ਅਮੇਜ਼ੌਨ ਕੰਪਨੀ ਦੇ ਮਾਲਕ ਜੇਫ ਬੇਜ਼ੋਸ ਦੀ ਪਤਨੀ ਨਾਲ ਦੁਨੀਆਂ ਦੀ ਸਭ ਤੋਂ ਮਹਿੰਗੀ ਤਲਾਕ ਡੀਲ ਪੱਕੀ

ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਅਮੇਜ਼ੌਨ ਦੇ ਮਾਲਿਕ ਜੇਫ਼ ਬੇਜ਼ੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਦੇ ਵਿਚਾਲੇ ਰਿਕਾਰਡ 35 ਬਿਲੀਅਨ ਡਾਲਰ (ਤਕਰੀਬਨ 2420 ਅਰਬ ਰੁਪਏ) ਦੇ ਸਮਝੌਤੇ 'ਤੇ ਤਲਾਕ ਨੂੰ ਲੈ ਕੇ ਸਹਿਮਤੀ ਬਣ ਗਈ ਹੈ।

ਤਲਾਕ ਸਹਿਮਤੀ ਦੇ ਮੁਤਾਬਕ ਹੁਣ 25 ਸਾਲ ਪੁਰਾਣੀ ਰਿਟੇਲ ਕੰਪਨੀ ਅਮੇਜ਼ੌਨ ਵਿੱਚ ਮੈਕੇਂਜ਼ੀ ਦੀ ਹਿੱਸੇਦਾਰੀ 4 ਫੀਸਦ ਹੀ ਰਹੇਗੀ।

ਨਾਲ ਹੀ ਹੁਣ ਮੈਕੇਂਜ਼ੀ ਵਾਸ਼ਿੰਗਟਨ ਪੋਸਟ ਨਿਊਜ਼ਪੇਪਰ ਅਤੇ ਬੇਜ਼ੋਸ ਦੀ ਸਪੇਸ ਟਰੈਵਲ ਫਰਮ ਬਲੂ ਓਰਿਜਿਨ ਵਿੱਚ ਵੀ ਆਪਣੀ ਦਿਲਚਸਪੀ ਛੱਡ ਦੇਣਗੇ।

ਬੇਜ਼ੋਸ ਅਤੇ ਮੈਕੇਂਜ਼ੀ ਦੇ ਵਿਚਾਲੇ 35 ਬਿਲੀਅਨ ਡਾਲਰ ਦੀ ਰਕਮ 'ਤੇ ਹੋਏ ਸਮਝੌਤੇ ਨੇ ਫਰਾਂਸ ਵਿੱਚ ਜੰਮੇ ਅਮਰੀਕੀ ਅਰਬਪਤੀ ਏਲੇਕ ਵਾਇਲਡਨੇਸਟੀਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਜੋਸੇਲੀਨ ਵਾਇਲਡਨੇਸਟੀਨ ਦੇ ਵਿਚਾਲੇ 3.8 ਬਿਲੀਅਨ ਡਾਲਰ ਦੇ ਸਮਝੌਤੇ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ

ਮੈਕੇਂਜ਼ੀ ਨੇ ਇੱਕ ਟਵੀਟ ਦੇ ਜ਼ਰੀਏ ਇਹ ਐਲਾਨ ਕੀਤਾ। ਉਨ੍ਹਾਂ ਇਸੇ ਮਹੀਨੇ ਟਵਿੱਟਰ ਜੁਆਇਨ ਕੀਤਾ ਹੈ ਅਤੇ ਇਹ ਉਨ੍ਹਾਂ ਦਾ ਪਹਿਲਾ ਅਤੇ ਇਕਲੌਤਾ ਟਵੀਟ ਹੈ।

ਉਨ੍ਹਾਂ ਨੇ ਇਹ ਵੀ ਲਿਖਿਆ ਕਿ 'ਇਸ ਵਿਆਹ ਨੂੰ ਇੱਕ ਦੂਜੇ ਦੇ ਸਹਿਯੋਗ ਨਾਲ ਖ਼ਤਮ ਕਰਨ ਲਈ ਸ਼ੁਕਰਗੁਜ਼ਾਰ ਹਾਂ।'

ਜੇਫ਼ ਬੇਜ਼ੋਸ ਨੇ ਵੀ ਮੈਕੇਂਜ਼ੀ ਬਾਰੇ ਟਵੀਟ ਕਰਕੇ ਕਿਹਾ, ਮੈਕੇਂਜ਼ੀ ਬਹੁਤ ਹੀ ਮਦਦਗਾਰ ਅਤੇ ਬੁੱਧੀਮਾਨ ਹੈ। ਮੈਂ ਹਮੇਸ਼ਾ ਉਸ ਤੋਂ ਸਿੱਖਦਾ ਰਹਾਂਗਾ।

ਇਸ ਤਲਾਕ ਸਮਝੌਤੇ ਤੋਂ ਪਹਿਲਾਂ ਅਮੇਜ਼ੌਨ ਵਿੱਚ ਮੈਕੇਂਜ਼ੀ ਦੀ 16.3 ਫੀਸਦ ਹਿੱਸੇਦਾਰੀ ਸੀ। ਯਾਨੀ ਉਨ੍ਹਾਂ ਦੀ 75 ਫੀਸਦ ਹਿੱਸੇਦਾਰੀ ਬੇਜ਼ੋਸ ਆਪਣੇ ਕੋਲ ਰੱਖਣਗੇ।

ਇਸ ਦੇ ਨਾਲ ਹੀ ਮੈਕੇਂਜ਼ੀ ਨੇ ਵੋਟਿੰਗ ਦੇ ਵੀ ਸਾਰੇ ਅਧਿਕਾਰ ਬੇਜ਼ੋਸ ਨੂੰ ਟਰਾਂਫਰ ਕਰ ਦਿੱਤੇ ਹਨ।

ਬੇਜ਼ੋਸ ਨੇ ਸਾਲ 1994 ਵਿੱਚ ਅਮੇਜ਼ੌਨ ਦੀ ਸਥਾਪਨਾ ਕੀਤੀ ਅਤੇ ਮੈਕੇਂਜ਼ੀ ਨੇ ਇਸ ਕੰਪਨੀ ਦੀ ਪਹਿਲੀ ਮੈਂਬਰ ਦੇ ਰੂਪ ਵਿੱਚ ਕੰਮ ਕੀਤੀ ਸੀ। ਦੋਹਾਂ ਦੇ ਚਾਰ ਬੱਚੇ ਹਨ।

ਇਹ ਵੀ ਪੜ੍ਹੋ

ਅੱਜ ਅਮੇਜ਼ੌਨ ਇੱਕ ਬਹੁਤ ਵੱਡੀ ਆਨਲਾਈਨ ਕੰਪਨੀ ਹੈ। ਫੋਰਬਸ ਦੇ ਮੁਤਾਬਕ ਬੀਤੇ ਸਾਲ ਅਮੇਜ਼ੌਨ ਨੇ 232.8 ਬਿਲੀਅਨ ਡਾਲਰ (ਤਕਰੀਬਨ 16,010 ਅਰਬ ਰੁਪਏ) ਦਾ ਕਾਰੋਬਾਰ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨੇ 131 ਬਿਲੀਅਨ ਡਾਲਰ (ਤਕਰੀਬਨ 9,109 ਅਰਬ ਰੁਪਏ) ਦੀ ਕਮਾਈ ਕੀਤੀ।

ਕ੍ਰਿਏਟਿਵ ਰਾਈਟਰ ਵੀ ਹਨ ਮੈਕੇਂਜ਼ੀ

ਮੈਕੇਂਜ਼ੀ ਇੱਕ ਕਾਮਯਾਬ ਨਾਵਲਕਾਰ ਵੀ ਹਨ। ਉਨ੍ਹਾਂ ਨੇ ਦੋ ਕਿਤਾਬਾਂ 'ਦ ਟੈਸਟਿੰਗ ਆਫ ਲੂਥਰ ਅਲਬ੍ਰਾਈਟ' ਅਤੇ 'ਟ੍ਰੈਪਸ' ਲਿਖੀਆਂ ਹਨ।

ਉਹ ਪੁਲਿਤਜ਼ਰ ਪੁਰਸਕਾਰ ਜੇਤੂ ਅਤੇ ਲੇਖਕ ਟੋਨੀ ਮੌਰੀਸਨ ਕੋਲੋਂ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਪੜ੍ਹੇ ਹਨ।

ਮੌਰੀਸਨ ਨੇ ਇੱਕ ਵਾਰ ਕਿਹਾ ਸੀ ਕਿ ਮੈਕੇਂਜ਼ੀ ਉਨ੍ਹਾਂ ਦੇ ਸਭ ਤੋਂ ਬਿਹਤਰੀਨ ਵਿਦਿਆਰਥੀਆਂ ਵਿੱਚੋਂ ਇੱਕ ਸੀ।

ਇਹ ਵੀ ਪੜ੍ਹੋ

ਉੱਧਰ ਜੇਫ਼ ਬੇਜ਼ੋਸ ਦੀ ਫੌਕਸ ਟੀਵੀ ਦੀ ਸਾਬਕਾ ਹੋਸਟ ਲੌਰੇਨ ਸਾਂਚੇਜ਼ ਦੇ ਨਾਲ ਕਥਿਤ ਰਿਲੇਸ਼ਨਸ਼ਿਪ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ।

ਜਦੋਂ ਬੇਜ਼ੋਸ ਨੇ ਜਨਵਰੀ ਵਿੱਚ ਮੈਕੇਂਜ਼ੀ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਸੀ ਤਾਂ ਇੱਕ ਅਮਰੀਕੀ ਟੈਬਲਾਇਡ ਨੇ ਸਾਂਚੇਜ਼ ਦੇ ਨਾਲ ਬੇਜ਼ੋਸ ਦੇ ਸਬੰਧਾਂ ਅਤੇ ਨਿੱਜੀ ਸੰਦੇਸ਼ਾਂ ਨੂੰ ਛਾਪਿਆ ਸੀ।

ਬੇਜ਼ੋਸ ਨੇ ਇਸ ਹੈਲਥ ਅਤੇ ਫਿਟਨੈੱਸ ਮੈਗਜ਼ੀਨ, ਅਮਰਕੀ ਮੀਡੀਆ ਇਨਕਾਰਪੋਰੇਸ਼ਨ 'ਤੇ ਬਲੈਕਮੇਲਿੰਗ ਦਾ ਇਲਜ਼ਾਨ ਲਗਾਇਆ ਸੀ। ਹਾਲਾਂਕਿ ਪ੍ਰਕਾਸ਼ਕਾਂ ਨੇ ਇਲਜ਼ਾਮਾਂ ਨੂੰ ਨਕਾਰ ਦਿਤਾ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)