You’re viewing a text-only version of this website that uses less data. View the main version of the website including all images and videos.
ਸਿੱਧੂ ਨੇ ਕਿਹਾ, 'ਮੁਸਲਮਾਨ ਕਾਂਗਰਸ ਲਈ ਇੱਕਜੁੱਟ ਹੋ ਕੇ ਵੋਟ ਪਾਉਣ', ਭਖਿਆ ਵਿਵਾਦ
ਪੰਜਾਬ ਦੇ ਕੇਂਦਰੀ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਦੇ ਕਟਿਹਾਰ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਜੋ ਕੁਝ ਕਿਹਾ ਉਸ ਨਾਲ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ।
ਉਨ੍ਹਾਂ ਕਿਹਾ, ''ਮੁਸਲਮਾਨ ਭਰਾਵਾਂ ਨੂੰ ਚੇਤਾਵਨੀ ਦੇਣ ਆਇਆ ਹਾਂ। ਤੁਸੀਂ ਇੱਥੇ 64 ਫ਼ੀਸਦੀ ਆਬਾਦੀ ਹੋ। ਮੇਰੇ ਮੁਸਲਮਾਨ ਭਰਾ ਜਿੰਨ੍ਹੇ ਵੀ ਹਨ, ਉਹ ਮੇਰੀ ਦਸਤਾਰ ਹਨ।''
''ਤੁਸੀਂ ਲੋਕ ਪੰਜਾਬ 'ਚ ਵੀ ਕੰਮ ਕਰਨ ਜਾਂਦੇ ਹੋ ਅਤੇ ਪੰਜਾਬ 'ਚ ਤੁਹਾਨੂੰ ਸਾਡੇ ਵੱਲੋਂ ਪਿਆਰ ਮਿਲਦਾ ਹੈ। ਜੇ ਤੁਹਾਨੂੰ ਪੰਜਾਬ 'ਚ ਕੋਈ ਪ੍ਰੇਸ਼ਾਨੀ ਹੋਵੇ, ਮੈਂ ਮੰਤਰੀ ਹਾਂ...ਜਿਸ ਦਿਨ ਪੰਜਾਬ ਆਓਗੇ, ਸਿੱਧੂ ਨੂੰ ਆਪਣੇ ਕੋਲ ਪਾਓਗੇ। ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹਾਂ।''
''ਪਰ ਮੈਂ ਤੁਹਾਨੂੰ ਚੇਤਾਵਨੀ ਦੇਣ ਆਇਆ ਹਾਂ ਇਹ ਤੁਹਾਨੂੰ ਵੰਡ ਰਹੇ ਹਨ, ਇਹ ਇੱਥੇ ਓਵੈਸੀ ਸਾਹਿਬ ਵਰਗੇ ਲੋਕਾਂ ਨੂੰ ਲਿਆ ਕੇ, ਇੱਕ ਨਵੀਂ ਪਾਰਟੀ ਨਾਲ ਤੁਹਾਡੀਆਂ ਵੋਟਾਂ ਵੰਡ ਕੇ ਜਿੱਤਣਾ ਚਾਹੁੰਦੇ ਹਨ।''
ਇਹ ਵੀ ਪੜ੍ਹੋ:
''ਜੇ ਤੁਸੀਂ ਲੋਕ ਇਕੱਠੇ ਹੋਏ ਤਾਂ ਤੁਹਾਡੀ ਆਬਾਦੀ 64 ਫ਼ੀਸਦੀ ਹੈ, ਘੱਟ ਗਿਣਤੀ ਇੱਥੇ ਬਹੁਗਿਣਤੀ ਹਨ। ਜੇ ਤੁਸੀਂ ਇਕੱਠੇ ਹੋਏ ਤੇ ਇੱਕਜੁੱਟ ਹੋ ਕੇ ਵੋਟ ਪਾਇਆ ਤਾਂ ਸਭ ਉਲਟ ਜਾਣਗੇ, ਛੱਕਾ ਲਗ ਜਾਵੇਗਾ।''
''ਇੱਕ ਗੱਲ ਯਾਦ ਰੱਖਣਾ ਅਜਿਹਾ ਛੱਕਾ ਮਾਰੋ ਕਿ ਮੋਦੀ ਨੂੰ ਇੱਥੇ ਬਾਊਂਡਰੀ ਤੋਂ ਪਾਰ ਮਾਰੋ।''
ਬਿਹਾਰ ਭਾਜਪਾ ਵੱਲੋਂ ਨਵਜੋਤ ਸਿੱਧੂ ਦੇ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਬਿਹਾਰ ਭਾਜਪਾ ਦੇ ਉਪ ਪ੍ਰਧਾਨ ਦੇਵੇਸ਼ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਧਰਮ ਨਾਲ ਜੋੜ ਕੇ ਵੋਟਾਂ ਦੀ ਅਪੀਲ ਕਰਨ ਨੂੰ ਲੈ ਕੇ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਮਾਇਆਵਤੀ, ਯੋਗੀ ਅਦਿਤਿਆਨਾਥ ਅਤੇ ਮੇਨਕਾ ਗਾਂਧੀ ਵਰਗੇ ਸਿਆਸਤਦਾਨਾਂ 'ਤੇ ਚੋਣ ਪ੍ਰਚਾਰ ਕਰਨ ’ਤੇ 48 ਤੋਂ 72 ਘੰਟਿਆਂ ਤੱਕ ਦੀ ਰੋਕ ਲਗਾ ਚੁੱਕੀ ਹੈ।
ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਮਿਲਕੇ ਦੇਵਬੰਦ ਵਿੱਚ ਇੱਕ ਰੈਲੀ ਕੀਤੀ ਸੀ।
ਇਸ ਦੌਰਾਨ ਉਨ੍ਹਾਂ ਨੇ ਮੁਸਲਮਾਨਾਂ ਨੂੰ ਆਪਣੀ ਵੋਟ ਨੂੰ ਨਾਂ ਵੰਡਣ ਦੇਣ ਦੀ ਗੱਲ ਕਹੀ ਸੀ। ਇਸ ਭਾਸ਼ਣ ਤੋਂ ਬਾਅਦ ਹੀ ਚੋਣ ਕਮਿਸ਼ਨ ਨੇ ਮਾਇਆਵਤੀ ਨੂੰ ਚੋਣ ਜਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਸੀ।
ਇਸੇ ਤਰ੍ਹਾਂ ਯੋਗੀ ਦਾ ਵੀ ਬਿਆਨ ਸੀ, ''ਜੇ ਵਿਰੋਧੀ ਧਿਰ ਨੂੰ ਅਲੀ ਪਸੰਦ ਹੈ ਤਾਂ ਸਾਨੂੰ ਬਜਰੰਗ ਬਲੀ ਪਸੰਦ ਹਨ।''
ਸੁਲਤਾਨਪੁਰ ਤੋਂ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਨੇ ਮੁਸਲਿਮ ਵੋਟਰਾਂ ਨੂੰ ਉਨ੍ਹਾਂ ਨੂੰ ਵੋਟ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਲੋਕਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ (ਮੇਨਕਾ ਦੀ) ਲੋੜ ਪਵੇਗੀ।
ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ
ਬਿਹਾਰ ਦੇ ਕਟਿਹਾਰ 'ਚ ਮੁਸਲਿਮ ਵੋਟਰਾਂ ਨੂੰ ਸਿੱਧੂ ਨੇ ਮੁਖਾਤਿਬ ਕੀ ਕੀਤਾ, ਸੋਸ਼ਲ ਮੀਡੀਆ ਖ਼ਾਸ ਤੌਰ 'ਤੇ ਟਵਿੱਟਰ ਉੱਤੇ ਸਿੱਧੂ ਨੂੰ ਲੈ ਕੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਤ੍ਰਿਪਾਠੀ ਵੇਦਾਂਗ ਟਵਿੱਟਰ 'ਤੇ ਲਿਖਦੇ ਹਨ, ''ਰਾਹੁਲ ਗਾਂਧੀ ਹੁਣ ਕੌਣ ਜਾਤਿਵਾਦ ਕਰ ਰਿਹਾ ਹੈ? ਤੁਹਾਨੂੰ ਨਹੀਂ ਦਿਖਦਾ? ਜਾਂ ਇਹ (ਨਵਜੋਤ) ਸਿਰਫ਼ ਵਿਵਾਦ ਖੜ੍ਹਾ ਕਰਨਾ ਚਾਹੁੰਦੇ ਹਨ?''
ਮੋਹਿਤ ਸਿੰਘ ਲਿਖਦੇ ਹਨ, ''ਸਿਆਸਤਦਾਨ ਅਜੀਹੇ ਘਟੀਆ ਦਾਅ-ਪੇਚ ਵੋਟਾਂ ਲੈਣ ਲਈ ਕਿਉਂ ਵਰਤਦੇ ਹਨ ਅਤੇ ਇਸ ਨਾਲ ਉਹ ਆਪਣੇ ਪਹਿਲਾਂ ਦੇ ਪ੍ਰਸ਼ੰਸਕਾਂ ਨੂੰ ਖੋਹ ਦੇਣਗੇ।''
ਕੰਵਲ ਜਲਾਲੀ ਲਿਖਦੇ ਹਨ, ''ਚੋਣ ਕਮਿਸ਼ਨ ਨੂੰ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਘੱਟੋ-ਘੱਟੋ 2 ਸਾਲਾਂ ਲਈ ਬੈਨ ਕਰ ਦੇਣਾ ਚਾਹੀਦਾ ਹੈ।''
ਸ਼ੰਕਰ ਨਾਂ ਦੇ ਇੱਕ ਟਵਿੱਟਰ ਯੂਜ਼ਰ ਲਿਖਦੇ ਹਨ, ''ਹੁਣ ਤੁਸੀਂ ਬਾਊਂਡਰੀ ਦੇ ਬਾਹਰ ਹੋਵੋਗੇ।''
ਕੁਸ਼ ਖੰਡੇਲਵਾਲ ਨੇ ਲਿਖਿਆ, ''ਵੰਡ ਦੀ ਗੱਲ ਤਾਂ ਤੁਸੀਂ ਹੀ ਕਰ ਰਹੇ ਹੋ ਮੁਸਲਮਾਨਾਂ ਨੂੰ ਹਿੰਦੂਆਂ ਤੋਂ ਵੰਡ ਰਹੇ ਹੋ। ਬੋਲੀ ਮੁਸਲਮਾਨ ਦੀ ਤੇ ਪੱਗ ਹਿੰਦੂ ਦੀ ਪਰ ਵਿਅਕਤੀ ਹਿੰਦੂਸਤਾਨੀ ਨਹੀਂ ਹੈ।''
ਉਧਰ ਅਜੇ ਤੱਕ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: