀ ਬਣਾ ਦਿੱਤਾ ਹੈ।
ਲਿਬਰਲ ਪਾਰਟੀ ਬਾਲ-ਭਲਾਈ ਸਕੀਮ (ਚਾਈਲਡ ਬੈਨੀਫਿਟ ਸਕੀਮ) ਨੂੰ ਆਪਣੀ ਸਫ਼ਲਤਾ ਵਜੋਂ ਪੇਸ਼ ਕਰ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਨਾਲ ਲਗਭਗ 2,78,000 ਬੱਚਿਆਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਮਿਲੀ ਹੈ।
ਕੰਜ਼ਰਵੇਟਿਵ ਪਾਰਟੀ ਜਨਤਾ ਵਿੱਚ ਦੇਸ਼ ਦੇ ਆਰਥਿਕ ਭਵਿੱਖ ਬਾਰੇ ਫੈਲੀ ਬੇਚੈਨੀ ਵੱਲ ਵੋਟਰਾਂ ਦਾ ਧਿਆਨ ਖਿੱਚ ਰਹੀ ਹੈ।
ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਲਗਾਇਆ ਜਾ ਰਿਹਾ ਕਾਰਬਨ ਟੈਕਸ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਨੇਡਾ ਨੇ ਇਹ ਟੈਕਸ 10 ਵਿੱਚੋਂ ਉਨ੍ਹਾਂ 4 ਸੂਬਿਆਂ ’ਤੇ ਲਾਇਆ ਹੈ ਜੋ ਕਾਰਬਨ ਫੁੱਟ ਪ੍ਰਿੰਟ ਘਟਾਉਣ ਲਈ ਆਪਣੀਆਂ ਯੋਜਨਾਵਾਂ ਨਹੀਂ ਬਣਾ ਸਕੇ।
ਇਸ ਟੈਕਸ ਨਾਲ ਪੈਟਰੋਲ ਮਹਿੰਗਾ ਹੋਇਆ ਹੈ ਪਰ ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਇਹ ਕੀਮਤਾਂ ਟੈਕਸ ਵਿੱਚ ਛੂਟ ਰਾਹੀਂ ਲੋਕਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ।
ਸ਼ੀਰ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਭ ਤੋਂ ਪਹਿਲਾਂ ਇਸ ਟੈਕਸ ਨੂੰ ਖ਼ਤਮ ਕਰੇਗੀ।
ਐੱਨਡੀਪੀ ਵੀ ਮਹਿੰਗੇ ਹੁੰਦੇ ਜਾ ਰਹੇ ਘਰਾਂ, ਵਿਦਿਆਰਥੀਆਂ ਦੇ ਸਿਰ ਚੜ੍ਹੇ ਕਰਜ਼ੇ ਅਤੇ ਤਨਖ਼ਾਹਾਂ ਨੂੰ ਮੁੱਦਾ ਬਣਾ ਰਹੀ ਹੈ।
ਹਾਲਾਂਕਿ ਵੋਟਰਾਂ ਦਾ ਮੰਨਣਾ ਹੈ ਕਿ ਆਰਥਿਕਤਾ, ਬੇਰੁਜ਼ਗਾਰੀ ਤੇ ਸਿਹਤ ਸੇਵਾਵਾਂ ਚੋਣਾਂ ਦਾ ਮੁੱਦਾ ਹੋਣੀਆਂ ਚਾਹੀਦੀਆਂ ਹਨ ਪਰ ਰਾਜਨੀਤਿਕ ਮਾਹਰ ਐਲਕਸ ਮਾਰਲੈਂਡ ਦਾ ਵਿਚਾਰ ਹੈ ਕਿ ਵੋਟ ਪਾਉਣ ਸਮੇਂ ਤਾਂ ਵੋਟਰ ਇਹੀ ਸੋਚੇਗਾ "ਕੀ ਟਰੂਡੋ ਕੰਮ ਕਰਦੇ ਰਹਿਣ ਜਾਂ ਨਾ?"
ਕਿਸਦੀ ਝੰਡੀ ਤੇ ਕੌਣ ਫਾਡੀ?
ਲਿਬਰਲ ਪਾਰਟੀ ਐੱਸਐੱਨਸੀ-ਲੇਵਿਨ ਵਿਵਾਦ ਤੋਂ ਬਾਅਦ ਆਪਣਾ ਖੁੱਸਿਆ ਵਕਾਰ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੈ। ਸਰਵੇਖਣਾਂ ਮੁਤਾਬਕ ਲਿਬਰਲ ਤੇ ਕੰਜ਼ਰਵੇਟਿਵ ਦੀ ਫਿਲਹਾਲ ਫਸਵੀਂ ਟੱਕਰ ਹੈ।
ਕੰਜ਼ਰਵੇਟਿਵ ਪਾਰਟੀ ਆਪਣੇ ਗੜ੍ਹ ਸਸਕੈਸ਼ਵਨ ਅਤੇ ਅਲਬਰਟਾ ਵਿੱਚ ਮਜ਼ਬੂਤ ਹੈ ਤੇ ਲਿਬਰਲ ਪਾਰਟੀ ਕਿਊਬਿਕ ਅਤੇ ਓਂਟਾਰੀਓ ਵਿੱਚ ਆਪਣੀ ਜ਼ਮੀਨ ਬਚਾ ਰਹੀ ਹੈ।
ਜਗਮੀਤ ਦੀ ਐੱਨਡੀਪੀ ਵੀ ਤੀਜੀ ਵੱਡੀ ਪਾਰਟੀ ਬਣ ਕੇ ਉੱਭਰੀ ਹੈ 14 ਫੀਸਦੀ ਵੋਟਰਾਂ ਨੇ ਕਿਹਾ ਕਿ ਉਨ੍ਹਾਂ ਅੱਜ ਵੋਟ ਪਾਉਣੀ ਹੋਵੇ ਤਾਂ ਉਹ ਐੱਨਡੀਪੀ ਨੂੰ ਵੋਟ ਪਾਉਣਗੇ।
ਗਰਮੀਆਂ ਤੋਂ ਹੀ ਗਰੀਨ ਪਾਰਟੀ ਵੀ ਚਰਚਾ ਵਿੱਚ ਹੈ। ਕੁਝ ਸਰਵੇਖਣਾਂ ਮੁਤਾਬਕ ਪਾਰਟੀ ਨੂੰ ਚੰਗੀਆਂ ਵੋਟਾਂ ਮਿਲ ਸਕਦੀਆਂ ਹਨ। ਐੱਨਡੀਪੀ ਨਾਲ ਜੁੜੇ ਇੱਕ ਸਰਵੇਖਣ ਵਿੱਚ ਪਾਰਟੀ ਨੂੰ 2 ਤੋਂ ਪੰਜ ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ।
ਗਰੀਨ ਪਾਰਟੀ ਦੇ ਕੈਂਪੇਨਰ ਮੈਨੇਜਰ ਜੋਨਥਨ ਡਿੱਕੀ ਨੇ ਕਿਹਾ ਕਿ ਪਾਰਟੀ ਉਨ੍ਹਾਂ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕੁਝ ਖ਼ਤਰਾ ਮੁੱਲ ਲੈਣਾ ਚਾਹੁੰਦੇ ਹਨ।
ਦੋ ਹੋਰ ਉਮੀਦਵਾਰ ਜੋਡੀ ਵਿਲਸਨ ਰੇਬੋਊਲਡ ਅਤੇ ਜੇਨ ਫਿਲਪੋਟ ਵੀ ਆਪਣਾ ਦਾਅ ਖੇਡ ਰਹੇ ਹਨ। ਇਹ ਦੋਵੇਂ ਟਰੂਡੋ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ, ਜਿਨ੍ਹਾਂ ਨੇ ਐੱਸਐੱਨਸੀ-ਲੇਵਿਨ ਵਿਵਾਦ ਤੋਂ ਬਾਅਦ ਅਸਤੀਫ਼ੇ ਦੇ ਦਿੱਤੇ ਸਨ।
ਇਹ ਦੋਵੇਂ ਸਾਲ 2015 ਵਿੱਚ ਲਿਬਰਲ ਪਾਰਟੀ ਦੀ ਟਿਕਟ ਤੇ ਸੰਸਦ ਵਿੱਚ ਪਹੁੰਚੇ ਸਨ ਪਰ ਇਸ ਵਾਰ ਆਜ਼ਾਦ ਉਮੀਦਵਾਰ ਬਣ ਕੇ ਆਪਣਾ ਭਵਿੱਖ ਆਜ਼ਮਾ ਰਹੇ ਹਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ