ਫਰਾਂਸ ਹਮਲਾ: 'ਅੱਲਾਹ ਹੂ ਅਕਬਰ ਚੀਕ ਰਿਹਾ ਸੀ ਹਮਲਾਵਰ'

ਫਰਾਂਸ ਦੀ ਪੁਲਿਸ ਮੁਤਾਬਕ ਰਾਜਧਾਨੀ ਪੈਰਿਸ ਵਿੱਚ ਇੱਕ ਚਾਕੂਧਾਰੀ ਹਮਲਾਵਰ ਵੱਲੋਂ ਕੀਤੇ ਗਏ ਹਮਲੇ 'ਚ ਇੱਕ ਸ਼ਖ਼ਸ ਦੀ ਮੌਤ ਹੋ ਗਈ ਤੇ ਚਾਰ ਲੋਕ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਵਿੱਚ ਦੋ ਦੀ ਹਾਲਤ ਗੰਭੀਰ ਹੈ। ਪੈਰਿਸ ਦੇ ਓਪੇਰਾ ਇਲਾਕੇ ਵਿੱਚ ਹੋਏ ਇਸ ਹਮਲੇ ਤੋਂ ਬਾਅਦ ਪੁਲਿਸ ਦੀ ਕਾਰਵਾਈ 'ਚ ਹਮਲਾਵਰ ਦੀ ਮੌਤ ਹੋ ਗਈ।

ਕਥਿਤ ਤੌਰ 'ਤੇ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋ ਨੇ ਟਵਿੱਟਰ 'ਤੇ ਲਿਖਿਆ, ''ਫਰਾਂਸ ਨੇ ਅੱਜ ਮੁੜ ਤੋਂ ਖ਼ੂਨ ਵਹਾਇਆ ਹੈ ਪਰ ਅਸੀਂ ਆਜ਼ਾਦੀ ਦੇ ਦੁਸ਼ਮਣਾਂ ਨੂੰ ਇੱਕ ਇੰਚ ਵੀ ਨਹੀਂ ਦਵਾਂਗੇ।''

ਚਸ਼ਮਦੀਦ ਗਵਾਹਾਂ ਮੁਤਾਬਕ ਉਨ੍ਹਾਂ ਨੇ ਹਮਲਾਵਰ ਨੂੰ ''ਅੱਲਾਹ ਹੂ ਅਕਬਰ'' ਚੀਕਦੇ ਹੋਏ ਸੁਣਿਆ। 'ਫਰਾਂਸ 24' ਨੇ ਪ੍ਰਤਖਦਰਸ਼ੀਆਂ ਦੇ ਹਵਾਲੇ ਨਾਲ ਦੱਸਿਆ ਕਿ ਪੁਲਿਸ ਨੇ ਹਮਲਾਵਰ ਨੂੰ ਦੋ ਗੋਲੀਆਂ ਮਾਰੀਆਂ ਸੀ।

ਇਹ ਘਟਨਾ ਮੱਧ ਪੈਰਿਸ ਦੇ ਓਪੇਰਾ ਜ਼ਿਲ੍ਹੇ ਦੀ ਹੈ। ਇਹ ਇਲਾਕਾ ਟੂਰਿਸਟਾਂ ਵਿੱਚ ਸ਼ਾਨਦਾਰ ਨਾਈਟ ਲਾਈਫ਼ ਲਈ ਮਸ਼ਹੂਰ ਹੈ।

ਚਸ਼ਮਦੀਦਾਂ ਮੁਤਾਬਕ ਹਮਲੇ ਤੋਂ ਬਾਅਦ ਭੱਜ-ਦੌੜ ਵਾਲੇ ਹਾਲਾਤ ਬਣ ਗਏ ਅਤੇ ਸੜਕਾਂ 'ਤੇ ਮੌਜੂਦ ਲੋਕ ਰੈਸਟੋਰੈਂਟ ਅਤੇ ਕੈਫੇ ਵੱਲ ਜਾਣ ਲੱਗੇ।

ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ

ਫਰਾਂਸ ਦੇ ਗ੍ਰਹਿ ਮੰਤਰੀ ਜ਼ੇਰਾ ਕੋਲੋਂ ਨੇ ਪੁਲਿਸ ਦੀ ਕਾਰਵਾਈ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ 'ਇਸ ਘਟਨਾ ਤੋਂ ਪੀੜਤ ਲੋਕਾਂ ਨਾਲ ਸਾਨੂੰ ਹਮਦਰਦੀ ਹੈ।''

ਫਰਾਂਸ ਪੁਲਿਸ ਨੇ ਲੋਕਾਂ ਨੂੰ ਅਫ਼ਵਾਹਾਂ ਨਾਲ ਫੈਲਾਉਣ ਲਈ ਕਿਹਾ ਹੈ।

ਪੁਲਿਸ ਨੇ ਟਵੀਟ ਕੀਤਾ,''ਕ੍ਰਿਪਾ ਕਰਕੇ ਉਹੀ ਸੂਚਨਾ ਸਾਂਝੀ ਕੀਤੀ ਜਾਵੇ ਜਿਹੜੀ ਭਰੋਸੇਯੋਗ ਸੂਤਰਾਂ ਤੋਂ ਮਿਲ ਰਹੀ ਹੈ।''

ਬੀਤੇ ਤਿੰਨ ਸਾਲਾਂ ਵਿੱਚ ਲਗਾਤਾਰ ਹੋਏ ਹਮਲਿਆਂ ਤੋਂ ਬਾਅਦ ਫਰਾਂਸ ਵਿੱਚ ਹਾਈ ਅਲਰਟ ਹੈ। ਇਨ੍ਹਾਂ ਵਿੱਚ ਕੁਝ ਹਮਲਿਆਂ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)