You’re viewing a text-only version of this website that uses less data. View the main version of the website including all images and videos.
ਪੰਜਾਬ ਕਾਂਗਰਸ ਖਾਨਾਜੰਗੀ : ਸਿੱਧੂ ਦੇ ਝਟਕਿਆਂ ਨਾਲ ਹਿੱਲਿਆ ਅਮਰਿੰਦਰ ਸਿੰਘ ਦਾ ਤਖ਼ਤ
- ਲੇਖਕ, ਜਗਤਾਰ ਸਿੰਘ
- ਰੋਲ, ਸੀਨੀਅਰ ਪੱਤਰਕਾਰ ਬੀਬੀਸੀ ਲਈ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਹਲਕਿਆਂ ਨੂੰ ਤਿੰਨ ਦਿਨਾਂ ਵਿੱਚ ਦੋ ਵਾਰ ਹਿਲਾ ਕੇ ਰੱਖ ਦਿੱਤਾ। 17 ਮਈ ਨੂੰ ਉਹ ਸੂਬੇ ਦੀ ਸਿਖਰਲੀ ਸਿਆਸੀ ਪੋਸਟ ਲਈ ਪਾਰਟੀ ਦੇ ਅੰਦਰਲੀ ਰੱਸਾਕਸ਼ੀ ਲੋਕਾਂ ਦੇ ਸਾਹਮਣੇ ਲੈ ਆਏ।
ਇਸ ਦੇ ਸਮੇਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਕਾਂਗਰਸੀ ਹਕੂਮਤ ਵਾਲੇ ਹੋਰ ਸੂਬਿਆਂ ਦੇ ਮੁਕਾਬਲੇ ਪਾਰਟੀ ਲਈ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤਣ ਲਈ ਦਾ ਪੂਰਾ ਭਰੋਸਾ ਪ੍ਰਗਟਾ ਰਹੇ ਸਨ।
ਦੂਸਰੀ ਵਾਰ ਪੰਜਾਬ ਵਿਚ ਪੋਲਿੰਗ ਵਾਲੇ ਦਿਨ 19 ਮਈ ਨੂੰ ਸਿੱਧੂ ਨੇ ਤਿੱਖਾ ਬਿਆਨ ਦਿੱਤਾ।
ਇਹ ਵੀ ਪੜ੍ਹੋ:
17 ਮਈ ਨੂੰ ਜਦੋਂ ਚੋਣ ਪ੍ਰਚਾਰ ਖਤਮ ਹੋ ਰਿਹਾ ਸੀ, ਸਿੱਧੂ ਨੇ ਨਾ ਸਿਰਫ਼ ਬਾਦਲਾਂ ਵੱਲ ਸਗੋਂ ਕੈਪਟਨ ਤੇ ਵੀ ਤਿੱਖਾ ਹਮਲਾ ਕੀਤਾ। ਹਾਲਾਂਕਿ, ਉਨ੍ਹਾਂ ਨੇ ਬਿਨਾਂ ਕਿਸੇ ਵਿਅਕਤੀ ਜਾਂ ਪਾਰਟੀ ਦਾ ਨਾਮ ਲਏ ਕਿਹਾ "ਪੰਜਾਬ ਵਿੱਚ 75:25 ਦੇ ਅਨੁਪਾਤ ਨਾਲ ਇੱਕ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ।"
ਉਨ੍ਹਾਂ ਨੇ ਇਹ ਟਿੱਪਣੀ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕਾਰਵਾਈ ਦੀ ਘਾਟ ਦੇ ਪ੍ਰਸੰਗ ਵਿੱਚ ਕੀਤਾ ਸੀ। ਸਾਲ 2015 ਵਿੱਚ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਸੂਬੇ ਦੇ ਉੱਪ ਗ੍ਰਹਿ ਮੰਤਰੀ ਸਨ।
ਉਸ ਸਮੇਂ ਤੋਂ ਹੀ ਅਕਾਲੀ ਦਲ ਨੂੰ ਸਿੱਖ ਭਾਈਚਾਰੇ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਇੱਕ ਕਾਰਨ ਸੀ ਕਿ ਅਕਾਲੀ ਦਲ ਆਪਣੇ ਸਿਆਸੀ ਇਤਿਹਾਸ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਕਰਦਿਆਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ 15 ਸੀਟਾਂ 'ਤੇ ਸੁੰਘੜ ਗਿਆ। ਪਾਰਟੀ ਖ਼ਿਲਾਫ਼ ਰੋਹ ਲਗਾਤਾਰ ਵਧਦਾ ਹੀ ਰਿਹਾ ਹੈ।
ਕੀ ਹੈ ਦੋਸਤਾਨਾ ਖੇਡ
ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਹ ਆਮ ਧਾਰਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿੱਚ ਦੋਸਤਾਨਾ ਮੈਚ ਖੇਡ ਰਹੇ ਹਨ। ਇਸ ਦੀ ਵੀ ਇੱਕ ਵਜ੍ਹਾ ਹੈ। ਅਮਰਿੰਦਰ ਸਿੰਘ ਦੀ ਸਰਕਾਰ ਨੇ ਹਾਲੇ ਤੱਕ ਬਾਦਲ ਪਰਿਵਾਰ ਦੀਆਂ ਔਰਬਿਟ ਬੱਸਾਂ ਤੋਂ ਉਨ੍ਹਾਂ ਦੇ ਮਨ ਪਸੰਦ ਸਮਿਆਂ ਦੇ ਪਰਮਿਟ ਵਾਪਸ ਨਹੀਂ ਲਏ।
ਬਾਦਲਾਂ ਦਾ ਕੇਬਲ ਮਾਫ਼ੀਏ ਉੱਪਰੋਂ ਦਬਦਬਾ ਹਟਾਉਣ ਵਿੱਚ ਵੀ ਉਹ ਨਾਕਾਮ ਰਹੇ ਹਨ। ਉਨ੍ਹਾਂ ਨੇ ਦੋਹਾਂ ਮਾਮਲਿਆਂ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਸੀ। ਇਹ ਦੋਵੇਂ ਤਾਂ ਮਹਿਜ਼ ਮਿਸਾਲਾਂ ਹਨ। ਅਸਲ ਮੁੱਦਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਵਿੱਚ ਕਾਰਵਾਈ ਨਾ ਕਰਨ ਦਾ ਹੈ।
ਸਿੱਧੂ ਨੇ ਅਗਲਾ ਵਾਰ ਉਸ ਸਮੇਂ ਕੀਤਾ ਜਦੋਂ ਉਹ ਆਪਣੀ ਪਤਨੀ ਡਾ਼ ਨਵਜੋਤ ਕੌਰ ਨਾਲ ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਆ ਰਹੇ ਸਨ। ਉਹ ਟੀਵੀ ਪੱਤਰਕਾਰਾਂ ਨੂੰ ਨਿਰਾਸ਼ ਨਾ ਕਰਨ ਲਈ ਜਾਣੇ ਜਾਂਦੇ ਹਨ। ਉਸ ਦਿਨ 19 ਮਈ ਨੂੰ ਵੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ, ਕਿ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਇਕੱਠੇ ਹੋਏ ਲੋਕਾਂ ਨੂੰ "ਠੋਕ ਦਿਓ"।
ਦਿਲਚਸਪ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਨੇ ਵੀ ਬਿਨਾਂ ਕੋਈ ਸਮਾਂ ਖੁੰਝਾਏ ਸਿੱਧੂ ਦੀ ਟਿੱਪਣੀ ਦਾ ਜਵਾਬ ਦਿੱਤਾ। ਆਪਣੀ ਵੋਟ ਪਾਉਣ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿੱਧੂ ਆਪਣਾ ਕੰਮ ਕਰ ਰਹੇ ਸਨ।
ਸਿੱਧੂ ਵਲੋਂ ਚੁਣਿਆ ਸਮਾਂ
ਇਸ ਤੋਂ ਬਾਅਦ ਸਿੱਧੂ ਅਗਲੀ ਟਿੱਪਣੀ ਕਰਨ ਤੋਂ ਪਹਿਲਾਂ ਚੋਣਾਂ ਹੋ ਲੈਣ ਦੀ ਉਡੀਕ ਕਰ ਸਕਦੇ ਸਨ ਪਰ ਅਜਿਹਾ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਗਲਤ ਸਮੇਂ 'ਤੇ ਵੱਟ ਚੜ੍ਹ ਗਿਆ।
ਇਹ ਵੀ ਪੜ੍ਹੋ:
ਸੂਬੇ ਵਿੱਚ ਕਾਂਗਰਸੀ ਆਗੂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖ਼ਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਲਈ ਇਹੀ ਸਮਾਂ ਕਿਉਂ ਚੁਣਿਆ, ਜਦੋਂ ਚੋਣ ਪ੍ਰਚਾਰ ਮੁੱਕ ਰਿਹਾ ਸੀ ਅਤੇ ਇਸ ਟਿੱਪਣੀ ਨਾਲ ਕਾਂਗਰਸ ਨੂੰ ਹੀ ਨੁਕਸਾਨ ਦਾ ਖਤਰਾ ਹੋ ਸਕਦਾ ਸੀ।
ਇਸ ਗੱਲੋਂ ਬਾਦਲਾਂ ਤੋਂ ਇਲਾਵਾ ਹੋਰ ਕੋਈ ਖ਼ੁਸ਼ ਨਹੀਂ ਹੋਇਆ।
ਸਿੱਧੂ ਪੰਜਾਬ ਤੋਂ ਬਾਹਰ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਸਨ। ਇਸੇ ਦੌਰਾਨ ਸਿੱਧੂ ਦੀ ਪਤਨੀ ਨੇ ਕੈਪਟਨ 'ਤੇ ਹਮਲਾ ਕੀਤਾ ਸੀ।
ਉਨ੍ਹਾਂ ਨੇ ਚੰਡੀਗੜ੍ਹ ਤੋਂ ਖ਼ੁਦ ਨੂੰ ਟਿੱਕਟ ਨਾ ਮਿਲਣ ਲਈ ਕੈਪਟਨ ਨੂੰ ਜਿੰਮੇਵਾਰ ਠਹਿਰਾਇਆ ਸੀ।
ਇਸ ਗੱਲੋਂ ਸਿੱਧੂ ਨੇ ਆਪਣੀ ਨਾਖ਼ੁਸ਼ੀ ਜਾਂ ਨਾਰਾਜ਼ਗੀ ਇਹ ਕਹਿ ਕੇ ਜ਼ਾਹਰ ਕੀਤੀ ਕਿ ਉਹ ਪੰਜਾਬ ਵਿੱਚ ਚੋਣ ਪ੍ਰਚਾਰ ਨਹੀਂ ਕਰਨਗੇ।
ਹਾਲਾਂਕਿ, ਇਸ ਤੋਂ ਕੁਝ ਘੰਟਿਆਂ ਬਾਅਦ ਹੀ ਉਹ ਪ੍ਰਿਅੰਕਾ ਗਾਂਧੀ ਦੇ ਨਾਲ ਉਨ੍ਹਾਂ ਦੇ ਹੈਲੀਕਾਪਟਰ ਵਿੱਚ ਬੈਠ ਕੇ ਬਠਿੰਡੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਲਈ ਆ ਪਹੁੰਚੇ।
ਉਸੇ ਸ਼ਾਮ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਲਈ ਪਠਾਨਕੋਟ ਵਿੱਚ ਵੀ ਇਕੱਠ ਨੂੰ ਸੰਬੋਧਨ ਕੀਤਾ।
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਿੱਧੂ ਬਠਿੰਡੇ ਵਿੱਚ ਸਨ। ਬਠਿੰਡਾ ਇਸ ਸਮੇਂ ਪੰਜਾਬ ਦੀ ਸਭ ਤੋਂ ਵੱਕਾਰੀ ਸੀਟ ਹੈ, ਜਿੱਥੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ, ਤੀਜੀ ਵਾਰ ਆਪਣੀ ਕਿਸਮਤ ਆਜ਼ਮਾ ਰਹੇ ਹਨ।
ਇਹ ਵੀ ਦੱਸ ਦੇਈਏ ਕਿ ਸੁਖਬੀਰ ਆਪ ਵੀ ਫਿਰੋਜ਼ਪੁਰ ਤੋਂ ਉਮੀਦਵਾਰ ਹਨ। ਜਿਸ ਨੂੰ ਕਿ ਕੁਝ ਹੱਦ ਤੱਕ ਸੁਰੱਖਿਅਤ ਸੀਟ ਮੰਨਿਆ ਜਾ ਰਿਹਾ ਹੈ। ਸਾਰੀਆਂ ਅੱਖਾਂ ਬਠਿੰਡੇ 'ਤੇ ਟਿਕੀਆਂ ਹੋਈਆਂ ਹਨ।
ਕੀ ਨੇ ਸਿੱਧੂ ਦੇ ਇਰਾਦੇ
ਸਿੱਧੂ ਦੇ ਇਰਾਦੇ ਉੱਚੇ ਹਨ, ਇਹ ਸਾਰੇ ਜਾਣਦੇ ਹਨ ਅਤੇ ਇਸ ਵਿੱਚ ਕੁਝ ਗਲਤ ਵੀ ਨਹੀਂ ਹੈ। ਸਿੱਧੂ ਦੇ ਰਿਸ਼ਤੇ ਅਮਰਿੰਦਰ ਨਾਲ ਕਦੇ ਸੁਖਾਵੇਂ ਨਹੀਂ ਰਹੇ। ਅਸਲ ਵਿੱਚ ਸਿੱਧੂ ਨੂੰ ਆਪਣੀ ਤਾਕਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਤੋਂ ਮਿਲਦੀ ਹੈ, ਜੋ ਉਨ੍ਹਾਂ ਨੂੰ ਭਾਜਪਾ ਤੋਂ ਕਾਂਗਰਸ ਵਿੱਚ ਲੈ ਕੇ ਆਏ ਹਨ।
ਇਹ ਸਮਾਂ ਕੀ ਸਿਆਸੀ ਬਿਆਨਬਾਜ਼ੀਆਂ ਲਈ ਸਹੀ ਹੈ, ਜਾਂ ਗਲਤ ਇਹ ਸਮਝ ਤੋਂ ਬਾਹਰ ਹੈ।
ਚੋਣਾਂ ਵਾਲੇ ਦਿਨ ਹੀ ਅਮਰਿੰਦਰ ਨੇ ਸਿੱਧੂ ਦੇ ਬਿਆਨ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਦੀ ਹਮਾਇਤ ਉੱਤੇ ਉਨ੍ਹਾਂ ਬ੍ਰਹਮ ਮਹਿੰਦਰਾ ਨਿੱਤਰੇ। ਮਹਿੰਦਰਾ ਨੇ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਹੀ ਨੁਕਸਾਨ ਹੋ ਰਿਹਾ ਹੈ।
ਕੁਝ ਸਮੇਂ ਬਾਅਦ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਜਿਹੇ ਹੀ ਵਿਚਾਰ ਪਰਗਟ ਕੀਤੇ। ਉਨ੍ਹਾਂ ਤੋਂ ਬਾਅਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਕੈਪਟਨ ਦੇ ਪੱਖ ਵਿੱਚ ਬੋਲੇ।
ਜੇ ਪੰਜਾਬ ਕਾਂਗਰਸ ਦੇ ਇਸ ਸੰਕਟ ਉੱਪਰ ਕੇਂਦਰੀ ਲੀਡਰਸ਼ਿੱਪ ਨੇ ਕਾਰਵਾਈ ਨਾ ਕੀਤੀ ਤਾਂ ਇਹ ਵਧ ਸਕਦਾ ਹੈ।
ਸਿੱਧੂ ਨੂੰ ਵਿਧਾਇਕਾਂ ਦੀ ਹਮਾਇਤ ਨਹੀਂ
ਦਿਲਚਸਪ ਗੱਲ ਇਹ ਹੈ ਕਿ ਸਿੱਧੂ ਨੂੰ ਵਿਧਾਨ ਸਭਾ ਦੇ ਸਾਥੀ ਮੈਂਬਰਾਂ ਦੀ ਵੀ ਹਮਾਇਤ ਹਾਸਲ ਨਹੀਂ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਨ੍ਹਾਂ ਨੇ ਆਪਣੇ ਲਈ ਕੋਈ ਗਰੁੱਪ ਤਿਆਰ ਨਹੀਂ ਕੀਤਾ,ਜੋ ਉਨ੍ਹਾਂ ਲਈ ਬੋਲ ਸਕੇ।
ਇਹ ਵੱਖਰਾ ਮੁੱਦਾ ਹੈ ਕਿ ਕਾਂਗਰਸ ਵਿੱਚ ਵਫ਼ਾਦਾਰੀਆਂ ਕੇਂਦਰੀ ਲੀਡਰਸ਼ਿੱਪ ਦੇ ਇੱਕ ਇਸ਼ਾਰੇ ਤੇ ਰਾਤੋ-ਰਾਤ ਬਦਲ ਜਾਂਦੀਆਂ ਹਨ।
ਸਿੱਧੂ ਨੂੰ ਚੋਣ ਨਤੀਜਿਆਂ ਦੀ ਉਡੀਕ ਕਰ ਲੈਣੀ ਚਾਹੀਦੀ ਸੀ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ