Imran Khan: ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਤੇ ਸਾਡੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ ਦੀ ਆਵਾਮ ਨੂੰ ਅੱਜ 12 ਵਜੇ (ਪਾਕਿਸਤਾਨੀ ਸਮਾਂ) ਅੱਧੇ ਘੰਟੇ ਲਈ ਕਸ਼ਮੀਰੀਆਂ ਦੀ ਹਮਾਇਤ ਵਿੱਚ ਸੜਕਾਂ ’ਤੇ ਆਉਣ ਲਈ ਕਿਹਾ ਹੈ।

ਪਾਕਿਸਤਾਨ ਵੱਲੋਂ ਭਾਰਤ-ਸ਼ਾਸਿਤ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉਸੇ ਲੜੀ ਵਿੱਚ ਪਾਕਿਸਤਾਨ ਵੱਲੋਂ ਇਸ ਤਰੀਕੇ ਦੇ ਮੁਜ਼ਾਹਰੇ ਪ੍ਰਬੰਧਿਤ ਕਰਵਾਏ ਜਾ ਰਹੇ ਹਨ।

ਪੀਟੀਵੀ ਵਰਲਡ ਚੈਨਲ ਦੇ ਹਵਾਲੇ ਨਾਲ ਇਸ ਵੇਲੇ ਇਸਲਾਮਾਬਾਦ ਵਿਖੇ ਮੁਜ਼ਾਹਰਿਆਂ ਵਿੱਚ ਹਰ ਤਬਕੇ ਤੋਂ ਲੋਕ ਪਹੁੰਚੇ ਹੋਏ ਹਨ। ਇਨ੍ਹਾਂ ਮੁਜ਼ਾਹਰਿਆਂ ਨੂੰ ‘Kashmir Hour’ ਕਿਹਾ ਜਾ ਰਿਹਾ ਹੈ।

ਇਸ ਦੌਰਾਨ ਆਮ ਲੋਕਾਂ ਤੋਂ ਲੈ ਕੇ ਸਕੂਲੀ ਬੱਚੇ ਪਾਕਿਸਤਾਨ ਦਾ ਝੰਡਾ ਲਹਿਰਾ ਰਹੇ ਹਨ।

ਇਸ ਦੌਰਾਨ ਮੁਜ਼ਾਹਰਿਆਂ ਵਿੱਚ ਸ਼ਾਮਿਲ ਲੋਕਾਂ ਵੱਲੋਂ 'ਪਾਕਿਸਤਾਨ ਜ਼ਿੰਦਾਬਾਦ' ਅਤੇ 'ਕਸ਼ਮੀਰ ਚਾਹੁੰਦਾ ਆਜ਼ਾਦੀ' ਦੇ ਨਾਅਰੇ ਬੁਲੰਦ ਕੀਤੇ ਗਏ।

ਇਮਰਾਨ ਖ਼ਾਨ ਨੇ ਕੀ ਕਿਹਾ?

ਲੋਕਾਂ ਨੂੰ ਸੰਬੋਧਿਤ ਕਰਦਿਆਂ ਇਸਲਾਮਾਬਾਦ ਵਿੱਚ ਇਮਰਾਨ ਖ਼ਾਨ ਨੇ ਇਹ ਕੁਝ ਗੱਲਾਂ ਕਹੀਆਂ -

  • ਅਸੀਂ ਕਸ਼ਮੀਰੀਆਂ ਨਾਲ ਖੜ੍ਹੇ ਹਾਂ, ਕਸ਼ਮੀਰੀ ਮੁਸ਼ਕਿਲ ਵਕਤ 'ਚੋਂ ਲੰਘ ਰਹੇ ਹਨ।
  • ਜੇ ਸਾਡੇ ਕਸ਼ਮੀਰੀ ਮੁਸਲਮਾਨ ਨਾ ਹੁੰਦੇ ਤਾਂ ਪੂਰੀ ਦੁਨੀਆਂ ਨੇ ਉਨ੍ਹਾਂ ਦੇ ਨਾਲ ਖੜ੍ਹੇ ਹੋਣਾ ਸੀ।
  • ਤਕਰੀਬਨ 80 ਲੱਖ ਕਸ਼ਮੀਰੀ ਕਰਫਿਊ ਵਿੱਚ ਜੀਅ ਰਹੇ ਹਨ, ਅਸੀਂ ਉਨ੍ਹਾਂ ਦੇ ਦੁੱਖ-ਦਰਦ 'ਚ ਪੂਰੀ ਤਰ੍ਹਾਂ ਸ਼ਾਮਿਲ ਹਾਂ।
  • ਪਾਕਿਸਤਾਨ ਤੋਂ ਪੈਗਾਮ ਇਹ ਹੈ ਕਿ ਜਦੋਂ ਤੱਕ ਸਾਡੇ ਕਸ਼ਮੀਰੀਆਂ ਨੂੰ ਆਜ਼ਾਦੀ ਨਹੀਂ ਮਿਲਦੀ, ਅਸੀਂ ਉਨ੍ਹਾਂ ਲਈ ਪੂਰੀ ਤਰ੍ਹਾਂ ਜੱਦੋਜਹਿਦ ਕਰਾਂਗੇ ਤੇ ਆਖ਼ਰੀ ਸਾਹ ਤੱਕ ਖੜ੍ਹੇ ਹਾਂ।
  • ਅੱਜ ਹਿੰਦੁਸਤਾਨ ਵਿੱਚ ਹਕੂਮਤ ਲੋਕਾਂ 'ਤੇ ਜ਼ੁਲਮ ਢਾਹ ਰਹੀ ਹੈ।
  • ਆਰਐੱਸਐੱਸ ਦਾ ਏਜੰਡਾ ਮੁਸਲਮਨਾਂ ਖ਼ਿਲਾਫ਼ ਕੰਮ ਕਰਨਾ ਹੈ।
  • ਜਦੋਂ ਤੱਕ ਕਸ਼ਮੀਰ ਆਜ਼ਾਦ ਨਹੀਂ ਹੁੰਦਾ, ਮੈਂ ਹਰ ਮੰਚ 'ਤੇ ਇਸ ਬਾਬਤ ਜੰਗ ਲੜਾਂਗਾ।
  • ਬੀਜੇਪੀ-ਆਰਐੱਸਐੱਸ ਵਾਲੇ ਨਾ ਨਹਿਰੂ ਨੂੰ ਮੰਨਦੇ ਹਨ, ਨਾ ਇਹ ਭਾਰਤ ਦੀ ਸੁਪਰੀਮ ਕੋਰਟ ਨੂੰ ਮੰਨਦੇ ਹਨ। ਇਹ ਸਿਰਫ਼ ਹਿੰਦੁਤਵ ਨੂੰ ਮੰਨਦੇ ਹਨ।
  • ਸਾਡੀ ਫ਼ੌਜ ਤਿਆਰ ਹੈ, ਜੇ ਉਨ੍ਹਾਂ ਨੇ ਆਜ਼ਾਦ ਕਸ਼ਮੀਰ ’ਤੇ ਕੁਝ ਕੀਤਾ ਤਾਂ ਅਸੀਂ ਤਿਆਰ ਹਾਂ।

ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਵਿੱਚ ਪਹਿਲਾਂ ਹੀ ਕਹਿ ਚੁੱਕੇ ਹਨ ਕਿ 27 ਸਤੰਬਰ ਤੱਕ ਹਰ ਸ਼ੁੱਕਰਵਾਰ ਨੂੰ ਜੁੰਮੇ ਵਾਲੇ ਦਿਨ ਦੁਪਹਿਰ 12 ਤੋਂ 12:30 ਵਜੇ ਤੱਕ 'ਕਸ਼ਮੀਰ ਆਰ' ਦੇ ਤੌਰ 'ਤੇ ਕਸ਼ਮੀਰੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ।

ਇਮਰਾਨ ਖ਼ਾਨ ਨੇ ਆਪਣੇ ਟਵੀਟ ਵਿੱਚ ਕਿਹਾ, “ਸਾਨੂੰ ਸਭ ਨੂੰ ਕਸ਼ਮੀਰੀਆਂ ਨੂੰ ਇੱਕ ਸੁਨੇਹਾ ਭੇਜਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਮੈਂ ਸਭ ਪਾਕਿਸਤਾਨੀਆਂ ਨੂੰ ਕਹਿੰਦਾ ਹਾਂ ਕਿ ਅੱਧੇ ਘੰਟੇ ਲਈ ਉਹ ਆਪਣਾ ਕੰਮ ਬੰਦ ਰੱਖਣ ਅਤੇ ਸੜਕਾਂ 'ਤੇ ਆ ਕੇ ਕਸ਼ਮੀਰੀ ਲੋਕਾਂ ਪ੍ਰਤੀ ਆਪਣੀ ਹਿਮਾਇਤ ਜਤਾਉਣ।”

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਕਿਹਾ ਹੈ ਕਿ ਅੱਜ ਪਾਕਿਸਤਾਨ ਵਿੱਚ ਚੱਲਣ ਵਾਲੀਆਂ ਸਾਰੀਆਂ 138 ਰੇਲਗੱਡੀਆਂ ਨੂੰ ਰੋਕਣ ਦੀ ਗੱਲ ਕਹੀ ਹੈ।

ਸ਼ੇਖ ਰਸ਼ੀਦ ਨੇ ਬਕਾਇਦਾ ਇਸ ਬਾਬਤ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਵੀ ਸਾਂਝਾ ਕੀਤਾ, ਇਸ ਵਿੱਚ ਕਿਹਾ, “ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਸ਼ਮੀਰ ਬਾਬਤ ਕਾਲ 'ਤੇ ਸਭ ਤੋਂ ਪਹਿਲਾਂ ਲਾਲ ਹਵੇਲੀ 'ਤੇ ਕੌਮੀ ਤਰਾਨਾ ਪੜ੍ਹਿਆ ਜਾਵੇਗਾ।”

“ਕਸ਼ਮੀਰੀ ਜੱਦੋਜਹਿਦ ਲਈ ਸਮਰਥਨ ਵਜੋਂ ਦੁਪਹਿਰ 12 ਵਜੇ ਤੋਂ 12:30 ਵਿਚਾਲੇ ਸਾਰੀਆਂ 138 ਰੇਲਗੱਡੀਆਂ 1 ਮਿੰਟ ਲਈ ਰੁਕਣਗੀਆਂ ਅਤੇ ਜੇ ਇਹ ਰੇਲਗੱਡੀਆਂ ਸਟੇਸ਼ਨਾਂ 'ਤੇ ਰੁਕਣਗੀਆਂ ਤਾਂ ਪਾਕਿਸਤਾਨ ਦਾ ਕੌਮੀ ਤਰਾਨਾ ਪੜ੍ਹਿਆ ਜਾਵੇਗਾ।”

“ਤਮਾਮ ਵਰਕਸ਼ਾਪਾਂ ਵਿੱਚ 12 ਤੋਂ 12:30 ਵਜੇ ਦਰਮਿਆਨ ਮੁਕੰਮਲ ਕੰਮ ਬੰਦ ਰਹੇਗਾ।”

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)