ਖ਼ੁਦਕੁਸ਼ੀ ਕਰ ਗਈ 22 ਸਾਲਾ ਡਾਕਟਰ ਦੇ ਪਰਿਵਾਰ ਦਾ ਇਲਜ਼ਾਮ, ਜਾਤੀ ਵਿਤਕਰੇ ਤੋਂ ਤੰਗ ਸੀ ਪਾਇਲ

    • ਲੇਖਕ, ਜਾਨਹਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ

'ਉਹ ਡਾਕਟਰ ਬਣਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਸੀ।' ਮਹਾਰਾਸ਼ਟਰ ਦੇ ਉੱਤਰੀ ਸ਼ਹਿਰ ਜਲਗਾਂਓ ਦੀ ਰਹਿਣ ਵਾਲੀ ਪਾਇਲ ਦਾ ਸੁਪਨਾ ਸੀ ਪੜ੍ਹਾਈ ਤੋਂ ਬਾਅਦ ਕਬਾਇਲੀਆਂ ਦੇ ਲਈ ਕੰਮ ਕਰਨਾ।

ਉਹ ਮੁੰਬਈ ਦੇ ਟੋਪੀਵਾਲਾ ਮੈਡੀਕਲ ਕਾਲਜ ਤੋਂ ਗਾਇਨਾਕਾਲੋਜੀ (ਇਸਤਰੀ ਰੋਗਾਂ ਦੇ ਮਾਹਿਰ) ਦੀ ਪੜ੍ਹਾਈ ਕਰ ਰਹੀ ਸੀ।

ਪਰ ਉਸ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਹਨ। ਉਸ ਨੇ 22 ਮਈ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰ ਨੇ ਸੀਨੀਅਰਜ਼ ਉੱਤੇ ਇਲਜ਼ਾਮ ਲਾਇਆ ਹੈ, ਜੋ ਕਿ ਉਸ ਦੀ ਜਾਤੀ ਕਰਕੇ ਉਸ ਨੂੰ ਤੰਗ ਕਰਦੇ ਸਨ।

ਏਸੀਪੀ ਦੀਪਕ ਕੁਦਾਲ ਮੁਤਾਬਕ, "ਤਿੰਨ ਡਾਕਟਰਾਂ ਦੇ ਖਿਲਾਫ਼ ਅਗਰੀਪਾੜਾ ਪੁਲਿਸ ਸਟੇਸ਼ਨ ਵਿੱਚ ਧਾਰਾ 306/34 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਆਈਟੀ ਐਕਟ ਦੀਆਂ ਵੀ ਕੁਝ ਧਾਰਾਵਾਂ ਲਾਈਆਂ ਗਈਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ।"

ਮਾਮਲਾ ਕੀ ਹੈ

ਡਾ. ਪਾਇਲ ਨੇ ਪੱਛਮੀ ਮਹਾਰਾਸ਼ਟਰ ਦੇ ਮੀਰਾਜ-ਸਾਂਗਲੀ ਤੋਂ ਐਮਬੀਬੀਐਸ ਦੀ ਡਿਗਰੀ ਪੂਰੀ ਕੀਤੀ ਸੀ।

ਪਿਛਲੇ ਸਾਲ ਉਸ ਨੇ ਟੋਪੀਵਾਲਾ ਮੈਡੀਕਲ ਕਾਲਜ (ਬੀਵਾਈਐਲ ਨਈਅਰ ਹਸਪਤਾਲ ਤੋਂ ਮਾਨਤਾ ਪ੍ਰਾਪਤ) ਤੋਂ ਪੋਸਟ ਗਰੈਜੂਏਟ ਦੀ ਡਿਗਰੀ ਲਈ ਦਾਖ਼ਲਾ ਲਿਆ ਸੀ।

ਇਹ ਵੀ ਪੜ੍ਹੋ:

ਉਹ ਪੱਛੜੀ ਜਾਤੀ ਨਾਲ ਸਬੰਧ ਰੱਖਦੀ ਸੀ ਅਤੇ ਪਛੜੀ ਜਾਤੀ ਦੇ ਕੋਟੇ ਵਿੱਚ ਹੀ ਦਾਖ਼ਲਾ ਮਿਲਿਆ ਸੀ।

ਪਰਿਵਾਰ ਮੁਤਾਬਕ ਸੀਨੀਅਰ ਰੈਜ਼ੀਡੈਂਟ ਡਾਕਟਰ ਹੇਮਾ ਅਹੂਜਾ, ਡਾ. ਭਗਤੀ ਮੇਹਰਮ ਅਤੇ ਡਾ. ਅੰਕਿਤਾ ਖੰਡੇਲਵਾਲ ਨੇ ਉਸ ਨਾਲ ਜਾਤੀ ਦੇ ਨਾਮ 'ਤੇ ਤਸ਼ੱਦਦ ਕੀਤਾ। ਉਹ ਇਸ ਤੋਂ ਤੰਗ ਹੋ ਗਈ ਸੀ ਅਤੇ ਖੁਦਕੁਸ਼ੀ ਕਰ ਲਈ।

ਡਾ. ਪਾਇਲ ਦੀ ਮਾਂ ਆਬੀਦਾ ਤੜਵੀ ਨੇ ਬੀਵਾਈਐਲ ਨਈਅਰ ਹਸਪਤਾਲ ਵਿੱਚ ਲਿਖਤੀ ਸ਼ਿਕਾਇਤ ਵੀ ਕੀਤੀ ਸੀ।

ਦਰਅਸਲ ਅਬੀਦਾ ਦਾ ਇਸੇ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਹੋਇਆ ਸੀ। ਉਨ੍ਹਾਂ ਨੇ ਪਾਇਲ ਨਾਲ ਹੁੰਦੀ ਧੱਕੇਸ਼ਾਹੀ ਦੇਖੀ ਸੀ।

ਡੀਨ ਨੂੰ ਲਿਖੀ ਸ਼ਿਕਾਇਤ ਵਿੱਚ ਉਨ੍ਹਾਂ ਕਿਹਾ, "ਮੈਂ ਉਸ ਵੇਲੇ ਸ਼ਿਕਾਇਤ ਕਰਨ ਵਾਲੀ ਸੀ ਪਰ ਪਾਇਲ ਨੇ ਰੋਕ ਦਿੱਤਾ। ਸ਼ਿਕਾਇਤ ਕਰਨ ਨਾਲ ਪਾਇਲ ਨੂੰ ਹੋਰ ਤਸ਼ਦੱਦ ਕੀਤੇ ਜਾਣ ਦਾ ਡਰ ਸੀ। ਇਸ ਲਈ ਮੈਂ ਖੁਦ ਨੂੰ ਰੋਕ ਲਿਆ।"

ਮਾਂ ਅਬੀਦਾ ਦਾ ਕਹਿਣਾ ਹੈ ਕਿ ਗਰੀਬ ਪਰਿਵਾਰ ਅਤੇ ਹੇਠਲੀ ਜਾਤੀ ਨਾਲ ਸਬੰਧਤ ਹੋਣ 'ਤੇ ਵੀ ਉਹ ਡਾਕਟਰ ਬਣ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਕਾਮਯਾਬੀ 'ਤੇ ਮਾਣ ਹੈ।

ਅਬੀਦਾ ਮੁਤਾਬਕ, "ਮਰੀਜ਼ਾ ਦੇ ਸਾਹਮਣੇ ਹੀ ਸੀਨੀਅਰ ਪਾਇਲ ਦੀ ਬੇਇਜ਼ਤੀ ਕਰਦੇ ਸਨ। ਉਨ੍ਹਾਂ ਉਸ ਨੂੰ ਧਮਕੀ ਵੀ ਦਿੱਤੀ ਸੀ ਕਿ ਉਹ ਉਸ ਨੂੰ ਡਾਕਟਰੀ ਸੇਵਾ ਨਹੀਂ ਕਰਨ ਦੇਣਗੇ। ਪਾਇਲ ਉੱਤੇ ਕਾਫ਼ੀ ਮਾਨਸਿਕ ਦਬਾਅ ਸੀ।"

ਅਬੀਦਾ ਵੀ ਪਾਇਲ ਦੀ ਮਾਨਸਿਕ ਹਾਲਤ ਕਰਕੇ ਹਮੇਸ਼ਾ ਫਿਕਰਮੰਦ ਰਹਿੰਦੀ ਸੀ। ਉਸ ਨੇ ਆਪਣਾ ਵਿਭਾਗ ਬਦਲਣ ਦੀ ਗੁਜ਼ਾਰਿਸ਼ ਵੀ ਕੀਤੀ ਸੀ। ਅਖੀਰ ਪਾਇਲ ਨੇ 22 ਮਈ ਨੂੰ ਖੁਦਕੁਸ਼ੀ ਕਰ ਲਈ।

ਮਹਾਰਾਸ਼ਟਰ ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ (ਐਮਏਆਰਡੀ) ਨੇ ਤਿੰਨਾਂ ਰੈਜ਼ੀਡੈਂਟ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪਰਿਵਾਰ ਨੇ ਵਿਭਾਗ ਦੇ ਮੁਖੀ ਨੂੰ ਵੀ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਐਮਏਆਰਡੀ ਨੇ ਬਿਆਨ ਜਾਰੀ ਕਰਦਿਆਂ ਕਿਹਾ, "ਸਾਡੇ ਕੋਲ ਬੋਲਣ ਲਈ ਸ਼ਬਦ ਨਹੀਂ ਹਨ। ਅਸੀਂ ਪਰਿਵਾਰ ਦੇ ਨਾਲ ਹਾਂ ਅਤੇ ਉਸ ਲਈ ਪ੍ਰਾਰਥਨਾ ਕਰਦੇ ਹਾਂ।"

ਪਾਇਲ ਦੇ ਸਹਿਯੋਗੀਆਂ ਨੇ ਵੀ ਸੋਸ਼ਲ ਮੀਡੀਆ ਉੱਤੇ ਰੋਸ ਜਤਾਇਆ ਹੈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਕੌਂਸਲਿੰਗ ਦੀ ਲੋੜ

ਮੈਡੀਕਲ ਵਿਭਾਗ ਹਾਲੇ ਵੀ ਹੈਰਾਨ ਹੈ। ਵਿਤਕਰਾ, ਮਾਨਸਿਕ ਤਣਾਅ ਵਰਗੇ ਮੁੱਦੇ ਪਾਇਲ ਦੀ ਮੌਤ ਤੋਂ ਬਾਅਦ ਫਿਰ ਉਭਰ ਗਏ ਹਨ।

ਅਸੀਂ ਡਾ. ਰੇਵਾਤ ਕਨਿੰਦੇ ਨਾਲ ਗੱਲਬਾਤ ਕੀਤੀ ਜੋ ਕਿ ਇਸ ਵੇਲੇ ਜੇਜੇ ਹਸਪਤਾਲ ਵਿੱਚ ਕੰਮ ਕਰ ਰਹੇ ਹਨ। ਉਹ ਡਾ. ਅੰਬੇਡਕਰ ਮੈਡੀਕੋਜ਼ ਐਸੋਸੀਏਸ਼ਨ ਦੇ ਸਾਬਕਾ-ਪ੍ਰਧਾਨ ਵੀ ਹਨ।

"ਇੱਕ ਵਿਦਿਆਰਥੀ ਜੋ ਕਿ ਪੋਸਟ ਗਰੈਜੂਏਟ ਦੀ ਪੜ੍ਹਾਈ ਕਰ ਰਿਹਾ ਸੀ, ਉਸ ਨੂੰ ਅਜਿਹਾ ਕਦਮ ਚੁੱਕਣਾ ਪਿਆ। ਤਾਂ ਤੁਸੀਂ ਉਸ ਦੇ ਸਫ਼ਰ ਦਾ ਅੰਦਾਜ਼ਾ ਲਾ ਸਕਦੇ ਹੋ।"

ਇਹ ਵੀ ਪੜ੍ਹੋ:

"ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਬਰਾਬਰ ਮੌਕਿਆਂ ਦੇ ਲਈ ਇੱਕ ਸੈੱਲ ਬਣਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਪਰ ਇਹ ਮਹਾਰਾਸ਼ਟਰ ਦੇ ਕਿਸੇ ਵੀ ਕਾਲਜ ਵਿੱਚ ਨਹੀਂ ਹੈ। ਵਿਦਿਆਰਥੀ ਆਪਣੇ ਘਰਾਂ ਤੋਂ ਦੂਰ ਰਹਿ ਰਹੇ ਹਨ। ਉਨ੍ਹਾਂ ਨੂੰ ਕੌਂਸਲਿੰਗ ਦੀ ਲੋੜ ਹੈ। ਉਨ੍ਹਾਂ ਨੂੰ ਐਸਸੀ-ਐਸਟੀ ਅਫ਼ਸਰ ਨਿਯੁਕਤ ਕਰਨਾ ਚਾਹੀਦਾ ਹੈ। ਤਾਂ ਕਿ ਅਜਿਹੇ ਮਾਮਲਿਆਂ ਵਿੱਚ ਜਲਦ ਕਾਰਵਾਈ ਹੋ ਸਕੇ।"

ਉਨ੍ਹਾਂ ਅੱਗੇ ਕਿਹਾ ਕਿ, "ਆਮ ਵਰਗਾਂ ਅਤੇ ਪਿਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਸਾਂਝੀ ਕੌਂਸਲਿੰਗ ਕਰਨੀ ਚਾਹੀਦੀ ਹੈ।"

ਅਸੀਂ ਕਾਲਜ ਦੇ ਡੀਨ ਡਾ. ਰਮੇਸ਼ ਭਾਰਮਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਭਵ ਨਹੀਂ ਹੋ ਸਕਿਆ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)