ਪੈਰਿਸ: ਨੋਟਰੇ-ਡੇਮ ਚਰਚ 'ਚ ਕੀ ਕੁਝ ਹੈ ਖ਼ਾਸ , ਅੱਗ ਨਾਲ ਭਾਰੀ ਨੁਕਸਾਨ

ਨੋਟਰੇ ਡੇਮ ਚਰਚ ਵਿੱਚ ਲੱਗੀ ਅੱਗ ਨਾਲ ਹੋਈ ਤਬਾਹੀ ਦੀ ਭਰਪਾਈ ਕਰਨ ਲਈ ਲੋਕਾਂ ਵੱਲੋਂ ਲੱਖਾਂ ਯੂਰੋਜ਼ ਦੀ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਾਂ ਨੇ ਕਿਹਾ ਹੈ ਕਿ ਨੋਟਰੇ ਡੇਮ ਚਰਚ ਵਿਚ ਲੱਗੀ ਅੱਗ ਨਾਲ ਤਬਾਹ ਹੋਈ ਇਮਾਰਤ ਨੂੰ ਦੁਬਾਰਾ ਬਣਾਇਆ ਜਾਵੇਗਾ। ਪੈਰਿਸ ਦੀ 850 ਸਾਲ ਪੁਰਾਣੀ ਵਿਸ਼ਵ ਪ੍ਰਸਿੱਧ ਚਰਚ ਵਿਚ ਸੋਮਵਾਰ ਸ਼ਾਮੀ ਅੱਗ ਲੱਗ ਗਈ ਸੀ।

ਅੱਗ ਲੱਗਣ ਤੋਂ ਪੂਰੇ 9 ਘੰਟੇ ਬਾਅਦ ਹੁਣ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਚਰਚ ਦੀ ਮੁੱਖ ਇਮਾਰਤ ਅਤੇ ਦੋਵੇਂ ਮੀਨਾਰਾਂ ਨੂੰ ਬਚਾ ਲਿਆ ਗਿਆ ਹੈ। ਪਰ ਅੱਗ ਨਾਲ ਇਸਦੇ ਗੁੰਬਦ ਅਤੇ ਛੱਤ ਡਿੱਗ ਗਈ ਹੈ।

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦਾ ਕਹਿਣਾ ਹੈ ਕਿ ਇਹ 'ਭਿਆਨਕ ਤਰਾਸਦੀ' ਹੈ।

ਇਹ ਵੀ ਪੜ੍ਹੋ:

ਅੱਗ ਕਿਵੇਂ ਲੱਗੀ?

ਹਾਲੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਕਿਆਸ ਲਾ ਰਹੇ ਹਨ ਕਿ ਇਸ ਦਾ ਸਬੰਧ ਚਰਚ ਵਿੱਚ ਪੱਥਰਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ ਸ਼ੁਰੂ ਕੀਤੇ ਗਏ ਮੁਰੰਮਤ ਦੇ ਕੰਮ ਨਾਲ ਵੀ ਹੋ ਸਕਦਾ ਹੈ।

ਪੈਰਿਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ 'ਅੱਗ ਲੱਗਣ ਦੀ ਦੁਰਘਟਨਾ' ਦੀ ਜਾਂਚ ਹੋ ਰਹੀ ਹੈ। ਇਸ ਦੌਰਾਨ ਇੱਕ ਫਾਇਰ ਫਾਈਟਰ ਜ਼ਖਮੀ ਹੋ ਗਿਆ ਹੈ।

ਕਾਫ਼ੀ ਭਾਵੁਕ ਹੋਏ ਮੈਕਰੋਂ ਨੇ ਕਿਹਾ ਕਿ ਚਰਚ ਨੂੰ ਮੁੜ ਤੋਂ ਬਣਾਉਣ ਦੇ ਲਈ ਕੌਮਾਂਤਰੀ ਫੰਡਰੇਜ਼ਿੰਗ ਸਕੀਮ ਸ਼ੁਰੂ ਕੀਤੀ ਜਾਵੇਗੀ।

ਅੱਗ ਕਿਵੇਂ ਫੈਲੀ?

ਅੱਗ ਸ਼ਾਮ ਨੂੰ ਤਕਰੀਬਨ ਸਾਢੇ 6 ਵਜੇ ਲੱਗੀ ਅਤੇ ਜਲਦੀ ਹੀ ਚਰਚ ਦੀ ਛੱਤ ਤੱਕ ਪਹੁੰਚ ਗਈ। ਇਸ ਦੌਰਾਨ ਰੰਗੀਨ ਕੱਚ ਦੀਆਂ ਖਿੜਕੀਆਂ ਅਤੇ ਚਰਚ ਅੰਦਰ ਲੱਕੜ ਦਾ ਸਮਾਨ ਸੜ ਗਿਆ।

ਤਕਰੀਬਨ 500 ਫਾਇਰ ਫਾਈਟਰਜ਼ ਨੇ ਬੈੱਲ ਟਾਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਚਾਰ ਤੋਂ ਵੀ ਵੱਧ ਘੰਟਿਆਂ ਬਾਅਦ ਫਾਇਰ ਮੁਖੀ ਜੀਨ-ਕਲੌਡ ਗੈਲੇਟ ਨੇ ਕਿਹਾ ਕਿ ਚਰਚ ਦਾ ਮੁੱਖ ਢਾਂਚਾ ਬਚਾਅ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਮੁਰੰਮਤ ਦੇ ਕੰਮ ਕਾਰਨ ਚਰਚ ਦੇ ਕਈ ਹਿੱਸੇ ਬਚਾਅ ਕੇ ਇੱਕ ਥਾਂ 'ਤੇ ਰੱਖੇ ਹੋਏ ਸਨ। 16 ਤਾਂਬੇ ਦੀਆਂ ਮੂਰਤੀਆਂ ਪਿਛਲੇ ਹਫ਼ਤੇ ਹੀ ਚਰਚ ਤੋਂ ਹਟਾ ਦਿੱਤੀਆਂ ਗਈਆਂ ਸਨ।

ਪੈਰਿਸ ਦੇ ਉਪ ਮੇਅਰ ਇਮੈਨੁਅਲ ਗਰੇਗੋਇਰ ਦਾ ਕਹਿਣਾ ਹੈ ਕਿ ਇਮਾਰਤ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਟੀਮਾਂ ਚਰਚ ਵਿੱਚ ਬਾਕੀ ਕੀਤਾ ਹੋਇਆ ਕਲਾਤਮਕ ਕੰਮ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਤਿਹਾਸਕਾਰ ਕੈਮੀ ਪਾਸਕਲ ਨੇ ਫਰਾਂਸ ਦੇ ਚੈਨਲ ਬੀਐਫਐਮਟੀਵੀ ਨੂੰ ਦੱਸਿਆ ਕਿ 'ਅਨਮੋਲ ਵਿਰਾਸਤ' ਨਸ਼ਟ ਹੋ ਗਈ ਹੈ।

ਉਨ੍ਹਾਂ ਅੱਗੇ ਕਿਹਾ, "ਚੰਗੇ ਅਤੇ ਮਾੜੇ ਘਟਨਾਕ੍ਰਮ ਸਦੀਆਂ ਤੋਂ ਨੋਟਰੇ ਡੇਮ ਦਾ ਹਿੱਸਾ ਰਹੇ ਹਨ। ਅਸੀਂ ਸਿਰਫ਼ ਮੌਜੂਦਾ ਸਮੇਂ ਨੂੰ ਦੇਖ ਕੇ ਡਰ ਸਕਦੇ ਹਾਂ।"

ਲੋਕਾਂ ਨੇ ਜਦੋਂ ਅੱਗ ਦੇਖੀ

ਚਰਚ ਵਿੱਚੋਂ ਨਿਕਲ ਰਹੀਆਂ ਲਾਟਾਂ ਨੂੰ ਦੇਖ ਕੇ ਹਜ਼ਾਰਾਂ ਲੋਕ ਸੜਕਾਂ ਉੱਤੇ ਉਤਰ ਆਏ। ਕੁਝ ਲੋਕ ਰੋ ਰਹੇ ਸਨ ਜਦੋਂਕਿ ਕੁਝ ਲੋਕਾਂ ਨੇ ਭਜਨ ਗਾਉਣੇ ਅਤੇ ਅਰਦਾਸ ਸ਼ੁਰੂ ਕਰ ਦਿੱਤੀ।

ਅੱਗ ਲੱਗਣ ਕਾਰਨ ਪੈਰਿਸ ਵਿੱਚ ਕਈ ਚਰਚਾਂ ਨੇ ਆਪਣੀਆਂ ਘੰਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਅੱਗ ਲੱਗਣ ਕਾਰਨ ਰਾਸ਼ਰਪਤੀ ਮੈਕਰੋਂ ਨੇ ਟੀਵੀ ਉੱਤੇ ਆਪਣਾ ਭਾਸ਼ਨ ਰੱਦ ਕਰ ਦਿੱਤਾ ਜਿਸ ਵਿੱਚ ਉਹ ਮਹੀਨਿਆਂ ਤੋਂ ਫਰਾਂਸ ਦੀਆਂ ਸੜਕਾਂ ਉੱਤੇ ਹੋ ਰਹੇ ਮੁਜ਼ਾਹਰਿਆਂ ਬਾਰੇ ਸੰਬੋਧਨ ਕਰਨ ਵਾਲੇ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਇਹ ਚਰਚ ਫਰਾਂਸ ਦੇ ਸਾਰੇ ਲੋਕਾਂ ਦੀ ਇਮਾਰਤ ਸੀ ਭਾਵੇਂ ਕੋਈ ਇੱਥੇ ਕਦੇ ਆਇਆ ਜਾਂ ਨਹੀਂ।"ਉਨ੍ਹਾਂ ਫਾਇਰਫਾਈਟਰਜ਼ ਦੀ ਹਿੰਮਤ ਦੀ ਸ਼ਲਾਘਾ ਕੀਤੀ ਅਤੇ ਕਿਹਾ, "ਅਸੀਂ ਸਾਰੇ ਮਿਲ ਕੇ ਨੋਟਰੇ-ਡੇਮ ਬਣਾਵਾਂਗੇ।"

ਇੱਕ ਦੇਸ ਦਾ ਚਿੰਨ੍ਹ

ਬੀਬੀਸੀ ਪੱਤਰਕਾਰ ਹੈਨਰੀ ਐਸਟੇਅਰ ਮੁਤਾਬਕ ਫਰਾਂਸ ਦੀ ਕੋਈ ਵੀ ਇਮਾਰਤ ਫਰਾਂਸ ਨੂੰ ਉਸ ਤਰ੍ਹਾਂ ਪੇਸ਼ ਨਹੀਂ ਕਰਦੀ ਜਿਵੇਂ ਨੋਟਰੇ ਡੇਮ ਚਰਚ ਦੀ ਇਮਾਰਤ ਕਰਦੀ ਹੈ।

ਫਰਾਂਸ ਦੀ ਨੁਮਾਂਇੰਦਗੀ ਕਰਨ ਵਿਚ ਨੋਟਰੇ ਡੇਮ ਦਾ ਹੋਰ ਕੋਈ ਥਾਂ ਮੁਕਾਬਲਾ ਨਹੀਂ ਕਰ ਸਕਦੀ। ਕੌਮੀ ਚਿੰਨ੍ਹ ਇਸ ਦਾ ਮੁੱਖ ਮੁਕਾਬਲਾ ਆਈਫਲ ਟਾਵਰ ਨਾਲ ਹੈ, ਜੋ ਇਸ ਤੋਂ ਸਿਰਫ਼ ਇੱਕ ਸਦੀ ਪੁਰਾਣਾ ਹੈ। ਨੈਟਰੋ ਡੇਮ 1200ਵਿਆਂ ਤੋਂ ਫਰਾਂਸ ਦੀ ਸ਼ਾਨ ਬਣਕੇ ਖੜ੍ਹੀ ਹੈ।

ਇਸ ਨੂੰ ਇਹ ਨਾਮ ਫਰਾਂਸ ਦੇ ਇੱਕ ਸਾਹਿਤਕ ਸ਼ਾਹਕਾਰ ਤੋਂ ਮਿਲਿਆ ਹੈ। ਵਿਕਟਰ ਹੂਗੋ ਨੇ ਨਾਵਲ ਹੰਚਬੈਕ ਆਫ਼ ਨੇਟਰੋ ਡੇਮ ਨੂੰ ਸੌਖੀ ਫਰੈਂਚ ਵਿਚ ਨੋਟਰੇ ਡੇਮ ਡੀ ਪੈਰਿਸ ਹੀ ਆਖਿਆ ਜਾਂਦਾ ਹੈ।

ਇਸ ਤੋਂ ਪਹਿਲਾਂ ਫਰੈਂਚ ਇਨਕਲਾਬ ਦੌਰਾਨ ਕੈਥੇਡ੍ਰਲ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸੀ। ਉਦੋਂ ਪਾਦਰੀਆਂ ਦੇ ਵਿਰੋਧੀਆਂ ਨੇ ਸੰਤਾਂ ਦੇ ਬੁੱਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ। 1871 ਵਿਚ ਮੁੜ ਤੋਂ ਪੁਨਰ ਸੁਰਜੀਤ ਕੀਤੀ ਗਈ ਇਸ ਸ਼ਾਨਾਮੱਤੀ ਇਮਾਰਤ ਨੇ ਜੋ ਵਿਸ਼ਵ ਜੰਗ ਦੇਖੇ ਹਨ।

ਫਰਾਂਸ ਦੇ ਲੋਕਾਂ ਲਈ ਇਹ ਅਗਨੀ ਕਾਂਡ ਦਾ ਦਰਦ ਇੰਨਾ ਹੈ ਕਿ ਉਹ ਇਸ ਤਰ੍ਹਾਂ ਹੈ ਮੰਨਦੇ ਹਨ ਜਿਵੇਂ ਮੁਲਕ ਨੂੰ ਹੀ ਅੱਗ ਲੱਗ ਗਈ ਹੋਵੇ।

ਇਹ ਇੱਕ ਅਜਿਹੀ ਥਾਂ ਹੈ, ਜਿੱਥੇ ਪਾਰਸੀ ਲੋਕ ਕਾਫ਼ੀ ਸਕੂਨ ਮਹਿਸੂਸ ਕਰਦੇ ਹਨ।

ਨੋਟਰੇ-ਡੇਮ ਬਾਰੇ ਅਹਿਮ ਗੱਲਾਂ

  • ਚਰਚ ਵਿੱਚ ਹਰ ਸਾਲ ਤਕਰਬੀਨ 1.3 ਕਰੋੜ ਲੋਕ ਇੱਥੇ ਪਹੁੰਚਦੇ ਹਨ ਜੋ ਕਿ ਆਈਫ਼ਲ ਟਾਵਰ ਨਾਲੋਂ ਵੀ ਵੱਧ ਹੈ।
  • ਇਹ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਹੈ ਜੋ ਕਿ 12ਵੀਂ ਤੇ 13ਵੀਂ ਸਦੀ ਵਿੱਚ ਬਣਾਈ ਗਈ ਸੀ।
  • ਮੁਰੰਮਤ ਦੇ ਕੰਮ ਕਾਰਨ ਚਰਚ ਵਿੱਚੋਂ ਕਈ ਮੂਰਤੀਆਂ ਬਾਹਰ ਕੱਢ ਲਈਆਂ ਗਈਆਂ ਸਨ।
  • ਅੱਗ ਕਾਰਨ ਨੁਕਸਾਨਿਆਮਗਿਆ ਚਰਚ ਦਾ ਹਿੱਸਾ ਜ਼ਿਆਦਾਤਰ ਲੱਕੜ ਦਾ ਬਣਿਆ ਹੋਇਆ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)