You’re viewing a text-only version of this website that uses less data. View the main version of the website including all images and videos.
ਦਿੱਲੀ ਦੇ ਜੀਬੀ ਰੋਡ ਦੀਆਂ ਸੈਕਸ ਵਰਕਰ ਕਿਸਨੂੰ ਪਾਉਣਗੀਆਂ ਵੋਟਾਂ : ਲੋਕ ਸਭਾ ਚੋਣਾਂ 2019
- ਲੇਖਕ, ਪੂਨਮ ਕੌਸ਼ਲ
- ਰੋਲ, ਬੀਬੀਸੀ ਹਿੰਦੀ ਲਈ
ਰਾਤ ਦੇ ਦੋ ਵੱਜੇ ਹਨ। ਦਿੱਲੀ ਦੇ ਸ਼੍ਰੀ ਅਰਵਿੰਦੋ ਮਾਰਗ 'ਚ ਗੱਡੀ ਰੁਕਦੇ ਹੀ ਦੋ ਕੁੜੀਆਂ ਖਿੜਕੀ ਵੱਲ ਦੌੜੀਆਂ। ਉਨ੍ਹਾਂ ਨੂੰ ਕਿਸੇ ਗਾਹਕ ਦੀ ਭਾਲ ਸੀ।
ਗਾਹਕ ਨਾ ਮਿਲਣ 'ਤੇ ਉਨ੍ਹਾਂ ਦਾ ਚਿਹਰਾ ਉਤਰ ਗਿਆ ਅਤੇ ਉਹ ਪਿੱਛੇ ਜਾ ਕੇ ਹੀ ਖੜੀਆਂ ਹੋ ਗਈਆਂ, ਜਿੱਥੇ ਰਾਤ ਦੇ ਹਨੇਰੇ 'ਚ ਖ਼ੁਦ ਨੂੰ ਲੁਕਾ ਕੇ ਤੇ ਥੋੜ੍ਹਾ ‘ਦਿਖਾ ਕੇ’ ਖੜੀਆਂ ਸਨ।
ਇੱਕ ਪੱਤਰਕਾਰ ਵਜੋਂ ਮੈਂ ਆਪਣੀ ਪਛਾਣ ਦਿੱਤੀ ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ-ਦੂਜੇ ਦਾ ਮੂੰਹ ਤੱਕਣ ਲੱਗੀਆਂ। ਬਸ ਇੰਨਾ ਹੀ ਕਿਹਾ, "ਬਹੁਤ ਮਜਬੂਰੀ 'ਚ ਇਹ ਕੰਮ ਕਰ ਰਹੇ ਹਾਂ।"
ਹੱਥ 'ਚ ਫੋਨ ਦੇਖਦਿਆਂ ਹੀ ਉਹ ਗਿੜਗਿੜਾਉਂਦਿਆਂ ਕਹਿਣ ਲਗੀਆਂ, "ਤਸਵੀਰ ਨਾ ਖਿੱਚਣਾ, ਘਰ ਪਤਾ ਲੱਗ ਗਿਆ ਤਾਂ ਸਭ ਕੁਝ ਤਬਾਹ ਹੋ ਜਾਵੇਗਾ।"
ਗੱਡੀਆਂ 'ਚ ਬੈਠੇ ਕੁਝ ਇਨ੍ਹਾਂ ਕੁੜੀਆਂ 'ਤੇ ਨਜ਼ਰ ਟਿਕਾਏ ਹੋਏ ਸਨ। ਇਨ੍ਹਾਂ ਦੀ ਨਿਗਰਾਨੀ ਹੇਠ ਹੀ ਦਿੱਲੀ ਦੀ ਚਰਚਿਤ ਸੜਕ 'ਤੇ ਜਿਸਮ ਫਿਰੋਸ਼ੀ ਦਾ ਇਹ ਕਾਰੋਬਾਰ ਹੋ ਰਿਹਾ ਸੀ।
ਚੋਣਾਂ ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਇਨ੍ਹਾਂ ਕੁੜੀਆਂ ਨੇ ਨਹੀਂ ਦਿੱਤਾ। ਬਸ ਇੰਨਾ ਹੀ ਕਿਹਾ ਕਿ ਅਸੀੰ ਅਜਿਹੀ ਸਰਕਾਰ ਚਾਹੁੰਦੇ ਹਾਂ ਜੋ ਗਰੀਬਾਂ ਬਾਰੇ ਸੋਚੇ।
ਪੁਲਿਸ ਦਾ ਡਰ
ਅਚਾਨਕ ਦੂਰੋਂ ਇੱਕ ਲਾਲ ਬੱਤਾ ਵਾਲੀ ਗੱਡੀ ਆਉਂਦਿਆ ਦਿਖਾਈ ਦਿੱਤੀ।
ਇਹ ਵੀ ਪੜ੍ਹੋ-
ਉਸ ਹਲਕੀ ਲਾਲ ਰੌਸ਼ਨੀ ਨੂੰ ਦੇਖਦਿਆਂ ਹੀ ਉੱਥੇ ਮੌਜੂਦ ਕੁੜੀਆਂ 'ਚ ਭਗਦੜ ਜਿਹੀ ਮਚ ਗਈ ਅਤੇ ਸਾਰੀਆਂ ਕੁੜੀਆਂ ਆਟੋ ਤੇ ਗੱਡੀਆਂ 'ਚ ਬੈਠ ਕੇ ਫਰਾਰ ਹੋ ਗਈਆਂ।
ਉਹ ਗੱਡੀ ਇੱਕ ਐਂਬੂਲੈਂਸ ਸੀ। ਕੁਝ ਦੇਰ ਬਾਅਦ ਕੁੜੀਆਂ ਫਿਰ ਵਾਪਸ ਆਈਆਂ ਅਤੇ ਗਾਹਕ ਭਾਲਣ ਲਗੀਆਂ।
ਉਨ੍ਹਾਂ ਨੂੰ ਲੋਕਤੰਤਰ ਜਾਂ ਚੋਣਾਂ ਨਾਲ ਕੋਈ ਖ਼ਾਸ ਮਤਲਬ ਨਹੀਂ ਸੀ ਅਤੇ ਨਾ ਹੀ ਆਪਣੇ ਇਲਾਕੇ ਦੇ ਉਮੀਦਵਾਰਾਂ ਬਾਰੇ ਕੋਈ ਜਾਣਕਾਰੀ ਸੀ।
18-19 ਸਾਲ ਦੀ ਬੈਚੇਨ ਜਿਹੀ ਦਿਖ ਰਹੀ ਇੱਕ ਕੁੜੀ ਨੂੰ ਅੱਜ ਕੋਈ ਗਾਹਕ ਨਹੀਂ ਮਿਲਿਆ ਸੀ।
ਰਾਚ ਦੇ ਸਾਢੇ ਤਿੰਨ ਵਜਦਿਆਂ ਹੀ ਉਹ ਉਸੇ ਆਟੋ 'ਚ ਵਾਪਸ ਚਲੀ ਗਈ ਜਿਸ ਵਿੱਚ ਆਈ ਸੀ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਅਜਮੇਰੀ ਗੇਟ ਬਹੁਤਾ ਦੂਰ ਨਹੀਂ ਹੈ ਅਤੇ ਇਥੋਂ ਹੀ ਨਿਕਲ ਕੇ ਲਾਹੌਰੀ ਗੇਟ ਤੱਕ ਪਹੁੰਚਣ ਵਾਲੀ ਜੀਬੀ ਰੋਡ ਨੂੰ 'ਬਦਨਾਮ ਗਲੀ' ਕਿਹਾ ਜਾਂਦਾ ਹੈ।
ਜੀਬੀ ਰੋਡ 'ਤੇ ਹੇਠਾ ਮਸ਼ੀਨਰੀ ਦੇ ਸਾਮਾਨ ਦੀਆਂ ਦੁਕਾਨਾਂ ਹਨ ਅਤੇ ਉੱਤੇ ਹਨੇਰੇ 'ਚ ਡੁੱਬੇ ਕੋਠੇ ਹਨ।
ਹਨੇਰੀਆਂ ਪੌੜੀਆਂ ਉੱਤੇ ਜਾ ਕੇ ਇੱਕ ਹਾਲ ਵਿੱਚ ਨਿਕਲਦੀਆਂ ਹਨ ਜਿਸ ਦੇ ਚਾਰੇ ਕੋਨਿਆਂ 'ਤੇ ਛੋਟੇ-ਛੋਟੇ ਡਿੱਬਾਨੁਮਾ ਕਮਰੇ ਬਣੇ ਹਨ।
ਹਾਲ 'ਚ ਕਈ ਔਰਤਾਂ ਹਨ, ਅਧਖੜ੍ਹ ਉਮਰ ਦੀਆਂ ਅਤੇ ਨੌਜਵਾਨ ਵੀ , ਇਨ੍ਹਾਂ 'ਚੋਂ ਨੇੜੇ ਹੀ ਕਿਰਾਏ ਦੇ ਕਮਰਿਆਂ 'ਚ ਰਹਿੰਦੀਆਂ ਹਨ ਅਤੇ 'ਧੰਦਾ ਕਰਨ' ਇੱਥੇ ਆਉਂਦੀਆਂ ਹਨ।
ਇਨ੍ਹਾਂ ਨਾਲ ਗੱਲ ਕਰਕੇ ਇਹ ਅੰਦਾਜ਼ਾ ਹੁੰਦਾ ਹੈ ਕਿ ਉਨ੍ਹਾਂ ਦੀ ਦੁਨੀਆਂ ਇਨ੍ਹਾਂ ਕੋਠਿਆਂ ਤੱਕ ਹੀ ਸੀਮਤ ਹੈ ਅਤੇ ਲੋਹੇ ਦੀ ਜਾਲੀ ਦੀ ਬਾਲਕਨੀ ਤੋਂ ਬਾਹਰ ਦਾ ਚੋਣਾਂ ਦਾ ਰੌਲਾ ਜਾਂ ਤਾਜ਼ਾ ਹਵਾ ਉਨ੍ਹਾਂ ਤੱਕ ਪਹੁੰਚਦਾ ਹੀ ਨਹੀਂ ਹੈ।
1980 ਦੇ ਦਹਾਕੇ 'ਚ ਘੱਟ ਉਮਰ 'ਚ ਮਹਾਰਾਸ਼ਟਰ ਤੋਂ ਜੀਬੀ ਰੋਡ ਪਹੁੰਚੀ ਸੰਗੀਤਾ ਨੂੰ ਪਤਾ ਹੈ ਕਿ ਦੇਸ 'ਚ ਚੋਣਾਂ ਹੋ ਰਹੀਆਂ ਹਨ ਪਰ ਉਨ੍ਹਾਂ ਦੀ ਨਾ ਤਾਂ ਚੋਣਾਂ ਵਿੱਚ ਦਿਲਚਸਪੀ ਹੈ ਅਤੇ ਨਾ ਹੀ ਕਿਸੇ ਨੇਤਾ ਕੋਲੋਂ ਕੋਈ ਆਸ।
ਨੋਟਬੰਦੀ ਦੀ ਧੰਦੇ 'ਤੇ ਮਾਰ
ਸੰਗੀਤਾ ਮੁਤਾਬਕ ਨੋਟਬੰਦੀ ਦਾ ਉਨ੍ਹਾਂ ਦੇ ਧੰਦੇ 'ਤੇ ਅਜਿਹਾ ਅਸਰ ਹੋਇਆ ਹੈ ਕਿ ਕਈ ਵਾਰ ਉਨ੍ਹਾਂ ਕੋਲ ਖਾਣ ਤੱਕ ਦੇ ਪੈਸੇ ਨਹੀਂ ਹੁੰਦੇ ਸੀ।
ਉਹ ਕਹਿੰਦੀ ਹੈ, "ਮੋਦੀ ਜੀ ਨੇ ਖਾਣਾ ਖਰਾਬ ਕਰ ਦਿੱਤਾ ਹੈ। ਸਰਕਾਰ ਅਜਿਹੀ ਹੋਣੀ ਚਾਹੀਦੀ ਹੈ ਜੋ ਗਰੀਬਾਂ ਦਾ ਸਾਥ ਦੇਵੇ, ਸਹਾਰਾ ਦੇਵੇ, ਰਹਿਣ ਨੂੰ ਥਾਂ ਦੇਵੇ। ਪਰ ਗਰੀਬਾਂ ਲਈ ਕੁਝ ਹੋ ਹੀ ਨਹੀਂ ਰਿਹਾ ਹੈ, ਜਿਨ੍ਹਾਂ ਕੋਲ ਪਹਿਲਾਂ ਹੀ ਕੰਮ ਹੈ ਉਨ੍ਹਾਂ ਨੂੰ ਹੀ ਦਿੱਤਾ ਜਾ ਰਿਹਾ ਹੈ। ਸਾਡੇ ਸੜਕ ਦੀਆਂ ਔਰਤਾਂ ਲਈ ਕੋਈ ਕੁਝ ਨਹੀਂ ਕਰ ਰਿਹਾ ਹੈ।"
ਸੰਗੀਤਾ ਕੋਲ ਪਛਾਣ ਪੱਤਰ ਵੀ ਹੈ ਅਤੇ ਆਧਾਰ ਕਾਰਡ ਵੀ ਹੈ। ਉਹ ਹਰ ਵਾਰ ਵੋਟ ਪਾਉਂਦੀ ਹੈ ਪਰ ਉਨ੍ਹਾਂ ਨੂੰ ਨਹੀਂ ਲਗਦਾ ਕਿ ਉਨ੍ਹਾਂ ਦੇ ਵੋਟ ਨਾਲ ਕੁਝ ਬਦਲੇਗਾ।
ਉਹ ਕਹਿੰਦੀ ਹੈ, "ਸਾਨੂੰ ਸਾਰੇ ਕੋਠੇ ਵਾਲੀ ਬੋਲਦੇ ਹਨ ਪਰ ਬੋਲਣ ਵਾਲੇ ਇਹ ਨਹੀਂ ਸੋਚਦੇ ਕਿ ਅਸੀਂ ਵੀ ਢਿੱਡ ਲਈ ਇਹ ਕਰ ਰਹੇ ਹਾਂ। ਸਾਡੀ ਕੋਈ ਕੀਮਤ ਨਹੀਂ ਕਿਸੇ ਦੀ ਨਜ਼ਰ 'ਚ।"
ਸੰਗੀਤਾ ਨੇ ਜ਼ੀਰੋ ਬੈਲੇਂਸ ਤਾਂ ਖਾਤਾ ਖੋਲ੍ਹਿਆ ਸੀ ਪਰ ਉਨ੍ਹਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਹੈ।
ਉਨ੍ਹਾਂ ਨੇ ਕਿਹਾ, “ਇਹ ਤਾਂ ਲੋਕਾਂ ਨੂੰ ਪਾਗ਼ਲ ਬਣਾਉਣਾ ਹੋਇਆ। ਹੁਣ 6000 ਰੁਪਏ ਮਹੀਨਾ ਦੇਣ ਦਾ ਲਾਲਚ ਦੇ ਰਹੇ ਹਨ ਪਰ ਸਾਨੂੰ ਨਹੀਂ ਲਗਦਾ ਕਿ ਕੋਈ ਪੈਸਾ ਜਾਂ ਮਦਦ ਸਾਨੂੰ ਮਿਲੇਗੀ।"
ਉਹ ਕਹਿੰਦੀ ਹੈ, "ਸਾਨੂੰ ਪਤਾ ਹੈ ਕਿ ਇਹ ਗ਼ਲਤ ਥਾਂ ਹੈ ਪਰ ਇੱਥੇ ਸ਼ੌਂਕ ਨਾਲ ਨਹੀਂ ਹੈ। ਮਜਬੂਰੀ 'ਚ ਹੈ। ਘਰ-ਪਰਿਵਾਰ ਦੀਆਂ ਔਰਤਾਂ ਨੂੰ ਸਭ ਕੁਝ ਦਿੱਤਾ ਜਾ ਰਿਹਾ ਹੈ ਪਰ ਸਾਡੇ ਬਾਰੇ ਕੋਈ ਕੁਝ ਨਹੀਂ ਪੁੱਛ ਰਿਹਾ ਹੈ। ਸਾਨੂੰ ਵੀ ਪੈਰ ਫੈਲਾਉਣ ਲਈ ਥਾਂ ਚਾਹੀਦੀ ਹੈ ਪਰ ਸਾਡੇ ਹਿੱਸੇ ਉਹ ਨਹੀਂ ਹੈ।"
ਵੋਟ ਨਾਲ ਕੁਝ ਬਦਲਣ ਦੀ ਆਸ ਨਹੀਂ
ਸੰਗੀਤਾ ਇਸ ਵਾਰ ਵੀ ਹਰ ਵਾਰ ਵਾਂਗ ਵੋਟ ਦੇਵੇਗੀ ਪਰ ਉਨ੍ਹਾਂ ਨੂੰ ਨਹੀਂ ਲਗਦਾ ਕਿ ਵੋਟ ਨਾਲ ਉਨ੍ਹਾਂ ਦੀ ਆਪਣੀ ਜ਼ਿੰਦਗੀ 'ਚ ਕੁਝ ਬਦਲੇਗਾ।
ਉਹ ਕਹਿੰਦੀ ਹੈ, "ਕਿਸੇ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ ਕੋਈ ਗੌਰ ਨਹੀਂ ਕਰਦਾ ਸਾਡੇ 'ਤੇ ਕਿਉਂਕਿ ਅਸੀਂ ਗ਼ੈਰ-ਕਾਨੂੰਨੀ ਹਾਂ।"
ਇਸੇ ਕੋਠੇ 'ਤੇ ਕੰਮ ਕਰਨ ਵਾਲੀ ਸਾਇਰਾ ਵੀ ਸੰਗੀਤਾ ਵਾਂਗ ਹੀ ਹਰ ਵਾਰ ਵੋਟ ਪਾਉਂਦੀ ਹੈ।
ਉਹ ਕਹਿੰਦੀ ਹੈ, "ਸਰਕਾਰ ਕੋਲੋਂ ਸਾਡੀ ਇਹੀ ਆਸ ਹੈ ਕਿ ਸਾਡਾ ਕੰਮ ਧੰਦਾ ਚਲਦਾ ਹੈ। ਸਾਡੇ ਵੀ ਬੱਚੇ ਹਨ ਜਿਨ੍ਹਾਂ ਨੂੰ ਛੱਡ ਕੇ ਅਸੀਂ ਇੱਥੇ ਪਏ ਹਾਂ। ਜਦੋਂ ਤੋਂ ਨੋਟਬੰਦੀ ਹੋਈ ਹੈ ਸਾਡਾ ਧੰਦਾ ਹੀ ਖ਼ਤਮ ਹੋ ਗਿਆ ਹੈ। ਖਾਣ ਤੱਕ ਲਈ ਮੋਹਤਾਜ਼ ਹੋ ਗਏ ਹਾਂ।"
ਉਹ ਕਹਿੰਦੀ ਹੈ, "ਮੇਰੇ ਪਰਿਵਾਰ 'ਚ ਕਿਸੇ ਨੂੰ ਨਹੀਂ ਪਤਾ ਕਿ ਮੈਂ ਇਹ ਕੰਮ ਕਰਦੀ ਹਾਂ। ਚਾਰ ਬੱਚੇ ਹਨ, ਉਨ੍ਹਾਂ ਦਾ ਢਿੱਡ ਭਰਨਾ ਹੈ, ਫ਼ੀਸ ਭਰਨੀ ਹੈ। ਜੇਕਰ ਕਿਤੇ ਭਾਂਡੇ ਮਾਂਜਣ ਦਾ ਕੰਮ ਵੀ ਕਰਾਂ ਤਾਂ ਮਹੀਨੇ ਦੇ 5-6 ਹਜ਼ਾਰ ਹੀ ਮਿਲਣਗੇ। ਕੀ ਇੰਨੇ ਪੈਸਿਆਂ 'ਚ ਚਾਰ ਬੱਚਿਆਂ ਦਾ ਪੇਟ ਭਰ ਸਕਦਾ ਹੈ?"
ਸਾਇਰਾ ਦੀਆਂ ਤਿੰਨ ਬੇਟੀਆਂ ਅਤੇ ਇੱਕ ਬੇਟਾ ਹੈ। ਬੇਟੀਆਂ ਪਿੰਡ 'ਚ ਰਹਿੰਦੀਆਂ ਹਨ ਜਦ ਕਿ ਬੇਟਾ ਉਨ੍ਹਾਂ ਨਾਲ ਹੀ ਰਹਿੰਦਾ ਹੈ। ਸੈਕਸ ਵਰਕਰ ਵਜੋਂ ਕੰਮ ਕਰਦਿਆਂ ਹੋਇਆਂ ਉਹ ਸਮੇਂ ਤੋਂ ਪਹਿਲਾਂ ਬੁੱਢੀ ਲੱਗਣ ਲੱਗੀ ਹੈ।
ਪਿੰਡ 'ਚ ਉਨ੍ਹਾਂ ਦੇ ਆਧਾਰ ਕਾਰਡ ਸਣੇ ਕਈ ਦਸਤਾਵੇਜ਼ ਹਨ ਅਤੇ ਕੁਝ ਸਰਕਾਰੀ ਯੋਜਨਾਵਾਂ ਦਾ ਲਾਭ ਵੀ ਉਨ੍ਹਾਂ ਮਿਲਦਾ ਹੈ ਪਰ ਘਰ 'ਚ ਕੋਈ ਕਮਾਉਣ ਵਾਲਾ ਪੁਰਸ਼ ਨਾ ਹੋਣ ਕਾਰਨ ਉਹ ਦਿੱਲੀ ਆਈ ਅਤੇ ਜੀਬੀ ਰੋਡ ਪਹੁੰਚ ਗਈ।
ਇਹ ਵੀ ਪੜ੍ਹੋ-
ਉਹ ਕਹਿੰਦੀ ਹੈ, "ਸਾਡੀ ਜ਼ਿੰਦਗੀ ਤਾਂ ਇੰਝ ਹੀ ਬੀਤ ਗਈ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਕੁਝ ਬਿਹਤਰ ਹੋਵੇ।"
ਗਰੀਬੀ ਦੀ ਮਾਰ
26 ਸਾਲ ਦੀ ਨੀਲਮ ਘੱਟ ਉਮਰ 'ਚ ਹੀ ਇੱਥੇ ਪਹੁੰਚ ਗਈ ਸੀ। ਇੱਥੇ ਪਹੁੰਚਣ ਕਾਰਨ ਵੀ ਪਰਿਵਾਰ ਦੀ ਗਰੀਬੀ ਹੀ ਦੱਸਦੀ ਹੈ।
ਹਰ ਮਹੀਨੇ 10 ਤੋਂ 15 ਹਜ਼ਾਰ ਰੁਪਏ ਤੱਕ ਕਮਾਉਣ ਵਾਲੀ ਨੀਲਮ ਇਸ ਕੋਠੇ 'ਚ ਹੀ ਬਣੀ ਇੱਕ ਬੇਹੱਦ ਛੋਟੀ ਕੋਠੜੀ 'ਚ ਰਹਿੰਦੀ ਹੈ।
ਸਰਕਾਰ ਅਤੇ ਬਾਹਰ ਹੋ ਰਹੀ ਰਾਜਨੀਤੀ ਦੇ ਸਵਾਲ 'ਤੇ ਉਹ ਕਹਿੰਦੀ ਹੈ, "ਸਾਨੂੰ ਵਧੇਰੇ ਕੁਝ ਪਤਾ ਤਾਂ ਨਹੀਂ ਹੈ ਪਰ ਅਸੀਂ ਅਜਿਹਾ ਮਾਹੌਲ ਚਾਹੁੰਦੇ ਹਾਂ ਜਿਸ 'ਚ ਸਾਡੇ ਬੱਚੇ ਵੀ ਬਾਕੀ ਬੱਚਿਆਂ ਵਾਂਗ ਪੜ੍ਹ ਸਕਣ।"
ਉਹ ਕਹਿੰਦੇ ਹਨ, "ਸਾਡੇ ਕੋਲ ਸਿਰ ਲੁਕਾਉਣ ਲਈ ਥਾਂ ਨਹੀਂ ਹੈ, ਜੇਕਰ ਸਰਕਾਰ ਸਾਡੇ ਰਹਿਣ ਦਾ ਕਿਤੇ ਇੰਤਜ਼ਾਮ ਕਰ ਦੇਵੇ ਤਾਂ ਇਸ ਨਰਕ ਤੋਂ ਨਿਕਲ ਸਕੀਏ।"
ਪਰ ਇੱਥੋਂ ਨਿਕਲਣਾ ਉਨ੍ਹਾਂ ਕਲਪਨਾ ਵਾਂਗ ਹੀ ਹੈ।
ਬਾਹਰ ਦੀ ਰਾਜਨੀਤੀ ਦੇ ਸਵਾਲ 'ਤੇ ਉਹ ਕਹਿੰਦੀ ਹੈ, "ਅੱਜ ਤੱਕ ਕਿਸੇ ਨੇ ਆ ਕੇ ਸਾਡਾ ਹਾਲ ਚਾਲ ਨਹੀਂ ਪੁੱਛਿਆ ਅਤੇ ਨਾ ਹੀ ਸਾਨੂੰ ਕਦੇ ਲਗਿਆ ਕਿ ਕਿਸੇ ਨੂੰ ਸਾਡੀ ਕੋਈ ਪਰਵਾਹ ਹੈ। ਅਸੀਂ ਜੋ ਕਰਦੇ ਹਾਂ ਉਸ ਨੂੰ ਸਾਰੇ ਗ਼ਲਤ ਕਹਿੰਦੇ ਹਨ, ਜਿਨ੍ਹਾਂ ਨੂੰ ਗ਼ਲਤ ਮੰਨ ਲਿਆ ਗਿਆ ਹੈ ਕੋਈ ਉਨ੍ਹਾਂ ਦਾ ਸਾਥ ਕਿਵੇਂ ਦੇਵੇਗਾ?"
ਸਰਕਾਰ ਨਾਲ ਕੋਈ ਮਤਲਬ ਨਹੀਂ
ਇਸੇ ਕੋਠੇ 'ਤੇ ਉਪਰਲੀ ਮੰਜ਼ਿਲ 'ਤੇ ਰਹਿਣ ਵਾਲੀ ਰੰਜਨਾ ਨੂੰ ਵੀ ਚੋਣਾਂ ਨਾਲ ਕੋਈ ਮਤਲਬ ਨਹੀਂ ਹੈ।
ਉਹ ਕਹਿੰਦੀ ਹੈ, "ਜਦੋਂ ਸਰਕਾਰ ਨੇ ਕਦੇ ਸਾਡੇ ਲਈ ਕੁਝ ਨਹੀਂ ਕੀਤਾ ਤਾਂ ਅਸੀਂ ਸਰਕਾਰ ਲਈ ਕੁਝ ਕਿਉਂ ਕਰੀਏ?"
ਉਹ ਕਹਿੰਦੀ ਹੈ, "ਮੈਨੂੰ ਚੋਣਾਂ ਬਾਰੇ ਕੁਝ ਨਹੀਂ ਪਤਾ ਹੈ। ਨਾ ਮੈਂ ਨਿਊਜ਼ ਦੇਖਦੀ ਹਾਂ ਅਤੇ ਨਾਲ ਹੀ ਅਖ਼ਬਾਰ ਪੜ੍ਹਦੀ ਹਾਂ। ਨਾ ਮੇਰਾ ਵੋਟਰ ਆਈ-ਕਾਰਡ ਹੈ। ਜੇਕਰ ਕੋਈ ਵੋਟਰ-ਕਾਰਡ ਬਣਵਾ ਦੇਵੇਗਾ ਤਾਂ ਵੋਟ ਵੀ ਪਾ ਦਿਆਂਗੇ ਪਰ ਸਾਡਾ ਆਈ-ਕਾਰਡ ਬਣਵਾਏਗਾ ਕੌਣ?"
ਇਹ ਪੁੱਛਣ 'ਤੇ ਕਿ ਜੇਕਰ ਵੋਟ ਪਾਉਣ ਦਾ ਮੌਕਾ ਮਿਲਿਆ ਤਾਂ ਉਹ ਕਿਵੇਂ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਉੱਥੇ ਮੌਜੂਦ ਸਾਰੀਆਂ ਔਰਤਾਂ ਨੇ ਇੱਕ ਸੁਰ 'ਚ ਕਿਹਾ, "ਜੋ ਗਰੀਬਾਂ ਬਾਰੇ ਵੀ ਸੋਚੇ, ਸਾਡੇ ਵਰਗੇ ਚਿੱਕੜ 'ਚ ਰਹਿਣ ਵਾਲਿਆਂ ਲਈ ਵੀ ਕੁਝ ਕਰੇ।"
ਰੰਜਨਾ ਬੇਹੱਦ ਘੱਟ ਉਮਰ 'ਚ ਇੱਥੇ ਪਹੁੰਚੀ ਸੀ ਅਤੇ ਹੁਣ ਘੱਟ ਉਮਰ 'ਚ ਹੀ ਉਨ੍ਹਾਂ 'ਚ ਬੁਢਾਪਾ ਨਜ਼ਰ ਆਉਣ ਲਗਿਆ ਹੈ।
ਇੱਥੇ ਪਹੁੰਚਣ ਦੇ ਸਵਾਲ 'ਤੇ ਉਹ ਖ਼ਾਮੋਸ਼ ਹੋ ਗਈ ਅਤੇ ਉਨ੍ਹਾਂ ਦਾ ਠਹਾਕਾ ਹੰਝੂਆਂ 'ਚ ਬਦਲ ਗਿਆ।
ਤਹਿਖ਼ਾਨਿਆਂ 'ਚ ਕੈਦ ਜ਼ਿੰਦਗੀ
ਇਨ੍ਹਾਂ ਔਰਤਾਂ ਦੇ ਕਮਰੇ ਤਹਿਖ਼ਾਨਿਆਂ ਵਰਗੇ ਹਨ ਅਤੇ ਉਹ ਕਹਿੰਦੀਆਂ ਹਨ ਕਿ ਤਹਿਖ਼ਾਨਾ ਹੀ ਹੈ।
ਇੱਕ ਸੈਕਸ ਵਰਕਰ ਜੋ ਬੁੱਢੀ ਹੋ ਗਈ ਹੈ, ਕਹਿੰਦੀ ਹੈ, "ਸਾਡੇ ਤਹਿਖ਼ਾਨੇ 'ਚ ਕੋਈ ਸਾਡਾ ਹਾਲਚਾਲ ਪੁੱਛਣ ਆਇਆ ਇਹ ਹੀ ਸਾਡੇ ਲਈ ਵੱਡੀ ਗੱਲ ਹੈ। ਪਰ ਅਸੀਂ ਜਾਣਦੇ ਹਾਂ ਕਿ ਕੋਈ ਵੀ ਸਾਡੇ ਲਈ ਕਹਿ ਕੁਝ ਵੀ ਦੇਵੇ ਪਰ ਕਦੇ ਸਾਡਾ ਭਲਾ ਨਹੀਂ ਹੋਵੇਗਾ। ਅਸੀਂ ਇਨ੍ਹਾਂ ਤਹਿਖ਼ਾਨਿਆਂ 'ਚ ਖ਼ਤਮ ਹੋ ਜਾਣਾ ਹੈ।"
ਇੱਕ ਕੋਠੇ 'ਤੇ ਐਲੂਮੀਨੀਅਮ ਦੀ ਇੱਕ ਪੌੜੀ ਉੱਤੇ ਬਣੇ ਕਮਰੇ ਤੱਕ ਪਹੁੰਚਦੀ ਹੈ। ਇੱਥੇ ਇੱਕ 4-5 ਸਾਲ ਦਾ ਮੁੰਡਾ ਇਕੱਲਿਆਂ ਹੀ ਖੇਡ ਰਿਹਾ ਸੀ।
ਕੰਧ 'ਤੇ ਕਾਗ਼ਜ਼ ਦੇ ਫੁੱਲ ਲੱਗੇ ਸਨ। ਉੱਚੀ ਅੱਡੀ ਦੀਆਂ ਜੁੱਤੀਆਂ ਫੱਟੇ 'ਤੇ ਸੱਜੀਆਂ ਸਨ। ਸਾਫ਼ ਚਾਦਰ ਗੱਦੇ 'ਤੇ ਵਿੱਛੀ ਹੋਈ ਸੀ। ਇਹ ਇੱਥੇ ਰਹਿਣ ਵਾਲੀ ਇੱਕ ਸੈਕਸ ਵਰਕਰ ਦਾ ਪੂਰਾ ਆਸ਼ਿਆਨਾ ਸੀ।
ਇਹ ਬੱਚਾ ਉਸੇ ਦਾ ਸੀ ਜਿਸ ਨੂੰ ਆਪਣੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਵੱਡਾ ਹੋ ਕੇ ਇੱਕ ਪੁਲਿਸ ਅਧਿਕਾਰੀ ਬਣਨਾ ਚਾਹੁੰਦਾ ਹੈ।
ਪਰ ਇਸ ਤੋਂ ਪਹਿਲਾਂ ਸਕੂਲ ਜਾਣਾ ਹੈ, ਉਹ ਉਸ ਦਾ ਵੀ ਸੁਪਨਾ ਹੈ ਅਤੇ ਉਸ ਦੀ ਮਾਂ ਦਾ ਵੀ।
ਮਾਂ, ਜਿਸ ਨੇ ਇਸ ਨੂੰ ਉੱਪਰ ਕਮਰੇ 'ਚ ਸਭ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਿਆ ਹੈ।
ਇਸੇ ਕਮਰੇ ਤੋਂ ਇੱਕ ਰੌਸ਼ਨਦਾਨ ਹੇਠਾਂ ਸੜਕ ਵੱਲ ਖੁੱਲ੍ਹਦਾ ਹੈ ਜਿਸ ਤੋਂ ਬਾਹਰ ਦੀ ਦੁਨੀਆਂ ਦਿਖਦੀ ਹੈ।
ਬਾਹਰ ਦੀ ਦੁਨੀਆਂ ਜਿੱਥੇ ਚੋਣ ਦਾ ਰੌਲਾ ਹੈ ਅਤੇ ਗਹਿਮਾ-ਗਹਿਮੀ ਹੈ। ਇਸ ਚੋਣਾਂ ਦੇ ਸ਼ੋਰ 'ਚ ਇਸ ਕੋਠੇ 'ਤੇ ਰਹਿਣ ਵਾਲੀਆਂ ਔਰਤਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ।
ਸੈਕਸ ਵਰਕਰ ਅਤੇ ਅਧਿਕਾਰ
ਜੀਬੀ ਰੋਡ 'ਤੇ ਕੰਮ ਕਰਨ ਵਾਲੀਆਂ ਸੈਕਸ ਵਰਕਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਨ ਵਾਲੀ ਸਮਾਜਿਕ ਵਰਕਰ ਗੀਤਾਂਜਲੀ ਬੱਬਰ ਕਹਿੰਦੀ ਹੈ, "ਸੈਕਸ ਵਰਕਰਾਂ ਦੇ ਅਧਿਕਾਰਾਂ ਦਾ ਸਾਡੇ ਦੇਸ 'ਚ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਹੈ। ਜਿੱਥੇ ਆਮ ਨਾਗਰਿਕਾਂ 'ਚ ਵੀ ਅਧਿਕਾਰਾਂ ਨੂੰ ਲੈ ਕੇ ਬਹੁਤ ਜਾਗਰੂਕਤਾ ਨਾ ਹੋਵੇ ਉੱਥੇ ਸੈਕਸ ਵਰਕਰਾਂ 'ਚ ਕਿਵੇਂ ਜਾਗਰੂਕਤਾ ਹੋਵੇਗੀ।"
ਗੀਤਾਂਜਲੀ ਕਹਿੰਦੀ ਹੈ, "ਇੱਥੇ ਕੰਮ ਕਰਨ ਵਾਲੀਆਂ ਔਰਤਾਂ ਕਠਪੁਤਲੀਆਂ ਵਾਂਗ ਹਨ। ਸਾਡੀ ਸਰਕਾਰ ਨੂੰ ਇਨ੍ਹਾਂ ਔਰਤਾਂ ਦੀ ਕੋਈ ਪਰਵਾਹ ਨਹੀਂ ਹੈ। ਜੀਬੀ ਰੋਡ ਤੋਂ ਭਾਰਤ ਦੀ ਸਰਕਾਰ ਬਹੁਤ ਦੂਰ ਨਹੀਂ ਹੈ। ਪਰ ਕਿਸੇ ਕੋਲ ਸਮਾਂ ਨਹੀਂ ਹੈ ਜੋ ਇਨ੍ਹਾਂ ਔਰਤਾਂ ਦਾ ਹਾਲ ਪੁੱਛੇ।"
ਗੀਤਾਂਜਲੀ ਕਹਿੰਦੀ ਹੈ, "ਸਾਡੇ ਸਰਕਾਰੀ ਅਧਿਕਾਰੀ, ਸਾਡੇ ਨੇਤਾ ਇਸ ਸੜਕ ਤੋਂ ਲੰਘਦੇ ਹਨ ਤਾਂ ਉਨ੍ਹਾਂ ਨੂੰ ਸਭ ਪਤਾ ਹੁੰਦਾ ਹੈ ਪਰ ਉਹ ਇਸ ਬਾਰੇ ਕੁਝ ਨਹੀਂ ਕਰਦੇ। ਫਿਰ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ ਸਰਕਾਰ ਹੋਵੇ, ਕੋਠਿਆਂ ਦੇ ਮਾਮਲੇ 'ਚ ਕੋਈ ਕੁਝ ਨਹੀਂ ਕਰਦਾ ਹੈ।"
ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਚਾਹੇ ਤਾਂ ਉਨ੍ਹਾਂ ਔਰਤਾਂ ਨੂੰ ਇਸ ਦਲਦਲ ਤੋਂ ਕੱਢਿਆ ਜਾ ਸਕਦਾ ਹੈ।
ਉਹ ਕਹਿੰਦੀ ਹੈ, "ਸਰਕਾਰ ਵੱਡੀਆਂ-ਵੱਡੀਆਂ ਯੋਜਨਾਵਾਂ ਲੈ ਕੇ ਆ ਰਹੀ ਹੈ। ਇਨ੍ਹਾਂ ਯੋਜਨਾਵਾਂ 'ਚ ਇਨ੍ਹਾਂ ਔਰਤਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਸਰਕਾਰ ਜੇਕਰ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ।"
ਭਾਰਤ 'ਚ ਕਿੰਨੀਆਂ ਸੈਕਸ ਵਰਕਰਾਂ ਹਨ?
ਭਾਰਤ 'ਚ ਜਿਸਮ ਫਿਰੌਸ਼ੀ ਦੇ ਧੰਦੇ 'ਚ ਕਿੰਨੀਆਂ ਔਰਤਾਂ ਸ਼ਾਮਿਲ ਹਨ ਇਸ ਦਾ ਕੋਈ ਸਪੱਸ਼ਟ ਅੰਕੜਾ ਉਲਪਬਧ ਨਹੀਂ ਹੈ।
ਔਰਤਾਂ ਅਤੇ ਬਾਲ ਵਿਕਾਸ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਭਾਰਤ 'ਚ 30 ਲੱਖ ਤੋਂ ਵੱਧ ਸੈਕਸ ਵਰਕਰ ਹਨ।
ਹਿਊਮਨ ਰਾਇਟਸ ਵਾਚ ਮੁਤਾਬਕ ਇਹ ਅੰਕੜਾ ਹੋਰ ਵੀ ਵੱਧ ਹੋ ਸਕਦਾ ਹੈ। ਬਾਵਜੂਦ ਇਸ ਦੇ ਸੈਕਸ ਵਰਕਰਾਂ ਦਾ ਇੱਕ ਪ੍ਰਭਾਵਸ਼ਾਲੀ ਵੋਟਰ ਵਰਗ ਬਣਨਾ ਅਜੇ ਬਾਕੀ ਹੈ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: