ਜਪਾਨ ਵਿੱਚ ਸਕੂਲੀ ਬੱਚਿਆਂ 'ਤੇ ਚਾਕੂ ਨਾਲ ਹਮਲਾ, 12 ਸਾਲ ਦੀ ਕੁੜੀ ਸਣੇ 3 ਦੀ ਮੌਤ

ਜਪਾਨ ਦੇ ਸ਼ਹਿਰ ਕਾਵਾਸਾਕੀ ਵਿੱਚ ਸਕੂਲੀ ਬੱਚਿਆਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ।

ਇਹ ਬੱਚੇ ਬੱਸ ਦੇ ਇੰਤਜ਼ਾਰ ਵਿੱਚ ਖੜ੍ਹੇ ਸਨ ਕਿ ਇੱਕ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਇਸ ਹਮਲੇ ਵਿੱਚ ਘੱਟੋ-ਘੱਟ 18 ਲੋਕ ਜ਼ਖ਼ਮੀ ਹੋਏ ਹਨ ਅਤੇ ਦੋ ਦੀ ਮੌਤ ਹੋਈ ਹੈ, ਮਰਨ ਵਾਲਿਆਂ ਵਿੱਚ 12 ਸਾਲ ਦੀ ਲੜਕੀ ਅਤੇ 39 ਸਾਲ ਦਾ ਵਿਅਕਤੀ ਸ਼ਾਮਿਲ ਹਨ।

ਜਿਸ ਸ਼ੱਕੀ ਵਿਅਕਤੀ ਨੇ ਹਮਲਾ ਕੀਤੇ ਉਸਦੀ ਉਮਰ 50 ਸਾਲ ਦੇ ਕਰੀਬ ਹੈ। ਜਾਣਕਾਰੀ ਮੁਤਾਬਕ ਉਸਨੇ ਆਪਣੀ ਧੌਣ 'ਤੇ ਚਾਕੂ ਮਾਰਿਆ ਅਤੇ ਬਾਅਦ ਵਿੱਚ ਉਸਨੂੰ ਫੜ ਲਿਆ ਗਿਆ। ਜ਼ਖ਼ਮੀ ਹੋਏ ਸ਼ੱਕੀ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਜ਼ਰੂਰ ਪੜ੍ਹੋ:

ਇਸ ਹਮਲੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ।

ਨਿਊਜ਼ ਸਾਈਟ ਕਿਓਡੋ ਮੁਤਾਬਕ ਜਿਹੜੇ 16 ਲੋਕ ਜ਼ਖ਼ਮੀਂ ਹੋਏ ਹਨ ਉਹ ਸਕੂਲੀ ਵਿਦਿਆਰਥਣਾਂ ਹਨ।

ਖ਼ਬਰ ਏਜੰਸੀ ਐੱਨਐੱਚਕੇ ਮੁਤਾਬਕ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਦੋ ਚਾਕੂ ਬਰਾਮਦ ਹੋਏ ਹਨ।

ਕਾਵਾਸਾਕੀ ਦਮਕਲ ਵਿਭਾਗ ਦੇ ਬੁਲਾਰੇ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ ਕਿ ਇੱਕ ਐਮਰਜੈਂਸੀ ਕਾਲ ਸੋਮਵਾਰ ਨੂੰ ਸਥਾਨਕ ਸਮੇਂ 7:44 ਨੂੰ ਆਈ ਸੀ, ਜਿਸ ਦੌਰਾਨ ਕਿਹਾ ਗਿਆ ਕਿ ਕਈ ਸਕੂਲੀ ਬੱਚਿਆਂ 'ਤੇ ਚਾਕੂ ਨਾਲ ਹਮਲਾ ਹੋਇਆ ਹੈ।

ਸਕੂਲ ਦੀ ਬੱਸ ਦੇ ਡਰਾਈਵਰ ਨੇ ਖ਼ਬਰ ਏਜੰਸੀ ਐੱਨਐੱਚਕੇ ਨੂੰ ਦੱਸਿਆ ਕਿ ਉਸ ਨੇ ਸ਼ੱਕੀ ਨੂੰ ਬੱਚਿਆਂ ਦੀ ਕਤਾਰ ਵੱਲ ਵਧਦੇ ਦੇਖਿਆ ਸੀ। ਇਹ ਬੱਚੇ ਆਪਣੀ ਬੱਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ।

ਟੋਕਿਓ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਰੁਪੇਰਟ ਵਿੰਗਰਫ਼ੀਲਡ-ਹੇਅਸ ਮੁਤਾਬਕ ਸ਼ੱਕੀ ਨੇ ਬੱਚਿਆਂ 'ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਬੱਸ ਵਿੱਚ ਚੜ੍ਹ ਗਿਆ। ਬੱਸ ਵਿੱਚ ਵੀ ਉਸਨੇ ਬੱਚਿਆਂ 'ਤੇ ਹਮਲਾ ਕੀਤਾ।

ਮੌਕੇ 'ਤੇ ਮੌਜੂਦ ਇੱਕ ਚਸ਼ਮਦੀਦ ਨੇ ਖ਼ਬਰ ਏਜੰਸੀ ਐੱਨਐੱਚਕੇ ਨੂੰ ਦੱਸਿਆ, ''ਮੈਂ ਬੱਸ ਸਟੌਪ ਦੇ ਨੇੜੇ ਇੱਕ ਵਿਅਕਤੀ ਦੇ ਲਹੂ ਵਗਦੇ ਦੇਖਿਆ।''

''ਮੈਂ ਨਿੱਕੇ ਸਕੂਲੀ ਬੱਚਿਆਂ ਨੂੰ ਜ਼ਮੀਨ 'ਤੇ ਪਏ ਦੇਖਿਆ...ਇਹ ਕਾਫ਼ੀ ਸ਼ਾਂਤ ਇਲਾਕਾ ਹੈ ਅਤੇ ਅਜਿਹਾ ਇੱਥੇ ਹੋਣਾ ਕਾਫ਼ੀ ਭਿਆਨਕ ਹੈ।''

ਰਿਪੋਰਟਾਂ ਮੁਤਾਬਕ ਹਮਲਾਵਰ ਨੇ ਬੱਸ ਸਟੌਪ ਦੇ ਨੇੜੇ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਜ਼ਰੂਰ ਪੜ੍ਹੋ:

ਸਥਾਨਕ ਨਿਊਜ਼ ਚੈਨਲਾਂ 'ਤੇ ਦਿਖਾਇਆ ਗਿਆ ਕਿ ਐਮਰਜੈਂਸੀ ਸੇਵਾਵਾਂ ਘਟਨਾ ਵਾਲੀ ਥਾਂ 'ਤੇ ਪਹੁੰਚ ਰਹੀਆਂ ਹਨ ਅਤੇ ਜ਼ਖ਼ਮੀਆਂ ਦੇ ਇਲਾਜ ਲਈ ਮੈਡੀਕਲ ਟੈਂਟ ਲਗਾਏ ਜਾ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਆਪਣੇ ਜਪਾਨ ਦੌਰੇ 'ਤੇ ਹਨ। ਉਨ੍ਹਾਂ ਪੀੜਤਾਂ ਲਈ 'ਅਰਦਾਸ ਅਤੇ ਹਮਦਰਦੀ' ਜ਼ਾਹਿਰ ਕੀਤੀ।

ਦੁਨੀਆਂ ਭਰ ਦੇ ਵਿੱਚੋਂ ਜਪਾਨ 'ਚ ਹਿੰਸਕ ਜੁਰਮ ਸਭ ਤੋਂ ਘੱਟ ਹੈ ਪਰ ਬੀਤੇ ਕੁਝ ਸਾਲਾਂ ਵਿੱਚ ਚਾਕੂ ਨਾਲ ਹੁੰਦੇ ਹਮਲਿਆਂ ਦੀ ਗਿਣਤੀ ਵਧੀ ਹੈ।

2016 ਵਿੱਚ ਇੱਕ ਕੇਅਰ ਸੈਂਟਰ 'ਤੇ 19 ਲੋਕਾਂ 'ਤੇ ਇੱਕ ਸਾਬਕਾ ਕਰਮੀ ਵੱਲੋਂ ਚਾਕੂ ਨਾਲ ਹਮਲਾ ਹੋਇਆ ਸੀ।

2008 ਵਿੱਚ ਇੱਕ ਵਿਅਕਤੀ ਨੇ ਟੋਕਿਓ 'ਚ ਸ਼ੌਪਿੰਗ ਸੈਂਟਰ ਵਿੱਚ ਟਰੱਕ ਵਾੜ ਦਿੱਤਾ ਸੀ ਅਤੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)