ਜਗਮੀਤ ਸਿੰਘ ਨੇ ਸਿੱਖ ਹੋਣ ਕਰਕੇ ਬਚਪਨ ਵਿਚ ਕੀ-ਕੀ ਭੁਗਤਿਆ

    • ਲੇਖਕ, ਮੋਹਸਿਨ ਅੱਬਾਸ
    • ਰੋਲ, ਕੈਨੇਡਾ ਤੋਂ ਬੀਬੀਸੀ ਪੰਜਾਬੀ ਦੇ ਲਈ

ਕੈਨੇਡਾ ਵਿੱਚ ਐੱਨਡੀਪੀ ਆਗੂ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਹਾਲ ਹੀ ਵਿੱਚ ਇੱਕ ਕਿਤਾਬ ਲਿਖੀ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੇ ਵੀ ਕਈ ਨਿੱਜੀ ਤੱਥ ਸਾਂਝੇ ਕੀਤੇ ਹਨ। ਇਸ ਕਿਤਾਬ ਵਿੱਚ ਜਗਮੀਤ ਸਿੰਘ ਨੇ ਲਿਖਿਆ ਕਿ ਸਿੱਖ ਹੋਣ ਕਾਰਨ ਉਨ੍ਹਾਂ ਨੂੰ ਕੀ ਕੁਝ ਝੱਲਣਾ ਪਿਆ।

ਕਿਤਾਬ ਵਿੱਚ ਉਨ੍ਹਾਂ ਨੇ ਇੱਕ ਜ਼ਿਕਰ ਇਹ ਵੀ ਕੀਤਾ ਕਿ ਬਚਪਨ ਵਿੱਚ ਉਨ੍ਹਾਂ ਦੇ ਟ੍ਰੇਨਰ ਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਆਪਣੀ ਕਿਤਾਬ, ਪਰਿਵਾਰਕ ਮੁਸ਼ਕਲਾਂ ਅਤੇ ਸਿਆਸਤੀ ਰਣਨੀਤੀ ਬਾਰੇ ਜਗਮੀਤ ਸਿੰਘ ਨਾਲ ਬੀਬੀਸੀ ਨੇ ਖਾਸ ਗੱਲਬਾਤ ਕੀਤੀ।

ਸਵਾਲ-ਕਿਤਾਬ ਦੇ ਵਿੱਚ ਕਿਹੜੀਆਂ ਖਾਸ ਚੀਜ਼ਾਂ ਲਿਖੀਆਂ ਉਸਦੇ ਬਾਰੇ ਦੱਸੋ?

ਜਵਾਬ - ਕਿਤਾਬ ਦਾ ਟਾਈਟਲ ਹੈ 'ਲਵ ਐਂਡ ਕਅਰੇਜ'। ਇਸ ਵਿੱਚ ਮੈਂ ਆਪਣੀ ਨਿੱਜੀ ਕਹਾਣੀ ਸਾਂਝੀ ਕੀਤੀ ਹੈ।

ਮੈਂ ਸੋਚਿਆ ਜੇਕਰ ਮੈਂ ਆਪਣੀ ਕਹਾਣੀ ਸਾਂਝੀ ਕਰਦਾ ਹਾਂ ਤਾਂ ਜਿਨ੍ਹਾਂ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਆਈਆਂ ਸ਼ਾਇਦ ਉਨ੍ਹਾਂ ਨੂੰ ਇਸ ਨਾਲ ਹੌਸਲਾ ਮਿਲੇਗਾ।

ਮੈਂ ਇਹ ਕਾਫ਼ੀ ਮਹਿਸੂਸ ਕੀਤਾ ਸੀ ਕਿ ਮੈਂ ਇਕੱਲਾ ਹਾਂ ਤਾਂ ਮੈਂ ਸੋਚਦਾ ਹਾਂ ਕਿ ਇਸ ਕਿਤਾਬ ਦੀ ਕਹਾਣੀ ਨਾਲ ਲੋਕਾਂ ਨੂੰ ਹੌਸਲਾ ਮਿਲੇਗਾ, ਉਹ ਘੱਟ ਇਕੱਲਾ ਮਹਿਸੂਸ ਕਰਨਗੇ ਅਤੇ ਅੱਗੇ ਵਧਣ ਲਈ ਭਰੋਸਾ ਮਿਲੇਗਾ।

ਇਹ ਵੀ ਪੜ੍ਹੋ:

ਜਦੋਂ ਮੈਂ ਛੋਟਾ ਸੀ ਤਾਂ ਘੱਟ ਗਿਣਤੀ ਭਾਈਚਾਰੇ ਦਾ ਹੋਣ ਕਰਕੇ, ਮੇਰੇ ਰੰਗ-ਰੂਪ ਕਰਕੇ ਮੇਰੇ ਨਾਲ ਧੱਕੇਸ਼ਾਹੀ ਹੋਈ। ਛੋਟੇ ਹੁੰਦੇ ਜਦੋਂ ਮੈਂ ਕਰਾਟੇ ਇੰਸਟਰਕਟਰ ਕੋਲ ਸਿੱਖਣ ਲਈ ਗਿਆ ਤਾਂ ਮੇਰਾ ਸਰੀਰਕ ਸ਼ੋਸ਼ਣ ਕੀਤਾ ਗਿਆ।

ਘਰ ਵਿੱਚ ਮਾਹੌਲ ਬਹੁਤ ਮੁਸ਼ਕਿਲ ਸੀ ਮੇਰੇ ਪਿਤਾ ਜੀ ਨੂੰ ਨਸ਼ੇ ਦੀ ਲਤ ਲੱਗੀ ਸੀ ਉਹਦੇ ਕਰਕੇ ਘਰ ਦਾ ਮਾਹੌਲ ਖਰਾਬ ਹੋ ਗਿਆ ਉਸਦੀ ਕਹਾਣੀ ਵੀ ਸ਼ੇਅਰ ਕੀਤੀ ਹੈ।

ਅਖ਼ਰੀਲੀ ਕਹਾਣੀ ਹੈ ਉਨ੍ਹਾਂ ਵਿੱਤੀ ਦਿੱਕਤਾਂ ਦੀਆਂ ਜੋ ਅਸੀਂ ਝੱਲੀਆਂ। ਜਦੋਂ ਪਿਤਾ ਜੀ ਨਸ਼ੇ ਦੀ ਲਤ ਕਾਰਨ ਬਿਮਾਰ ਸੀ, ਕੰਮ ਨਹੀਂ ਕਰ ਸਕਦੇ ਸੀ। ਤਕਰੀਬਨ ਇੱਕ ਦਹਾਕਾ ਅਸੀਂ ਬਹੁਤ ਔਖਾ ਦੌਰ ਦੇਖਿਆ।

ਸਵਾਲ- ਸਿਆਸਤ 'ਚ ਆਉਣ ਦਾ ਫ਼ੈਸਲਾ ਕਿਵੇਂ ਲਿਆ?

ਜਵਾਬ - ਮੈਂ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦਾ ਸੀ। ਜਦੋਂ ਮੈਂ ਕਾਲਜ ਪੜ੍ਹਦਾ ਸੀ ਤਾਂ ਮੇਰੇ ਛੋਟੇ ਭਰਾ ਨੇ ਮੈਨੂੰ ਇਸਦੇ ਲਈ ਕਿਹਾ।

ਜਿਵੇਂ ਸਾਡੀ ਮਾਤਾ ਜੀ ਨੇ ਵੀ ਬਚਪਨ ਤੋਂ ਦੱਸਿਆ ਕਿ ਸਿੱਖੀ ਸੋਚ ਹੈ ਕਿ ਅਸੀਂ ਹੋਰਾਂ ਦਾ ਵੀ ਸੋਚੀਏ, ਅਸੀਂ ਸਰਬਤ ਦੇ ਭਲੇ ਬਾਰੇ ਸੋਚੀਏ।

ਅਸੀਂ ਸਮਾਜਿਕ ਬਦਲਾਅ ਕਿਵੇਂ ਲੈ ਕੇ ਆ ਸਕਦੇ ਹਾਂ ਜਿਸ ਕਾਰਨ ਹਰੇਕ ਇਨਸਾਨ ਨੂੰ ਕੋਈ ਫਾਇਦਾ ਮਿਲੇ ਤੇ ਅਸੀਂ ਉਨ੍ਹਾਂ ਦੇ ਹੱਕਾਂ ਬਾਰੇ ਕਿਵੇਂ ਲੜ ਸਕਦੇ ਹਾਂ।

ਜਦੋਂ ਉਨ੍ਹਾਂ ਨੇ ਮੈਨੂੰ ਇਹ ਸੁਝਾਅ ਦਿੱਤਾ, ਮੇਰੇ ਤੇ ਦਬਾਅ ਪਾਇਆ ਉਸ ਤੋਂ ਬਾਅਦ ਮੈਂ ਸਿਆਸਤ ਵਿੱਚ ਆਉਣ ਦਾ ਫ਼ੈਸਲਾ ਲਿਆ।

ਸਵਾਲ-ਚੋਣਾਂ ਆਉਣ ਵਾਲੀਆਂ ਨੇ, ਉਸਦੇ ਲਈ ਕਿਹੋ ਜਿਹੀ ਤਿਆਰੀ ਚੱਲ ਰਹੀ ਹੈ?

ਜਵਾਬ - ਚੋਣਾਂ ਨੂੰ ਛੇ ਮਹੀਨੇ ਰਹਿ ਗਏ। ਅਸੀਂ ਪੂਰੀ ਤਿਆਰੀ ਕਰ ਰਹੇ ਹਾਂ ਕਿ ਪੂਰੇ ਕੈਨੇਡਾ ਵਿੱਚ ਕਿਵੇਂ ਪਾਲਿਸੀ ਪੇਸ਼ ਕਰ ਸਕਦੇ ਹਾਂ ਕਿ ਲੋਕ ਸਾਡੇ ਨਾਲ ਜੁੜਨ। ਪਰ ਉਸ ਤੋਂ ਵੱਧ ਸਾਡਾ ਮਕਸਦ ਇਹ ਹੈ ਕਿ ਅਸੀਂ ਲੋਕਾਂ ਦੀ ਬਿਹਤਰੀ ਲਈ ਕੀ ਕਰ ਸਕਦੇ ਹਾਂ।

ਤਿੰਨ ਮੁੱਖ ਗੱਲਾਂ ਅਸੀਂ ਪ੍ਰਚਾਰ ਵਿੱਚ ਕਰਾਂਗੇ। ਜਿਸ ਵਿੱਚ ਲੋਕਾਂ ਨੂੰ ਘਰ ਦੁਆਉਣ ਲਈ ਕੰਮ ਕਰਾਂਗੇ। ਲੋਕਾਂ ਨੂੰ ਘਰ ਖਰੀਦਣ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਹੈ।

ਅਸੀਂ ਇੱਕ ਪਲਾਨ ਪੇਸ਼ ਕੀਤਾ ਜਿਹਦੇ ਵਿੱਚ 5 ਲੱਖ ਨਵੇਂ ਲੈਣ ਯੋਗ ਘਰ ਬਣਾਉਣਾ ਚਾਹੁੰਦੇ ਹਾਂ ਜਿਸਦੇ ਨਾਲ ਲੋਕਾਂ ਨੂੰ ਸਹੂਲਤ ਮਿਲੀ।

ਦੂਜੀ ਗੱਲ ਲੋਕਾਂ ਨੂੰ ਬੁਨਿਆਦੀ ਸਹੂਲਤਾ ਮਿਲਣ ਜਿਵੇਂ ਅਸੀਂ ਔਖੇ ਸਮੇਂ ਵਿੱਚ ਸੀ ਤਾਂ ਸਾਨੂੰ ਸਹੂਲਤਾਂ ਮਿਲੀਆਂ ਤਾਂ ਜੋ ਅਸੀਂ ਅੱਗੇ ਵਧ ਸਕੀਏ।

ਮੈਂ ਚਾਹੁੰਦਾ ਹਾਂ ਕਿ ਸਿਹਤ ਸੇਵਾਵਾਂ ਅਤੇ ਦਵਾਈਆਂ ਦੇ ਖਰਚੇ ਨੂੰ ਆਪਣੇ ਢਾਂਚੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ।

ਵਾਤਾਵਰਣ ਦੀ ਰਾਖੀ, ਅਰਥਵਿਵਸਥਾ ਨੂੰ ਸੁਧਾਰਨਾ, ਨੌਕਰੀਆਂ ਦੇ ਮੌਕੇ ਪੈਦਾ ਕਰਨੇ।

ਇਹ ਵੀ ਪੜ੍ਹੋ:

ਸਵਾਲ- ਕੈਨੇਡਾ 'ਚ ਸਿੱਖ ਤੇ ਮੁਸਲਮਾਨ ਭਾਈਚਾਰੇ ਲਈ ਕੀ ਚੁਣੌਤੀਆਂ ਹਨ?

ਇੱਕ ਜਿਹੜੀ ਰਿਪੋਰਟ ਛਾਪੀ ਗਈ ਸੀ, ਉਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਸਾਰੇ ਮੁਸਲਮਾਨ ਅੱਤਵਾਦੀ ਨੇ, ਮੁਸਲਮਾਨਾ ਦੀ ਧੋਖਾਧੜੀ ਤੋਂ ਬਚੋ। ਸਾਰੇ ਕੈਨੇਡੀਅਨ ਨੂੰ ਦੱਸਿਆ ਗਿਆ ਕਿ ਸਿੱਖਾਂ ਤੋਂ ਵੀ ਖਤਰਾ ਹੈ।

ਇਸ ਤਰ੍ਹਾਂ ਦੇ ਬਿਆਨ ਜਦੋਂ ਸਰਕਾਰ ਵੱਲੋਂ ਪੇਸ਼ ਕੀਤੇ ਜਾਂਦੇ ਹਨ, ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਨ੍ਹਾਂ ਦੇ ਸੁਰੱਖਿਆ ਮੰਤਰੀ ਵੱਲੋਂ ਪੇਸ਼ ਕੀਤੇ ਜਾਂਦੇ ਹਨ, ਤਾਂ ਇਸ ਨਾਲ ਨਫ਼ਰਤ ਹੋਰ ਵਧ ਜਾਂਦੀ ਹੈ।

ਅਜਿਹੀਆਂ ਰਿਪੋਰਟਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਖੁੱਲ੍ਹੇਆ ਕੌਮਾਂ ਨੂੰ ਨੈਗੇਟਿਵ ਕਹਿਣਾ ਗ਼ਲਤ ਹੈ। ਹੋਣਾ ਇਹ ਚਾਹੀਦਾ ਹੈ ਕਿ ਅਸੀਂ ਬਹੁਤ ਹੀ ਧਿਆਨ ਨਾਲ ਲਫਜ਼ ਵਰਤੀਏ ਤਾਂ ਜੋ ਅਸੀਂ ਨਫ਼ਰਤ ਨੂੰ ਖ਼ਤਮ ਕਰੀਏ ਨਾ ਕਿ ਵਧਾਈਏ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)