Election Result 2019: ਪੰਜਾਬ 'ਚ ਕਾਂਗਰਸ 8 ਸੀਟਾਂ ਜਿੱਤ ਕੇ ਵੀ ਚਿੰਤਤ ਕਿਉਂ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਕਈ ਸ਼ਹਿਰੀ ਖੇਤਰਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਧੇ ਪ੍ਰਭਾਵ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ 'ਫ਼ਿਕਰਾਂ' ਵਿੱਚ ਪਾ ਦਿੱਤਾ ਹੈ।

ਖਾਸ ਕਰਕੇ, ਮਾਲਵਾ ਖਿੱਤੇ ਵਿੱਚ ਅਕਾਲੀ ਦਲ ਨੂੰ ਸ਼ਹਿਰਾਂ 'ਚੋਂ ਮਿਲੀਆਂ ਵੋਟਾਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜਿੱਤ ਦੁਆਈ।

ਇਹ ਵੱਖਰੀ ਗੱਲ ਹੈ ਕਿ ਸੂਬੇ ਦੀਆਂ 10 ਲੋਕ ਸਭਾ ਸੀਟਾਂ 'ਤੇ ਚੋਣ ਲੜਨ ਵਾਲੇ ਅਕਾਲੀ ਦਲ ਨੂੰ 8 ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਦੇ ਸਰਹੱਦੀ ਖੇਤਰ ਦੇ ਸ਼ਹਿਰਾਂ ਵਿੱਚ ਵੀ ਅਕਾਲੀ-ਭਾਜਪਾ ਗਠਜੋੜ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

ਬਠਿੰਡਾ ਅਤੇ ਫਿਰੋਜ਼ਪੁਰ (ਸ਼ਹਿਰੀ) ਵੋਟਾਂ

2014 ਦੀਆਂ ਲੋਕ ਸਭਾ ਚੋਣਾਂ 'ਚ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਨੂੰ 63942 ਵੋਟਾਂ ਹਾਸਲ ਹੋਈਆਂ ਸਨ, ਜਦਕਿ ਅਕਾਲੀ ਦਲ ਦੇ ਖਾਤੇ ਵਿੱਚ ਸਿਰਫ਼ 37177 ਵੋਟਾਂ ਗਈਆਂ।

ਇਸ ਵਾਰ ਇਹ ਅੰਕੜਾ ਬਦਲ ਗਿਆ ਤੇ ਹੁਣ ਇੱਥੋਂ ਅਕਾਲੀ ਦਲ ਨੂੰ 63558 ਵੋਟਾਂ ਪਈਆਂ ਤੇ ਸ਼ਹਿਰੀ ਖੇਤਰ ਵਿੱਚ 59815 ਵੋਟਾਂ। ਅਕਾਲੀ ਦਲ ਦੀ 2014 ਦੇ ਮੁਕਾਬਲੇ ਬੁਢਲਾਡਾ, ਭੁੱਚੋ ਮੰਡੀ ਤੇ ਮਾਨਸਾ ਦੇ ਸ਼ਹਿਰੀ ਖੇਤਰਾਂ 'ਚ ਇਸ ਵਾਰ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਬੰਧੀ ਦਿੱਤੇ ਗਏ ਬਿਆਨ ਨੂੰ ਵੀ ਇਸੇ ਸੰਦਰਭ 'ਚ ਦੇਖਿਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਹੈ, "ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਨੂੰ ਘੱਟ ਵੋਟਾਂ ਮਿਲੀਆਂ ਹਨ ਤੇ ਨਵਜੋਤ ਸਿੱਧੂ ਸ਼ਹਿਰੀ ਵਿਕਾਸ ਮੰਤਰੀ ਹਨ। ਸਾਨੂੰ ਇਹ ਦੇਖਣਾ ਪਵੇਗਾ ਕਿ ਕੀ ਨਵਜੋਤ ਸਿੱਧੂ ਮੰਤਰੀ ਵਜੋਂ ਸਹੀ ਕੰਮ ਨਹੀਂ ਕਰ ਰਹੇ ਜਾਂ ਕੋਈ ਹੋਰ ਕਾਰਨ ਹੈ।"

ਲੋਕ ਸਭਾ ਹਲਕਾ ਫਿਰੋਜ਼ਪੁਰ ਅਧੀਨ ਪੈਂਦੇ ਸ਼ਹਿਰੀ ਖੇਤਰਾਂ 'ਚ ਅਕਾਲੀ ਦਲ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਫਿਰੋਜ਼ਪੁਰ (ਸ਼ਹਿਰੀ) ਤੋਂ ਸੁਖਬੀਰ ਸਿੰਘ ਬਾਦਲ ਨੂੰ 64041 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 42995 ਵੋਟਾਂ ਪਈਆਂ।

ਸ਼ਹਿਰਾਂ ਵਿੱਚ ਕਿਵੇਂ ਵੋਟ ਪਈ

ਅਕਾਲੀ ਦਲ ਦੀ ਆਸ ਦੇ ਉਲਟ ਅਬੋਹਰ ਵਿੱਚ ਅਕਾਲੀ ਦਲ 68889 ਵੋਟਾਂ ਲੈਣ 'ਚ ਕਾਮਯਾਬ ਰਿਹਾ। ਇੱਥੋਂ ਵੀ ਕਾਂਗਰਸ ਦਾ ਗਰਾਫ਼ ਹੇਠਾ ਡਿੱਗਿਆ ਤੇ ਪਾਰਟੀ ਨੂੰ 42460 ਵੋਟਾਂ ਮਿਲੀਆਂ।

ਫਾਜ਼ਿਲਕਾ 'ਚ ਅਕਾਲੀ ਦਲ ਨੂੰ 78003 ਤੇ ਕਾਂਗਰਸ ਨੂੰ 48992 ਵੋਟ ਮਿਲੇ।

ਜਲਾਲਾਬਾਦ 'ਚ ਸੁਖਬੀਰ ਸਿੰਘ ਬਾਦਲ ਨੂੰ 88857 ਮਿਲੀਆਂ ਤੇ ਸ਼ੇਰ ਸਿੰਘ ਘੁਬਾਇਆ 57944 ਦੇ ਅੰਕੜੇ ਤੱਕ ਹੀ ਪਹੁੰਚ ਸਕੇ।

ਸ੍ਰੀ ਮੁਕਤਸਰ ਸਾਹਿਬ 'ਚ ਅਕਾਲੀ ਦਲ ਨੂੰ 57672 ਵੋਟਾਂ ਪਈਆਂ, ਜਦੋਂ ਕਿ ਕਾਂਗਰਸ ਨੂੰ 49395। ਗੁਰੂਹਰਸਹਾਏ 'ਚ ਵੀ ਅਕਾਲੀ ਦਲ ਮੋਹਰੀ ਰਿਹਾ। ਸੁਖਬੀਰ ਸਿੰਘ ਬਾਦਲ ਨੂੰ 63283 ਅਤੇ ਕਾਂਗਰਸ ਨੂੰ 55653 ਵੋਟ ਮਿਲੇ।

ਮਲੋਟ 'ਚ ਅਕਾਲੀ ਦਲ 59661 ਵੋਟਾਂ ਲੈਣ 'ਚ ਸਫ਼ਲ ਹੋਇਆ ਤੇ ਕਾਂਗਰਸੀ ਉਮੀਦਵਾਰ 42993 ਵੋਟਾਂ।

ਕਾਂਗਰਸੀ ਖੇਮਾ ਇਸ ਗੱਲ ਨੂੰ ਘੋਖ ਰਿਹਾ ਹੈ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ 'ਚ ਪੈਂਦੇ 6 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਦੇ ਵਿਧਾਇਕ ਹਨ, ਜਿਨ੍ਹਾਂ ਨੇ 2017 ਦੀਆਂ ਚੋਣਾਂ 'ਚ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਸੀ।

ਗੁਰਦਾਸਪੁਰ ਵਿੱਚ ਵੀ ਇਹੀ ਹਾਲ

ਇਸ ਸਰਹੱਦੀ ਖੇਤਰ ਦੇ ਨਾਲ ਹੀ ਦੂਜੇ ਸਰਹੱਦੀ ਹਲਕੇ ਗੁਰਦਾਸਪੁਰ 'ਚ ਵੀ ਕਾਂਗਰਸ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕੀ ਹੈ।

ਬਟਾਲਾ, ਪਠਾਨਕੋਟ, ਕਾਦੀਆਂ, ਡੇਰਾ ਬਾਬਾ ਨਾਨਕ, ਫਤਹਿਗੜ੍ਹ ਚੂੜੀਆਂ ਤੇ ਸੁਜਾਨਪੁਰ ਦੇ ਸ਼ਹਿਰਾਂ ਦੇ ਵੋਟਰਾਂ ਦਾ ਝੁਕਾਅ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੰਨੀ ਦਿਓਲ ਵੱਲ ਹੀ ਰਿਹਾ। ਇੱਥੇ ਵੀ 9 ਵਿਧਾਨ ਸਭਾ ਹਲਕਿਆਂ 'ਚੋ 6 ਵਿਧਾਇਕ ਕਾਂਗਰਸ ਅਤੇ 1-1 ਅਕਾਲੀ ਦਲ ਤੇ ਭਾਜਪਾ ਦਾ ਹੈ।

ਇਹ ਵੀ ਪੜ੍ਹੋ:

ਪਠਾਨਕੋਟ 'ਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੰਨੀ ਦਿਓਲ ਨੂੰ 69069 ਵੋਟਾਂ ਪਈਆਂ ਤੇ ਇੱਥੇ ਕਾਂਗਰਸ 39699 ਵੋਟਾਂ ਲੈ ਸਕੀ।

2017 ਦੀਆਂ ਚੋਣਾਂ 'ਚ ਕਾਂਗਰਸ ਨੇ 56683 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਸੀ।

ਸੁਜਾਨਪੁਰ 'ਚ ਵੀ ਸੰਨੀ ਦਿਓਲ 75566 ਵੋਟ ਲੈਣ 'ਚ ਕਾਮਯਾਬ ਰਹੇ ਪਰ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 41532 ਵੋਟਾਂ ਹੀ ਪਈਆਂ।

ਭੋਆ 'ਚ ਸੰਨੀ ਦਿਓਲ ਨੂੰ 76429 ਵੋਟਾਂ ਪਈਆਂ ਤੇ ਇੱਥੇ ਕਾਂਗਰਸ 47006 ਵੋਟਾਂ ਹਾਸਲ ਕਰ ਸਕੀ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਇੱਥੋਂ 67865 ਵੋਟਾਂ ਮਿਲੀਆਂ ਸਨ।

ਇਸ ਸਰਹੱਦੀ ਹਲਕੇ ਦੇ ਦੋ ਵਿਧਾਨ ਸਭਾ ਹਲਕਿਆਂ ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ 'ਚ ਫ਼ਿਲਮ ਸਟਾਲ ਸੰਨੀ ਦਿਓਲ ਦਾ 'ਜਾਦੂ' ਨਹੀਂ ਚੱਲ ਸਕਿਆ।

ਫਤਿਹਗੜ ਚੂੜੀਆਂ 'ਚ ਕਾਂਗਰਸ ਦੇ ਸੁਨੀਲ ਜਾਖੜ ਨੂੰ 65517 ਵੋਟਾਂ ਪਈਆਂ ਤੇ ਸੰਨੀ ਦਿਓਲ ਨੂੰ 44658 ਵੋਟਾਂ।

ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਵਿੱਚ ਸੰਨੀ ਦਿਓਲ ਨੂੰ 52100 ਵੋਟਾਂ ਮਿਲੀਆਂ, ਜਦਕਿ ਸੁਨੀਲ ਜਾਖੜ ਨੂੰ 70880 ਵੋਟਾਂ ਹਾਸਲ ਹੋਈਆਂ। ਇਨ੍ਹਾਂ ਹਲਕਿਆਂ ਤੋਂ ਕ੍ਰਮਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਸਰਕਾਰ ਵਿੱਚ ਮੰਤਰੀ ਹਨ।

ਪਾਰਟੀ ਦਾ ਮੰਥਨ

ਸ਼ਹਿਰੀ ਹਲਕਿਆਂ 'ਚ ਕਾਂਗਰਸ ਦੇ ਪੈਰਾਂ ਹੇਠੋਂ ਖਿਸਕੀ ਸਿਆਸੀ ਜ਼ਮੀਨ ਤੋਂ ਕਾਂਗਰਸੀ ਖੇਮੇ ਵਿੱਚ ਮੰਥਨ ਹੋਣ ਲੱਗਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਡਾ. ਤਾਰਾ ਸਿੰਘ ਸੰਧੂ ਦਾ ਕਹਿਣਾ ਹੈ ਕਿ ਦੇਸ ਵਿੱਚ ਨਰਿੰਦਰ ਮੋਦੀ ਦੇ ਨਾਂ 'ਤੇ ਜ਼ਬਰਦਸਤ ਮੁਹਿੰਮ ਚੱਲ ਰਹੀ ਹੈ ਤੇ ਇਹ ਵੀ ਇਕ ਕਾਰਨ ਹੈ ਕਿ ਸ਼ਹਿਰੀ ਵਪਾਰੀਆਂ ਦੀ ਵਧੇਰੇ ਵੋਟ ਅਕਾਲੀ-ਭਾਜਪਾ ਗਠਜੋੜ ਦੇ ਖਾਤੇ ਵਿੱਚ ਚਲੀ ਗਈ।

''ਇਹ ਸੋਚਣ ਵਾਲੀ ਗੱਲ ਹੈ, 2017 'ਚ ਕਾਂਗਰਸ ਪਾਰਟੀ ਸ਼ਹਿਰੀ ਵੋਟਰਾਂ ਦੇ ਵੱਡੇ ਸਮਰਥਨ ਸਦਕਾ ਹੀ ਗੱਦੀਨਸ਼ੀਨ ਹੋਈ ਸੀ ਕਿਉਂਕਿ ਪੇਂਡੂ ਖੇਤਰਾਂ 'ਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਕਰੜੀ ਟੱਕਰ ਦਿੱਤੀ ਸੀ। ਇੰਨੀ ਜਲਦੀ ਸ਼ਹਿਰੀ ਵੋਟਰਾਂ ਦਾ ਪਾਰਟੀ ਤੋਂ ਪਾਸੇ ਜਾਣਾ ਗੰਭੀਰ ਵਿਸ਼ਾ ਹੈ।''

''ਕੁਝ ਥਾਵਾਂ 'ਤੇ ਬਹੁਜਨ ਸਮਾਜ ਪਾਰਟੀ, ਸੁਖਪਾਲ ਸਿੰਘ ਖਹਿਰਾ ਤੇ ਬੈਂਸ ਭਰਾਵਾਂ ਦੀ ਜੋੜੀ ਦੇ ਬਣੇ ਗਠਜੋੜ ਨੇ ਵੀ 11 ਫੀਸਦੀ ਵੋਟ ਕੱਟੀ ਹੈ। ਇਹ ਵੀ ਸ਼ਹਿਰੀ ਖਿੱਤਿਆਂ 'ਚ ਕਾਂਗਰਸ ਦੀ ਵੋਟ ਘਟਣ ਦਾ ਇਕ ਫੈਕਟਰ ਬਣਿਆ।''

ਇਹ ਵੀ ਪੜ੍ਹੋ:

ਉਂਝ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਲੋਕ ਸਭਾ ਹਲਕੇ, ਜਿੱਥੋਂ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨੇ ਚੋਣ ਲੜੀ ਸੀ, 'ਚ ਕਾਂਗਰਸ ਨੇ ਸ਼ਹਿਰੀ ਖੇਤਰਾਂ 'ਚ ਆਪਣਾ ਦਬਦਬਾ ਕਾਇਮ ਰੱਖਿਆ ਹੈ।

ਪਟਿਆਲਾ ਸ਼ਹਿਰੀ ਤੋਂ ਪਰਨੀਤ ਕੌਰ ਨੂੰ 56074 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ 20585 ਵੋਟਾਂ ਹਾਸਲ ਕਰ ਸਕਿਆ। ਇਸੇ ਤਰ੍ਹਾਂ ਕਾਂਗਰਸ ਨੇ ਨਾਭਾ, ਸਮਾਣਾ, ਸਨੌਰ, ਸ਼ੁਤਰਾਣਾ, ਘਨੌਰ ਤੇ ਰਾਜਪੁਰਾ 'ਚ ਆਪਣੇ ਸ਼ਹਿਰੀ ਵੋਟ ਬੈਂਕ ਨੂੰ ਕਾਇਮ ਰੱਖਿਆ।

ਇਸ ਦੇ ਉਲਟ ਡੇਰਾ ਬਸੀ ਵਿੱਚ ਕਾਂਗਰਸ ਨੂੰ ਤਕੜਾ ਝਟਕਾ ਲੱਗਿਆ। ਇੱਥੋਂ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰਖੜਾ ਨੂੰ 87933 ਵੋਟਾਂ ਪਈਆਂ, ਜਦੋਂ ਕਿ ਕਾਂਗਰਸ ਨੂੰ 70883 ਵੋਟ ਮਿਲੇ।

ਸ਼੍ਰੋਮਣੀ ਅਕਾਲੀ ਦਲ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਲੋਕ ਸਭਾ ਹਲਕੇ 'ਚੋਂ 256544 ਵੋਟਾਂ ਹਾਸਲ ਕੀਤੀਆਂ ਸਨ ਤੇ ਇਸ ਵਾਰ ਇਹ ਅੰਕੜਾ 299435 ਹੈ। ਇਥੇ ਵੀ ਅਕਾਲੀ ਦਲ ਦਾ ਗਰਾਫ਼ ਸ਼ਹਿਰੀ ਖੇਤਰਾਂ 'ਚ ਹੀ ਵਧਿਆ ਹੈ।

ਚੋਣਾਂ ਦੌਰਾਨ ਚਰਚਾ 'ਚ ਰਹੇ ਲੋਕ ਸਭਾ ਹਲਕੇ 'ਚ ਵੀ ਸ਼ਹਿਰੀ ਦੇ ਬਾਹਰਵਰ ਦੇ ਪੋਲਿੰਗ ਬੂਥਾਂ ਦਾ ਰੁਝਾਨ ਅਕਾਲੀ ਦਲ ਦੀ ਬਜਾਏ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲ ਰਿਹਾ।

ਸੰਗਰੂਰ ਹਲਕੇ 'ਚੋਂ ਆਮ ਆਦਮੀ ਪਾਰਟੀ ਨੇ 52453 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਕਾਂਗਰਸ ਨੂੰ 33610 ਵੋਟਾਂ ਮਿਲੀਆਂ। 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਨੂੰ ਇੱਥੋਂ 67310 ਵੋਟਾਂ ਪਈਆਂ ਸਨ।

ਸੁਨਾਮ 'ਚ ਆਮ ਆਦਮੀ ਪਾਰਟੀ ਨੂੰ 57945 ਵੋਟਾਂ ਮਿਲੀਆਂ ਤੇ ਕਾਂਗਰਸ 34974 ਵੋਟਾਂ ਮਿਲੀਆਂ। ਦਿੜਬਾ 'ਚ ਭਗਵੰਤ ਮਾਨ ਨੂੰ 60089 ਵੋਟਾਂ ਪਈਆਂ। ਇਸੇ ਤਰ੍ਹਾਂ ਬਰਨਾਲਾ, ਧੂਰੀ, ਭਦੌੜ, ਮਹਿਲ ਕਲਾਂ ਤੇ ਲਹਿਰਾਗਾਗਾ 'ਚ ਵੋਟਰਾਂ ਦੇ ਇਕ ਵੱਡੇ ਹਿੱਸੇ ਨੇ ਆਮ ਆਦਮੀ ਪਾਰਟੀ ਨੂੰ ਪਸੰਦ ਕੀਤਾ।

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਵਧੇ ਪ੍ਰਭਾਵ ਪਿੱਛੇ ਪੰਜਾਬ ਸਰਕਾਰ ਦੀ ਕਥਿਤ ਮਾੜੀ ਕਾਰਗੁਜ਼ਾਰੀ ਨੂੰ ਕਾਰਨ ਮੰਨਦੇ ਹਨ।

ਉਹ ਕਹਿੰਦੇ ਹਨ, "ਕਾਂਗਰਸ ਸਰਕਾਰ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫ਼ਲ ਰਹੀ ਹੈ। ਇਕੱਲੇ ਸ਼ਹਿਰੀ ਲੋਕ ਹੀ ਨਹੀਂ, ਸਗੋਂ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਿਛਲੇ ਇੱਕ ਸਾਲ ਤੋਂ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)